- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੇਰ ਦੀ ਪਹਿਲੀ ਕਿਰਨ ਹਾਲੇ ਧਰਤੀ ’ਤੇ ਪੂਰੀ ਤਰ੍ਹਾਂ ਉਤਰੀ ਨਹੀਂ ਹੁੰਦੀ ਪਰ ਖਨੌਰੀ ਹੈੱਡ ਦੇ ਕੰਢੇ ਕੁਝ ਅੱਖਾਂ ਪਹਿਲਾਂ ਹੀ ਜਾਗ ਰਹੀਆਂ ਹੁੰਦੀਆਂ ਹਨ। ਇਹ ਅੱਖਾਂ ਕਿਸੇ ਰਾਹਗੀਰ ਦੀ ਉਡੀਕ ਨਹੀਂ ਕਰਦੀਆਂ, ਨਾ ਹੀ ਕਿਸੇ ਆਪਣੇ ਦੇ ਘਰ ਪਰਤਣ ਦੀ ਆਸ ’ਚ ਰਸਤਾ ਤੱਕਦੀਆਂ ਹਨ। ਇਹ ਅੱਖਾਂ ਉਸ ਲਾਸ਼ ਦੀ ਉਡੀਕ ਕਰਦੀਆਂ ਹਨ, ਜੋ ਭਾਖੜਾ ਦੇ ਵਹਿੰਦੇ ਪਾਣੀਆਂ ਨਾਲ ਕਿਤਿਓਂ ਦੂਰੋਂ ਤੈਰਦੀ ਹੋਈ ਇੱਥੇ ਪਹੁੰਚ ਸਕਦੀ ਹੈ।

ਸਵੇਰ ਦੀ ਪਹਿਲੀ ਕਿਰਨ ਹਾਲੇ ਧਰਤੀ ’ਤੇ ਪੂਰੀ ਤਰ੍ਹਾਂ ਉਤਰੀ ਨਹੀਂ ਹੁੰਦੀ ਪਰ ਖਨੌਰੀ ਹੈੱਡ ਦੇ ਕੰਢੇ ਕੁਝ ਅੱਖਾਂ ਪਹਿਲਾਂ ਹੀ ਜਾਗ ਰਹੀਆਂ ਹੁੰਦੀਆਂ ਹਨ। ਇਹ ਅੱਖਾਂ ਕਿਸੇ ਰਾਹਗੀਰ ਦੀ ਉਡੀਕ ਨਹੀਂ ਕਰਦੀਆਂ, ਨਾ ਹੀ ਕਿਸੇ ਆਪਣੇ ਦੇ ਘਰ ਪਰਤਣ ਦੀ ਆਸ ’ਚ ਰਸਤਾ ਤੱਕਦੀਆਂ ਹਨ। ਇਹ ਅੱਖਾਂ ਉਸ ਲਾਸ਼ ਦੀ ਉਡੀਕ ਕਰਦੀਆਂ ਹਨ, ਜੋ ਭਾਖੜਾ ਦੇ ਵਹਿੰਦੇ ਪਾਣੀਆਂ ਨਾਲ ਕਿਤਿਓਂ ਦੂਰੋਂ ਤੈਰਦੀ ਹੋਈ ਇੱਥੇ ਪਹੁੰਚ ਸਕਦੀ ਹੈ। ਨਹਿਰ ਦੇ ਕੰਢੇ ਬਣੇ ਇਕ ਛੋਟੇ ਜਿਹੇ ਕਮਰੇ ਦੀਆਂ ਕੰਧਾਂ ਉੱਤੇ ਲੱਗੇ ਗੁੰਮਸ਼ੁਦਾ ਲੋਕਾਂ ਦੇ ਪੋਸਟਰ, ਬੈਂਚਾਂ ਉੱਤੇ ਬੈਠੇ ਚੁੱਪਚਾਪ ਚਿਹਰੇ ਤੇ ਪਾਣੀ ਵੱਲ ਟਿਕੀਆਂ ਨਜ਼ਰਾਂ ਦੱਸ ਦਿੰਦੀਆਂ ਹਨ ਕਿ ਇੱਥੇ ਉਮੀਦ ਤੇ ਨਿਰਾਸ਼ਾ ਦਾ ਫ਼ਰਕ ਸਿਰਫ਼ ਇਕ ਤੈਰਦੀ ਹੋਈ ਲਾਸ਼ ਜਿੰਨਾ ਰਹਿ ਗਿਆ ਹੈ।
ਕਦੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਆਖਿਆ ਜਾਂਦਾ ਸੀ। ਇਨ੍ਹਾਂ ਦਰਿਆਵਾਂ ਨੇ ਸਦੀਆਂ ਤਕ ਜੀਵਨ ਦਿੱਤਾ, ਰੋਜ਼ੀ ਦਿੱਤੀ, ਸੱਭਿਆਚਾਰ ਨੂੰ ਜਨਮ ਦਿੱਤਾ ਪਰ ਅੱਜ ਇਕ ਹੋਰ ਦਰਿਆ ਵੀ ਵੱਗ ਰਿਹਾ ਹੈ ਨਿਰਾਸ਼ਾ ਦਾ। ਨਸ਼ਿਆਂ, ਬੇਰੁਜ਼ਗਾਰੀ, ਕਰਜ਼ਿਆਂ ਤੇ ਟੁੱਟਦੇ ਸੁਪਨਿਆਂ ਦਾ ਦਰਿਆ। ਇਸ ਦਰਿਆ ਵਿਚ ਹਰ ਸਾਲ ਨਾ ਜਾਣੇ ਕਿੰਨੇ ਨੌਜਵਾਨ, ਕਿਸਾਨ ਤੇ ਮਜ਼ਦੂਰ ਡੁੱਬ ਜਾਂਦੇ ਹਨ। ਕੁਝ ਕੁ ਦੀਆਂ ਲਾਸ਼ਾਂ ਘਰ ਪਹੁੰਚ ਜਾਂਦੀਆਂ ਹਨ, ਕੁਝ ਖਨੌਰੀ ਹੈੱਡ ਤੱਕ ਆ ਜਾਂਦੀਆਂ ਹਨ ਤੇ ਕੁਝ ਸਦਾ ਲਈ ਪਾਣੀਆਂ ’ਚ ਗੁੰਮ ਹੋ ਜਾਂਦੀਆਂ ਹਨ। ਭਾਖੜਾ ਮੇਨ ਲਾਈਨ ਨਹਿਰ ਰੋਪੜ ਤੋਂ ਚੱਲ ਕੇ ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ ਵਿੱਚੋਂ ਲੰਘਦੀ ਹੋਈ ਖਨੌਰੀ ਪਹੁੰਚਦੀ ਹੈ ਪਰ ਇਸ ਨਹਿਰ ਦਾ ਇਹ ਆਖ਼ਰੀ ਪੰਜਾਬੀ ਪੜਾਅ ਸਿਰਫ਼ ਪਾਣੀ ਦਾ ਸਫ਼ਰ ਨਹੀਂ ਵੇਖਦਾ, ਇਹ ਦਰਦ ਦਾ ਸਫ਼ਰ ਵੀ ਵੇਖਦਾ ਹੈ। ਜਦੋਂ ਕੋਈ ਵਿਅਕਤੀ ਇਸ ਨਹਿਰ ਵਿਚ ਛਾਲ ਮਾਰ ਕੇ ਜੀਵਨ ਤੋਂ ਹਾਰ ਮੰਨ ਲੈਂਦਾ ਹੈ ਤਾਂ ਉਸ ਦੀ ਲਾਸ਼ ਕਈ ਦਿਨ ਪਾਣੀ ਦੇ ਹੇਠਾਂ ਰਹਿੰਦੀ ਹੈ। ਫਿਰ ਹੌਲੀ-ਹੌਲੀ ਉੱਪਰ ਆਉਂਦੀ ਹੈ ਤੇ ਵਹਿੰਦੀ ਹੋਈ ਖਨੌਰੀ ਵੱਲ ਵਧਦੀ ਹੈ। ਉਸ ਵੇਲੇ ਤੱਕ ਉਸ ਦੇ ਘਰ ’ਚ ਕਿੰਨੀਆਂ ਰਾਤਾਂ ਜਾਗ ਕੇ ਕੱਟੀਆਂ ਜਾਂਦੀਆਂ ਹਨ, ਕਿੰਨੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਤੇ ਕਿੰਨੇ ਫੋਨ ਘੁਮਾਏ ਜਾਂਦੇ ਹਨ, ਇਸ ਦਾ ਹਿਸਾਬ ਕਿਸੇ ਸਰਕਾਰੀ ਰਜਿਸਟਰ ਵਿਚ ਦਰਜ ਨਹੀਂ ਹੁੰਦਾ। ਖਨੌਰੀ ਹੈੱਡ ’ਤੇ ਬੈਠੇ ਲੋਕ ਅਕਸਰ ਨਹਿਰ ਵੱਲ ਵੇਖਦੇ-ਵੇਖਦੇ ਥੱਕ ਜਾਂਦੇ ਹਨ। ਫਿਰ ਅਸਮਾਨ ਵੱਲ ਨਜ਼ਰ ਚੁੱਕਦੇ ਹਨ। ਉਹ ਰੱਬ ਕੋਲੋਂ ਦੌਲਤ ਨਹੀਂ ਮੰਗਦੇ, ਨਾ ਹੀ ਲੰਮੀ ਉਮਰ ਦੀ ਦੁਆ ਕਰਦੇ ਹਨ। ਉਹ ਸਿਰਫ਼ ਇਹ ਮੰਗਦੇ ਹਨ ਕਿ ਉਨ੍ਹਾਂ ਦੇ ਆਪਣੇ ਦੀ ਲਾਸ਼ ਮਿਲ ਜਾਵੇ ਤਾਂ ਜੋ ਉਹ ਉਸ ਨੂੰ ਆਖ਼ਰੀ ਵਾਰ ਦੇਖ ਸਕਣ। ਇਸ ਉਡੀਕ ਦੀ ਪੀੜਾ ਨੂੰ ਉਹੀ ਸਮਝ ਸਕਦਾ ਹੈ, ਜਿਸ ਦਾ ਕੋਈ ਆਪਣਾ ਬਿਨਾਂ ਵਿਦਾ ਲਏ ਦੁਨੀਆ ਤੋਂ ਚਲਾ ਗਿਆ ਹੋਵੇ। ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਲਾਸ਼ਾਂ ਇੱਥੇ ਵੀ ਨਹੀਂ ਰੁਕਦੀਆਂ। ਉਹ ਹਰਿਆਣਾ ਤੇ ਰਾਜਸਥਾਨ ਵੱਲ ਵਹਿ ਜਾਂਦੀਆਂ ਹਨ। ਕਈ ਵਾਰ ਦੂਰਲੇ ਪੁਲਾਂ ਤੇ ਗੇਟਾਂ ’ਤੇ ਫਸ ਜਾਂਦੀਆਂ ਹਨ। ਕਈ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਨੂੰ ਕੋਈ ਲੱਭਣ ਨਹੀਂ ਆਉਂਦਾ। ਉਨ੍ਹਾਂ ਦੀ ਕਿਸਮਤ ਵਿਚ ਨਾ ਕੋਈ ਅੰਤਿਮ ਦਰਸ਼ਨ ਹੁੰਦਾ ਹੈ, ਨਾ ਕੋਈ ਮੱਥੇ ’ਤੇ ਹੱਥ ਫੇਰਨ ਵਾਲਾ ਤੇ ਨਾ ਹੀ ਕੋਈ ਅੰਤਿਮ ਵਿਦਾਈ।
ਕਾਗਜ਼ਾਂ ਤੱਕ ਸੀਮਤ ਹੈ ਬਹੁਤ ਕੁਝ
ਕੁਝ ਥਾਵਾਂ ’ਤੇ ਕੁੱਤੇ ਲਾਸ਼ਾਂ ਨੂੰ ਬਾਹਰ ਘਸੀਟ ਲਿਆਉਂਦੇ ਹਨ। ਖੇਤਾਂ ਵਿਚ ਖਿੱਲਰੀਆਂ ਹੱਡੀਆਂ ਤੇ ਖੋਪੜੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਮੌਤ ਤੋਂ ਬਾਅਦ ਵੀ ਮਨੁੱਖੀ ਮਰਿਆਦਾ ਕਈ ਵਾਰ ਕਿੰਨੀ ਬੇਸਹਾਰਾ ਹੋ ਜਾਂਦੀ ਹੈ। ਇਕ ਪਾਸੇ ਸਰਕਾਰਾਂ ਵਿਕਾਸ ਦੇ ਦਾਅਵੇ ਕਰਦੀਆਂ ਹਨ, ਦੂਜੇ ਪਾਸੇ ਖਨੌਰੀ ਹੈੱਡ ’ਤੇ ਬੈਠੇ ਲੋਕ ਇਹ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ ਕਿ ਜੇ ਕਿਸੇ ਮਨੁੱਖ ਨੂੰ ਜਿਉਂਦੇ ਜੀਅ ਸਹਾਰਾ ਨਹੀਂ ਮਿਲਿਆ ਤਾਂ ਘੱਟੋ-ਘੱਟ ਉਸ ਦੀ ਮੌਤ ਨੂੰ ਤਾਂ ਸਨਮਾਨ ਮਿਲਣਾ ਚਾਹੀਦਾ ਹੈ। ਸਾਲਾਂ ਪਹਿਲਾਂ ਅਦਾਲਤਾਂ ਨੇ ਅੰਡਰਵਾਟਰ ਕੈਮਰੇ, ਨਿਗਰਾਨੀ ਪ੍ਰਬੰਧ ਤੇ ਲਾਸ਼ਾਂ ਦੀ ਪਛਾਣ ਲਈ ਕਈ ਹੁਕਮ ਦਿੱਤੇ ਸਨ ਪਰ ਅੱਜ ਵੀ ਬਹੁਤ ਕੁਝ ਕਾਗਜ਼ਾਂ ਤੱਕ ਹੀ ਸੀਮਤ ਹੈ। ਪਾਣੀ ਵਗ ਰਿਹਾ ਹੈ, ਲਾਸ਼ਾਂ ਵਗ ਰਹੀਆਂ ਹਨ ਤੇ ਉਡੀਕ ਵੀ ਵਗ ਰਹੀ ਹੈ। ਇਸ ਸਭ ਦੇ ਵਿਚਕਾਰ ਸਹਾਰਾ ਚੈਰੀਟੇਬਲ ਟਰੱਸਟ ਵਰਗੀਆਂ ਸੰਸਥਾਵਾਂ ਉਮੀਦ ਦੀ ਇਕ ਛੋਟੀ ਜਿਹੀ ਲੋਅ ਬਣ ਕੇ ਖੜ੍ਹੀਆਂ ਹਨ। ਉਹ ਪੀੜਤ ਪਰਿਵਾਰਾਂ ਨੂੰ ਰਹਿਣ ਲਈ ਥਾਂ, ਖਾਣਾ ਤੇ ਐਂਬੂਲੈਂਸ ਸੇਵਾ ਦਿੰਦੀਆਂ ਹਨ ਪਰ ਇਹ ਜ਼ਖ਼ਮ ਇੰਨਾ ਡੂੰਘਾ ਹੈ ਕਿ ਕੁਝ ਸੇਵਾਵਾਂ ਨਾਲ ਭਰਿਆ ਨਹੀਂ ਜਾ ਸਕਦਾ। ਖਨੌਰੀ ਹੈੱਡ ਅੱਜ ਸਿਰਫ਼ ਇਕ ਜਲ-ਵੰਡ ਕੇਂਦਰ ਨਹੀਂ ਰਿਹਾ। ਇਹ ਪੰਜਾਬ ਦੇ ਸਮਾਜਿਕ ਦਰਦ ਦਾ ਉਹ ਆਇਨਾ ਬਣ ਗਿਆ ਹੈ, ਜਿਸ ਵਿਚ ਨਸ਼ਿਆਂ ਨਾਲ ਹਾਰੇ ਨੌਜਵਾਨ, ਕਰਜ਼ਿਆਂ ਹੇਠ ਦੱਬੇ ਕਿਸਾਨ, ਟੁੱਟੇ ਹੋਏ ਪਰਿਵਾਰ ਤੇ ਬੇਵੱਸ ਮਾਪਿਆਂ ਦੀਆਂ ਅੱਖਾਂ ਸਾਫ਼ ਦਿਖਾਈ ਦਿੰਦੀਆਂ ਹਨ। ਭਾਖੜਾ ਦਾ ਪਾਣੀ ਲਗਾਤਾਰ ਵਗ ਰਿਹਾ ਹੈ। ਉਸ ਦੀਆਂ ਲਹਿਰਾਂ ਹਰ ਰੋਜ਼ ਖਨੌਰੀ ਦੇ ਕੰਢਿਆਂ ਨਾਲ ਟਕਰਾਉਂਦੀਆਂ ਹਨ ਪਰ ਇਨ੍ਹਾਂ ਲਹਿਰਾਂ ਵਿਚ ਸਿਰਫ਼ ਪਾਣੀ ਨਹੀਂ ਹੁੰਦਾ। ਇਨ੍ਹਾਂ ਵਿਚ ਅਣਗਿਣਤ ਅਧੂਰੇ ਸੁਪਨੇ, ਅਣਕਹੀਆਂ ਕਹਾਣੀਆਂ ਤੇ ਉਨ੍ਹਾਂ ਪਰਿਵਾਰਾਂ ਦੇ ਹੰਝੂ ਵੀ ਸ਼ਾਮਲ ਹੁੰਦੇ ਹਨ, ਜੋ ਅੱਜ ਵੀ ਆਪਣੇ ਕਿਸੇ ਪਿਆਰੇ ਦੀ ਆਖ਼ਰੀ ਝਲਕ ਦੀ ਉਡੀਕ ਕਰ ਰਹੇ ਹਨ। ਸ਼ਾਇਦ ਇਸੇ ਲਈ ਖਨੌਰੀ ਹੈੱਡ ਨੂੰ ਵੇਖ ਕੇ ਲੱਗਦਾ ਹੈ ਕਿ ਇੱਥੇ ਭਾਖੜਾ ਦਾ ਪਾਣੀ ਨਹੀਂ ਸਗੋਂ ਪੰਜਾਬ ਦਾ ਦਰਦ ਵਗਦਾ ਹੈ।
ਲਾਸ਼ਾਂ ਨੂੰ ਉਡੀਕਣ ਦਾ ਸਥਾਨ ਬਣਿਆ ਖਨੌਰੀ ਹੈੱਡ ਵਰਕਸ
ਬੇਸ਼ੱਕ ਪੰਜਾਬ ’ਚ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ ਪ੍ਰੰਤੂ ਅੱਜ ਗੱਲ ਸਿਰਫ਼ ਭਾਖੜਾ ਮੇਨ ਲਾਇਨ ਨਹਿਰ ਦੇ ਪੰਜਾਬ ਵਿਚਲੇ ਅੰਤਲੇ ਪੜਾਅ ਖਨੌਰੀ ਹੈੱਡ ਵਰਕਸ ਦੀ ਹੀ ਕਰਦੇ ਹਾਂ। ਖਨੌਰੀ ਕਸਬੇ ਨਾਲ ਲੱਗਦਾ ਇਹ ਖਨੌਰੀ ਹੈੱਡ ਉਨ੍ਹਾਂ ਲੋਕਾਂ ਲਈ ਲਾਸ਼ਾਂ ਨੂੰ ਉਡੀਕਣ ਦਾ ਸਥਾਨ ਬਣਿਆ ਹੋਇਆ ਹੈ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਨਹਿਰ ’ਚ ਛਾਲ ਮਾਰ ਕੇ ਆਪਣੀ ਜੀਵਨ-ਲੀਲ੍ਹਾ ਖ਼ਤਮ ਕਰ ਚੁੱਕੇ ਹੁੰਦੇ ਹਨ। ਹੈੱਡ ਲਾਗੇ ਨਹਿਰ ਦੇ ਕਿਨਾਰੇ ਬਣਿਆ ਛੋਟਾ ਜਿਹਾ ਕਮਰਾ (ਉਡੀਕ ਘਰ), ਜਿਸ ਦੇ ਅੰਦਰ ਜਾਂ ਬਾਹਰ ਬੈਠ ਕੇ ਪੀੜਤ ਪਰਿਵਾਰਾਂ ਦੇ ਮੈਂਬਰ ਨਹਿਰ ’ਚ ਤੈਰ ਕੇ ਆਉਣ ਵਾਲੀਆਂ ਲਾਸ਼ਾਂ ਦੀ ਉਡੀਕ ਕਰਦੇ ਹਨ। ਉਹ ਗੁੰਮਸ਼ਦਾ ਦੀ ਤਲਾਸ਼ ਦੇ ਪੋਸਟਰਾਂ ਨਾਲ ਭਰੇ ਪਏ ਕਮਰੇ ਲਾਗੇ ਹੀ ਨਹਿਰ ਦੇ ਕਿਨਾਰੇ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਲਗਾਏ ਬੈਂਚਾਂ ’ਤੇ ਬੈਠੇ ਲੋਕਾਂ ਦੀਆਂ ਅੱਖਾਂ ’ਚ ਪੱਥਰ ਬਣ ਚੁੱਕੇ ਹੰਝੂ ਦੱਸ ਦਿੰਦੇ ਹਨ ਕਿ ਉਨ੍ਹਾਂ ਅੰਦਰ ਆਪਣਿਆਂ ਦੀਆਂ ਲਾਸ਼ਾਂ ਨੂੰ ਪ੍ਰਾਪਤ ਕਰਨ ਦੀ ਕਿੰਨੀ ਤਾਂਘ ਹੈ।
ਕਿੱਥੋਂ ਆਉਂਦੀਆਂ ਹਨ ਇਹ ਲਾਸ਼ਾਂ
ਇਹ ਨਹਿਰ ਰੋਪੜ, ਫ਼ਤਿਹਗੜ੍ਹ ਸਾਹਿਬ ਤੇ ਪਟਿਆਲਾ ਜ਼ਿਲ੍ਹਿਆਂ ਵਿੱਚੋਂ ਲੰਘਦੀ ਖਨੌਰੀ ਪਹੁੰਚਦੀ ਹੈ। ਸੁਭਾਵਿਕ ਹੀ ਇੱਥੇ ਪਹੁੰਚਦੀਆਂ ਲਾਸ਼ਾਂ ਇਨ੍ਹਾਂ ਜ਼ਿਲ੍ਹਿਆਂ ਦੇ ਖ਼ੁਦਕੁਸ਼ੀ ਕਰਨ ਵਾਲੇ ਵਿਅਕਤੀਆਂ ਦੀਆਂ ਹੀ ਹੋਣਗੀਆਂ। ਇਨ੍ਹਾਂ ਵਿੱਚੋਂ ਕੁਝ ਕੁ ਫ਼ੀਸਦੀ ਲਾਸ਼ਾਂ ਕਤਲ ਕਰ ਕੇ ਸੁੱਟੇ ਲੋਕਾਂ ਦੀਆਂ ਵੀ ਹੋ ਸਕਦੀਆਂ ਹਨ। ਅਕਸਰ ਜਦੋਂ ਸੜਕ ਹਾਦਸੇ ਦਾ ਸ਼ਿਕਾਰ ਵਾਹਨ ਇਸ ਨਹਿਰ ’ਚ ਡਿੱਗ ਜਾਂਦਾ ਹੈ ਤਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਸਰਕਾਰ ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾਂਦੇ ਹਨ ਪ੍ਰੰਤੂ ਖ਼ੁਦਕੁਸ਼ੀਆਂ ਕਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਨੂੰ ਕੱਢਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਜਦੋਂ ਕੋਈ ਵੀ ਵਿਅਕਤੀ ਖ਼ੁਦਕੁਸ਼ੀ ਕਰਨ ਲਈ ਭਾਖੜਾ ਨਹਿਰ ਵਿਚ ਛਾਲ ਮਾਰਦਾ ਹੈ ਤਾਂ ਉਸ ਦੀ ਲਾਸ਼ 3-4 ਦਿਨ ਪਾਣੀ ਦੀ ਉਪਰਲੀ ਸਤ੍ਹਾ ਤੋਂ ਹੇਠਾਂ ਰਹਿੰਦੀ ਹੈ ਤੇ ਦਿਨ-ਬ-ਦਿਨ ਉੱਪਰ ਆਉਂਦੀ ਅੱਗੇ ਵਧਦੀ ਰਹਿੰਦੀ ਹੈ। ਫਿਰ ਕਰੀਬ 4-5 ਦਿਨਾਂ ਬਾਅਦ ਲਾਸ਼ ਪਾਣੀ ’ਤੇ ਤੈਰਦੀ ਹੋਈ ਅੱਗੇ ਵੱਧਦੀ ਹੈ ਤੇ ਕੁਝ ਲਾਸ਼ਾਂ ਰਸਤੇ ’ਚ ਵੀ ਅਟਕੀਆਂ ਰਹਿ ਜਾਂਦੀਆਂ ਹਨ। ਜਦੋਂ ਕੋਈ ਤੈਰਦੀ ਹੋਈ ਲਾਸ਼ ਇਸ ਖਨੌਰੀ ਹੈਡ ’ਤੇ ਪਹੁੰਚਦੀ ਹੈ ਤਾਂ ਉੱਥੇ ਉਡੀਕ ਕਰ ਰਹੇ ਵਾਰਿਸ ਤੁਰੰਤ ਹਰਕਤ ’ਚ ਆ ਜਾਂਦੇ ਹਨ। ਜੇ ਲਾਸ਼ ਉਨ੍ਹਾਂ ਦੇ ਵਿਛੜੇ ਦੀ ਹੁੰਦੀ ਹੈ ਤਾਂ ਉਹ ਉੱਥੇ ਲਿਖੇ ਪਿੰਡ ਦੇ ਹੀ ਗੋਤਾਖੋਰਾਂ ਦੇ ਮੋਬਾਈਲ ਨੰਬਰਾਂ ’ਤੇ ਸੰਪਰਕ ਕਰ ਕੇ ਉਨ੍ਹਾਂ ਨੂੰ ਬੁਲਾ ਲੈਂਦੇ ਹਨ। ਕਈ ਵਾਰ ਤਾਂ ਲਾਸ਼ ਹਰਿਆਣਾ, ਰਾਜਸਥਾਨ ਵੱਲ ਜਾ ਰਹੀ ਮੇਨ ਲਾਈਨ ਨਹਿਰ ਦੇ ਗੇਟਾਂ ’ਤੇ ਅਟਕ ਜਾਂਦੀ ਹੈ ਤੇ ਕਈ ਵਾਰ ਨਰਵਾਨਾ/ਬਰਵਾਲਾ ਵੱਲ ਜਾ ਰਹੀ ਲਿੰਕ ਨਹਿਰ ਨੂੰ ਜਾ ਰਹੇ ਪਾਣੀ ਦੀ ਡੂੰਘੀ ਝਾਲ ਵੱਲ ਨੂੰ ਹੋ ਕੇ ਅੱਗੇ ਲੰਘ ਜਾਂਦੀ ਹੈ, ਜਿਸ ਨੂੰ ਪਿੱਛੇ ਜਾ ਕੇ ਗੋਤਾਖੋਰ ਕੱਢ ਲਿਆਉਂਦੇ ਹਨ ਪ੍ਰੰਤੂ ਉਹ ਤੈਰਦੀਆਂ ਲਾਸ਼ਾਂ ਜਿਨ੍ਹਾਂ ਦਾ ਇੱਥੇ ਕੋਈ ਵਾਰਿਸ ਨਹੀਂ ਹੁੰਦਾ, ਅੱਗੇ ਲੰਘ ਜਾਂਦੀਆਂ ਹਨ। ਇਸੇ ਤਰ੍ਹਾਂ ਉਹ ਲਾਸ਼ਾਂ ਜੋ ਅਜੇ ਤੱਕ ਪਾਣੀ ਦੀ ਉਪਰਲੀ ਸਤ੍ਹਾ ’ਤੇ ਨਹੀਂ ਆਈਆਂ ਹੁੰਦੀਆਂ, ਉਹ ਵੀ ਪਾਣੀ ਦੇ ਹੇਠੋਂ ਲੰਘ ਜਾਂਦੀਆਂ ਹਨ, ਬੇਸ਼ੱਕ ਉਨ੍ਹਾਂ ਦੇ ਵਾਰਿਸ ਵੀ ਉੱਥੇ ਹੀ ਬੈਠੇ ਹੋਣ। ਵੱਡੀ ਗਿਣਤੀ ਵਿਚ ਲਾਸ਼ਾਂ ਬਗ਼ੈਰ ਰੁਕਿਆਂ ਹੀ ਇੱਥੋਂ ਭਾਖੜਾ ਮੇਨ ਲਾਇਨ ਤੇ ਬਰਵਾਲਾ ਲਿੰਕ ਨਹਿਰ ਵੱਲ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿਚ ਕੁਝ ਹੈੱਡ ਤੋਂ ਤਿੰਨ ਕਿਲੋਮੀਟਰ ਦੂਰ ਜ਼ਿਲ੍ਹਾ ਜੀਂਦ ਵਿਚ ਬਰਵਾਲਾ ਲਿੰਕ ਨਹਿਰ ਉੱਤੇ ਪਦਾਰਥ ਖੇੜਾ ਪੁਲ ’ਤੇ ਰੁਕਦੀਆਂ ਹਨ, ਜਿਨ੍ਹਾਂ ਨੂੰ ਅਕਸਰ ਕੁੱਤੇ ਬਾਹਰ ਕੱਢ ਰਹੇ ਹੁੰਦੇ ਹਨ। ਪੁਲ ਨੇੜੇ ਵੱਡੀ ਗਿਣਤੀ ’ਚ ਪਏ ਮ੍ਰਿਤਕਾਂ ਦੇ ਬੂਟ ਅਤੇ ਚੱਪਲਾਂ, ਨੇੜਲੇ ਖੇਤਾਂ ਵਿਚ ਪਈਆਂ ਮਨੁੱਖੀ ਹੱਡੀਆਂ ਅਤੇ ਖੋਪੜੀਆਂ ਦਿਲ ਦਹਿਲਾ ਦਿੰਦੀਆਂ ਹਨ। ਇੱਥੇ ਕਈ ਸਾਲਾਂ ਤੋਂ ਬੱਕਰੀਆਂ ਚਾਰ ਰਹੇ ਆਜੜੀ ਹੁਕਮ ਸਿੰਘ ਸਮੇਤ ਲੰਘ ਰਹੇ ਕਈ ਵਿਅਕਤੀਆਂ ਨੇ ਦੱਸਿਆ ਕਿ ਹਰ ਰੋਜ਼ ਇਕ ਲਾਸ਼ ਤਾਂ ਆ ਕੇ ਅਟਕਦੀ ਹੀ ਹੈ ਤੇ ਕਦੇ-ਕਦੇ ਤਾਂ ਇਕ ਦਿਨ ਵਿਚ ਚਾਰ-ਚਾਰ ਲਾਸ਼ਾਂ ਇੱਥੇ ਪਹੁੰਚਦੀਆਂ ਹਨ।
14 ਸਾਲ ਬਾਅਦ ਵੀ ਨਹੀ ਲੱਗ ਸਕੇ ਕੈਮਰੇ
ਸਹਾਰਾ ਚੈਰੀਟੇਬਲ ਟਰੱਸਟ ਖਨੌਰੀ ਵੱਲੋਂ ਇਸ ਖਨੌਰੀ ਹੈੱਡ ’ਤੇ ਇਕ ਧਰਮਸ਼ਾਲਾ ਬਣਾਈ ਗਈ ਹੈ, ਜਿੱਥੇ ਲਾਸ਼ਾਂ ਦੀ ਉਡੀਕ ਕਰਨ ਲਈ ਆਉਣ ਵਾਲੇ ਲੋਕਾਂ ਲਈ ਰਹਿਣ, ਖਾਣੇ ਦਾ ਪ੍ਰਬੰਧ ਕੀਤਾ ਹੋਇਆ ਹੈ। ਲਾਸ਼ ਨੂੰ ਮ੍ਰਿਤਕ ਦੇ ਪਿੰਡ-ਸ਼ਹਿਰ ਤੱਕ ਛੱਡ ਕੇ ਆਉਣ ਲਈ ਐਂਬੂਲੈਂਸ ਸੇਵਾਵਾਂ ਵੀ ਦਿੱਤੀਆ ਜਾਂਦੀਆਂ ਹਨ। ਫਿਰ ਵੀ ਬੇਨਾਮ ਲਾਸ਼ਾਂ ਦੀ ਇਹ ਦੁਰਦਸ਼ਾ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਜਾਰੀ ਹੈ। ਬੇਨਾਮ ਲਾਸ਼ਾਂ ਦੇ ਨਿਪਟਾਰੇ ਅਤੇ ਲਾਸ਼ਾਂ ਨੂੰ ਅੱਗੇ ਜਾਣ ਤੋਂ ਰੋਕਣ ਲਈ ਲਾਇਰਜ਼ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ 2012 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਕੀਤੀ ਸਿਵਲ ਰਿੱਟ ਪਟੀਸ਼ਨ ’ਤੇ ਮਾਣਯੋਗ ਅਦਾਲਤ ਨੇ ਫ਼ੈਸਲਾ ਦਿੰਦਿਆਂ ਸਰਕਾਰ ਨੂੰ ਆਦੇਸ਼ ਦਿੱਤਾ ਸੀ ਕਿ ਇਸ ਹੈੱਡ ’ਤੇ ਪਾਣੀ ਦੇ ਬਾਹਰ ਅਤੇ ਅੰਦਰ ਸੀਸੀਟੀਵੀ ਕੈਮਰੇ ਲਗਾਏ ਜਾਣ। ਉੱਥੇ ਦੋ ਪੁਲਿਸ ਕਰਮਚਾਰੀਆਂ ਦੀ ਡਿਊਟੀ ਲਗਾ ਕੇ ਉੱਥੇ ਪਾਣੀ ਦੇ ਉਪਰ ਜਾਂ ਹੇਠਾਂ ਦੀ ਆਉਂਦੀਆਂ ਲਾਸ਼ਾ ਦੀ ਮੋਨੀਟਰਿੰਗ ਕੀਤੀ ਜਾਵੇ। ਇਸ ਤੋਂ ਬਾਅਦ ਉਨ੍ਹਾਂ 6.5 ਲੱਖ ਰੁਪਏ ਦੀ ਲਾਗਤ ਨਾਲ ਪਾਣੀ ਦੇ ਬਾਹਰ ਤਾਂ ਕੈਮਰੇ ਲਗਾ ਦਿੱਤੇ ਪ੍ਰੰਤੂ ਹਾਈ ਕੋਰਟ ਦੇ ਆਦੇਸ਼ਾਂ ’ਤੇ 14 ਸਾਲ ਬਾਅਦ ਵੀ ਪਾਣੀ ਹੇਠ ਕੈਮਰੇ ਨਹੀਂ ਲਗਾਏ ਗਏ। ਹਾਈ ਕੋਰਟ ਦੇ ਆਦੇਸ਼ਾਂ ਨੂੰ ਮੰਨਦਿਆਂ ਭਾਖੜਾ ਮੇਨ ਲਾਇਨ ਸਰਕਲ ਪਟਿਆਲਾ ਨੇ ਏਨੀ ਵੱਡੀ ਇਸ ਨਹਿਰ ਨੂੰ 10 ਅਪ੍ਰੈਲ 2013 ਤੋਂ 23 ਅਪ੍ਰੈਲ 2013 ਤੱਕ ਕੈਮਰੇ ਲਗਾਉਣ ਲਈ ਬੰਦ ਰੱਖਿਆ। ਅਜੇ ਤੱਕ ਉੱਥੇ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਨਹੀਂ ਲਗਾਈ ਗਈ ਤਾਂ ਜੋ ਅਣਪਛਾਤੀਆਂ ਮ੍ਰਿਤਕ ਦੇਹਾਂ ਦੀ ਮੋਨਟਰਿੰਗ ਕਰ ਕੇ ਉਨ੍ਹਾਂ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾਵੇ। ਹੁਣ ਸਿਰਫ਼ ਇਕ ਪੁਲਿਸ ਮੁਲਾਜ਼ਮ ਹੀ ਰਜਿਸਟਰ ਵਿਚ ਉਨ੍ਹਾਂ ਲਾਸ਼ਾਂ ਦੇ ਇੰਦਰਾਜ਼ ਕਰ ਰਿਹਾ ਹੈ, ਜਿਨ੍ਹਾਂ ਨੂੰ ਪਛਾਣ ਕੇ ਉਨ੍ਹਾਂ ਦੇ ਵਾਰਿਸ ਬਾਹਰ ਕੱਢ ਲੈਂਦੇ ਹਨ। ਬਾਕੀ ਲਾਸ਼ਾਂ ਉਸੇ ਤਰ੍ਹਾਂ ਭਾਖੜਾ ਦੇ ਵਹਾਅ ਨਾਲ ਹਰਿਆਣਾ ਤੇ ਰਾਜਸਥਾਨ ਜਾ ਰਹੀਆਂ ਹਨ ਜਾਂ ਫਿਰ ਕੁਝ ਲਾਸ਼ਾਂ ਬਰਵਾਲਾ ਲਿੰਕ ਉਤੇ ਪਦਾਰਥ ਖੇੜਾ ਪੁਲ (ਜ਼ਿਲ੍ਹਾ ਜੀਂਦ) ਨੇੜੇ ਕੁੱਤਿਆਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਹੈੱਡ ’ਤੇ ਤਾਇਨਾਤ ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਇੱਥੇ ਪਹੁੰਚਦੀਆਂ ਲਾਸ਼ਾਂ ਦੇ ਇੰਦਰਾਜ਼ ਲਈ ਰਜਿਸਟਰ ਲਗਾਇਆ ਹੋਇਆ ਹੈ, ਜਿਸ ਵਿਚ ਹਰ ਮਹੀਨੇ 10 ਤੋਂ 12 ਮਿਲੀਆਂ ਲਾਸ਼ਾਂ ਦੇ ਨਾਂ, ਪਤੇ ਦਰਜ ਹੋ ਰਹੇ ਹਨ। ਇਨ੍ਹਾਂ ਖ਼ੁਦਕੁਸ਼ੀ ਕਰ ਚੁੱਕੇ ਲੋਕਾਂ ਦੀ ਉਮਰ ਆਮ ਤੌਰ ’ਤੇ 20 ਤੋਂ 50 ਸਾਲ ਦੀ ਹੁੰਦੀ ਹੈ। ਇੱਥੇ ਹਰ ਰੋਜ਼ 20 ਕੁ ਬੰਦੇ ‘ਆਪਣਿਆਂ’ ਦੀ ਭਾਲ ਵਿਚ ਆਉਂਦੇ ਹਨ। ਕਦੇ-ਕਦੇ ਤਾਂ ਇਹ ਗਿਣਤੀ 100 ਤੱਕ ਵੀ ਪਹੁੰਚ ਜਾਂਦੀ ਹੈ।
ਵੈੱਬਸਾਈਟ ’ਤੇ ਪਾਈਆਂ ਜਾਣ ਲਾਸ਼ਾਂ ਦੀਆਂ ਤਸਵੀਰਾਂ
ਇੱਥੇ ਔਸਤਨ 60 ਕੁ ਲਾਸ਼ਾਂ ਪ੍ਰਤੀ ਮਹੀਨਾ ਪਹੁੰਚ ਰਹੀਆਂ ਹਨ, ਸਾਲਾਨਾ 700 ਤੋਂ ਘੱਟ ਨਹੀਂ। ਜਿਨ੍ਹਾਂ ’ਚੋਂ ਕੁਝ ਕੁ ਹੀ ਲਾਸ਼ਾਂ ਨੂੰ ਬਾਹਰ ਕੱਢਿਆ ਜਾਂਦਾ ਹੈ। ਭਾਖੜਾ ਨਹਿਰ ਵਿਚ ਰੁੜ੍ਹ ਕੇ ਆਉਣ ਵਾਲੀਆਂ ਲਾਸ਼ਾਂ ਨੂੰ ਖਨੌਰੀ ਹੈੱਡ ’ਤੇ ਹੀ ਰੋਕਣ ਦੇ ਪ੍ਰਬੰਧ ਕਰਨ ਦੀ ਜ਼ਰੂਰਤ ਹੈ। ਇਸ ਲਈ ਵਧੇਰੇ ਨਿਗਰਾਨੀ ਸਟਾਫ ਤੇ ਗੋਤਾਖੋਰਾਂ ਦਾ ਪ੍ਰਬੰਧ ਕਰਦਿਆਂ ਪਾਣੀ ਦੀਆਂ ਹੇਠਲੀ ਸਤ੍ਹਾ ’ਚੋਂ ਗੁਜ਼ਰਦੀਆਂ ਲਾਸ਼ਾਂ ਨੂੰ ਵੇਖਣ ਲਈ ਅੰਡਰ ਵਾਟਰ ਸੀਸੀਟੀਵੀ ਕੈਮਰੇ ਲਗਾਏ ਜਾਣ ਦੀ ਤੁਰੰਤ ਜ਼ਰੂਰਤ ਹੈ ਤਾਂ ਜੋ ਹੇਠੋਂ ਲੰਘਦੀ ਲਾਸ਼ ਦਾ ਪਤਾ ਲੱਗਣ ’ਤੇ ਗੋਤਾਖੋਰ ਅੱਗੇ ਜਾ ਕੇ ਤੁਰੰਤ ਉਸ ਨੂੰ ਬਾਹਰ ਕੱਢ ਲਿਆਉਣ। ਕੰਪਿਊਟਰ ਯੁੱਗ ਦਾ ਫ਼ਾਇਦਾ ਉਠਾਉਂਦਿਆਂ ਇਕ ਵੈੱਬਸਾਇਟ ਬਣਾ ਕੇ ਅਣਪਛਾਤੀਆਂ ਲਾਸ਼ਾਂ ਦੀਆਂ ਤਸਵੀਰਾਂ ਤੁਰੰਤ ਉਸ ਉੱਤੇ ਪਾਈਆਂ ਜਾਣ। ਸਿਰਫ਼ ਲਾਸ਼ ਦੀ ਪਛਾਣ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾਣੀ ਚਾਹੀਦੀ ਸਗੋਂ ਮੌਤ ਦੇ ਕਾਰਨ ਵੀ ਜਾਣਨੇ ਚਾਹੀਦੇ ਹਨ। ਮਨੁੱਖੀ ਅਧਿਕਾਰਾਂ ਦੀ ਹੋ ਰਹੀ ਇਸ ਉਲੰਘਣਾ ਵੱਲ ਪ੍ਰਸ਼ਾਸਨ ਬਹੁਤਾ ਧਿਆਨ ਨਹੀਂ ਦੇ ਰਿਹਾ। ਭਾਖੜਾ ਕਿਨਾਰੇ ਲਾਸ਼ਾਂ ਨੂੰ ਸਾਂਭਣ ਲਈ ਵਾਤਾਅਨੁਕੂਲ ਮੁਰਦਾਘਰ ਦੀ ਸਥਾਪਨਾ ਕਰਨ ਦੀ ਫੌਰੀ ਜ਼ਰੂਰਤ ਹੈ। ਇੱਥੇ ਪੋਸਟ ਮਾਰਟਮ ਦੀ ਸਹੂਲਤ ਦੇ ਕੇ ਵੀ ਵਾਰਿਸਾਂ ਨੂੰ ਖੱਜਲ-ਖੁਆਰੀ ਤੋਂ ਬਚਾਇਆ ਜਾ ਸਕਦਾ ਹੈ। ਭਾਖੜਾ ’ਚੋਂ ਮਿਲੀ ਹਰ ਬੇਨਾਮ ਲਾਸ਼ ਦੀ ਫੋਟੋਗ੍ਰਾਫੀ, ਉਂਗਲਾਂ ਦੇ ਨਿਸ਼ਾਨ, ਡੀਐੱਨਏ ਨਮੂਨਾ ਲਿਆ ਜਾਵੇ। ਲਾਸ਼ ਦੀ ਫੋਟੋ ਅਖ਼ਬਾਰਾਂ ’ਚ ਪ੍ਰਕਾਸ਼ਿਤ ਕੀਤੀ ਜਾਵੇ। ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਉਸ ਦਾ ਸਤਿਕਾਰ ਸਹਿਤ ਸਸਕਾਰ ਕੀਤਾ ਜਾਣਾ ਚਾਹੀਦਾ ਹੈ।
- ਬ੍ਰਿਸ਼ ਭਾਨ ਬੁਜਰਕ
98761-01698