- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਲੇ ਦਿਨ ਨਾਸ਼ਤੇ ਤੋਂ ਬਾਅਦ ਨਿੰਮ ਦੀ ਛਾਵੇਂ ਬੈਠ ਕੇ ਪੁਰਾਣੀਆਂ ਗੱਲਾਂ-ਬਾਤਾਂ, ਹਾਸਾ-ਮਖੌਲ ਚੱਲਣ ਲੱਗਿਆ। ਸਮੇਂ ਨੇ ਜਿਵੇਂ ਬੈਕ ਗਿਅਰ ਲਾ ਦਿੱਤਾ ਹੋਵੇ। ਮੌਸਮ ਥੋੜ੍ਹਾ ਠੀਕ ਹੋਣ ਕਰ ਕੇ ਅਸੀਂ ਦੋਵੇਂ, ਮੇਰੇ ਮਾਮਾ ਜੀ ਦਾ ਮੁੰਡਾ ਹਰਨੇਕ, ਉਸ ਦੇ ਘਰੋਂ ਗੁਰਮੀਤ ਤੇ ਹੋਰ ਨਿਆਣੇ ਅੰਬ ਵਾਲ਼ੇ ਖੇਤ ਵੱਲ ਤੁਰ ਪਏ ਜੋ ਸਾਡੇ ਘਰ ਦੇ ਸਾਹਮਣੇ ਪਹਾੜੀ ਉੱਪਰ ਸੀ। ਇਸ ਦੇ ਕੋਲੋਂ ਦੀ ਸੱਪ ਵਾਂਗ ਵਲ਼ ਖਾਂਦੀ ਸੜਕ ਗੁਜ਼ਰਦੀ ਹੈ।

-ਮਨਜੀਤ ਸਿੰਘ ਬੱਧਣ
ਛੁੱਟੀਆਂ ਹੌਲ਼ੀ-ਹੌਲ਼ੀ ਖ਼ਤਮ ਹੋ ਰਹੀਆਂ ਸਨ। ਕੁਝ ਦਿਨਾਂ ਤੋਂ ਬੱਚੇ ਆਪਣੀ ਮਾਂ ਨਾਲ ਨਾਨਕੇ ਗਏ ਹੋਏ ਸੀ। ਇੱਧਰ, ਮਾਮਾ ਜੀ ਦਾ ਕਈ ਵਾਰ ਫੋਨ ਆ ਗਿਆ ਸੀ ਕਿ ਇਸ ਵਾਰ ਤਾਂ ਆ ਕੇ ਮਿਲ ਜਾਵਾਂ। ਹਰ ਵਾਰ ਅਗਲੀਆਂ ਛੁੱਟੀਆਂ ’ਚ ਆਉਣ ਦੀ ਗੱਲ ਇਕ ਲਾਰਾ ਬਣ ਰਹੀ ਸੀ। ਮੇਰਾ ਜੀਅ ਵੀ ਕਰਦਾ ਰਹਿੰਦਾ ਕਿ ਨਿਆਣਿਆਂ ਨੂੰ ਆਪਣੇ ਨਾਨਕੇ ਲੈ ਜਾਵਾਂ। ਇਸ ਵਾਰ ਆਪਣੇ ਸੁਹਰਿਆਂ ਤੋਂ ਪਰਿਵਾਰ ਨੂੰ ਵਾਪਿਸ ਲਿਆਉਂਦਿਆਂ ਮਾਮਾ ਜੀ ਦੇ ਫੋਨ ਬਾਰੇ ਗੱਲ ਕੀਤੀ। ਕੋਈ ਸਲਾਹ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੇ ਰੌਲ਼ੇ ਦੀ ਰੇਲ ਬਣਾ ਦਿੱਤੀ, ‘ਜਾਣਾ-ਜਾਣਾ, ਜਾਣਾ-ਜਾਣਾ, ਪਾਪਾ ਦੇ ਨਾਨਕੇ ਜਾਣਾ। ਸਾਰੇ ਬੋਲੋ, ਪਾਪਾ ਦੇ ਨਾਨਕੇ ਜਾਣਾ...।’ ਮੈਂ ਤੇ ਮੇਰੀ ਘਰਵਾਲੀ ਸੁੱਖਪ੍ਰੀਤ ਹੱਸੀ ਜਾਈਏ। ਵੈਸੇ ਸੁੱਖਪ੍ਰੀਤ ਇਸ ਮਾਮਲੇ ’ਚ ਨਿਆਣਿਆਂ ਵੱਲ੍ਹ ਹੀ ਸੀ। ਫੇਰ ਕੀ, ਅੰਨ੍ਹਾ ਕੀ ਭਾਲ਼ੇ ਦੋ ਅੱਖਾਂ।
ਆਉਂਦੇ ਸ਼ਨਿਚਰਵਾਰ ਆਪਣੇ ਪਰਿਵਾਰ ਤੇ ਭਾਣਜੇ ਅਰਸ਼ ਨਾਲ ਅਸੀਂ ਮੇਰੇ ਨਾਨਕਿਆਂ ਵੱਲ ਤੁਰ ਪਏ। ਬਚਪਨ ਦੀਆਂ ਗੱਲਾਂ, ਖੁੱਲ੍ਹ, ਪਹਾੜ, ਖੇਤ, ਲਵੇਰੇ, ਮੱਖਣ, ਲੱਸੀ ਅੱਖਾਂ ਸਾਹਮਣੇ ਆਉਣ ਲੱਗੀ। ਸ਼ਾਮ ਵੇਲੇ ਘਰ ਕੋਲ਼ ਪਹੁੰਚੇ ਤਾਂ ਮਾਮਾ ਜੀ ਮੋੜ ’ਤੇ ਖੜ੍ਹੇ ਰਾਹ ਵੇਖਦੇ ਦਿਸੇ। ਖ਼ੁਸ਼ੀ ਅੱਖਾਂ ’ਚੋਂ ਡਿੱਗ-ਡਿੱਗ ਪੈਂਦੀ ਮੈਂ ਵੇਖ ਰਿਹਾ ਸੀ। ਮੇਰਾ ਹਾਲ ਵੀ ਅਸਲ ’ਚ ਇਹੋ ਸੀ। ਕਦੇ ਅਸੀਂ ਭੈਣ-ਭਰਾ ਆਪਣੇ ਮਾਤਾ-ਪਿਤਾ ਨਾਲ ਬੱਸਾਂ ਬਦਲ-ਬਦਲ ਕੇ ਆਉਂਦੇ ਸੀ, ਕੀ ਮਜਾਲ ਥੱਕ ਜਾਈਏ। ‘ਆ ਗਿਆਂ ਕਾਕੇ, ਸਫ਼ਰ ਠੀਕ ਰਿਹਾ? ਭੈਣ-ਜੀਜਾ ਕਿਵੇਂ?’ ਮਾਮਾ ਜੀ ਪੁੱਛਣ ਲੱਗ ਪਏ। ਇਸ ਵਾਰ ਮਾਤਾ-ਪਿਤਾ ਜੀ ਪਿੱਛੇ ਘਰ ’ਚ ਹੀ ਸਨ। ਛੋਟੇ ਮਾਮੇ-ਮਾਮੀਆਂ, ਮੇਰੇ ਭਰਾ-ਭਰਜਾਈਆਂ ਇਕੱਠੇ ਹੋ ਗਏ। ਮੰਮੀ-ਡੈਡੀ ਨੂੰ ਨਾਲ ਨਾ ਲਿਆਉਣ ਦਾ ਗਿਲਾ ਕੀਤਾ ਅਤੇ ਉਮਰ ਤੇ ਸਿਹਤ ਦੀ ਗੱਲ ’ਤੇ ਸਹਿਮਤੀ ਵੀ ਬਖ਼ਸ਼ੀ। ਉਨ੍ਹਾਂ ਨੂੰ ਤਸੱਲੀ ਦਿਵਾਈ ਕਿ ਵੱਡੀ ਭੈਣ ਜਸਦੀਪ ਨੂੰ ਉਨ੍ਹਾਂ ਕੋਲ ਛੱਡ ਕੇ ਆਏ ਹਾਂ ਤੇ ਉਸ ਦਾ ਬੇਟਾ ਅਰਸ਼ ਸਾਡੇ ਨਾਲ ਆਇਆ ਹੋਇਆ ਹੈ।
ਅਗਲੇ ਦਿਨ ਨਾਸ਼ਤੇ ਤੋਂ ਬਾਅਦ ਨਿੰਮ ਦੀ ਛਾਵੇਂ ਬੈਠ ਕੇ ਪੁਰਾਣੀਆਂ ਗੱਲਾਂ-ਬਾਤਾਂ, ਹਾਸਾ-ਮਖੌਲ ਚੱਲਣ ਲੱਗਿਆ। ਸਮੇਂ ਨੇ ਜਿਵੇਂ ਬੈਕ ਗਿਅਰ ਲਾ ਦਿੱਤਾ ਹੋਵੇ। ਮੌਸਮ ਥੋੜ੍ਹਾ ਠੀਕ ਹੋਣ ਕਰ ਕੇ ਅਸੀਂ ਦੋਵੇਂ, ਮੇਰੇ ਮਾਮਾ ਜੀ ਦਾ ਮੁੰਡਾ ਹਰਨੇਕ, ਉਸ ਦੇ ਘਰੋਂ ਗੁਰਮੀਤ ਤੇ ਹੋਰ ਨਿਆਣੇ ਅੰਬ ਵਾਲ਼ੇ ਖੇਤ ਵੱਲ ਤੁਰ ਪਏ ਜੋ ਸਾਡੇ ਘਰ ਦੇ ਸਾਹਮਣੇ ਪਹਾੜੀ ਉੱਪਰ ਸੀ। ਇਸ ਦੇ ਕੋਲੋਂ ਦੀ ਸੱਪ ਵਾਂਗ ਵਲ਼ ਖਾਂਦੀ ਸੜਕ ਗੁਜ਼ਰਦੀ ਹੈ। ਮੇਰੇ ਨਾਨਾ ਜੀ ਤੇ ਵੱਡੇ ਮਾਮਾ ਜੀ ਨੇ ਇਸ ਖੇਤ ’ਚ ਬਲਦਾਂ ਨਾਲ ਹਲ਼ ਵਾਹੁਣਾ। ਜਿੰਨੇ ਸਿਆੜ ਓਨੇ ਗੇੜੇ। ਜਦੋਂ ਸੁਹਾਗਾ ਚਲਾਉਣਾ ਅਸੀਂ ਜਵਾਕਾਂ ਨੇ ਵਾਰੀ-ਵਾਰੀ ਉਨ੍ਹਾਂ ਦੀਆਂ ਲੱਤਾਂ ਨੂੰ ਫੜ ਕੇ ਸੁਹਾਗੇ ਉੱਤੇ ਬੈਠ ਜਾਣਾਂ, ਜਿਵੇਂ ਪੀਂਘ ਦੇ ਫੱਟੇ ’ਤੇ ਬੈਠਿਆਂ ਰੱਸੇ ਨੂੰ ਕੁਹਣੀਆਂ ਨਾਲ ਘੁੱਟਿਆ ਹੁੰਦਾ ਹੈ। ਤਤਾ-ਤਤਾ, ਬੰਨੇ, ਹੁਰਰ, ਪੈਰ ਮਾਮਾ ਜੀ ਹੁਰਾਂ ਦੇ ਇਹ ਸ਼ਬਦ ਬਲਦਾਂ ਲਈ ਸਟੇਰਿੰਗ, ਗਿਅਰ ਅਤੇ ਰੇਸ ਦਾ ਕੰਮ ਕਰਦੇ। ਉਨ੍ਹਾਂ ਦੇ ਬੋਲ ਸੁਣ ਕੇ ਬਲਦ ਖੇਤਾਂ ਦੇ ਖੇਤ ਵਾਹ ਦਿੰਦੇ ਤੇ ਅਸੀਂ ਸੁਹਾਗੇ ਦੇ ਝੂਟੇ ਲਈ ਜਾਂਦੇ।
ਪਹਾੜੀ ਪਗਡੰਡੀਆਂ ’ਚੋਂ ਹੁੰਦਿਆਂ ਅਸੀਂ ਠੰਡੀ ਘਾਟੀ ਵੱਲ ਉੱਤਰ ਗਏ। ਇਸ ਜਗ੍ਹਾ ਇਕ ਛੰਨ ਹੇਠਾਂ ਰਾਹਗੀਰਾਂ ਲਈ ਵੱਡੇ-ਵੱਡੇ ਦੋ ਘੜੇ, ਜਿਨ੍ਹਾਂ ਨੂੰ ਮੱਟ ਵੀ ਕਿਹਾ ਜਾਂਦਾ ਹੈ, ਪਾਣੀ ਦੇ ਭਰ ਕੇ ਰੱਖੇ ਹੁੰਦੇ ਸੀ। ਨਾਲ ਹੀ ਪਸ਼ੂਆਂ ਲਈ ਖੁਰਲੀ ਵਰਗਾ ਸਿੱਲਾਂ (ਫੱਟੇ ਵਾਂਗ ਤਰਾਸ਼ੇ ਹੋਈ ਵੱਡੇ ਵੱਡੇ ਪੱਥਰ/ਚੱਟਾਨਾਂ) ਦਾ ਬਣਾਇਆ ਕੁੰਡ ਵੀ ਹੁੰਦਾ ਸੀ। ਇਸ ਸਥਾਨ ਨੂੰ ਪਿਆਊ ਕਹਿਦੇ ਹੁੰਦੇ ਸੀ। ਨੇੜੇ ਘਰਾਂ ਦੇ ਲੋਕ ਸੇਵਾ ਭਾਵਨਾ ਨਾਲ ਹੀ ਇਹ ਮੱਟ ਤੇ ਕੁੰਡ ਖੂਹਾਂ ਦੇ ਪਾਣੀ ਨਾਲ ਭਰ ਦਿੰਦੇ ਸੀ। ਅੱਜ ਕੁੰਡ ਦੇ ਕੁਝ ਸਿੱਲਾਂ ਦੇ ਬਿਨਾਂ ਹੋਰ ਕੁਝ ਨਜ਼ਰ ਨਹੀਂ ਸੀ ਆ ਰਿਹਾ। ਸਾਰਿਆਂ ਨੇ ਅੱਡ-ਅੱਡ ਥਾਵਾਂ ’ਤੇ ਫੋਟੋਆਂ ਖਿੱਚਣ-ਖਿਚਾਉਣ ਦਾ ਕੰਮ ਨਾਲੋਂ ਨਾਲ ਜਾਰੀ ਰੱਖਿਆ। ਖੱਡ ’ਚੋਂ ਹੁੰਦਿਆਂ ਅਸੀਂ ਵਾਪਸ ਘਰੇ ਆ ਗਏ। ਤਿੰਨ ਕੁ ਵਜੇ ਅਸੀਂ ਆਪਣੇ ਜੱਦੀ ਇਲਾਕੇ ਹਰੋਲੀ ਵੱਲ ਨਿੱਕਲ ਤੁਰੇ। ਨਿਆਣਿਆਂ ਦਾ ਜੀਅ ਨਿਆਣਿਆਂ ’ਚ ਹੀ ਲੱਗਿਆ ਹੋਇਆ ਸੀ ਅਤੇ ਉਹ ਨਾਲ ਨਹੀਂ ਜਾਣਾ ਚਾਹੁੰਦੇ ਸੀ। ਇਸ ਦਾ ਇਕ ਕਾਰਨ ਥਕਾਵਟ ਵੀ ਹੋ ਸਕਦਾ ਹੈ। ਮੇਰੇ ਭੂਆ ਜੀ ਦਾ ਘਰ ਵੀ ਥੋੜ੍ਹੀ ਦੂਰ ਹੀ ਪਹਾੜਾਂ ਦੀ ਬੁੱਕਲ ’ਚ ਵਸੇ ਪਿੰਡ ’ਚ ਹੈ। ਭੂਆ ਜੀ ਨੂੰ ਜਹਾਨੋਂ ਰੁਖ਼ਸਤ ਹੋਏ ਛੇ-ਕੁ ਸਾਲ ਹੋ ਗਏ ਹਨ। ਭੂਆ ਜੀ ਦਾ ਬੇਟਾ ਰਜਿੰਦਰ ਸਿੰਘ ਮੇਰਾ ਹਮ ਉਮਰ ਹੀ ਹੈ। ਕਿਸੇ ਸਮੇਂ ਉਹ ਭੂਆ-ਫੁੱਫੜ ਜੀ ਨਾਲ ਨਾਨਕੇ ਭਾਵ ਸਾਡੇ ਘਰ ਆਇਆ ਕਰਦਾ ਸੀ। ਕਬੀਲਦਾਰੀ ਜੀਵਨ ਦੀ ਰਵਾਨਗੀ ਦਾ ਆਧਾਰ ਹੈ। ਹੁਣ ਮੇਲ ਕਦੀ-ਕਦਾਰ ਹੀ ਹੁੰਦਾ ਹੈ ਪਰ ਮੋਬਾਈਲ ’ਤੇ ਗੱਲ-ਬਾਤ ਹੁੰਦੀ ਹੀ ਰਹਿੰਦੀ ਹੈ। ਹੁਣ ਭਰਜਾਈ ਦਾ ਉਲਾਹਮਾ ਸੀ ਕਿ ਬੱਚੇ ਨਾਲ ਲਿਆਉਂਦੇ ਤਾਂ ਸਾਡਿਆਂ ਨੂੰ ਵੀ ਮਿਲ ਲੈਂਦੇ। ਇਕ-ਦੂਜੇ ਨੂੰ ਮਿਲਣ-ਗਿਲਣਗੇ ਤਾਂ ਹੀ ਮਿਲਦੇ ਰਹਿਣਗੇ। ਵਾਪਸੀ ’ਤੇ ਗੱਡੀ ’ਚ ਬੈਠਿਆਂ ਨੂੰ ਭਰਜਾਈ ਕੁਝ ਪੈਸੇ ਫੜਾਉਣ ਲੱਗੀ, ‘ਵੀਰ ਜੀ, ਪਹਿਲੀ ਵਾਰ ਨਵੀਂ ਗੱਡੀ ਲੈ ਕੇ ਆਏ ਹੋ, ਸ਼ਗਨ ਆ, ਮਨ੍ਹਾਂ ਨਾ ਕਰੋ।’ ਭਾਬੀ ਅਸੀਂ ਵੀ ਪੁਰਾਣੇ ਆਂ ਤੇ ਗੱਡੀ ਵੀ ਹੁਣ ਨਵੀਂ ਨਹੀਂ ਰਹੀ। ਤੁਸੀਂ ਵੀ ਕਦੇ ਵੀਰੇ ਨੂੰ ਓਹਦੇ ਨਾਨਕੇ ਲੈ ਆਈਓ ਤੇ ਸਾਨੂੰ ਹੁਣ ਸ਼ਗਨ ਨਹੀਂ ਇਜਾਜ਼ਤ ਦਵੋ।’ ਮੈਂ ਭਰਜਾਈ ਨੂੰ ਮਖ਼ੌਲ ਕੀਤਾ। ‘ਆਪਾਂ ਤਾਂ ਪਰਸ ਗਲ਼ ’ਚ ਪਾ ਗੱਡੀ ’ਚ ਬੈਠ ਜਾਣਾ ਤੇ ਲੈ ਕੇ ਕਦੋਂ ਜਾਣਾ, ਆਪਣੇ ਵੀਰ ਨੂੰ ਪੁੱਛੋ। ਰਹੀ ਗੱਲ ਸ਼ਗਨ ਦੀ, ਜੇ ਤੁਹਾਡੇ ਭੂਆ ਜੀ ਹੁੰਦੇ ਤਾਂ ਇਹ ਕੰਮ ਉਹਨਾਂ ਨੇ ਵੀ ਤਾਂ ਕਰਨਾ ਸੀ, ਰੋਕ ਲੈਂਦੇ?’ ਭਰਜਾਈ ਦੀ ਗੱਲ ਦਾ ਮੇਰੇ ਕੋਲ਼ ਕੋਈ ਜਵਾਬ ਨਹੀਂ ਸੀ। ਸ਼ਾਮ ਹੁੰਦਿਆਂ-ਹੁੰਦਿਆਂ ਅਸੀਂ ਵਾਪਸ ਆ ਗਏ। ‘ਕਿੱਦਾਂ ਭਾਅ ਜੀ, ਥੱਕ ਗਏ ਹੋਵੋਂਗੇ, ਫਿਰ ਛਟਾਂਕ-ਛਟਾਂਕ?’, ਹਰਨੇਕ ਨੇ ਸ਼ਰਾਰਤੀ ਅੰਦਾਜ਼ ’ਚ ਪੁੱਛਿਆ। ‘ਛੱਡ ਯਾਰ, ਗੱਲਾਂ ਬਾਤਾਂ ਮਾਰਦੇ ਆਂ।’ ਚਲੋ ਨਿਆਣਿਆਂ ਲਈ ਕੁਝ ਲੈ ਆਉਨੇ ਆਂ।’ ਹਰਨੇਕ ਨੇ ਫਿਰ ਕਿਹਾ। ਹਰੋਲੀ ਦੇ ਬਾਜ਼ਾਰ ’ਚੋਂ ਅਸੀਂ ਬੱਚਿਆਂ ਦੇ ਖਾਣ ਲਈ ਕੁਝ ਹਲਕਾ-ਫੁਲਕਾ ਪਹਿਲਾਂ ਹੀ ਲੈ ਆਏ ਹੋਏ ਸੀ। ਗੱਲਾਂ-ਬਾਤਾਂ ’ਚ ਹੋਰ ਰਾਤ ਬੀਤਣ ਬਾਅਦ ਆਪੋ-ਆਪਣੇ ਮੰਜਿਆਂ ਵੱਲ ਹੋ ਗਏ।
ਅਗਲੀ ਸਵੇਰ ਬੜੀ ਖਾਸ ਸਵੇਰ ਲੱਗ ਰਹੀ ਸੀ। ਮੈਨੂੰ ਲੱਗਦਾ ਨਹੀਂ ਸੀ ਕਿ ਬੱਚਿਆਂ ਦਾ ਜੀਅ ਲੱਗੇਗਾ ਪਰ ਸਾਰੇ ਮਸਤ ਸਨ। ਹੁਣ ਵਾਪਸੀ ਲਈ ਤਿਆਰ ਹੋਣ ਲੱਗ ਪਏ। ਚੱਲੀ ਆ ਰਹੀ ਰੀਤ ਮੁਤਾਬਕ ਅਸੀਂ ਆਪਣੇ ਭਤੀਜੇ-ਭਤੀਜੀਆਂ ਨੂੰ ਪਿਆਰ ਵਜੋਂ ਕੁਝ ਰੁਪਏ ਫੜਾਉਣ ਲੱਗੇ ਤੇ ਸਾਡੇ ਨਿਆਣਿਆਂ ਨੂੰ ਵੀ ਇਸ ਤਰ੍ਹਾਂ ਦਾ ਹੀ ਪਿਆਰ ਮਿਲ ਰਿਹਾ ਸੀ। ਗੱਡੀ ਨੇੜੇ ਆ ਕੇ ਮਾਮੀ ਜੀ ਮੇਰੀ ਘਰਵਾਲੀ ਨੂੰ ਪੈਸੇ ਫੜਾ ਰਹੇ ਸੀ ਪਰ ਉਹ ਮਨ੍ਹਾਂ ਕਰੀ ਜਾ ਰਹੀ ਸੀ ਕਿ ਜਵਾਕਾਂ ਨੂੰ ਪਹਿਲਾਂ ਹੀ ਮਿਲ ਗਏ ਹਨ। ਹੁਣ ਉਹ ਪੈਸੇ ਨਹੀਂ ਲਵੇਗੀ ਪਰ ਮਾਮੀ ਜੀ ਨੇ ਕਲਾਵੇ ’ਚ ਲੈ ਕੇ ਫੜਾ ਹੀ ਦਿੱਤੇ। ਮੈਂ ਫਤਿਹ ਬੁਲਾਉਣ ਉਨ੍ਹਾਂ ਵੱਲ ਵਧਿਆ ਤਾਂ ਮੇਰੀ ਜੇਬ ’ਚ ਸੌ ਰੁਪਏ ਦਾ ਨੋਟ ਰੱਖ ਦਿੱਤਾ, ਮੇਰੇ ਵੱਲੋਂ ਕੋਈ ਵਿਰੋਧਤਾ ਨਹੀਂ ਹੋਈ ਤੇ ਗੱਡੀ ਸਟਾਰਟ ਹੋ ਗਈ। ਦੁਬਾਰਾ ਆਉਣ ਦਾ ਵਾਅਦਾ ਕਰ ਕੇ ਤੁਰ ਪਏ। ‘ਮਾਮਾ ਜੀ, ਅਸੀਂ ਬੱਚਿਆਂ ਤੇ ਮਾਮੀ ਜੀ ਨੇ ਵੀ ਪੈਸੇ ਫੜਨ ਤੋਂ ਮਨ੍ਹਾਂ ਕੀਤਾ ਸੀ। ਤੁਸੀਂ ਚੁੱਪ-ਚਾਪ ਰੱਖ ਲਏ।’ ਅਰਸ਼ ਨੇ ਮੈਨੂੰ ਪੁੱਛਿਆ। ਮੈਂ ਕਿਹਾ, ‘ਗੱਲ ਏਦਾਂ ਬੀ ਮੈਂ ਕਿਸੇ ਦਾ ਭਰਾ, ਪਤੀ, ਪਿਓ, ਮਾਮਾ ਤੇ ਹੋਰ ਵੀ ਬਹੁਤ ਕੁਝ ਆਂ। ਆਪਣੇ ਦਫ਼ਤਰ ’ਚ ਮੁਲਾਜ਼ਮ ਤੇ ਕਈਆਂ ਦਾ ਦੋਸਤ ਹਾਂ। ਇੱਥੇ ਮੈਂ ਨਾਨਕਿਆਂ ਦਾ ਕਾਕਾ ਹੀ ਹਾਂ ਜਿਵੇਂ ਪਹਿਲਾਂ ਹੋਇਆ ਕਰਦਾ ਸੀ। ਉਨ੍ਹਾਂ ਦਾ ਪਿਆਰ ਹੁਣ ਵੀ ਹਰ ਰੂਪ ’ਚ ਸਵੀਕਾਰਨਯੋਗ ਹੈ। ਹੁਣ ਤੂੰ ਆਪਣੀ ਇਸ ਕਾਰ ਵਾਲ਼ੀ ਸੀਟ ਨੂੰ ਸੁਹਾਗਾ ਹੀ ਮੰਨ ਤੇ ਲੈ ਝੂਟੇ।’ ਜੇਜੋਂ ਵਿੱਚੋਂ ਲੰਘਦਿਆਂ ਮੈਂ ਗੱਡੀ ਖੁੱਟਾਂ ਦੀ ਹੱਟੀ ਵੱਲ ਮੋੜ ਲਈ ਜਿਨ੍ਹਾਂ ਦੇ ਪੇੜੇ ਸੱਚ-ਮੁੱਚ ਹੀ ਲਾਜਵਾਬ ਹੁੰਦੇ ਹਨ। ਯਾਦਾਂ ਦੀ ਕਿਤਾਬ ’ਚ ਕੁਝ ਨਵੇਂ ਪੰਨੇ ਹੋਰ ਸ਼ਾਮਲ ਹੋ ਗਏ ਸਨ।