- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਅਜਿਹਾ ਟਕਰਾਅ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਦੋਂ ਸਿਆਸੀ ਲਾਹੇ ਲਈ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਜ਼ਮੀਨੀ ਪੱਧਰ ’ਤੇ ਟਕਰਾਅ ਵਧਣ ਦਾ ਖ਼ਦਸ਼ਾ ਰਹਿੰਦਾ ਹੈ, ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਨਿਵੇਸ਼ ਦੇ ਮਾਹੌਲ ਨੂੰ ਸੱਟ ਮਾਰਦਾ ਹੈ।

ਪੰਜਾਬ ਦੀ ਸਿਆਸੀ ਫ਼ਿਜ਼ਾ ਇਸ ਵੇਲੇ ਟਕਰਾਅ ਵਾਲੀ ਸਥਿਤੀ ਵਿਚ ਹੈ।• ਸੂਬੇ ਦੀ ਸਿਆਸਤ ਹਮੇਸ਼ਾ ਹੀ ਧਰਮ ਅਤੇ ਰਾਜਨੀਤੀ ਦੇ ਗੂੜ੍ਹੇ ਸੁਮੇਲ ਦੁਆਲੇ ਘੁੰਮਦੀ ਰਹੀ ਹੈ ਪਰ ਜਦੋਂ ਵੀ ਰਾਜ ਸੱਤਾ ਅਤੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ-ਸ੍ਰੀ ਅਕਾਲ ਤਖ਼ਤ ਸਾਹਿਬ, ਦਰਮਿਆਨ ਸਿੱਧਾ ਟਕਰਾਅ ਪੈਦਾ ਹੁੰਦਾ ਹੈ, ਤਾਂ ਅਸਥਿਰਤਾ ਅਤੇ ਤਣਾਅ ਦਾ ਮਾਹੌਲ ਬਣਨਾ ਸੁਭਾਵਿਕ ਹੈ। ਮੌਜੂਦਾ ਸਮੇਂ ਸਰਕਾਰ ਅਤੇ ਅਕਾਲ ਤਖ਼ਤ ਸਾਹਿਬ ਦਰਮਿਆਨ ਵਧ ਰਹੀ ਦੂਰੀ ਅਤੇ ਟਕਰਾਅ ਦੀ ਨੀਤੀ ਪੰਜਾਬ ਦੇ ਭਵਿੱਖੀ ਸਿਆਸੀ ਸਮੀਕਰਨਾਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਟਕਰਾਅ ਦਾ ਸਭ ਤੋਂ ਪਹਿਲਾ ਅਤੇ ਪ੍ਰਮੁੱਖ ਅਸਰ ਪੰਜਾਬ ਦੀ ਸੱਤਾਧਾਰੀ ਧਿਰ ਦੀ ਸਿਆਸੀ ਸਾਖ ’ਤੇ ਪਵੇਗਾ। ਪੰਜਾਬ ਦੀ ਬਹੁਗਿਣਤੀ ਜਨਤਾ, ਚਾਹੇ ਉਹ ਕਿਸੇ ਵੀ ਸਿਆਸੀ ਵਿਚਾਰਧਾਰਾ ਨਾਲ ਜੁੜੀ ਹੋਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਮਰਿਆਦਾ ਪ੍ਰਤੀ ਡੂੰਘੀ ਆਸਥਾ ਰੱਖਦੀ ਹੈ। ਜਦੋਂ ਸਰਕਾਰ ਵੱਲੋਂ ਇਸ ਸਰਵਉੱਚ ਸੰਸਥਾ ਦੇ ਆਦੇਸ਼ਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਜਾਂ ਸਿਆਸੀ ਹਿੱਤਾਂ ਲਈ ਇਸ ਨਾਲ ਟਕਰਾਅ ਸਹੇੜਿਆ ਜਾਂਦਾ ਹੈ, ਤਾਂ ਰਵਾਇਤੀ ਅਤੇ ਸੁਚੇਤ ਵੋਟਰਾਂ ’ਚ ਸਰਕਾਰ ਵਿਰੁੱਧ ਬੇਗ਼ਾਨਗੀ ਅਤੇ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਸਥਿਤੀ ਵਿਰੋਧੀ ਧਿਰਾਂ ਨੂੰ ਸਰਕਾਰ ਖ਼ਿਲਾਫ਼ ‘ਪੰਥ-ਵਿਰੋਧੀ’ ਹੋਣ ਦਾ ਬਿਰਤਾਂਤ (ਨੈਰੇਟਿਵ) ਸਿਰਜਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੀ ਹੈ। ਦੂਜੇ ਪਾਸੇ, ਇਹ ਸਥਿਤੀ ਪੰਜਾਬ ’ਚ ਪੰਥਕ ਸਿਆਸਤ ਦੇ ਮੁੜ-ਉਭਾਰ ਦਾ ਕਾਰਨ ਬਣ ਸਕਦੀ ਹੈ। ਪਿਛਲੇ ਕੁਝ ਸਮੇਂ ਤੋਂ ਹਾਸ਼ੀਏ ’ਤੇ ਚੱਲ ਰਹੀਆਂ ਪੰਥਕ ਜਥੇਬੰਦੀਆਂ ਅਤੇ ਸਿਆਸੀ ਦਲ ਅਜਿਹੇ ਮੁੱਦਿਆਂ ’ਤੇ ਇੱਕਜੁੱਟ ਹੋ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਪਣੇ ਹੱਕ ’ਚ ਭੁਗਤਾਉਣ ਦੀ ਕੋਸ਼ਿਸ਼ ਕਰਦੇ ਹਨ। ਨਤੀਜੇ ਵਜੋਂ, ਆਉਣ ਵਾਲੀਆਂ ਚੋਣਾਂ ’ਚ ਵਿਕਾਸ, ਰੁਜ਼ਗਾਰ, ਸਿਹਤ ਅਤੇ ਸਿੱਖਿਆ ਵਰਗੇ ਅਸਲ ਜਨਤਕ ਮੁੱਦੇ ਪਿੱਛੇ ਛੁੱਟ ਜਾਂਦੇ ਹਨ ਅਤੇ ਪੂਰੀ ਸਿਆਸੀ ਫਿਜ਼ਾ ਧਾਰਮਿਕ ਧਰੁਵੀਕਰਨ ਦੀ ਲਪੇਟ ’ਚ ਆ ਜਾਂਦੀ ਹੈ। ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਅਜਿਹਾ ਟਕਰਾਅ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਦੋਂ ਸਿਆਸੀ ਲਾਹੇ ਲਈ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਜ਼ਮੀਨੀ ਪੱਧਰ ’ਤੇ ਟਕਰਾਅ ਵਧਣ ਦਾ ਖ਼ਦਸ਼ਾ ਰਹਿੰਦਾ ਹੈ, ਜੋ ਸੂਬੇ ਦੇ ਸਰਬਪੱਖੀ ਵਿਕਾਸ ਅਤੇ ਨਿਵੇਸ਼ ਦੇ ਮਾਹੌਲ ਨੂੰ ਸੱਟ ਮਾਰਦਾ ਹੈ। ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ, ਉਸ ਨੂੰ ਇਹ ਸਮਝਣਾ ਹੋਵੇਗਾ ਕਿ ਪੰਜਾਬ ਦੇ ਸਿਆਸੀ ਮਾਹੌਲ ਨੂੰ ਸ਼ਾਂਤ ਅਤੇ ਪ੍ਰਗਤੀਸ਼ੀਲ ਰੱਖਣ ਲਈ ਧਾਰਮਿਕ ਸੰਸਥਾਵਾਂ ਦੇ ਵਕਾਰ ਅਤੇ ਖ਼ੁਦਮੁਖ਼ਤਿਆਰੀ ਦਾ ਸਤਿਕਾਰ ਲਾਜ਼ਮੀ ਹੈ। ਹੰਕਾਰ ਅਤੇ ਹਠਧਰਮੀ ਦੀ ਸਿਆਸਤ ਪੰਜਾਬ ਨੂੰ ਮੁੜ ਅਸਥਿਰਤਾ ਵੱਲ ਧੱਕ ਸਕਦੀ ਹੈ, ਜਿਸ ਦਾ ਖ਼ਮਿਆਜ਼ਾ ਪੂਰੇ ਸੂਬੇ ਨੂੰ ਭੁਗਤਣਾ ਪਵੇਗਾ। ਸਰਕਾਰ ਲਈ ਹੁਣੇ ਹੀ ਸੰਜਮ ਅਤੇ ਸੰਵਾਦ ਦਾ ਰਸਤਾ ਅਪਣਾਉਣਾ ਬਿਹਤਰ ਹੋਵੇਗਾ।
- ਪ੍ਰਗਟ ਸਿੰਘ ਗਿੱਲ ਬਾਗ਼ੀ ਅਸਟਰੇਲੀਆ +61435406713