- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਫਾਰਮੂਲੇ ’ਚ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਰੇ ਧੜ੍ਹਿਆਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਫਾਰਮੂਲਾ ਬੈਲੈਂਸ ਹੈ ਤਾਂ ਵੀ ਠੀਕ ਹੋਵੇਗਾ, ਕਿਉਂਕਿ ਸਾਰੇ ਵਰਗਾਂ ਦੇ ਭਾਈਚਾਰਿਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।

ਉਜਾਗਰ ਸਿੰਘ
ਲੰਬੀ ਉਡੀਕ ਤੋਂ ਬਾਅਦ ਕਾਂਗਰਸ ਹਾਈ ਕਮਾਨ ਗੂੜ੍ਹੀ ਨੀਂਦ ਤੋਂ ਜਾਗ ਪਈ ਹੈ। ਸਰਬ ਹਿੰਦ ਕਾਂਗਰਸ ਪਾਰਟੀ ਦੇ ਕੰਮ-ਕਾਰ ਦਾ ਢੰਗ ਬਿਲਕੁਲ ਨਿਆਰਾ ਸਰਕਾਰੀ ਦਫ਼ਤਰਾਂ ਵਰਗਾ ਹੈ। ਜਿਵੇਂ ਸਰਕਾਰੀ ਦਫ਼ਤਰਾਂ ’ਚ ਫਾਈਲ ਇਕ ਮੇਜ਼ ਤੋਂ ਦੂਜੇ ਮੇਜ਼ ’ਤੇ ਜਾਂਦੀ ਸਮਾਂ ਲਗਾ ਦਿੰਦੀ ਹੈ, ਬਿਲਕੁਲ ਉਸੇ ਤਰ੍ਹਾਂ ਕਾਂਗਰਸ ਪਾਰਟੀ ’ਚ ਹੁੰਦਾ ਹੈ। ਜਦੋਂ ਕਿਸੇ ਸੂਬੇ ਦਾ ਕੋਈ ਅਹੁਦੇਦਾਰ ਨਿਯੁਕਤ ਕਰਨਾ ਹੁੰਦਾ ਹੈ ਤਾਂ ਪਹਿਲਾਂ ਇਹ ਕੁਝ ਨੇਤਾਵਾਂ ਨੂੰ ਉਸ ਸੂਬੇ ’ਚ ਭੇਜ ਕੇ ਸੰਬੰਧਤ ਨੇਤਾਵਾਂ ਦੀ ਕਾਰਗੁਜ਼ਾਰੀ ਦੀ ਫੀਡਬੈਕ ਲੈਂਦੇ ਹਨ। ਫਿਰ ਉਹ ਇਸ ਜਾਣਕਾਰੀ ਬਾਰੇ ਆਪਸ ’ਚ ਵਿਚਾਰ-ਵਟਾਂਦਰਾ ਕਰਕੇ ਹਾਈ ਕਮਾਨ ਨੂੰ ਲਿਖ ਕੇ ਦਿੰਦੇ ਹਨ। ਉਸ ਤੋਂ ਬਾਅਦ ਹਾਈ ਕਮਾਨ ਦੇ ਸੀਨੀਅਰ ਨੇਤਾ ਵਿਚਾਰ-ਚਰਚਾ ਕਰਦੇ ਹਨ ਤੇ ਆਖ਼ਰ ’ਚ ਪ੍ਰਧਾਨ ਤੋਂ ਪ੍ਰਵਾਨਗੀ ਲਈ ਜਾਂਦੀ ਹੈ। ਇਸ ਕੰਮ ’ਚ ਹਰ ਸਟੇਜ ’ਤੇ ਲੰਬਾ ਸਮਾਂ ਲੱਗ ਜਾਂਦਾ ਹੈ। ਅਕਸਰ ਅਜਿਹੇ ਫ਼ੈਸਲਿਆਂ ’ਚ ਦੇਰੀ ਹੋ ਜਾਂਦੀ ਹੈ, ਜਿਸ ਦਾ ਪਾਰਟੀ ਨੂੰ ਦੇਰੀ ਹੋਣ ਦਾ ਨੁਕਸਾਨ ਹੋ ਜਾਂਦਾ ਹੈ। ਜਿਵੇਂ ਪੰਜਾਬ ’ਚ ਹੁਣ ਹੋਇਆ ਹੈ, ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਨੇ ਇਕ ਸਾਲ ਪਹਿਲਾਂ ਤੋਂ ਹੀ ਚੋਣ ਸੰਬੰਧੀ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਆ ਗਈਆਂ ਹਨ। ਸਿਰਫ ਛੇ ਮਹੀਨੇ ਬਾਕੀ ਰਹਿੰਦੇ ਹਨ। ਹੁਣ ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ’ਚ ਤਬਦੀਲੀ ਕਰਨ ਦੀ ਥਾਂ ਇਕ ਨਵਾਂ ਫਾਰਮੂਲਾ ਲਿਆਂਦਾ ਹੈ। ਜਦਕਿ ਲਗਪਗ ਪਿਛਲੇ ਇਕ ਸਾਲ ਤੋਂ ਵਰਤਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਥਾਂ ਨਵਾਂ ਪ੍ਰਧਾਨ ਲਗਾਉਣ ਲਈ ਵਿਚਾਰ ਵਟਾਂਦਰਾ ਹੋ ਰਿਹਾ ਹੈ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ ਨੌਜਵਾਨ ਹੈ ਪਰ ਨਾ ਤਾਂ ਕਾਂਗਰਸ ਪਾਰਟੀ ਨੂੰ ਇੱਕਮੁੱਠ ਰੱਖ ਸਕਿਆ ਅਤੇ ਨਾ ਹੀ ਪਾਰਟੀ ਮਜ਼ਬੂਤ ਹੋਈ ਹੈ, ਸਗੋਂ ਉਸ ਦੇ ਨਰਮ ਸੁਭਾਅ ਕਰ ਕੇ ਵਰਤਮਾਨ ਸਰਕਾਰ ਨੂੰ ਮਹੱਤਵਪੂਰਨ ਮੁੱਦਿਆਂ ’ਤੇ ਕਾਂਗਰਸ ਪਾਰਟੀ ਘੇਰ ਨਹੀਂ ਸਕੀ। ਕਾਂਗਰਸ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਹਮੇਸ਼ਾ ਦੀ ਤਰ੍ਹਾਂ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਅਤੇ ਪੰਜਾਬ ਕਾਂਗਰਸ ਦੀ ਧੜ੍ਹੇਬੰਦੀ ਖ਼ਤਮ ਕਰਨ ਲਈ ਨਵੇਂ ਫਾਰਮੂਲੇ ਦਾ ਐਲਾਨ ਕੀਤਾ ਹੈ। ਪੰਜਾਬ ਕਾਂਗਰਸ ਦੀ ਧੜ੍ਹੇਬੰਦੀ ਖ਼ਤਮ ਕਰਨ ਲਈ ਇਹ ਪਹਿਲੀ ਵਾਰ ਕੋਈ ਨਵਾਂ ਫਾਰਮੂਲਾ ਨਹੀਂ ਆਇਆ, ਸਗੋਂ ਕਾਂਗਰਸ ਪਾਰਟੀ ਦੀ ਇਹ ਨਵੇਂ-ਨਵੇਂ ਫਾਰਮੂਲੇ ਬਣਾ ਕੇ ਕਾਂਗਰਸੀਆਂ ਨੂੰ ਇੱਕਮੁੱਠ ਕਰਨ ਦੀ ਪੁਰਾਣੀ ਰਵਾਇਤ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਅਤੇ ਪ੍ਰਤਾਪ ਸਿੰਘ ਬਾਜਵਾ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੋਵੇਂ ਜੱਟ ਸਿੱਖਾਂ ਨੂੰ ਬਦਲਿਆ ਨਹੀਂ ਗਿਆ। ਇਕ ਤਾਂ ਸਰਬ ਹਿੰਦ ਕਾਂਗਰਸ ਨੇ ਚੰਗੀ ਗੱਲ ਕੀਤੀ ਹੈ ਕਿ ਚੋਣਾਂ ਸਿਰ ’ਤੇ ਆਉਣ ਸਮੇਂ ਪੰਜਾਬ ਕਾਂਗਰਸ ਦਾ ਪ੍ਰਧਾਨ ਨਹੀਂ ਬਦਲਿਆ। ਹੁਣ ਤੱਕ ਇਹ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ’ਤੇ ਕੋਈ ਹੋਰ ਨੇਤਾ ਨਵਾਂ ਪ੍ਰਧਾਨ ਬਣਾਇਆ ਜਾਵੇਗਾ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਵੰਨ-ਸਵੰਨੇ ਬਿਆਨਾਂ ਕਰਕੇ ਵਾਦ-ਵਿਵਾਦ ਖੜ੍ਹਾ ਕਰ ਦਿੰਦੇ ਰਹੇ ਹਨ, ਜਿਸ ਕਰਕੇ ਪਾਰਟੀ ਲਈ ਉਸ ਨੂੰ ਕਈ ਵਾਰ ਇਨ੍ਹਾਂ ਬਿਆਨਾਂ ਕਰ ਕੇ ਮਾਫ਼ੀ ਵੀ ਮੰਗਣੀ ਪਈ ਸੀ। ਰਾਜਾ ਵੜਿੰਗ ਨੂੰ ਬਦਲ ਕੇ ਕਾਂਗਰਸ ਪਾਰਟੀ ਜੇ ਕਿਸੇ ਨੂੰ ਪ੍ਰਧਾਨ ਬਣਾਉਂਦੀ ਤਾਂ ਲੋਕਾਂ ’ਚ ਇਹ ਪ੍ਰਭਾਵ ਜਾਣਾ ਸੀ ਕਿ ਉਹ ਮੁੱਖ ਮੰਤਰੀ ਦਾ ਉਮੀਦਵਾਰ ਹੋਵੇਗਾ। ਪੰਜਾਬ ਕਾਂਗਰਸ ਦੇ ਤਾਂ ਪਹਿਲਾਂ ਹੀ ਪੰਜ ਮੁੱਖ ਮੰਤਰੀ ਦੇ ਦਾਅਵੇਦਾਰ ਬਣੇ ਫਿਰਦੇ ਸਨ। ਘੱਟੋ-ਘੱਟ ਉਨ੍ਹਾਂ ਨੂੰ ਤਾਂ ਲਗਾਮ ਪਾ ਦਿੱਤੀ ਗਈ ਹੈ। ਭਾਰਤੀ ਜਨਤਾ ਪਾਰਟੀ ਨੇ ਸੁਨੀਲ ਕੁਮਾਰ ਜਾਖੜ ਦੀ ਥਾਂ ਇੱਕ ਜੱਟ ਸਿੱਖ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾ ਦਿੱਤਾ ਸੀ। ਇਸ ਲਈ ਇਕ ਜੱਟ ਸਿੱਖ ਨੂੰ ਬਦਲਣਾ ਕਾਂਗਰਸ ਪਾਰਟੀ ਲਈ ਭਾਰਾ ਪੈ ਸਕਦਾ ਸੀ। ਕਾਂਗਰਸ ਪਾਰਟੀ ਨੇ ਰਾਜਾ ਵੜਿੰਗ ਦੇ ਨਾਲ ਸੁਖਵਿੰਦਰ ਸਿੰਘ ਡੈਨੀ ਤੇ ਰਾਜ ਕੁਮਾਰ ਵੇਰਕਾ ਦੋਵੇਂ ਅਨੁਸੂਚਿਤ ਜਾਤੀਆਂ ਅਤੇ ਸੰਗਤ ਸਿੰਘ ਗਿਲਜੀਆਂ ਪਛੜੀਆਂ ਸ਼੍ਰੇਣੀਆਂ ਵਿੱਚੋਂ ਤਿੰਨ ਵਰਕਿੰਗ ਪ੍ਰੈਜੀਡੈਂਟ ਬਣਾ ਕੇ ਇਨ੍ਹਾਂ ਸ਼੍ਰੇਣੀਆਂ ਨੂੰ ਬਰਾਬਰ ਦੀ ਪ੍ਰਤੀਨਿਧਤਾ ਦੇਣ ਦੀ ਕੋਸਿਸ਼ ਕੀਤੀ ਹੈ, ਪਰ ਉੱਥੇ ਹੀ ਇਨ੍ਹਾਂ ਦੇ ਬਣਨ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਹਿਮੀਅਤ ਵੀ ਘਟਾ ਦਿੱਤੀ ਹੈ। ਰਾਮਦਾਸੀਆ ਅਤੇ ਬਾਲਮੀਕਿ ਭਾਈਚਾਰੇ ਨੂੰ ਵੀ ਸੰਤੁਸ਼ਟ ਕੀਤਾ ਗਿਆ ਹੈ। ਕਾਂਗਰਸ ਹਾਈ ਕਮਾਨ ਕਿਸੇ ਲੋਕ ਸਭਾ ਦੇ ਮੈਂਬਰ ਨੂੰ ਵਿਧਾਨ ਸਭਾ ਦੀ ਚੋਣ ਲੜਾਉਣ ਦਾ ਹੌਸਲਾ ਨਹੀਂ ਕਰੇਗੀ ਕਿਉਂਕਿ ਸਾਂਝੇ ਗਠਜੋੜ ਦੇ ਮੈਂਬਰਾਂ ਦੀ ਗਿਣਤੀ ਘਟਾ ਦੇਵੇਗੀ। ਇਸ ਦਾ ਅਰਥ ਇਹ ਹੋਇਆ ਕਿ ਮੁੱਖ ਮੰਤਰੀ ਦੀ ਕੁਰਸੀ ਦੇ ਮੋਹਰੀ ਚਾਹਵਾਨ ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋ ਗਏ ਹਨ।
ਕਾਂਗਰਸ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ਼ ਤਿੰਨ ਮਹੀਨੇ ਪਹਿਲਾਂ ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਬਟੋਰਨ ਦੇ ਇਰਾਦੇ ਨਾਲ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ ਪਰ ਉਹ ਤਜਰਬਾ ਵੀ ਫੇਲ੍ਹ ਹੋ ਗਿਆ ਸੀ, ਕਾਂਗਰਸ ਪਾਰਟੀ ਕਿਉਂਕਿ ਬੁਰੀ ਤਰ੍ਹਾਂ ਹਾਰ ਤਾਂ ਗਈ ਹੀ ਸੀ, ਪਰ ਚਰਨਜੀਤ ਸਿੰਘ ਚੰਨੀ ਦੋਵੇਂ ਵਿਧਾਨ ਸਭਾ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ’ਚੋਂ ਹਾਰੇ ਹੀ ਨਹੀਂ ਸਗੋਂ ਜ਼ਮਨਾਤਾਂ ਵੀ ਜ਼ਬਤ ਹੋ ਗਈਆਂ ਸਨ। ਪੰਜਾਬ ਕਾਂਗਰਸ ਦੇ ਇਤਿਹਾਸ ’ਚ ਪਹਿਲੀ ਵਾਰ ਹੋਇਆ ਸੀ ਕਿ ਕਾਂਗਰਸ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਨਤਾਂ ਜ਼ਬਤ ਹੋ ਗਈਆਂ ਸਨ। ਨਵੇਂ ਫਾਰਮੂਲੇ ’ਚ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਸਾਰੇ ਧੜ੍ਹਿਆਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਫਾਰਮੂਲਾ ਬੈਲੈਂਸ ਹੈ ਤਾਂ ਵੀ ਠੀਕ ਹੋਵੇਗਾ, ਕਿਉਂਕਿ ਸਾਰੇ ਵਰਗਾਂ ਦੇ ਭਾਈਚਾਰਿਆਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ।
ਨਵੇਂ ਫਾਰਮੂਲੇ ’ਚ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ, ਸੁਖਵਿੰਦਰ ਸਿੰਘ ਡੈਨੀ ਨੂੰ ਵਰਕਿੰਗ ਪ੍ਰੈਜੀਡੈਂਟ ਅਤੇ ਡਾ. ਅਮਰ ਸਿੰਘ ਨੂੰ ਚੋਣ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਇਹ ਤਿੰਨੋਂ ਅਨੁਸੂਚਿਤ ਜਾਤੀ ਨਾਲ ਸੰਬੰਧਤ ਹਨ। ਵਿਜੇ ਇੰਦਰ ਸਿੰਗਲਾ ਜੋ ਬਾਣੀਆਂ ਭਾਈਚਾਰੇ ਨਾਲ ਸੰਬੰਧਤ ਹਨ, ਉਸ ਨੂੰ ਇਲੈਕਸ਼ਨ ਮੈਨੇਜਮੈਂਟ ਤੇ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਬ੍ਹਾਹਮਣ ਭਾਈਚਾਰੇ ’ਚੋਂ ਭਰਤ ਭੂਸ਼ਣ ਆਸ਼ੂ, ਓਪੀ ਸੋਨੀ ਅਤੇ ਡਾ.ਧਰਮਵੀਰ ਗਾਂਧੀ ਨੂੰ ਲਿਆ ਗਿਆ ਹੈ। ਸੁਖਜਿੰਦਰ ਸਿੰਘ ਰੰਧਾਵਾ ਜੱਟ ਸਿੱਖ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।
ਪੰਜਾਬ ਕਾਂਗਰਸ ਦੇ ਵੱਡੇ ਨੇਤਾਵਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਮੋਹਰੀ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਜੋ ਕਿਸੇ ਕਿਸਮ ਦਾ ਵਾਦ-ਵਿਵਾਦ ਨਾ ਹੋਵੇ ਤੇ ਧੜ੍ਹੇਬੰਦੀ ਖ਼ਤਮ ਕੀਤੀ ਜਾ ਸਕੇ। ਇਸ ਫਾਰਮੂਲੇ ’ਚ ਪੰਜਾਬ ’ਚੋਂ ਲੋਕ ਸਭਾ ਦੇ ਚੁਣੇ ਹੋਏ ਇਕ ਐੱਮਪੀ ਸ਼ੇਰ ਸਿੰਘ ਘੁਬਾਇਆ ਨੂੰ ਛੱਡ ਕੇ ਬਾਕੀ ਸੱਤ ਮੈਂਬਰਾਂ ਨੂੰ ਵੀ ਅਡਜਸਟ ਕਰ ਲਿਆ ਹੈ। ਇਸ ਫਾਰਮੂਲੇ ’ਚ ਪੰਜਾਬ ਦੇ ਤਿੰਨੋਂ ਇਲਾਕੇ ਮਾਝਾ ਮਾਲਵਾ ਅਤੇ ਦੁਆਬਾ ਦੀ ਆਬਾਦੀ ਅਨੁਸਾਰ ਅਹੁਦੇ ਦਿੱਤੇ ਗਏ ਹਨ। ਮਾਲਵੇ ’ਚੋਂ ਸਭ ਤੋਂ ਵੱਧ ਅੱਠ, ਦੁਆਬੇ ’ਚੋਂ ਪੰਜ ਅਤੇ ਮਾਝੇ ’ਚੋਂ ਛੇ ਮੈਂਬਰ ਲਏ ਗਏ ਹਨ। ਭਾਰਤ ਭੂਸ਼ਣ ਆਸ਼ੂ ਸਾਬਕਾ ਵਰਕਿੰਗ ਪ੍ਰਧਾਨ ਜਿਹੜੇ ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ਹਾਰਨ ਅਤੇ ਆਪਣੇ ਅੱਖੜ ਸੁਭਾਅ ਕਰਕੇ ਹਾਸ਼ੀਏ ’ਤੇ ਕਰ ਦਿੱਤੇ ਗਏ ਸਨ, ਮੁੜ ਮੁੱਖ ਧਾਰਾ ’ਚ ਆ ਗਏ ਹਨ। ਇਹ ਵੀ ਚੰਗਾ ਫ਼ੈਸਲਾ ਹੈ ਕਿ ਇਸ ਫਾਰਮੂਲੇ ’ਚ ਕਿਸੇ ਇੱਕ ਨੇਤਾ ਨੂੰ ਸਿਰਮੌਰ ਨੇਤਾ ਸਾਬਤ ਕਰਕੇ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਬਣਨ ਦਿੱਤਾ ਗਿਆ। ਹੁਣ ਸਾਰੇ ਨੇਤਾਵਾਂ ਨੂੰ ‘ਲਾਲੀਪਾਪ’ ਫੜ੍ਹਾ ਦਿੱਤੇ ਹਨ ਤਾਂ ਜੋ ਉਹ ਜ਼ੋਰ-ਸ਼ੋਰ ਨਾਲ ਚੋਣਾਂ ਜਿੱਤਣ ਲਈ ਕੰਮ ਕਰਦੇ ਰਹਿਣ। ਚਾਰੇ ਕਮੇਟੀਆਂ ਦਾ ਕੋਈ ਵੀ ਮੈਂਬਰ ਨਹੀਂ ਬਣਾਇਆ, ਸਗੋਂ ਚੇਅਰਮੈਨ ਦੇ ਨਾਲ ਬਾਕੀ ਸਾਰਿਆਂ ਨੂੰ ਸਹਿ-ਚੇਅਰਮੈਨ ਦੇ ਅਹੁਦੇ ਦੇ ਕੇ ਉਨ੍ਹਾਂ ਦੀ ਈਗੋ ਸੈਟਸਫਾਈ ਕੀਤੀ ਗਈ ਹੈ। ਇਹ ਕਾਂਗਰਸ ਦਾ ਅੰਦਰੂਨੀ ਕਲੇਸ਼ ਖ਼ਤਮ ਕਰਨ ਲਈ ਕਾਰਗਰ ਸਾਬਤ ਹੋਣ ਦੀ ਉਮੀਦ ਹੈ। ਨਵੀਆਂ ਜ਼ਿੰਮੇਵਾਰੀਆਂ ਮਿਲਣ ਨਾਲ ਇਹ ਨੇਤਾ ਆਪਣੇ ਫ਼ਰਜ਼ ਬਿਹਤਰੀਨ ਢੰਗ ਨਾਲ ਨਿਭਾ ਕੇ ਕਾਂਗਰਸ ਹਾਈ ਕਮਾਨ ਕੋਲ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਆਪ ਨੂੰ ਚੰਗਾ ਪ੍ਰਬੰਧਕ ਬਣ ਕੇ ਵਿਖਾਉਣ ਦਾ ਮੌਕਾ ਮਿਲੇਗਾ। ਜੱਟ ਸਿੱਖ ਨੇਤਾਵਾਂ ’ਚ ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ, ਕੁਲਜੀਤ ਸਿੰਘ ਨਾਗਰਾ, ਗੁਰਜੀਤ ਸਿੰਘ ਔਜਲਾ, ਪ੍ਰਗਟ ਸਿੰਘ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਹਿੰਦੂ ਨੇਤਾਵਾਂ ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼, ਡਾ.ਧਰਮਵੀਰ ਗਾਂਧੀ ਅਤੇ ਓਪੀ ਸੋਨੀ, ਪਛੜੀਆਂ ਸ਼੍ਰੇਣੀਆਂ ’ਚੋਂ ਸੰਗਤ ਸਿੰਘ ਗਿਲਜੀਆਂ, ਅੰਗਦ ਸਿੰਘ ਸੈਣੀ ਅਤੇ ਹਰਦਿਆਲ ਸਿੰਘ ਕੰਬੋਜ, ਮੁਸਲਮਾਨ ਸਮੁਦਾਇ ਵਿੱਚੋਂ ਰਜੀਆ ਸੁਲਤਾਨਾ ਅਤੇ ਅਨੁਸੂਚਿਤ ਜਾਤੀਆਂ ’ਚੋਂ ਚਰਨਜੀਤ ਸਿੰਘ ਚੰਨੀ ਡਾ.ਅਮਰ ਸਿੰਘ, ਸੁਖਵਿੰਦਰ ਸਿੰਘ ਡੈਨੀ ਅਤੇ ਰਾਜ ਕੁਮਾਰ ਵੇਰਕਾ ਸ਼ਾਮਲ ਕੀਤੇ ਗਏ ਹਨ।
ਇਸਤਰੀਆਂ ਨੂੰ ਵਧੇਰੇ ਅਧਿਕਾਰਾਂ ਦੀ ਗੱਲ ਕਾਂਗਰਸ ਪਾਰਟੀ ਬਹੁਤ ਕਰਦੀ ਰਹਿੰਦੀ ਹੈ, ਪਰ ਇਨ੍ਹਾਂ 19 ਨੇਤਾਵਾਂ ’ਚ ਸਿਰਫ਼ ਇੱਕ ਇਸਤਰੀ ਰਜੀਆ ਸੁਲਤਾਨਾ ਨੂੰ ਹੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨੇਤਾਵਾਂ ਵਿੱਚ ਅੱਧ ਤੋਂ ਵੀ ਘੱਟ ਟਕਸਾਲੀ ਕਾਂਗਰਸੀ ਹਨ, ਪਰ ਬਾਕੀ ਦੂਜੀਆਂ ਪਾਰਟੀਆਂ ’ਚੋਂ ਆਏ ਹੋਏ ਹਨ। ਇਸ ਫਾਰਮੂਲੇ ਨੂੰ ਦੇਰ-ਆਇਦ-ਦਰੁਸਤ-ਆਇਦ ਆਏ ਕਿਹਾ ਜਾ ਸਕਦਾ ਹੈ। ਵੇਖਣਾ ਹੋਵੇਗਾ ਕਿ ਇਸ ਫਾਰਮੂਲੇ ਨਾਲ ਪੰਜਾਬ ਕਾਂਗਰਸ ’ਚ ਧੜ੍ਹੇਬੰਦੀ ਖ਼ਤਮ ਹੋਵੇਗੀ ਕਿ ਨਹੀਂ।
(ਲੇਖਕ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਹਨ। ਸੰਪਰਕ : 94178 13072)।