- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਸਮੇਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤਾ ਗਿਆ ਬਿਆਨ ਵਿਚਾਰਨਯੋਗ ਹੈ ਕਿ ਕਿਸੇ ਹੋਰ ਦੀ ਲਕੀਰ ਛੋਟੀ ਕਰਨ ਦੀ ਬਜਾਏ ਆਪਣੇ ਧਰਮ ਦੀ ਲਕੀਰ ਵੱਡੀ ਕਰਨ ਦੀ ਲੋੜ ਹੈ। ਜੱਥੇਦਾਰ ਸਾਹਿਬ ਦਾ ਇਹ ਵਿਚਾਰ ਸਿਰਫ਼ ਇਕ ਧਾਰਮਿਕ ਅਪੀਲ ਨਹੀਂ, ਸਗੋਂ ਸਮਾਜਿਕ ਸਮੱਸਿਆ ਦਾ ਇਕ ਵਿਹਾਰਕ ਹੱਲ ਵੀ ਪੇਸ਼ ਕਰਦਾ ਹੈ। ਧਰਮ ਪਰਿਵਰਤਨ ਨੂੰ ਰੋਕਣ ਲਈ ਕਾਨੂੰਨੀ ਜਾਂ ਭਾਵਨਾਤਮਕ ਤਰਕਾਂ ਦੀ ਵਰਤੋਂ ਕਰਨ ਦੀ ਥਾਂ ਜੇਕਰ ਧਾਰਮਿਕ ਸੰਸਥਾਵਾਂ ਆਪਣੇ ਅੰਦਰ ਝਾਤ ਮਾਰਨ, ਆਪਣੇ ਸ਼ਰਧਾਲੂਆਂ ਨਾਲ ਸੰਵਾਦ ਵਧਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ, ਤਾਂ ਇਹ ਕਦਮ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ

ਪੰਜਾਬ ’ਚ ਧਰਮ ਪਰਿਵਰਤਨ ਦਾ ਮੁੱਦਾ ਕੋਈ ਨਵਾਂ ਨਹੀਂ ਪਰ ਪਿਛਲੇ ਕੁਝ ਸਾਲਾਂ ਦੌਰਾਨ ਇਸ ਨੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਚਰਚਾਵਾਂ ’ਚ ਇਕ ਕੇਂਦਰੀ ਸਥਾਨ ਹਾਸਲ ਕਰ ਲਿਆ ਹੈ। ਖ਼ਾਸਕਰ ਸਰਹੱਦੀ ਸੂਬੇ ਪੰਜਾਬ ’ਚ ਜਿੱਥੇ ਇਤਿਹਾਸ, ਪਛਾਣ ਅਤੇ ਸਭਿਆਚਾਰ ਦੀਆਂ ਜੜ੍ਹਾਂ ਧਰਮ ਨਾਲ ਗੂੜ੍ਹੇ ਤੌਰ ’ਤੇ ਜੁੜੀਆਂ ਹੋਈਆਂ ਹਨ, ਇਹ ਵਿਸ਼ਾ ਹੋਰ ਵੀ ਸੰਵੇਦਨਸ਼ੀਲ ਬਣ ਜਾਂਦਾ ਹੈ। ਅਜਿਹੇ ਸਮੇਂ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤਾ ਗਿਆ ਬਿਆਨ ਵਿਚਾਰਨਯੋਗ ਹੈ ਕਿ ਕਿਸੇ ਹੋਰ ਦੀ ਲਕੀਰ ਛੋਟੀ ਕਰਨ ਦੀ ਬਜਾਏ ਆਪਣੇ ਧਰਮ ਦੀ ਲਕੀਰ ਵੱਡੀ ਕਰਨ ਦੀ ਲੋੜ ਹੈ। ਜੱਥੇਦਾਰ ਸਾਹਿਬ ਦਾ ਇਹ ਵਿਚਾਰ ਸਿਰਫ਼ ਇਕ ਧਾਰਮਿਕ ਅਪੀਲ ਨਹੀਂ, ਸਗੋਂ ਸਮਾਜਿਕ ਸਮੱਸਿਆ ਦਾ ਇਕ ਵਿਹਾਰਕ ਹੱਲ ਵੀ ਪੇਸ਼ ਕਰਦਾ ਹੈ। ਧਰਮ ਪਰਿਵਰਤਨ ਨੂੰ ਰੋਕਣ ਲਈ ਕਾਨੂੰਨੀ ਜਾਂ ਭਾਵਨਾਤਮਕ ਤਰਕਾਂ ਦੀ ਵਰਤੋਂ ਕਰਨ ਦੀ ਥਾਂ ਜੇਕਰ ਧਾਰਮਿਕ ਸੰਸਥਾਵਾਂ ਆਪਣੇ ਅੰਦਰ ਝਾਤ ਮਾਰਨ, ਆਪਣੇ ਸ਼ਰਧਾਲੂਆਂ ਨਾਲ ਸੰਵਾਦ ਵਧਾਉਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ, ਤਾਂ ਇਹ ਕਦਮ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋ ਸਕਦਾ ਹੈ। ਅਸਲ ਸਵਾਲ ਇਹ ਹੈ ਕਿ ਲੋਕ ਧਰਮ ਕਿਉਂ ਬਦਲਦੇ ਹਨ? ਕੀ ਸਿਰਫ਼ ਪ੍ਰਚਾਰ ਇਸ ਦਾ ਕਾਰਨ ਹੈ ਜਾਂ ਫਿਰ ਸਮਾਜਿਕ ਅਣਦੇਖੀ, ਆਰਥਿਕ ਮੁਸ਼ਕਲਾਂ ਅਤੇ ਆਧਿਆਤਮਿਕ ਖਾਲੀਪਣ ਵੀ ਇਸ ਦੇ ਪਿੱਛੇ ਕੰਮ ਕਰਦੇ ਹਨ? ਇਹ ਹਕੀਕਤ ਹੈ ਕਿ ਜਿੱਥੇ ਧਾਰਮਿਕ ਸੰਸਥਾਵਾਂ ਆਪਣੇ ਲੋਕਾਂ ਨਾਲ ਲਗਾਤਾਰ ਜੁੜੀਆਂ ਰਹਿੰਦੀਆਂ ਹਨ, ਉੱਥੇ ਧਰਮ ਪਰਿਵਰਤਨ ਦੀਆਂ ਘਟਨਾਵਾਂ ਘੱਟ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਜੱਥੇਦਾਰ ਸਾਹਿਬ ਦਾ ਇਹ ਸੁਝਾਅ ਕਿ ਹਿੰਦੂ ਅਤੇ ਸਿੱਖ ਧਰਮ ਦੇ ਵਿਚਾਰਵਾਨ ਇਸ ਮਾਮਲੇ ’ਤੇ ਇਕੱਠੇ ਬੈਠ ਕੇ ਵਿਚਾਰ ਕਰਨ, ਸਮੇਂ ਦੀ ਲੋੜ ਹੈ। ਪੰਜਾਬ ਦੀ ਵਿਸ਼ੇਸ਼ ਸਥਿਤੀ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਪਹਿਲਾਂ ਹੀ ਨਸ਼ਿਆਂ, ਬੇਰੁਜ਼ਗਾਰੀ ਅਤੇ ਪ੍ਰਵਾਸ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਅਜਿਹੇ ਹਾਲਾਤਾਂ ’ਚ ਜੇਕਰ ਧਾਰਮਿਕ ਅਤੇ ਸਮਾਜਿਕ ਏਕਤਾ ਵੀ ਕਮਜ਼ੋਰ ਹੋਣ ਲੱਗੇ ਤਾਂ ਇਸ ਦੇ ਦੂਰਗਾਮੀ ਪ੍ਰਭਾਵ ਪੈ ਸਕਦੇ ਹਨ। ਇਸ ਲਈ ਧਰਮ ਪਰਿਵਰਤਨ ਨੂੰ ਸਿਰਫ਼ ਇਕ ਧਾਰਮਿਕ ਮੁੱਦੇ ਵਜੋਂ ਨਹੀਂ, ਸਗੋਂ ਸਮਾਜਿਕ ਚਿੰਤਾ ਵਜੋਂ ਵੀ ਦੇਖਣ ਦੀ ਲੋੜ ਹੈ। ਇਸ ਮਸਲੇ ’ਤੇ ਬਹਿਸ ਅਕਸਰ ਇਕ ਦੂਜੇ ’ਤੇ ਦੋਸ਼ ਮੜ੍ਹਨ ਤੱਕ ਸੀਮਿਤ ਰਹਿ ਜਾਂਦੀ ਹੈ। ਕੋਈ ਇਕ ਧਰਮ ਨੂੰ ਨਿਸ਼ਾਨਾ ਬਣਾਉਂਦਾ ਹੈ ਤੇ ਕੋਈ ਦੂਜੇ ਨੂੰ ਪਰ ਇਸ ਨਾਲ ਹੱਲ ਨਹੀਂ ਨਿਕਲਦਾ। ਹੱਲ ਉਦੋਂ ਨਿਕਲੇਗਾ ਜਦੋਂ ਧਾਰਮਿਕ ਲੀਡਰਸ਼ਿਪ ਇਹ ਸਮਝੇਗੀ ਕਿ ਆਧੁਨਿਕ ਪੀੜ੍ਹੀ ਨੂੰ ਸਿਰਫ਼ ਉਪਦੇਸ਼ ਨਹੀਂ, ਸੰਵਾਦ, ਸਹਾਰੇ ਅਤੇ ਸਮਾਜਿਕ ਸੁਰੱਖਿਆ ਦੀ ਵੀ ਲੋੜ ਹੈ। ਧਰਮ ਦੀ ਮਜ਼ਬੂਤੀ ਉਸਦੀ ਗਿਣਤੀ ਨਾਲ ਨਹੀਂ, ਸਗੋਂ ਆਪਣੇ ਸ਼ਰਧਾਲੂਆਂ ਨਾਲ ਉਸ ਦੇ ਜੀਵੰਤ ਰਿਸ਼ਤੇ ਨਾਲ ਮਾਪੀ ਜਾਂਦੀ ਹੈ। ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਖੁਦ ਇਸ ਵਿਚਾਰ-ਚਰਚਾ ਦੀ ਅਗਵਾਈ ਕਰਨ ਦੀ ਇੱਛਾ ਜਤਾਈ ਹੈ। ਇਹ ਸਵਾਗਤਯੋਗ ਸੰਕੇਤ ਹੈ। ਜੇਕਰ ਇਸ ਪਹਿਲ ਤਹਿਤ ਸਿੱਖ, ਹਿੰਦੂ ਅਤੇ ਹੋਰ ਧਾਰਮਿਕ ਵਿਚਾਰਵਾਨ ਇਕ ਸਾਂਝੇ ਮੰਚ ’ਤੇ ਬੈਠ ਕੇ ਕਾਰਨਾਂ ਅਤੇ ਹੱਲਾਂ ’ਤੇ ਗੰਭੀਰ ਵਿਚਾਰ ਕਰਨ, ਤਾਂ ਇਹ ਪੰਜਾਬ ਲਈ ਇਕ ਸਕਾਰਾਤਮਕ ਸ਼ੁਰੂਆਤ ਹੋ ਸਕਦੀ ਹੈ। ਧਰਮ ਪਰਿਵਰਤਨ ਦੀ ਬਹਿਸ ’ਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੁਕਾਬਲਾ ਕਿਸੇ ਹੋਰ ਦੀ ਲਕੀਰ ਮਿਟਾਉਣ ਦਾ ਨਹੀਂ, ਸਗੋਂ ਆਪਣੀ ਲਕੀਰ ਵੱਡੀ ਕਰਨ ਦਾ ਹੋਵੇ। ਜੱਥੇਦਾਰ ਸਾਹਿਬ ਦਾ ਸੰਦੇਸ਼ ਇਸੇ ਸੋਚ ਨੂੰ ਪ੍ਰਗਟ ਕਰਦਾ ਹੈ। ਪੰਜਾਬ ਨੂੰ ਇਸ ਵੇਲੇ ਟਕਰਾਅ ਨਹੀਂ, ਸੰਵਾਦ ਦੀ ਲੋੜ ਹੈ। ਦੋਸ਼ ਨਹੀਂ, ਆਤਮ-ਮੰਥਨ ਦੀ ਲੋੜ ਹੈ। ਸ਼ਾਇਦ ਇਹੀ ਰਸਤਾ ਸਮਾਜਿਕ ਸਦਭਾਵਨਾ ਅਤੇ ਧਾਰਮਿਕ ਵਿਸ਼ਵਾਸ ਦੋਵਾਂ ਨੂੰ ਮਜ਼ਬੂਤ ਕਰ ਸਕੇ।