- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਪੰਜਾਬ ਵਿਚ ਅਜਿਹੇ ਹਾਲਾਤ ਬਣ ਰਹੇ ਹਨ ਕਿ ਵਿਦੇਸ਼ ਜਾਣ ਦਾ ਚਾਅ ਸਾਡੀ ਨੌਜਵਾਨ ਪੀੜ੍ਹੀ ਨੂੰ ਖਾ ਰਿਹਾ ਹੈ ਤਾਂ ਇਸ ਪਾਸੇ ਸੋਚਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਰਿਆਂ ਦੀ ਹੈ। ਇਸ ਵੇਲੇ ਪੰਜਾਬ ਦਾ ਨੌਜਵਾਨ ਸੂਬੇ ਦੀ ਸਿਆਸਤ ਤੋਂ ਇਕ ਤਰ੍ਹਾਂ ਨਾਲ ਨਿਰਾਸ਼ ਨਜ਼ਰ ਆ ਰਿਹਾ ਹੈ। ਉਹ ਵੋਟ ਦਾ ਇਸਤੇਮਾਲ ਤਾਂ ਕਰ ਰਿਹਾ ਹੈ ਪਰ ਉਸ ਨੂੰ ਆਪਣੇ ਹੀ ਸੂਬੇ ਵਿਚ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ। ਇਹੀ ਵਜ੍ਹਾ ਹੈ ਕਿ ਫਿਰ ਉਹ ਚਾਰੇ ਪਾਸਿਓਂ ਨਿਰਾਸ਼ ਹੋ ਕੇ ਵਿਦੇਸ਼ ਜਾਣ ਦੇ ਵਿੰਗੇ-ਟੇਢੇ ਰਾਹ ਚੁਣਦਾ ਹੈ।

ਪ੍ਰੋ. ਸੁਖਦੇਵ ਸਿੰਘ ਨਿੱਕੂਵਾਲ।
ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਦੀ ਨੌਜਵਾਨੀ ’ਤੇ ਵਿਦੇਸ਼ ਜਾਣ ਦਾ ਚਾਅ ਸਿਰ ਚੜ੍ਹ ਕੇ ਬੋਲ ਰਿਹਾ ਹੈ। ਬਾਰ੍ਹਵੀ ਕਰਨ ਤੋਂ ਬਾਅਦ ਹੀ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ ਜਾਣ ਦੀ ਤਿਆਰੀ ਸ਼ੁਰੂ ਕਰ ਰਹੇ ਹਨ। ਨੌਜਵਾਨਾਂ ਦਾ ਮੰਨਣਾ ਹੈ ਕਿ ਵਿਦੇਸ਼ ਜਾ ਕੇ ਉਹ ਚੰਗਾ ਭਵਿੱਖ ਬਣਾ ਲੈਣਗੇ। ਜਿਸ ਕਾਰਨ ਉਹ ਹਰ ਢੰਗ ਵਿਦੇਸ਼ ਜਾਣ ਲਈ ਵਰਤਦੇ ਹਨ। ਅਜਿਹੇ ’ਚ ਕਈ ਤਰ੍ਹਾਂ ਦੇ ਇਸ਼ਤਿਹਾਰ ਵੀ ਦੇਖਣ ਨੂੰ ਮਿਲਦੇ ਹਨ, ਜਿਸ ਨੂੰ ਪੜ੍ਹ ਕੇ ਕਈ ਵਾਰ ਹਾਸਾ ਵੀ ਆ ਜਾਂਦਾ ਹੈ ਤੇ ਕਈ ਵਾਰ ਚਿੰਤਾ ਵੀ ਹੁੰਦੀ ਹੈ। ਖ਼ਬਰਾਂ ’ਚ ਛਪੇ ਇਸ਼ਤਿਹਾਰਾਂ ਦੀਆਂ ਕੁਝ ਲਾਈਨਾਂ ਅਜਿਹੀਆਂ ਹੁੰਦੀਆਂ ਹਨ ਕਿ, ਬੀ.ਏ/ਐੱਮਏ ਪਾਸ ਮੁੰਡੇ ਲਈ ਯੋਗ ਕੰਨਿਆ ਦੀ ਲੋੜ ਹੈ, ਉਹੀ ਸੰਪਰਕ ਕਰੇ ਜੋ ਸਾਡੇ ਮੁੰਡੇ ਨੂੰ ਕੈਨੇਡਾ, ਅਸਟ੍ਰੇਲੀਆ ਲੈ ਕੇ ਜਾ ਸਕੇ।
ਕੁੜੀ ਦੇ ਵਿਦੇਸ਼ ਜਾਣ ਦਾ ਸਾਰਾ ਖ਼ਰਚ ਮੁੰਡੇ ਵਾਲੇ ਚੁੱਕਣਗੇ। ਇਸ ਤੋਂ ਇਲਾਵਾ ਜੇਕਰ ਕੁੜੀ ਵਾਲਿਆਂ ਦੇ ਇਸ਼ਤਿਹਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਵੀ ਕੁਝ ਅਜਿਹਾ ਹੁੰਦਾ ਹੈ ਕਿ, ਬੀਐੱਸਸੀ ਪਾਸ ਕੁੜੀ ਲਈ ਕੈਨੇਡਾ ਜਾਂ ਅਸਟ੍ਰੇਲੀਆ ਰਹਿੰਦੇ ਮੁੰਡੇ ਦੀ ਲੋੜ, ਉਹੀ ਸੰਪਰਕ ਕਰੇ, ਜੋ ਸਾਡੀ ਧੀ ਦੇ ਨਾਲ-ਨਾਲ ਸਾਡੇ ਮੁੰਡੇ ਨੂੰ ਜਾਂ ਕੁੜੀ ਦੇ ਮਾਸੀ ਦੇ ਮੁੰਡੇ ਨੂੰ ਵੀ ਵਿਦੇਸ਼ ਲੈ ਕੇ ਜਾ ਸਕੇ। ਅਜਿਹੇ ਰਿਸ਼ਤਿਆਂ ਦੇ ਇਸ਼ਤਿਹਾਰ ਦੇਖ ਕੇ ਇੰਝ ਲੱਗਦਾ ਹੈ ਕਿ ਵਿਆਹ ਜੋ ਦੋ ਪਰਿਵਾਰਾਂ ਦਾ ਮੇਲ ਮੰਨਿਆ ਜਾਂਦਾ ਸੀ, ਹੁਣ ਸਿਰਫ਼ ਸੌਦਾ ਬਣ ਗਿਆ ਹੈ। ਅਜਿਹੇ ਇਸ਼ਤਿਹਾਰ ਦੇਖ ਕੇ ਕਰਵਾਏ ਵਿਆਹ ਕਈ ਵਾਰ ਮੌਤ ਵੱਲ ਧੱਕ ਦਿੰਦੇ ਹਨ, ਕਿਉਂਕਿ ਅਜਿਹੇ ਵਿਆਹਾਂ ਮੌਕੇ ਜ਼ਮੀਨਾਂ ਗਹਿਣੇ ਰੱਖ ਪੁੱਤ ਜਾਂ ਨੂੰਹ ਨੂੰ ਵਿਦੇਸ਼ ਤਾਂ ਭੇਜ ਦਿੱਤਾ ਜਾਂਦਾ ਹੈ ਪਰ ਉਸ ਤੋਂ ਬਾਅਦ ਦਿਲ ’ਚ ਆਈ ਖੋਟ ਅਤੇ ਧੋਖੇ ਕਾਰਨ ਬੁਰੇ ਨਤੀਜੇ ਵੀ ਭੁਗਤਣੇ ਪੈਂਦੇ ਹਨ। ਜੇਕਰ ਖ਼ਬਰਾਂ ’ਤੇ ਝਾਤ ਮਾਰੀਏ ਤਾਂ ਕਈ ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ। ਪਹਿਲਾਂ ਇਹ ਮਾਮਲੇ ਆਉਂਦੇ ਸੀ ਕਿ ਮੁੰਡਾ ਵਿਦੇਸ਼ ਜਾ ਕੇ ਵਾਪਸ ਨਹੀਂ ਮੁੜਦਾ ਅਤੇ ਕੁੜੀ ਨੂੰ ਧੋਖਾ ਦਿੰਦਾ ਹੈ। ਹੁਣ ਇਹ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ ਕਿ ਕੁੜੀ ਮੁੰਡੇ ਦੇ ਪੈਸਿਆਂ ’ਤੇ ਵਿਦੇਸ਼ ਚਲੀ ਜਾਂਦੀ ਹੈ ਅਤੇ ਮੁੜ ਮੁੰਡੇ ਨਾਲ ਗੱਲ ਨਹੀਂ ਕਰਦੀ। ਜਿਸ ਕਾਰਨ ਨੌਜਵਾਨ ਮੌਤ ਨੂੰ ਗਲ਼ ਲਾ ਰਹੇ ਹਨ।
ਇਕ ਖ਼ਬਰ ਮੁਤਾਬਕ ਬਰਨਾਲਾ ਦੇ ਪਿੰਡ ਧਨੋਲੇ ’ਚ ਮੁੰਡੇ ਵਾਲਿਆਂ ਨੇ ਪੈਸਾ ਲਗਾ ਕੇ ਆਪਣੀ ਨੂੰਹ ਨੂੰ ਵਿਦੇਸ਼ ਤਾਂ ਭੇਜ ਦਿੱਤਾ ਪਰ ਮੁੜ ਕੁੜੀ ਨੇ ਮੁੰਡੇ ਨਾਲ ਵਿਦੇਸ਼ ਪੁੱਜ ਕੇ ਗੱਲ ਕਰਨੀ ਬੰਦ ਕਰ ਦਿੱਤੀ। ਇਸ ਗੱਲ ਤੋਂ ਪਰੇਸ਼ਾਨ ਅਤੇ ਕਰਜ਼ ਦੇ ਸਤਾਏ ਮੁੰਡੇ ਨੇ ਖ਼ੁਦਕੁਸ਼ੀ ਕਰ ਲਈ। ਇਕ ਹੋਰ ਮਾਮਲੇ ਮੁਤਾਬਕ ਪਿਛਲੇ ਸਾਲ ਬਠਿੰਡਾ ’ਚ ਨੌਜਵਾਨ ਨੇ ਵਿਦੇਸ਼ ਗਈ ਪਤਨੀ ਦੇ ਧੋਖੇ ਕਾਰਨ ਆਤਮਹੱਤਿਆ ਕਰ ਲਈ ਸੀ। ਮੁੰਡਾ ਤੇ ਕੁੜੀ ਸਕੂਲ ਸਮੇਂ ਤੋਂ ਇਕੱਠੇ ਪੜ੍ਹਦੇ ਸੀ ਤੇ ਫਿਰ ਸਾਲ 2018 ’ਚ ਉਨ੍ਹਾਂ ਦਾ ਵਿਆਹ ਹੋ ਗਿਆ, ਜਿਸ ਤੋਂ ਬਾਅਦ ਮੁੰਡੇ ਦੇ ਪਰਿਵਾਰ ਨੇ ਸਾਲ 2021 ’ਚ ਆਪਣਾ ਮਕਾਨ ਵੇਚ ਕੇ ਨੂੰਹ ਨੂੰ ਕੈਨੇਡਾ ਭੇਜ ਦਿੱਤਾ। ਸਾਲ 2021 ’ਚ ਵਿਦੇਸ਼ ਜਾਣ ਤੋਂ ਬਾਅਦ ਉਹ 2023 ’ਚ ਵਿਦੇਸ਼ ਤੋਂ ਇਕ ਵਾਰ ਵਾਪਸ ਆਈ ਅਤੇ ਫਿਰ ਉਸ ਤੋਂ ਬਾਅਦ ਉਹ 2024 ’ਚ ਪਰਿਵਾਰ ਦੇ ਇਕ ਵਿਆਹ ਸਮਾਗਮ ’ਚ ਆਈ ਸੀ।
ਇਸ ਦੌਰਾਨ ਮੁੰਡੇ ਨੂੰ ਪਤਨੀ ’ਤੇ ਕੁਝ ਸ਼ੱਕ ਹੋਇਆ ਪਰ ਪਤਨੀ ਨੂੰ ਕੀਤੇ ਸਵਾਲ ਝਗੜੇ ’ਚ ਬਦਲ ਗਏ। ਸਾਲ 2024 ’ਚ ਵਾਪਸ ਵਿਦੇਸ਼ ਜਾਣ ਤੋਂ ਬਾਅਦ ਕੁੜੀ ਨੇ ਆਪਣੇ ਪਤੀ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਸਾਰੇ ਪਰਿਵਾਰ ਦੇ ਨੰਬਰ ਬਲੌਕ ਕਰ ਦਿੱਤੇ। ਇਹ ਖ਼ਤਾ ਖਾਣ ਮਗਰੋਂ ਮੁੰਡੇ ਨੇ ਜਾਨ ਦੇ ਦਿੱਤੀ। ਇਕ ਹੋਰ ਮਾਮਲਾ ਪਿਛਲੇ ਦਿਨੀਂ ਸਰਹਿੰਦ ਤੋਂ ਵੀ ਸਾਹਮਣੇ ਆਇਆ ਸੀ, ਜਿੱਥੇ ਕੈਨੇਡਾ ਗਈ ਕੁੜੀ ਵੱਲੋਂ ਪਤੀ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ ਹਨ। ਦਰਅਸਲ ਲੜਕੇ ਦਾ ਵਿਆਹ ਸਾਲ 2022 ’ਚ ਕਿਰਨਦੀਪ ਕੌਰ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪਰਿਵਾਰ ਵੱਲੋਂ 27 ਲੱਖ ਰੁਪਏ ਆਪਣੀ ਨੂੰਹ ਨੂੰ ਕੈਨੇਡਾ ਭੇਜਣ ਲਈ ਖ਼ਰਚ ਕੀਤੇ ਗਏ ਸਨ। ਇਸ ਤੋਂ ਬਾਅਦ ਲੜਕੀ ਤੇ ਲੜਕਾ ਵਿਦੇਸ਼ ਚਲੇ ਗਏ ਸਨ ਪਰ ਉੱਥੇ ਲੜਕੇ ਦਾ ਵੀਜ਼ਾ ਨਹੀਂ ਵਧਾਇਆ ਗਿਆ, ਜਿਸ ਕਾਰਨ ਲੜਕੇ ਨੂੰ ਡਿਪੋਰਟ ਹੋਣਾ ਪਿਆ ਅਤੇ ਲੜਕੀ ਖੁਦ ਕਿਸੇ ਹੋਰ ਪਾਸੇ ਚਲੇ ਗਈ। ਇਸ ’ਚ ਪੀੜਤ ਲੜਕੇ ਨੇ ਵਿਦੇਸ਼ ਤੋਂ ਪਰਤਣ ਮਗਰੋਂ 27 ਲੱਖ ਦੀ ਠੱਗੀ ਵੱਜਣ ਦੀ ਸ਼ਿਕਾਇਤ ਕੀਤੀ। ਇਸ ’ਚ ਲੜਕੀ ਅਤੇ ਉਸ ਦੇ ਮਾਂ-ਬਾਪ ਸਣੇ ਤਿੰਨ ਮੁਲਜ਼ਮ ਹਨ, ਜਿਨ੍ਹਾਂ ’ਚ ਇੱਕ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।
ਅਜਿਹੇ ਮਾਮਲੇ ਰੋਜ਼ਾਨਾ ਸਾਮਹਣੇ ਆ ਰਹੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਇਨ੍ਹਾਂ ਪ੍ਰਤੀ ਸਰਕਾਰਾਂ ਤੇ ਆਮ ਲੋਕ ਗੰਭੀਰਤਾ ਨਹੀਂ ਦਿਖਾ ਰਹੇ ਹਨ। ਜੇਕਰ ਪੰਜਾਬ ਵਿਚ ਅਜਿਹੇ ਹਾਲਾਤ ਬਣ ਰਹੇ ਹਨ ਕਿ ਵਿਦੇਸ਼ ਜਾਣ ਦਾ ਚਾਅ ਸਾਡੀ ਨੌਜਵਾਨ ਪੀੜ੍ਹੀ ਨੂੰ ਖਾ ਰਿਹਾ ਹੈ ਤਾਂ ਇਸ ਪਾਸੇ ਸੋਚਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਰਿਆਂ ਦੀ ਹੈ। ਇਸ ਵੇਲੇ ਪੰਜਾਬ ਦਾ ਨੌਜਵਾਨ ਸੂਬੇ ਦੀ ਸਿਆਸਤ ਤੋਂ ਇਕ ਤਰ੍ਹਾਂ ਨਾਲ ਨਿਰਾਸ਼ ਨਜ਼ਰ ਆ ਰਿਹਾ ਹੈ। ਉਹ ਵੋਟ ਦਾ ਇਸਤੇਮਾਲ ਤਾਂ ਕਰ ਰਿਹਾ ਹੈ ਪਰ ਉਸ ਨੂੰ ਆਪਣੇ ਹੀ ਸੂਬੇ ਵਿਚ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ। ਇਹੀ ਵਜ੍ਹਾ ਹੈ ਕਿ ਫਿਰ ਉਹ ਚਾਰੇ ਪਾਸਿਓਂ ਨਿਰਾਸ਼ ਹੋ ਕੇ ਵਿਦੇਸ਼ ਜਾਣ ਦੇ ਵਿੰਗੇ-ਟੇਢੇ ਰਾਹ ਚੁਣਦਾ ਹੈ।
ਪੰਜਾਬ ਦਾ ਹੁਣ ਤੱਕ ਦਾ ਇਤਿਹਾਸ ਇਹੀ ਰਿਹਾ ਹੈ ਕਿ ਸੂਬੇ ਦੀਆਂ ਸਰਕਾਰਾਂ ਮਹਿਜ਼ ਸੱਤਾ ’ਤੇ ਕਾਬਜ਼ ਹੋਣ ਲਈ ਆਪਣੇ ਨੌਜਵਾਨਾਂ ਨੂੰ ਵੱਡੇ-ਵੱਡੇ ਲਾਰੇ ਲਗਾਉਂਦੀਆਂ ਆਈਆਂ ਹਨ। ਰੁਜ਼ਗਾਰ ਦੇ ਇਸ਼ਤਿਹਾਰ ਵੀ ਉਦੋਂ ਕੱਢੇ ਜਾਂਦੇ ਹਨ, ਜਦੋਂ ਵੋਟਾਂ ਲਾਗੇ ਹੋਣ। ਜਿਸ ਨਾਲ ਕਈ ਵਾਰ ਇੰਝ ਹੁੰਦਾ ਹੈ ਕਿ ਰੁਜ਼ਗਾਰ ਦੀ ਉਡੀਕ ਕਰਦੇ ਨੌਜਵਾਨ ਮੁੰਡੇ-ਕੁੜੀਆਂ ਦੀ ਉਮਰ ਹੀ ਲੰਘ ਜਾਂਦੀ ਹੈ। ਇਸ ਦੇ ਨਾਲ ਹੀ ਜਦੋਂ ਨੌਜਵਾਨ ਪੀੜ੍ਹੀ ਸਰਕਾਰ ਵੱਲੋਂ ਭਰਤੀ ਕੀਤੇ ਕੱਚੇ ਮੁਲਾਜ਼ਮ ਜਾਂ ਠੇਕਾ ਮੁਲਾਜ਼ਮਾਂ ਨੂੰ ਪੁਲਿਸ ਹੱਥੋਂ ਡੰਡੇ ਖਾਂਦੇ ਦੇਖਦੀ ਹੈ ਤਾਂ ਵੀ ਨੌਜਵਾਨਾਂ ਦੇ ਦਿਲ ਵਿਚ ਨਿਰਾਸ਼ਾ ਪੈਦਾ ਹੁੰਦੀ ਹੈ। ਚਾਰੇ ਪਾਸੇ ਅਜਿਹਾ ਮਾਹੌਲ ਦੇਖ ਕੇ ਫਿਰ ਇਹੀ ਨੌਜਵਾਨ ਵਿਦੇਸ਼ ਜਾਣਾ ਹੀ ਠੀਕ ਸਮਝਦੇ ਹਨ। ਦੂਜੇ ਪਾਸੇ ਵਿਦੇਸ਼ਾਂ ਦੀ ਚਮਕ ਹੀ ਇੰਨੀ ਦੱਸੀ ਜਾਂਦੀ ਹੈ ਕਿ ਮੁੰਡੇ ਕੁੜੀਆਂ ਨੂੰ ਬੇਗ਼ਾਨੇ ਮੁਲਕ ਹੀ ਆਪਣਾ ਸਹੀ ਭਵਿੱਖ ਲੱਗਣ ਲੱਗਦੇ ਹਨ।
ਜੇਕਰ ਨੌਜਵਾਨਾਂ ਵਿਚ ਵਿਦੇਸ਼ਾਂ ਵੱਲ ਰੁਖ਼ ਕਰਨ ਦਾ ਰੁਝਾਨ ਨਹੀਂ ਘਟ ਰਿਹਾ, ਇਸ ਪ੍ਰਤੀ ਸੂਬੇ ਦੀਆਂ ਸਰਪਕਾਰਾਂ ਅਤੇ ਬੁੱਧੀਜੀਵੀ ਵਰਗ ਨੂੰ ਨਿੱਠ ਕੇ ਸੋਚਣ ਦੀ ਲੋੜ ਹੈ। ਇਹ ਤੈਅ ਕਰਨਾ ਪਵੇਗਾ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਪੱਖੋਂ ਕਿਹੋ ਜਿਹਾ ਮਾਹੌਲ ਦੇਣ ਤੋਂ ਉਕ ਰਹੇ ਹਾਂ। ਦੂਜੇ ਪਾਸੇ ਇਕ ਨੌਜਵਾਨ ਦੀ ਗ਼ਲਤੀ ਦੂਜਿਆਂ ਲਈ ਸਬਕ ਬਣਨੀ ਚਾਹਦੀ ਹੈ।ਭਰੋਸੇ ਵਿਚ ਲੈ ਕੇ ਬਣਾਏ ਗਏ ਅਜਿਹੇ ਰਿਸ਼ਤਿਆਂ ਦੇ ਨਤੀਜੇ ਕਿੰਨੇ ਘਾਤਕ ਹੋ ਸਕਦੇ ਹਨ, ਇਸ ਦਾ ਸਬੂਤ ਇਹ ਖ਼ਬਰਾਂ ਹੀ ਹਨ, ਜੋ ਨਿੱਤ ਵਾਪਰਨ ਵਾਲੇ ਮਾਮਲਿਆਂ ਨੂੰ ਨਸ਼ਰ ਕਰਦੀਆਂ ਹਨ। ਆਪਣੇ ਸੂਬੇ ’ਚ ਵੀ ਰੁਜ਼ਗਾਰ ਦੇ ਬੇਸ਼ੁਮਾਰ ਮੌਕੇ ਹਨ, ਉਨ੍ਹਾਂ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਵਿਆਹਾਂ ਦੇ ਸਿਰ ’ਤੇ ਵਿਦੇਸ਼ਾਂ ਦਾ ਰਾਹ ਫੜਨ ਵਾਲੇ ਨੌਜਵਾਨਾਂ ਨੂੰ ਇਹ ਤਰੀਕੇ ਛੱਡਣੇ ਪੈਣਗੇ। ਆਪਣੀ ਸਿੱਖਿਆ ਦੇ ਬਲਬੂਤੇ ’ਤੇ ਪੱਕੇ ਪੈਰੀਂ ਵਿਦੇਸ਼ ਜਾਣ ਦਾ ਸੋਚਣਾ ਚਾਹੀਦਾ ਹੈ।