- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾਂ ਨੂੰ ਚੋਣ ਡਿਊਟੀ, ਜਨਗਣਨਾ, ਵੱਖ-ਵੱਖ ਸਰਕਾਰੀ ਸਰਵੇਖਣ, ਵੋਟਰ ਸੂਚੀਆਂ ਦੀ ਤਿਆਰੀ, ਆਨਲਾਈਨ ਡਾਟਾ ਅੱਪਲੋਡ ਕਰਨਾ, ਮਿਡ-ਡੇ ਮੀਲ ਦੀ ਨਿਗਰਾਨੀ ਅਤੇ ਹੋਰ ਪ੍ਰਸ਼ਾਸਕੀ ਕੰਮ ਕਰਨੇ ਪੈਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਪਾਠ ਦੀ ਤਿਆਰੀ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਰਚਨਾਤਮਕ ਗਤੀਵਿਧੀਆਂ ਲਈ ਪੂਰਾ ਸਮਾਂ ਨਹੀਂ ਦੇ ਸਕਦੇ।

‘ਅਧਿਆਪਕ ਉਹ ਚਾਨਣ ਹੈ ਜੋ ਅਗਿਆਨਤਾ ਦਾ ਹਨੇਰਾ ਮਿਟਾ ਦਿੰਦਾ, ਹਰ ਵਿਦਿਆਰਥੀ ਦੇ ਸੁਪਨਿਆਂ ਨੂੰ ਉਚੀਆਂ ਉਡਾਰੀਆਂ ਲਵਾ ਦਿੰਦਾ" ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਹੈ। ਜਿਸ ਦੀ ਯੋਗ ਰਹਿਨੁਮਾਈ ਸਦਕਾ ਵਿਦਿਆਰਥੀ ਆਪਣੀਆਂ ਮੰਜ਼ਿਲਾਂ ਨੂੰ ਸਰ ਕਰ ਲੈਂਦੇ ਹਨ। ਇਸੇ ਕਰਕੇ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਵੀ ਆਖਿਆ ਜਾਂਦਾ ਹੈ। ਅੱਜ ਕੱਲ੍ਹ ਸਿੱਖਿਆ ਦੇ ਖੇਤਰ ’ਚ ਅਹਿਮ ਰੋਲ ਅਦਾ ਕਰਨ ਦੇ ਨਾਲ-ਨਾਲ ਅਧਿਆਪਕਾਂ ’ਤੇ ਗ਼ੈਰ ਵਿੱਦਿਅਕ ਕੰਮਾਂ ਦਾ ਬੋਝ ਵੀ ਪਾਇਆ ਜਾ ਰਿਹਾ ਹੈ, ਜਿਸ ਕਰਕੇ ਉਹ ਆਪਣਾ ਅਸਲ ਕੰਮ ਕਰਨ ਤੋਂ ਅਸਮਰੱਥਤਾ ਮਹਿਸੂਸ ਕਰਦੇ ਹਨ। ਕਿਸੇ ਵੀ ਬੱਚੇ ਦੇ ਮਾਪੇ ਤੋਂ ਬਾਅਦ ਇੱਕ ਅਧਿਆਪਕ ਹੀ ਹੈ ਜੋ ਉਸਨੂੰ ਹਰ ਤਰ੍ਹਾਂ ਨਾਲ ਸਮਝਦਾ ਹੈ ਤੇ ਉਸ ਨੂੰ ਸਫਲ ਬਣਾਉਣ 'ਚ ਅਹਿਮ ਭੂਮਿਕਾ ਅਦਾ ਕਰਦਾ ਹੈ। ਇਨ੍ਹਾਂ ਅਧਿਆਪਕਾਂ ਸਦਕਾ ਹੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਨੇ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਰੱਖ ਦਿੱਤਾ ਹੈ। ਸਰਕਾਰਾਂ ਦਾ ਕੋਈ ਵੀ ਅਹਿਮ ਕੰਮ ਜਿਵੇਂ ਕਿ ਚੋਣਾਂ, ਸਰਵੇ ਸਰਵੇਖਣ ਅਤੇ ਹੋਰ ਪ੍ਰਸ਼ਾਸਨਿਕ ਕੰਮ ਅਧਿਆਪਕਾਂ ਦੀ ਡਿਊਟੀ ਲਗਾਏ ਬਿਨਾਂ ਨੇਪਰੇ ਨਹੀਂ ਚੜ੍ਹਦੇ , ਜਦੋਂ ਕਿ ਇਹਨਾਂ ਸਰਕਾਰਾਂ ਵੱਲੋਂ ਹੀ ਚੋਣਾਂ ਸਮੇਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਅਧਿਆਪਕਾਂ ਤੋਂ ਪੜਾਉਣ ਤੋਂ ਬਿਨਾਂ ਕੋਈ ਵੀ ਗੈਰ ਵਿੱਦਿਅਕ ਕੰਮ ਨਹੀਂ ਲਿਆ ਜਾਵੇਗਾ । ਅਧਿਆਪਕਾਂ ਨੂੰ ਚੋਣ ਡਿਊਟੀ, ਜਨਗਣਨਾ, ਵੱਖ-ਵੱਖ ਸਰਕਾਰੀ ਸਰਵੇਖਣ, ਵੋਟਰ ਸੂਚੀਆਂ ਦੀ ਤਿਆਰੀ, ਆਨਲਾਈਨ ਡਾਟਾ ਅੱਪਲੋਡ ਕਰਨਾ, ਮਿਡ-ਡੇ ਮੀਲ ਦੀ ਨਿਗਰਾਨੀ ਅਤੇ ਹੋਰ ਪ੍ਰਸ਼ਾਸਕੀ ਕੰਮ ਕਰਨੇ ਪੈਂਦੇ ਹਨ। ਇਨ੍ਹਾਂ ਕਾਰਨਾਂ ਕਰਕੇ ਉਹ ਪਾਠ ਦੀ ਤਿਆਰੀ, ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਅਤੇ ਰਚਨਾਤਮਕ ਗਤੀਵਿਧੀਆਂ ਲਈ ਪੂਰਾ ਸਮਾਂ ਨਹੀਂ ਦੇ ਸਕਦੇ। ਅਧਿਆਪਕਾਂ ਦੀ ਮਹੀਨਿਆਂ-ਬੱਧੀ ਇਹਨਾਂ ਗੈਰ-ਵਿੱਦਿਅਕ ਕੰਮਾਂ ਚ ਡਿਊਟੀ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਚੰਗੇ ਵਿਦਿਆਰਥੀ ਵੀ ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਉਂਦੇ। ਇਹ ਵੀ ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਅਧਿਆਪਕਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ। ਜਦੋਂ ਅਧਿਆਪਕ ਗੈਰ ਵਿੱਦਿਅਕ ਕੰਮਾਂ ਤੇ ਡਿਊਟੀ ਲੱਗੀ ਹੋਣ ਕਰਕੇ 365 ਵਿੱਚੋਂ 200 ਦਿਨ ਸਕੂਲ ਹੀ ਨਹੀਂ ਆ ਸਕਿਆ ਤਾਂ ਅਜਿਹੇ ਮੁਲਾਂਕਣ ਕਿਸ ਆਧਾਰ ਤੇ ਕੀਤੇ ਜਾਂਦੇ ਹਨ?
ਸਰਵੇਖਣ ਡਿਊਟੀ ਦੇਣ ਵਾਲੇ ਅਧਿਆਪਕਾਂ ਦੀ ਸੁਰੱਖਿਆ ਦਾ ਕੋਈ ਵੀ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ ,ਜਦੋਂ ਕਿ ਮਹਿਲਾ ਅਧਿਆਪਕਾਂ ਦੀ ਸੁਰੱਖਿਆ ਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕੀਤਾ ਜਾਣਾ ਚਾਹੀਦਾ ਹੈ। ਸਰਵੇਖਣਾ ਦੌਰਾਨ ਅਜਿਹੀਆਂ ਕਈ ਘਟਨਾਵਾਂ ਦੇਖਣ ਵਿੱਚ ਆਈਆਂ ਹਨ ਜਿਸ ਵਿੱਚ ਅਧਿਆਪਕਾਂ ਨਾਲ ਲੋਕਾਂ ਵੱਲੋਂ ਕੋਈ ਸਹਿਯੋਗ ਨਹੀਂ ਕੀਤਾ ਜਾਂਦਾ, ਉਲਟਾ ਉਹਨਾਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਹੈ। ਚੋਣਾਂ ਦੌਰਾਨ ਡਿਊਟੀ ਦੇਣ ਵਾਲੇ ਅਧਿਆਪਕਾਂ ਲਈ ਠਹਿਰਨ ਦਾ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ, ਕਈ ਵਾਰ ਉਹਨਾਂ ਨੂੰ ਰਾਤ -ਬਰਾਤੇ ਵੀ ਘਰ ਵਾਪਸ ਆਉਣਾ ਪੈਂਦਾ ਹੈ , ਚੋਣ ਡਿਊਟੀਆਂ ਤੋਂ ਵਾਪਸ ਪਰਤਦੇ ਸਮੇਂ ਅਧਿਆਪਕਾਂ ਨਾਲ ਲੁੱਟ-ਘਸੁੱਟ ਦੀਆਂ ਵਾਰਦਾਤਾਂ ਵੀ ਦੇਖਣ ਨੂੰ ਮਿਲੀਆਂ ਹਨ।ਜਿਸ ਕਰਕੇ ਅਧਿਆਪਕਾਂ ਦੇ ਨਾਲ -ਨਾਲ ਉਹਨਾਂ ਦੇ ਪਰਿਵਾਰਾਂ ਨੂੰ ਵੀ ਫਿਕਰ ਲੱਗਿਆ ਰਹਿੰਦਾ ਹੈ। ਮਿਡ ਡੇ ਮੀਲ ਯੋਜਨਾ ਵਿੱਚ ਵੀ ਡਿਊਟੀ ਅਧਿਆਪਕਾਂ ਵੱਲੋਂ ਹੀ ਦਿੱਤੀ ਜਾਂਦੀ ਹੈ ਜਿਸ ਵਿੱਚ ਅਧਿਆਪਕ ਨੂੰ ਪੜਾਉਣ ਦੇ ਨਾਲ- ਨਾਲ ਸਬਜ਼ੀਆਂ ,ਦਾਲਾਂ, ਆਟਾ ਤੇ ਹੋਰ ਖਾਣ- ਪੀਣ ਦਾ ਸਮਾਨ ਖਰੀਦਣ ਦਾ ਹੀ ਫਿਕਰ ਲੱਗਿਆ ਰਹਿੰਦਾ ਹੈ। ਜਿਸ ਨਾਲ ਲਗਾਤਾਰ ਵਾਧੂ ਕੰਮ ਕਰਨ ਨਾਲ ਅਧਿਆਪਕ ਮਾਨਸਿਕ ਤਣਾਅ ਅਤੇ ਥਕਾਵਟ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਮੁੱਕਦੀ ਗੱਲ ਇਹ ਹੈ ਕਿ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਤੋਂ ਨਿਜ਼ਾਤ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਅਧਿਆਪਨ ਕਿੱਤੇ ਵੱਲ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਧਿਆਨ ਦੇ ਸਕਣ ਕਿਉਂਕਿ ਸਮਾਜ ਦਾ ਹਰੇਕ ਸਨਮਾਨਜਨਕ ਅਹੁਦੇ ਤੇ ਬੈਠਾ ਵਿਅਕਤੀ ਆਪਣੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਸਦਕਾ ਹੀ ਇਸ ਮੁਕਾਮ ਤੇ ਪੁੱਜ ਸਕਿਆ ਹੈ। ਸਰਕਾਰਾਂ ਨੂੰ ਚਾਹੀਦਾ ਇਹ ਹੈ ਕਿ ਇਹਨਾਂ ਗੈਰ ਵਿੱਦਿਅਕ ਕੰਮਾਂ ਦੇ ਲਈ ਬੇਰੋਜ਼ਗਾਰ ਨੌਜਵਾਨਾਂ ਨੂੰ ਲੋੜੀਂਦੀ ਸਿਖਲਾਈ ਦੇਣ ਤੋਂ ਬਾਅਦ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ, ਅਜਿਹਾ ਕਰਨ ਨਾਲ ਅਧਿਆਪਕਾਂ ਦਾ ਕੰਮ ਵੀ ਪ੍ਰਭਾਵਿਤ ਨਹੀਂ ਹੋਵੇਗਾ ਅਤੇ ਉਹ ਆਪਣਾ ਪੂਰਾ ਧਿਆਨ ਵਿਦਿਆਰਥੀਆਂ ਦੀ ਸਿੱਖਿਆ ਤੇ ਸਰਬਪੱਖੀ ਵਿਕਾਸ ਤੇ ਕੇਂਦਰਿਤ ਕਰ ਸਕਣਗੇ ਅਤੇ ਨਾਲ ਹੀ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾ ਸਕੇਗਾ।ਜਦੋਂ ਅਧਿਆਪਕ ਨਿਸ਼ਚਿੰਤ ਹੋ ਕੇ ਆਪਣੇ ਅਸਲ ਫ਼ਰਜ਼, ਅਰਥਾਤ ਸਿੱਖਿਆ ਦੇਣ, 'ਤੇ ਧਿਆਨ ਦੇਣਗੇ, ਤਾਂ ਵਿਦਿਆਰਥੀ, ਸਮਾਜ ਅਤੇ ਦੇਸ਼ ਤਿੰਨੇ ਹੀ ਤਰੱਕੀ ਕਰਨਗੇ।
*ਨਵਨੀਤ ਕੌਰ , ਬਰਨਾਲਾ*
ਮੋਬਾਇਲ ਨੰ. 9888484026