- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸ ਨੇ ਉਦੋਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਜਦੋਂ ਨਿਸ਼ਾਨੇਬਾਜ਼ੀ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ ਪਰ ਜਸਪਾਲ ਰਾਣਾ ਨੇ ਇਸ ਖੇਡ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾਇਆ। ਅੱਜ ਉਨ੍ਹਾਂ ਦੀਆਂ ਸਫਲਤਾਵਾਂ ਨੇ ਅਨੇਕ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿੱਤਾ ਕਿ ਜੇ ਮਿਹਨਤ, ਅਨੁਸ਼ਾਸਨ ਅਤੇ ਲਗਨ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ। ਜਸਪਾਲ ਰਾਣਾ ਬਚਪਨ ਤੋਂ ਹੀ ਅਸਾਧਾਰਨ ਪ੍ਰਤਿਭਾਸ਼ਾਲੀ ਸਨ।

-ਡਾ. ਕ੍ਰਿਸ਼ਨ ਕੁਮਾਰ ਰੱਤੂ
ਭਾਰਤੀ ਖੇਡ ਜਗਤ ਲਈ 12 ਜੂਨ 2026 ਦੀ ਸਵੇਰ ਇਕ ਬਹੁਤ ਹੀ ਦੁਖਦਾਈ ਖ਼ਬਰ ਲੈ ਕੇ ਆਈ। ਭਾਰਤ ਦੇ ਮਹਾਨ ਨਿਸ਼ਾਨੇਬਾਜ਼, ਏਸ਼ਿਆਈ ਖੇਡਾਂ ਦੇ ਸੋਨ ਤਗਮਾ ਜੇਤੂ, ਉੱਚ ਕੋਟੀ ਦੇ ਕੋਚ ਅਤੇ ਦੇਸ਼ ਦੇ ਲੱਖਾਂ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਜਸਪਾਲ ਰਾਣਾ ਦਾ 49 ਸਾਲ ਦੀ ਉਮਰ ਵਿਚ ਅਚਾਨਕ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਸਦਾ ਲਈ ਚਲੇ ਜਾਣ ਨਾਲ ਭਾਰਤੀ ਨਿਸ਼ਾਨੇਬਾਜ਼ੀ ਹੀ ਨਹੀਂ ਸਗੋਂ ਪੂਰਾ ਖੇਡ ਸੰਸਾਰ ਸੋਗ ਵਿਚ ਡੁੱਬ ਗਿਆ ਹੈ। ਪ੍ਰਧਾਨ ਮੰਤਰੀ, ਰਾਸ਼ਟਰਪਤੀ, ਓਲੰਪਿਕ ਤਗਮਾ ਜੇਤੂਆਂ ਅਤੇ ਦੇਸ਼ ਭਰ ਦੇ ਖਿਡਾਰੀਆਂ ਨੇ ਇਸ ਨੂੰ ਭਾਰਤੀ ਖੇਡਾਂ ਲਈ ਵੱਡਾ ਘਾਟਾ ਕਰਾਰ ਦਿੱਤਾ ਹੈ। ਜਸਪਾਲ ਰਾਣਾ ਦਾ ਜੀਵਨ ਸਿਰਫ਼ ਇਕ ਖਿਡਾਰੀ ਦੀ ਸਫਲਤਾ ਦੀ ਕਹਾਣੀ ਨਹੀਂ ਸੀ, ਬਲਕਿ ਇਹ ਉਸ ਜ਼ਿੱਦ, ਮਿਹਨਤ ਅਤੇ ਦੇਸ਼-ਪ੍ਰੇਮ ਦੀ ਕਹਾਣੀ ਸੀ ਜਿਸ ਨੇ ਭਾਰਤ ਨੂੰ ਵਿਸ਼ਵ ਨਿਸ਼ਾਨੇਬਾਜ਼ੀ ਦੇ ਨਕਸ਼ੇ ’ਤੇ ਮਜ਼ਬੂਤੀ ਨਾਲ ਸਥਾਪਤ ਕੀਤਾ ਸੀ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਮਿਊਨਿਖ ਵਿਸ਼ਵ ਕੱਪ ਤੋਂ ਵਾਪਸੀ ਦੌਰਾਨ ਉਨ੍ਹਾਂ ਨੂੰ ਤਕਲੀਫ ਹੋਈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੀ ਮੌਤ ਨੇ ਖੇਡ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਹੈ। ਅਜੇ ਉਨ੍ਹਾਂ ਕੋਲ ਦੇਸ਼ ਨੂੰ ਦੇਣ ਲਈ ਬਹੁਤ ਕੁਝ ਸੀ। ਮੇਰੀਆਂ ਯਾਦਾਂ ਵਿਚ ਜਸਪਾਲ ਰਾਣਾ ਇਕ ਜਨੂੰਨੀ ਮਨੁੱਖ ਸਨ ਜਿਨ੍ਹਾਂ ਨੇ ਖੇਡਾਂ ਵਿਚ ਨਿਸ਼ਾਨੇਬਾਜ਼ੀ ਨੂੰ ਭਾਰਤੀ ਖੇਡ ਜਗਤ ਵਿਚ ਸਥਾਪਤ ਕਰਨਾ ਆਪਣੀ ਜ਼ਿੰਦਗੀ ਦਾ ਮਕਸਦ ਸਮਝਿਆ ਸੀ । ਆਪਣੇ ਦੇਹਰਾਦੂਨ ਪਰਵਾਸ ਦੌਰਾਨ ਜਿੱਥੇ ਮੈਂ ਦੂਰਦਰਸ਼ਨ ਦਾ ਡਾਇਰੈਕਟਰ ਸਾਂ, ਜਸਪਾਲ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਵਿਸ਼ੇਸ਼ ਕਰਕੇ ਉਨ੍ਹਾਂ ਦੇ ਪਿਤਾ ਜੀ ਨਾਲ ਜਿਹੜੀਆਂ ਮੁਲਾਕਾਤਾਂ ਹੋਈਆਂ, ਅੱਜ ਮੇਰੀਆਂ ਯਾਦਾਂ ਦਾ ਸਰਮਾਇਆ ਹਨ। ਉਹ ਜਦੋਂ ਵੀ ਦੂਰਦਰਸ਼ਨ ਦੇ ਸਟੂਡੀਓ ਵਿਚ ਆਏ, ਇਕ ਸਹਿਜ ਭਾਵ ਨਾਲ ਹਰੇਕ ਵਿਅਕਤੀ ਨੂੰ ਦੋਸਤਾਂ ਵਾਂਗ ਮਿਲਦੇ। ਇਸ ਤਰ੍ਹਾਂ ਲੱਗਦੇ ਸਨ ਕਿ ਉਹ ਉਨ੍ਹਾਂ ਦੇ ਘਰ ਦੇ ਮੈਂਬਰ ਹੀ ਹਨ। ਜਸਪਾਲ ਰਾਣਾ ਦਾ ਹੁਨਰ ਮਿਹਨਤ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਨਿਸ਼ਾਨੇ ਤੇ ਤਾਂਘ ਨੂੰ ਮੈਂ ਜਿਸ ਤਰ੍ਹਾਂ ਦੇਖਿਆ ਹੈ, ਉਸ ਲਈ ਅੱਜ ਮੇਰੇ ਕੋਲ ਸ਼ਬਦ ਨਹੀਂ ਹਨ। ਉਹ ਭਾਵੇਂ ਮੇਰੇ ਤੋਂ ਉਮਰ ’ਚ ਛੋਟੇ ਸਨ ਪਰ ਫਿਰ ਵੀ ਜਦੋਂ ਵੀ ਦਫ਼ਤਰ ਵਿਚ ਆਏ, ਉਨ੍ਹਾਂ ਨੇ ਇਕ ਭਾਰਤੀ ਸੰਸਕ੍ਰਿਤੀ ਦੇ ਅਦਬ ਤੇ ਸਤਿਕਾਰ ਦੀ ਪਾਲਣਾ ਕੀਤੀ। ਮੈਂ ਜਿਵੇਂ ਜਸਪਾਲ ਰਾਣਾ ਨੂੰ ਵੇਖਿਆ, ਉਹ ਸੱਚਮੁੱਚ ਖੇਡਾਂ ਲਈ ਇਕ ਅਦਭੁੱਤ ਨੌਜਵਾਨ ਸਨ ਜਿਸ ਦੀਆਂ ਉਮੀਦਾਂ ਵਿਚ ਦੇਸ਼ ਨੂੰ ਦੇਣ ਵਾਸਤੇ ਬਹੁਤ ਕੁਝ ਸੀ ਤੇ ਉਸ ਨੇ ਮਨੂੰ ਭਾਕਰ ਵਰਗੀ ਨਿਸ਼ਾਨੇਬਾਜ਼ ਦੇਸ਼ ਨੂੰ ਦਿੱਤੀ ਜਿਸ ਨੇ ਉਸ ਦੀ ਅਕੈਡਮੀ ਵਿਚ ਹੀ ਕੋਚਿੰਗ ਲਈ ਹੈ। ਅੱਜ ਮੇਰੀਆਂ ਯਾਦਾਂ ਦੇ ਚੇਤਿਆਂ ਦੀ ਚੰਗੇਰ ਵਿਚ ਉਹ ਹਮੇਸ਼ਾ ਇਕ ਸਹਿਜ ਤੇ ਦੇਸ਼ ਦੇ ਝੰਡੇ ਨੂੰ ਉੱਚਾ ਵੇਖਣ ਵਾਲਾ ਉਹ ਨੌਜਵਾਨ ਸੀ ਜਿਸ ਦੀ ਦੋਸਤੀ ਤੇ ਜਿਸ ਦੀਆਂ ਗੱਲਾਂ ਦੀ ਗਰਮਾਹਟ ’ਤੇ ਵਿਸ਼ਵਾਸ ਕੀਤਾ ਜਾ ਸਕਦਾ ਸੀ। ਲੱਖਾਂ ਭਾਰਤੀਆਂ ਲਈ ਜਸਪਾਲ ਰਾਣਾ ਸਿਰਫ਼ ਇਕ ਖਿਡਾਰੀ ਨਹੀਂ ਸਨ, ਉਹ ਉਸ ਪੀੜ੍ਹੀ ਦੇ ਪ੍ਰਤੀਕ ਸਨ ਜਿਸ ਨੇ ਸਾਬਿਤ ਕੀਤਾ ਕਿ ਭਾਰਤ ਸਿਰਫ਼ ਕ੍ਰਿਕਟ ਦਾ ਦੇਸ਼ ਨਹੀਂ, ਸਗੋਂ ਹਰ ਖੇਡ ਵਿਚ ਵਿਸ਼ਵ ਨੂੰ ਚੁਣੌਤੀ ਦੇ ਸਕਦਾ ਹੈ।
ਉਸ ਨੇ ਉਦੋਂ ਨਿਸ਼ਾਨੇਬਾਜ਼ੀ ਸ਼ੁਰੂ ਕੀਤੀ ਜਦੋਂ ਨਿਸ਼ਾਨੇਬਾਜ਼ੀ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ ਪਰ ਜਸਪਾਲ ਰਾਣਾ ਨੇ ਇਸ ਖੇਡ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾਇਆ। ਅੱਜ ਉਨ੍ਹਾਂ ਦੀਆਂ ਸਫਲਤਾਵਾਂ ਨੇ ਅਨੇਕ ਨੌਜਵਾਨਾਂ ਨੂੰ ਇਹ ਵਿਸ਼ਵਾਸ ਦਿੱਤਾ ਕਿ ਜੇ ਮਿਹਨਤ, ਅਨੁਸ਼ਾਸਨ ਅਤੇ ਲਗਨ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ। ਜਸਪਾਲ ਰਾਣਾ ਬਚਪਨ ਤੋਂ ਹੀ ਅਸਾਧਾਰਨ ਪ੍ਰਤਿਭਾਸ਼ਾਲੀ ਸਨ।
ਅਠਾਈ ਜੂਨ 1976 ਨੂੰ ਉੱਤਰਾਖੰਡ ਦੇ ਇਕ ਰਾਜਪੂਤ ਪਰਿਵਾਰ ਵਿਚ ਜਨਮੇ ਜਸਪਾਲ ਰਾਣਾ ਨੂੰ ਬਚਪਨ ਤੋਂ ਹੀ ਨਿਸ਼ਾਨੇਬਾਜ਼ੀ ਦਾ ਸ਼ੌਕ ਸੀ। ਉਨ੍ਹਾਂ ਦੇ ਪਿਤਾ ਨਾਰਾਇਣ ਸਿੰਘ ਰਾਣਾ ਖ਼ੁਦ ਵੀ ਖੇਡਾਂ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਦੀ ਪ੍ਰਤਿਭਾ ਨੂੰ ਛੋਟੀ ਉਮਰ ਵਿਚ ਹੀ ਪਛਾਣ ਲਿਆ ਸੀ। ਬਹੁਤ ਛੋਟੀ ਉਮਰ ਵਿਚ ਹੀ ਉਨ੍ਹਾਂ ਨੇ ਰਾਸ਼ਟਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ ਸਿਰਫ਼ 12 ਸਾਲਾਂ ਦੀ ਉਮਰ ਵਿਚ ਰਾਸ਼ਟਰੀ ਪੱਧਰ ’ਤੇ ਸੋਨ ਤਗਮਾ ਜਿੱਤ ਕੇ ਚਰਚਾ ਵਿਚ ਆ ਗਏ ਸਨ। ਅਸਲ ਵਿਚ 1994 ਦੀਆਂ ਏਸ਼ਿਆਈ ਖੇਡਾਂ ਜਸਪਾਲ ਰਾਣਾ ਦੇ ਕਰੀਅਰ ਦਾ ਸਭ ਤੋਂ ਮਹੱਤਵਪੂਰਨ ਮੋੜ ਸਾਬਿਤ ਹੋਈਆਂ। ਉਨ੍ਹਾਂ ਨੇ ਹੀਰੋਸ਼ੀਮਾ ਏਸ਼ੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ ਸੋਨੇ ਦਾ ਤਗਮਾ ਜਿੱਤਿਆ ਅਤੇ ਇਕ ਨਵਾਂ ਇਤਿਹਾਸ ਰਚ ਦਿੱਤਾ। ਇਸ ਤੋਂ ਬਾਅਦ ਕਈ ਸਾਲਾਂ ਤੱਕ ਉਹ ਏਸ਼ਿਆਈ ਨਿਸ਼ਾਨੇਬਾਜ਼ੀ ਦੇ ਬੇਤਾਜ ਬਾਦਸ਼ਾਹ ਬਣੇ ਰਹੇ। ਉਨ੍ਹਾਂ ਨੇ ਏਸ਼ਿਆਈ ਖੇਡਾਂ, ਏਸ਼ਿਆਈ ਚੈਂਪੀਅਨਸ਼ਿਪਸ ਅਤੇ ਕਾਮਨਵੈਲਥ ਗੇਮਜ਼ ਵਿਚ ਭਾਰਤ ਲਈ ਅਨੇਕ ਤਗਮੇ ਜਿੱਤੇ। ਜਸਪਾਲ ਰਾਣਾ ਦੇ ਨਾਂ ਏਸ਼ਿਆਈ ਖੇਡਾਂ ਅਤੇ ਕਾਮਨਵੈਲਥ ਮੁਕਾਬਲਿਆਂ ਵਿਚ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਦਰਜ ਹਨ। ਉਹ ਉਸ ਦੌਰ ਦੇ ਖਿਡਾਰੀ ਸਨ ਜਦੋਂ ਭਾਰਤ ਵਿਚ ਨਿਸ਼ਾਨੇਬਾਜ਼ੀ ਨੂੰ ਅੱਜ ਵਾਲੀ ਪਛਾਣ ਨਹੀਂ ਮਿਲੀ ਸੀ। ਕ੍ਰਿਕਟ ਦੇ ਸ਼ੋਰ ਵਿਚ ਹੋਰ ਖੇਡਾਂ ਦੱਬ ਜਾਂਦੀਆਂ ਸਨ, ਪਰ ਜਸਪਾਲ ਰਾਣਾ ਨੇ ਆਪਣੀ ਪ੍ਰਤਿਭਾ ਨਾਲ ਨਿਸ਼ਾਨੇਬਾਜ਼ੀ ਨੂੰ ਘਰ-ਘਰ ਪਹੁੰਚਾਇਆ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਅਨੇਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਿਕਾਰਡ ਬਣਾਏ। ਉਹ ਭਾਰਤ ਦੇ ਸਭ ਤੋਂ ਸਫਲ ਪਿਸਤੌਲ ਸ਼ੂਟਰਾਂ ਵਿਚ ਗਿਣੇ ਜਾਂਦੇ ਸਨ। ਉਨ੍ਹਾਂ ਦੇ ਨਾਂ ਏਸ਼ਿਆਈ ਖੇਡਾਂ ਵਿਚ ਕਈ ਤਗਮੇ ਅਤੇ ਕਾਮਨਵੈਲਥ ਗੇਮਜ਼ ਵਿਚ 15 ਤੋਂ ਵੱਧ ਤਗਮੇ ਤੇ ਅਨੇਕ ਅੰਤਰਰਾਸ਼ਟਰੀ ਤਗਮੇ ਦਰਜ ਹਨ। ਰਾਣਾ ਦੀ ਨਿਸ਼ਾਨੇਬਾਜ਼ੀ ਦੀ ਖ਼ਾਸੀਅਤ ਸੀ-ਅਦਭੁੱਤ ਇਕਾਗਰਤਾ, ਮਾਨਸਿਕ ਮਜ਼ਬੂਤੀ ਅਤੇ ਦਬਾਅ ਵਿਚ ਵੀ ਸ਼ਾਂਤ ਰਹਿਣ ਦੀ ਸਮਰੱਥਾ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮਸ੍ਰੀ ਤੇ ਅਰਜੁਨ ਐਵਾਰਡ ਵਰਗੇ ਇਨਾਮਾਂ ਨਾਲ ਨਿਵਾਜਿਆ ਸੀ। ਰਾਣਾ ਨੇ ਇਕ ਕੋਚ ਵਜੋਂ ਦੂਜੀ ਪਾਰੀ ਵਿਚ ਆਪਣਾ ਤਜਰਬਾ ਨਵੀਂ ਪੀੜ੍ਹੀ ਨਾਲ ਸਾਂਝਾ ਕੀਤਾ। ਉਨ੍ਹਾਂ ਦੀ ਕੋਚਿੰਗ ਹੇਠ ਕਈ ਨੌਜਵਾਨ ਨਿਸ਼ਾਨੇਬਾਜ਼ਾਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਕਾਮਯਾਬੀਆਂ ਹਾਸਲ ਕੀਤੀਆਂ। ਖ਼ਾਸ ਕਰਕੇ ਮਨੂੰ ਭਾਕਰ ਦੀ ਸਫਲਤਾ ਵਿਚ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮਨੂ ਭਾਕਰ ਦੇ ਓਲੰਪਿਕ ਤਗਮਿਆਂ ਦੇ ਪਿੱਛੇ ਜਸਪਾਲ ਰਾਣਾ ਦੀ ਤਕਨੀਕੀ ਸਮਝ, ਮਾਨਸਿਕ ਮਜ਼ਬੂਤੀ ਅਤੇ ਸਖ਼ਤ ਮਿਹਨਤ ਦੀ ਵੱਡੀ ਭੂਮਿਕਾ ਸੀ। ਉਹ ਬਹੁਤ ਹੀ ਅਨੁਸ਼ਾਸਿਤ ਵਿਅਕਤੀ ਸਨ। ਆਪਣੇ ਕੰਮ ਪ੍ਰਤੀ ਉਹ ਬੇਹੱਦ ਗੰਭੀਰ ਰਹਿੰਦੇ ਸਨ। ਕਈ ਵਾਰ ਉਹ ਸਖ਼ਤ ਕੋਚ ਲੱਗਦੇ ਸਨ ਪਰ ਉਨ੍ਹਾਂ ਅੰਦਰ ਇਕ ਦਿਆਲੂ ਅਤੇ ਖਿਡਾਰੀਆਂ ਦੀ ਚਿੰਤਾ ਕਰਨ ਵਾਲਾ ਮਨੁੱਖ ਵਸਦਾ ਸੀ। ਭਾਰਤੀ ਨਿਸ਼ਾਨੇਬਾਜ਼ੀ ਦੇ ਇਤਿਹਾਸ ਵਿਚ ਉਨ੍ਹਾਂ ਦਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਜਦੋਂ ਵੀ ਕੋਈ ਭਾਰਤੀ ਨਿਸ਼ਾਨੇਬਾਜ਼ ਅੰਤਰਰਾਸ਼ਟਰੀ ਮੰਚ ’ਤੇ ਤਿਰੰਗਾ ਲਹਿਰਾਏਗਾ, ਉੱਥੇ ਕਿਤੇ ਨਾ ਕਿਤੇ ਜਸਪਾਲ ਰਾਣਾ ਦੀ ਮਿਹਨਤ ਅਤੇ ਵਿਰਾਸਤ ਦੀ ਛਾਪ ਜ਼ਰੂਰ ਨਜ਼ਰ ਆਵੇਗੀ। ਜਸਪਾਲ ਰਾਣਾ ਭਾਵੇਂ ਸੰਸਾਰ ਤੋਂ ਸਦਾ ਚਲੇ ਗਏ ਹਨ ਪਰ ਉਨ੍ਹਾਂ ਦਾ ਨਿਸ਼ਾਨਾ ਅਜੇ ਵੀ ਭਾਰਤੀ ਖੇਡਾਂ ਦੇ ਅਸਮਾਨ ਵਿਚ ਅਡੋਲ ਖੜ੍ਹਾ ਹੈ।
-(ਲੇਖਕ ਦੂਰਦਰਸ਼ਨ ਦੇ ਉਪ ਮਹਾ-ਨਿਰਦੇਸ਼ਕ ਰਹੇ ਹਨ)।
-ਮੋਬਾਈਲ : 94787-30156