- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡਾਂ ਵਿਚ ਅਜੇ ਸਥਿਤੀ ਇੰਨੀ ਭਿਆਨਕ ਨਹੀਂ ਹੋਈ ਜਿੰਨੀ ਵੱਡੇ ਸ਼ਹਿਰਾਂ ਵਿਚ ਹੋ ਚੁਕੀ ਹੈ। ਪਿਛਲੇ ਦਿਨੀਂ ਅਖ਼ਬਾਰ ਵਿਚ ਛਪੀ ਇਕ ਖ਼ਬਰ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ। ਇਕ ਘਰ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਉਹ ਆਪਣੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਸਦੇ ਬੱਚੇ ਬਾਹਰ (ਵਿਦੇਸ਼) ਵਿਚ ਰਹਿੰਦੇ ਸਨ। ਘਰ ਵਿਚ ਰਹਿੰਦੇ ਇਕੱਲੇ ਬਜ਼ੁਰਗ ਦੀ ਮੌਤ ਹੋ ਗਈ। ਕਿਸੇ ਨੂੰ ਕੋਈ ਖ਼ਬਰ ਤਕ ਨਹੀਂ ਲੱਗੀ।

ਡਾ. ਨਿਸ਼ਾਨ ਸਿੰਘ ਰਾਠੌਰ
ਅਜੋਕੇ ਸਮਾਜ ਵਿਚ ਰਹਿੰਦੇ ਮਨੁੱਖ ਦਾ ਜੀਵਨ ਤਕਲੀਫ਼ਾਂ ਭਰਿਆ ਮਹਿਸੂਸ ਕੀਤਾ ਜਾ ਸਕਦਾ ਹੈ। ਮਾਨਸਿਕ ਬਿਮਾਰੀਆਂ ਦਾ ਘੇਰਾ ਦਿਨੋਂ-ਦਿਨ ਵਿਸ਼ਾਲ ਹੁੰਦਾ ਜਾ ਰਿਹਾ ਹੈ। ਅੱਜ ਨਿੱਕੇ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਬਜ਼ੁਰਗਾਂ ਤਕ, ਸਭ ਮਾਨਸਿਕ ਰੋਗਾਂ ਦੀ ਚਪੇਟ ਵਿਚ ਆ ਰਹੇ ਹਨ। ਇਹਨਾਂ ਮਾਨਸਿਕ ਰੋਗਾਂ ਦਾ ਮੂਲ ਕਾਰਨ ਹੈ- ‘ਭੱਜਦੌੜ ਭਰਿਆ ਮਸ਼ੀਨੀ ਜੀਵਨ’ ਜਿਸ ਵਿਚ ਮਨੁੱਖ ਕੋਲ਼ ਵਕਤ ਦੀ ਘਾਟ ਹੈ। ਤਰੱਕੀ ਦੀ ਦੌੜ ਨੇ ਮਨੁੱਖ ਕੋਲੋਂ ਸੁਖ, ਚੈਨ ਅਤੇ ਸਕੂਨ ਭਰਿਆ ਜੀਵਨ ਖੋਹ ਲਿਆ ਜਾਪਦਾ ਹੈ। ਇਸੇ ਕਰਕੇ ਮਾਨਸਿਕ ਰੋਗਾਂ ਨਾਲ ਗ੍ਰਸਤ ਲੋਕਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ। ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਦੋ-ਢਾਈ ਸਾਲ ਦੇ ਮਾਸੂਮ ਬੱਚਿਆਂ ਨੂੰ ਪੜ੍ਹਨ ਲਈ ਸਕੂਲਾਂ ਵਿਚ ਦਾਖ਼ਲ ਕਰਵਾ ਦਿੱਤਾ ਜਾਂਦਾ ਹੈ। ਫਿਰ ਇਹ ਬੋਝ ਤਾਉਮਰ ਬੱਚੇ ’ਤੇ ਮਨ ਤੇ ਪਿਆ ਰਹਿੰਦਾ ਹੈ। ਫੇਰ ਸਹਿਜੇ-ਸਹਿਜੇ ਇਹੀ ਬੱਚੇ ਮਾਨਸਿਕ ਰੋਗਾਂ ਦੀ ਚਪੇਟ ਵਿਚ ਆ ਜਾਂਦੇ ਹਨ। ਮਾਂ-ਬਾਪ ਕੋਲ਼ ਇੰਨਾ ਵਕਤ ਨਹੀਂ ਹੁੰਦਾ ਕਿ ਉਹ ਆਪਣੇ ਬੱਚੇ ਦੇ ਮਨ ਦੇ ਭਾਵਾਂ ਨੂੰ ਸਮਝ ਸਕਣ ਅਤੇ ਉਸ ਨਾਲ ਗੱਲ ਕਰ ਸਕਣ। ਇਸ ਸਥਿਤੀ ਵਿਚ ਬੱਚੇ ਬਿਮਾਰ ਹੋ ਜਾਂਦੇ ਹਨ। ਬਿਲਕੁਲ ਇੰਝ ਦੇ ਹਾਲਾਤ ਬਜ਼ੁਰਗਾਂ ਦੇ ਵੀ ਬਣੇ ਹੋਏ ਹਨ। ਅੱਜ ਘਰਾਂ ਵਿਚ ਬਜ਼ੁਰਗਾਂ ਨਾਲ ਗੱਲ ਕਰਨ ਵਾਲਾ ਕੋਈ ਮੈਂਬਰ ਹੀ ਨਹੀਂ ਹੁੰਦਾ। ਅੱਜ ਬਹੁਤੇ ਬਜ਼ੁਰਗ ਆਪਣੇ ਘਰਾਂ ਅੰਦਰ ਇਕਲਾਪੇ ਦਾ ਸੰਤਾਪ ਹੰਢਾ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਆਪਣੇ ਜੀਵਨ ਵਿਚ ਕਾਮਯਾਬੀ ਦੀ ਚਿੰਤਾ ਹੈ। ਉਹ ਹਰ ਹੀਲਾ ਵਰਤ ਕੇ ਪੈਸਾ ਕਮਾਉਣਾ ਚਾਹੁੰਦੇ ਹਨ, ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦੇ ਹਨ, ਅੱਗੇ ਵੱਧਣਾ ਚਾਹੁੰਦੇ ਹਨ। ਇਸ ਦੀ ਇਵਜ਼ ਵਿਚ ਉਹ ਆਪਣੀ ਹਰ ਖੁਸ਼ੀ, ਇੱਛਾ ਨੂੰ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਹਨ। ਪਿੰਡਾਂ ਵਿਚ ਅਜੇ ਸਥਿਤੀ ਇੰਨੀ ਭਿਆਨਕ ਨਹੀਂ ਹੋਈ ਜਿੰਨੀ ਵੱਡੇ ਸ਼ਹਿਰਾਂ ਵਿਚ ਹੋ ਚੁਕੀ ਹੈ। ਪਿਛਲੇ ਦਿਨੀਂ ਅਖ਼ਬਾਰ ਵਿਚ ਛਪੀ ਇਕ ਖ਼ਬਰ ਨੇ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ। ਇਕ ਘਰ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਉਹ ਆਪਣੇ ਘਰ ਵਿਚ ਇਕੱਲਾ ਹੀ ਰਹਿੰਦਾ ਸੀ। ਉਸਦੇ ਬੱਚੇ ਬਾਹਰ (ਵਿਦੇਸ਼) ਵਿਚ ਰਹਿੰਦੇ ਸਨ। ਘਰ ਵਿਚ ਰਹਿੰਦੇ ਇਕੱਲੇ ਬਜ਼ੁਰਗ ਦੀ ਮੌਤ ਹੋ ਗਈ। ਕਿਸੇ ਨੂੰ ਕੋਈ ਖ਼ਬਰ ਤਕ ਨਹੀਂ ਲੱਗੀ। ਫੇਰ ਜਦੋਂ ਕੁਝ ਦਿਨਾਂ ਬਾਅਦ ਲਾਸ਼ ਵਿਚੋਂ ਮੁਸ਼ਕ ਆਉਣ ਲੱਗੀ ਤਾਂ ਆਂਢ-ਗੁਆਂਡ ਦੇ ਲੋਕਾਂ ਨੇ ਪੁਲਿਸ ਨੂੰ ਸੁਚਿਤ ਕੀਤਾ। ਪੁਲਿਸ ਨੇ ਆ ਕੇ ਜਦੋਂ ਬੂਹਾ ਤੋੜਿਆ ਤਾਂ ਬਜ਼ੁਰਗ ਦੀ ਲਾਸ਼ ਨੂੰ ਕੀੜੇ ਖਾ ਚੁਕੇ ਸਨ। ਲਾਸ਼ ਦੀ ਥਾਂ ’ਤੇ ਕੁਝ ਹੱਡੀਆਂ ਹੀ ਬਚੀਆਂ ਸਨ। ਇਹ ਵਰਤਾਰਾ ਅਜੋਕੇ ਸਮਾਜ ਦੀ ਡਰਾਉਣੀ ਤਸਵੀਰ ਨੂੰ ਪੇਸ਼ ਕਰਦਾ ਹੈ। ਪਰ ਇਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ, ਨਾ ਤਾਂ ਸਰਕਾਰਾਂ ਦਾ ਅਤੇ ਨਾ ਹੀ ਸਮਾਜ ਦੇ ਬੁਧੀਜੀਵੀ ਵਰਗ ਦਾ। ਇਹ ਵਰਤਾਰਾ ਕਿੱਥੇ ਜਾ ਕੇ ਰੁਕੇਗਾ? ਕੁਝ ਕਿਹਾ ਨਹੀਂ ਜਾ ਸਕਦਾ। ਅੱਜ ਸਥਿਤੀ ਇਹ ਹੈ ਕਿ ਸਕੂਲਾਂ, ਕਾਲਜਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਕੋਈ ਹੌਸਲਾ ਦੇਣ ਵਾਲਾ ਨਹੀਂ ਹੈ। ਪੇਪਰਾਂ ਵਿਚ ਨਾਕਾਮਯਾਬੀ ਦੇ ਡਰ ਤੋਂ ਕੋਟਾ (ਰਾਜਸਥਾਨ) ਵਿਖੇ ਕੋਚਿੰਗ ਕਰਦੇ ਕਈ ਵਿਦਿਆਰਥੀ ਮੌਤ ਨੂੰ ਗਲ਼ੇ ਲਗਾ ਚੁਕੇ ਹਨ। ਅੱਜ ਹਰ ਬੰਦਾ ਇਕਲਾਪੇ ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾ ਰਿਹਾ ਹੈ। ਇਸਦਾ ਮੂਲ ਕਾਰਨ ਇਹ ਹੈ ਕਿ ਅੱਜ ਦਾ ਮਨੁੱਖ ਆਪਣੀਆਂ ਜੜਾਂ ਨਾਲੋਂ ਟੁੱਟ ਚੁਕਿਆ ਹੈ ਅਤੇ ਤਰੱਕੀ ਅਤੇ ਕਾਮਯਾਬੀ ਦੀ ਹਨ੍ਹੇਰੀ ਵਿਚ ਗੁਆਚ ਗਿਆ ਜਾਪਦਾ ਹੈ। ਆਪਸੀ ਮੋਹ-ਮੁਹੱਬਤ ਬੀਤੇ ਵੇਲੇ ਦੀਆਂ ਬਾਤਾਂ ਹੋ ਕੇ ਰਹਿ ਗਈਆਂ ਹਨ। ਮਨੁੱਖ ਮਸ਼ੀਨ ਵਿਚ ਤਬਦੀਲ ਹੋ ਚੁਕਿਆ ਹੈ। ਜੇਕਰ ਮਨੁੱਖ ਨੂੰ ਆਪਣੇ ਜੀਵਨ ਵਿਚ ਖੁਸ਼ੀ, ਸਕੂਨ ਅਤੇ ਸ਼ਾਂਤੀ ਚਾਹੀਦੀ ਹੈ ਤਾਂ ਪਹਿਲਾਂ ਆਪਣੇ ਪੁਰਾਤਨ ਵਿਰਸੇ ਅਤੇ ਸੰਸਕ੍ਰਿਤੀ ਵਾਲੇ ਪਾਸੇ ਮੁੜਨਾ ਪਵੇਗਾ। ਆਪਸੀ ਪ੍ਰੇਮ- ਪਿਆਰ ਦੀ ਭਾਵਨਾ ਨੂੰ ਜਾਗ੍ਰਤ ਕਰਨਾ ਪਵੇਗਾ। ਇਕ-ਦੂਜੇ ਦੇ ਸੁਖ-ਦੁਖ ਨੂੰ ਸੁਣਨਾ, ਜਾਣਨਾ ਅਤੇ ਮਹਿਸੂਸ ਕਰਨਾ ਪਵੇਗਾ। ਆਧੁਨਿਕਤਾ ਦੀ ਦੌੜ ਨੂੰ ਕੁਝ ਵਕਤ ਲਈ ਲਾਂਭੇ ਰੱਖ ਕੇ ਆਪਣਿਆਂ-ਪਿਆਰਿਆਂ ਨਾਲ ਜ਼ਿੰਦਗੀ ਦੇ ਹਸੀਨ ਪਲਾਂ ਨੂੰ ਮਾਣਨਾ ਪਵੇਗਾ ਤਾਂ ਹੀ ਮਨੁੱਖ ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀਅ ਸਕਦਾ ਹੈ। ਇਕ-ਦੂਜੇ ਦੇ ਸੁਖ-ਦੁਖ ਵਿਚ ਸ਼ਰੀਕ ਹੋ ਸਕਦਾ ਹੈ, ਸਮਝ ਸਕਦਾ ਹੈ ਅਤੇ ਇਸਦਾ ਹੱਲ ਕੱਢ ਸਕਦਾ ਹੈ। ਇਹੋ ਖੁਸ਼ਹਾਲ ਜੀਵਨ ਦਾ ਅਸਲ ਮੰਤਰ ਹੈ। ਆਖ਼ਰ ਵਿਚ ਕਿਹਾ ਜਾ ਸਕਦਾ ਹੈ ਕਿ ਅਜੋਕੇ ਮਨੁੱਖ ਨੂੰ ਉਲਾਂਭੇ ਦੀ ਥਾਂ ਤੇ ਸ਼ੁਕਰਾਨੇ ਵਿਚ ਜੀਉਣ ਦੀ ਜਾਚ ਸਿੱਖਣੀ ਪਵੇਗੀ ਕਿਉਂਕਿ ਜ਼ਰੂਰਤਾਂ ਤਾਂ ਗ਼ਰੀਬ ਤੋਂ ਗ਼ਰੀਬ ਬੰਦੇ ਦੀਆਂ ਵੀ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਪਰ ਇੱਛਾਵਾਂ ਤਾਂ ਰਾਜਿਆਂ- ਮਹਾਰਾਜਿਆਂ ਦੀਆਂ ਵੀ ਅਧੂਰੀਆਂ ਹੀ ਰਹਿੰਦੀਆਂ ਹਨ। ਸੋ ਦੋਸਤੋ, ਜ਼ਰੂਰਤਾਂ ਦੇ ਮੁਤਾਬਿਕ ਜੀਓ, ਇੱਛਾਵਾਂ ਦੇ ਮੁਤਾਬਿਕ ਨਹੀਂ। ਪਰ ਇਹਨਾਂ ਗੱਲਾਂ ਵੱਲ ਕਦੋਂ ਧਿਆਨ ਦਿੱਤਾ ਜਾਂਦਾ ਹੈ, ਇਹ ਅਜੇ ਭਵਿੱਖ ਦੀ ਕੁੱਖ਼ ਵਿਚ ਹੈ। ਪਰ ਇਹ ਗੱਲ 100 ਫ਼ੀਸਦੀ ਯਕੀਨੀ ਅਤੇ ਦਰੁੱਸਤ ਹੈ ਕਿ ਜਦੋਂ ਮਨੁੱਖ ਇਸ ਪਾਸੇ ਵੱਲ ਤੁਰ ਪਿਆ ਤਾਂ ਉਸਦੇ ਜੀਵਨ ਦੀਆਂ ਅੱਧੀਆ ਸਮੱਸਿਆਵਾਂ ਤਾਂ ਆਪੇ ਹੀ ਹੱਲ ਹੋ ਜਾਣੀਆਂ ਹਨ। ਖ਼ੈਰ!