- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Independence Day ਆਜ਼ਾਦੀ ਦਿਵਸ ਹਰ ਉਸ ਕੌਮ ਦੇ ਦਿਲ ਵਿੱਚ ਡੂੰਘੀ ਮਹੱਤਤਾ ਰੱਖਦਾ ਹੈ ਜਿਸਨੇ ਬਸਤੀਵਾਦ ਦੇ ਜ਼ੁਲਮਾਂ ਨੂੰ ਹੰਢਾਇਆ ਹੈ। ਭਾਰਤ ਵਿੱਚ ਹਰ ਸਾਲ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ ਅਤੇ ਪਾਕਿਸਤਾਨ ਵਿੱਚ ਇੱਕ ਦਿਨ ਪਹਿਲਾਂ 14 ਅਗਸਤ ਨੂੰ। ਜਦ ਕਿ ਦੋਨੋ ਦੇਸ਼ ਇੱਕ ਹੀ ਦਿਨ ਆਜ਼ਾਦ ਹੋਏ ਸਨ।

ਆਜ਼ਾਦੀ ਦਿਵਸ (Independence Day) ਹਰ ਉਸ ਕੌਮ ਦੇ ਦਿਲ ਵਿੱਚ ਡੂੰਘੀ ਮਹੱਤਤਾ ਰੱਖਦਾ ਹੈ ਜਿਸਨੇ ਬਸਤੀਵਾਦ ਦੇ ਜ਼ੁਲਮਾਂ ਨੂੰ ਹੰਢਾਇਆ ਹੈ। ਭਾਰਤ ਵਿੱਚ ਹਰ ਸਾਲ ਆਜ਼ਾਦੀ ਦਿਵਸ 15 ਅਗਸਤ ਨੂੰ ਮਨਾਇਆ ਜਾਂਦਾ ਹੈ ਅਤੇ ਪਾਕਿਸਤਾਨ (Pakistan) ਵਿੱਚ ਇੱਕ ਦਿਨ ਪਹਿਲਾਂ 14 ਅਗਸਤ ਨੂੰ। ਜਦ ਕਿ ਦੋਨੋ ਦੇਸ਼ ਇੱਕ ਹੀ ਦਿਨ ਆਜ਼ਾਦ ਹੋਏ ਸਨ। ਫਿਰ ਸਵਾਲ ਉੱਠਦਾ ਹੈ ਕਿ ਜੇਕਰ ਆਜ਼ਾਦੀ ਇਕੋ ਦਿਨ ਮਿਲੀ ਸੀ ਤਾਂ ਆਜ਼ਾਦੀ ਦਿਵਸ ਕਿਉਂ ਅਲੱਗ-ਅਲੱਗ ਦਿਨ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਨੇ ਆਪਣਾ ਪਹਿਲਾ ਆਜ਼ਾਦੀ ਦਿਵਸ 15 ਅਗਸਤ ਨੂੰ ਹੀ ਮਨਾਇਆ ਸੀ ਪਰ ਫਿਰ ਅਜਿਹਾ ਕੀ ਹੋਇਆ ਕਿ ਪਾਕਿਸਤਾਨ ਨੇ ਆਜ਼ਾਦੀ ਦਿਵਸ ਦੀ ਤਾਰੀਖ ਬਦਲ ਕੇ 14 ਅਗਸਤ ਕਰ ਲਈ।
1947 ਵਿੱਚ ਬ੍ਰਿਟਿਸ਼ ਭਾਰਤ ਦੀ ਵੰਡ ਨੇ ਦੋ ਨਵੇਂ ਪ੍ਰਭੂਸੱਤਾ ਸੰਪੰਨ ਦੇਸ਼ਾਂ, ਭਾਰਤ ਅਤੇ ਪਾਕਿਸਤਾਨ ਨੂੰ ਜਨਮ ਦਿੱਤਾ। ਦੋਵੇਂ ਦੇਸ਼ਾਂ ਨੇ ਉਸੇ ਇਤਿਹਾਸਕ ਮੌਕੇ ’ਤੇ ਬ੍ਰਿਟਿਸ਼ ਸ਼ਾਸਨ (British rule) ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਪਰ ਇਸ ਮਹੱਤਵਪੂਰਨ ਘਟਨਾ ਦੇ ਜਸ਼ਨ ਵੱਖ-ਵੱਖ ਤਾਰੀਖਾਂ ’ਤੇ ਹੁੰਦੇ ਹਨ। ਹੋਰ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਪਾਕਿਸਤਾਨ ਦੇ ਕਾਇਦਾ-ਏ-ਆਜ਼ਮ ਮੁਹੰਮਦ
ਅਲੀ ਜਿਨਾਹ ਨੇ ਆਪਣੇ ਪਹਿਲੇ ਸੰਬੋਧਨ ਵਿੱਚ ਦੇਸ਼ ਨੂੰ ਆਜ਼ਾਦੀ ਦਿਵਸ ਦੀ ਵਧਾਈ ਵੀ 15 ਅਗਸਤ ਨੂੰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਬਹੁਤ ਸਾਰੀ ਖ਼ੁਸ਼ੀ ਦੇ ਨਾਲ ਮੈਂ ਪੂਰੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ। 15 ਅਗਸਤ ਪਾਕਿਸਤਾਨ ਦਾ ਜਨਮ ਦਿਨ ਹੈ।
ਭਾਰਤ ਨਾਲੋਂ ਪਹਿਲਾਂ ਸੌਂਪੀ ਗਈ ਸੀ ਸੱਤਾ
ਜੇਕਰ ਦਿਨ ਬਦਲਣ ਦੀ ਵਜ੍ਹਾ ਦੀ ਪੜਚੋਲ ਕੀਤੀ ਜਾਵੇ ਤਾਂ ਇਸਦੇ ਪਿੱਛੇ ਦੋ ਕਾਰਨ ਮਿਲਦੇ ਹਨ। ਅਸਲ ਵਿੱਚ ਇੰਡੀਅਨ ਇੰਡੀਪੈਂਡਸ ਬਿੱਲ (Indian Independence Bill) 4 ਜੁਲਾਈ ਨੂੰ ਬ੍ਰਿਿਟਸ਼ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ। ਇਸਨੂੰ 15 ਜੁਲਾਈ ਨੂੰ ਕਾਨੂੰਨ ਦੀ ਰੂਪ-ਰੇਖਾ ਦਿੱਤੀ ਗਈ ਸੀ। ਇਸ ਬਿਲ ਦੇ ਅਨੁਸਾਰ 14-15 ਦੀ ਅੱਧੀ ਰਾਤ ਨੂੰ ਬ੍ਰਿ੍ਟਿਸ਼ ਭਾਰਤ ਦੀ ਵੰਡ ਹੋਣੀ ਸੀ। ਅੱਧੀ ਰਾਤ ਨੂੰ ਬ੍ਰਿ੍ਟਿਸ਼ ਭਾਰਤ ਦੇ ਵਿੱਚੋਂ ਵੱਖ ਹੋ ਕੇ ਪਾਕਿਸਤਾਨ ਨਾਮ ਦਾ ਦੇਸ਼ ਹੋਂਦ ਵਿੱਚ ਆਉਣਾ ਸੀ ਅਤੇ ਇੱਕ ਤੋਂ ਦੋ ਦੇਸ਼ ਬਣਨ ਜਾ ਰਹੇ ਸੀ। ਪਾਕਿਸਤਾਨ ਦੇ ਇਤਿਹਾਸਕਾਰ ਕੇਕੇ ਅਜ਼ੀਜ਼ ਆਪਣੀ ਕਿਤਾਬ ‘ਮਰਡਰ ਆਫ ਹਿਸਟਰੀ’ ਵਿੱਚ ਲਿਖਦੇ ਹਨ ਕਿ ਦੋਨਾਂ ਦੇਸ਼ਾਂ ਨੂੰ ਸੱਤਾ ਸੌਂਪਣ ਦੀ ਜ਼ਿਮੇਵਾਰੀ ਵਾਇਸਰਾਏ ਲਾਰਡ ਮਾਉਂਟਬੈਂਟਨ (Viceroy Lord Mountbenton) ਦੀ ਸੀ ਅਤੇ 15 ਅਗਸਤ ਦਿਨ ਮੁਕੱਰਰ ਕੀਤੇ ਅਨੁਸਾਰ ਉਹ ਇਕੋ ਦਿਨ ਅਤੇ ਇਕੋ ਸਮੇਂ ਦਿੱਲੀ ਅਤੇ ਕਰਾਚੀ ਮੌਜੂਦ ਨਹੀਂ ਹੋ ਸਕਦੇ ਸੀ। ਇਸ ਲਈ ਵਾਇਸਰਾਏ ਰਹਿੰਦੇ ਹੋਏ ਮਾਊਂਟਬੈਟਨ ਨੇ 14 ਅਗਸਤ ਨੂੰ ਹੀ ਪਾਕਿਸਤਾਨ ਨੂੰ ਸੱਤਾ ਸੌਂਪ ਦਿੱਤੀ ਅਤੇ ਕਰਾਚੀ ਵਿੱਚ 14 ਅਗਸਤ ਨੂੰ ਹੀ ਝੰਡਾ ਝੁਲਾ ਦਿੱਤਾ ਗਿਆ ਸੀ। ਇਸ ਲਈ ਪਾਕਿਸਤਾਨ ਨੇ 14 ਅਗਸਤ ਨੂੰ ਹੀ ਆਪਣਾ ਆਜ਼ਾਦੀ ਦਿਵਸ ਮੰਨ ਲਿਆ।
ਪਹਿਲਾਂ ਮਿਲੇ ਸਨ ਦਸਤਾਵੇਜ਼
ਕਈਆਂ ਦਾ ਇਹ ਮੰਨਣਾ ਹੈ ਕਿ ਤੱਥਾਂ ਮੁਤਾਬਿਕ ਆਜ਼ਾਦੀ ਦੋਨਾਂ ਦੇਸ਼ਾਂ ਨੂੰ ਇਕੋ ਦਿਨ ਮਿਲੀ ਸੀ ਪਰ ਪਾਕਿਸਤਾਨ ਨੂੰ ਦਸਤਾਵੇਜ਼ ਇੱਕ ਦਿਨ ਪਹਿਲਾਂ ਮਿਲ ਗਏ ਸੀ। ਇਸ ਲਈ ਉਨ੍ਹਾਂ ਨੇ ਆਪਣਾ ਆਜ਼ਾਦੀ ਦਾ ਦਿਨ ਇੱਕ ਦਿਨ ਪਹਿਲਾਂ ਮੰਨ ਲਿਆ ਸੀ। ਕੁੱਝ ਰਿਪੋਰਟਾਂ ਦਾ ਇਹ ਵੀ ਮੰਨਣਾ ਹੈ ਕਿ 1947 ਵਿੱਚ 14 ਅਗਸਤ ਨੂਂ ਰਮਜ਼ਾਨ ਦਾ 27ਵਾਂ ਦਿਨ ਯਾਨੀ ਸ਼ਬ-ਏ-ਕਦਰ ਸੀ। ਇਸਲਾਮਿਕ ਮਾਨਤਾ ਅਨੁਸਾਰ ਪਵਿੱਤਰ ਕੁਰਾਨ ਇਸੇ ਰਾਤ ਉਤਾਰੀ ਗਈ ਸੀ। ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ ਕਿ ਪਾਕਿਸਤਾਨ ਨੇ 14 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮੰਨ ਲਿਆ।
15 ਅਗਸਤ ਨੂੰ ਜਾਰੀ ਹੋਇਆ ਸੀ ਪਹਿਲਾ ਗਜ਼ਟ
15 ਅਗਸਤ 1947 ਨੂੰ, ਪਾਕਿਸਤਾਨ ਦਾ ਪਹਿਲਾ ਗਜ਼ਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਪਾਕਿਸਤਾਨ ਦੇ ਗਵਰਨਰ ਜਨਰਲ ਵਜੋਂ ਮੁਹੰਮਦ ਅਲੀ ਜਿਨਾਹ ਦੀ ਨਿਯੁਕਤੀ ਅਤੇ ਉਸ ਦਿਨ ਤੋਂ ਉਨ੍ਹਾਂ ਦੇ ਅਹੁਦਾ ਸੰਭਾਲਣ ਦੀ ਘੋਸ਼ਣਾ ਕੀਤੀ ਗਈ ਸੀ। ਉਸੇ ਦਿਨ ਲਾਹੌਰ ਹਾਈ ਕੋਰਟ ਦੇ ਚੀਫ਼ ਜਸਟਿਸ ਅਬਦੁਲ ਰਸ਼ੀਦ (Chief Justice Abdul Rashid) ਨੇ ਜਿਨਾਹ ਨੂੰ ਪਾਕਿਸਤਾਨ ਦੇ ਪਹਿਲੇ ਗਵਰਨਰ ਜਨਰਲ ਵਜੋਂ ਅਹੁਦੇ ਦੀ ਸਹੁੰ ਚੁਕਾਈ ਅਤੇ ਉਸੇ ਦਿਨ ਨਵਾਬਜ਼ਾਦਾ ਲਿਆਕਤ ਦੀ ਅਗਵਾਈ ਹੇਠ ਪਾਕਿਸਤਾਨ ਦੀ ਪਹਿਲੀ ਕੈਬਨਿਟ ਦੇ ਮੈਂਬਰਾਂ ਨੂੰ ਸਹੁੰ ਚੁਕਾਈ ਗਈ। ਦਸਤਾਵੇਜ਼ੀ ਸਬੂਤਾਂ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ 14 ਅਗਸਤ 1947 ਨੂੰ ਨਹੀਂ ਸਗੋਂ 15 ਅਗਸਤ 1947 ਨੂੰ ਹੋਂਦ ਵਿਚ ਆਇਆ ਸੀ। ਪਾਕਿਸਤਾਨ ਦੀ ਸਥਾਪਨਾ ਦੇ ਪਹਿਲੇ ਸਾਲ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਪਾਕਿਸਤਾਨ ਕਦੋਂ ਆਜ਼ਾਦ ਹੋਇਆ।
ਕੈਬਨਿਟ ਨੇ ਬਦਲੀ ਸੀ ਤਰੀਕ
ਮੰਗਲਵਾਰ, 29 ਜੂਨ, 1948 ਨੂੰ ਪ੍ਰਧਾਨ ਮੰਤਰੀ ਨਵਾਬਜ਼ਾਦਾ ਲਿਆਕਤ ਅਲੀ ਖ਼ਾਨ ਦੀ ਪ੍ਰਧਾਨਗੀ ਹੇਠ ਕਰਾਚੀ ਵਿੱਚ ਕੈਬਨਿਟ ਦੀ ਮੀਟਿੰਗ ਹੋਈ, ਜਿਸ ਵਿੱਚ ਵਿਦੇਸ਼ ਮੰਤਰੀ, ਕਾਨੂੰਨ ਅਤੇ ਕਿਰਤ ਮੰਤਰੀ, ਸ਼ਰਨਾਰਥੀ ਅਤੇ ਮੁੜ ਵਸੇਬਾ ਮੰਤਰੀ, ਖੁਰਾਕ ਮੰਤਰੀ, ਖੇਤੀਬਾੜੀ ਅਤੇ ਸਿਹਤ ਮੰਤਰੀ, ਗ੍ਰਹਿ ਅਤੇ ਸੂਚਨਾ ਮੰਤਰੀ ਅਤੇ ਪ੍ਰਸਾਰਣ ਮੰਤਰੀ ਮੌਜੂਦ ਸਨ। ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਪਾਕਿਸਤਾਨ ਦਾ ਪਹਿਲਾ ਸੁਤੰਤਰਤਾ ਦਿਵਸ 15 ਅਗਸਤ 1948 ਦੀ ਬਜਾਏ 14 ਅਗਸਤ 1948 ਨੂੰ ਮਨਾਇਆ ਜਾਵੇ। ਪ੍ਰਧਾਨ ਮੰਤਰੀ ਲਿਆਕਤ ਅਲੀ ਨੇ ਕੈਬਨਿਟ ਨੂੰ ਦੱਸਿਆ ਕਿ ਇਹ ਫ਼ੈਸਲਾ ਅੰਤਿਮ ਨਹੀਂ ਹੈ, ਉਹ ਇਸ ਮਾਮਲੇ ਨੂੰ ਗਵਰਨਰ ਜਨਰਲ ਦੇ ਧਿਆਨ ਵਿੱਚ ਲਿਆਉਣਗੇ ਅਤੇ ਜੋ ਵੀ ਅੰਤਿਮ ਫ਼ੈਸਲਾ ਲਿਆ ਜਾਵੇਗਾ, ਉਹ ਜਿਨਾਹ ਦੀ ਮਨਜ਼ੂਰੀ ਤੋਂ ਬਾਅਦ ਹੋਵੇਗਾ।
ਆਦੇਸ਼ ਵਿੱਚ ਕਿਹਾ ਗਿਆ ਕਿ ਦੇਸ਼ ਦਾ ਪਹਿਲਾ ਸੁਤੰਤਰਤਾ ਦਿਵਸ ਸਮਾਰੋਹ (Independence Day Celebration) 14 ਅਗਸਤ 1948 ਨੂੰ ਆਯੋਜਿਤ ਕੀਤਾ ਜਾਵੇਗਾ। ਇਸ ਦਿਨ ਪੂਰੇ ਦੇਸ਼ ’ਚ ਜਨਤਕ ਛੁੱਟੀ ਹੋਵੇਗੀ ਅਤੇ ਸਾਰੀਆਂ ਸਰਕਾਰੀ ਅਤੇ ਜਨਤਕ ਇਮਾਰਤਾਂ ’ਤੇ ਰਾਸ਼ਟਰੀ ਝੰਡੇ ਲਹਿਰਾਏ ਜਾਣਗੇ। ਮੰਤਰੀ ਮੰਡਲ ਦੇ ਇਸ ਫ਼ੈਸਲੇ ਨੂੰ ਲਾਗੂ ਕੀਤਾ ਗਿਆ ਅਤੇ 14 ਅਗਸਤ 1948 ਨੂੰ ਪਾਕਿਸਤਾਨ ਦਾ ਪਹਿਲਾ ਆਜ਼ਾਦੀ ਦਿਵਸ ਪੂਰੇ ਦੇਸ਼ ਵਿੱਚ ਮਨਾਇਆ ਗਿਆ।
ਪ੍ਰਥਾ ਅੱਜ ਵੀ ਹੈ ਜਾਰੀ
ਪਾਕਿਸਤਾਨ ਦਾ ਸੁਤੰਤਰਤਾ ਦਿਵਸ 15 ਅਗਸਤ ਦੀ ਬਜਾਏ 14 ਅਗਸਤ ਨੂੰ ਮਨਾਉਣ ਦੀ ਇਹ ਪ੍ਰਥਾ ਅੱਜ ਵੀ ਜਾਰੀ ਹੈ ਅਤੇ ਹੌਲੀ-ਹੌਲੀ ਇਹ ਸਥਾਪਿਤ ਹੋ ਗਿਆ ਕਿ ਪਾਕਿਸਤਾਨ 15 ਅਗਸਤ 1947 ਨੂੰ ਨਹੀਂ ਸਗੋਂ 14 ਅਗਸਤ 1947 ਨੂੰ ਆਜ਼ਾਦ ਹੋਇਆ ਸੀ। ਅਧਿਐਨ ਕਰਨ ’ਤੇ ਕਾਫੀ ਹੱਦ ਤੱਕ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪਾਕਿਸਤਾਨ ਦੀ ਪਹਿਲੀ ਕੈਬਨਿਟ ਨੇ ਪਾਕਿਸਤਾਨ ਦੀ ਆਜ਼ਾਦੀ ਦੇ ਇਤਿਹਾਸ ਨੂੰ ਨਹੀਂ ਬਦਲਿਆ ਸੀ, ਸਗੋਂ ਇਹ ਫ਼ੈਸਲਾ ਕੀਤਾ ਸੀ ਕਿ ਹਰ ਸਾਲ ਪਾਕਿਸਤਾਨ ਦਾ ਆਜ਼ਾਦੀ ਦਿਵਸ 15 ਅਗਸਤ ਦੀ ਬਜਾਏ 14 ਅਗਸਤ ਨੂੰ ਮਨਾਇਆ ਜਾਵੇਗਾ। ਜਿਨਾਹ ਨੇ ਵੀ ਇਸ ਫ਼ੈਸਲੇ ਦਾ ਸਮਰਥਨ ਕੀਤਾ। 14 ਅਗਸਤ ਦੀ ਚੋਣ ਕਰ ਕੇ, ਪਾਕਿਸਤਾਨ ਨੇ ਵੀ ਇੱਕ ਵੱਖਰੇ ਰਾਸ਼ਟਰ ਵਜੋਂ ਆਪਣੀ ਪਛਾਣ ਨੂੰ ਵੱਖਰਾ ਕੀਤਾ, ਇਸ ਧਾਰਨਾ ਨੂੰ ਮਜ਼ਬੂਤ ਕੀਤਾ ਕਿ ਇਹ ਸਿਰਫ਼ ਬ੍ਰਿਟਿਸ਼ ਭਾਰਤ ਦੀ ਵੰਡ ਨਹੀਂ ਸੀ, ਸਗੋਂ ਦੋ ਨਵੇਂ ਅਤੇ ਆਜ਼ਾਦ ਦੇਸ਼ਾਂ ਦਾ ਜਨਮ ਸੀ।
ਡਾਕ ਟਿਕਟਾਂ ਦਾ ਸੱਚ
ਜੇਕਰ ਪਾਕਿਸਤਾਨ ਦੀਆਂ ਡਾਕ ਟਿਕਟਾਂ (postage stamps) ਦੇ ਇਤਿਹਾਸ ਵਿੱਚੋਂ ਸੱਚ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇੱਕ ਹੋਰ ਤੱਥ ਉੱਭਰ ਕੇ ਸਾਹਮਣੇ ਆਉਂਦਾ ਹੈ। ਪਾਕਿਸਤਾਨ ਦੀ ਆਜ਼ਾਦੀ ਤੋਂ 11 ਮਹੀਨੇ ਬਾਅਦ 9 ਜੁਲਾਈ 1948 ਨੂੰ ਡਾਕ ਟਿਕਟਾਂ ਜਾਰੀ ਹੋਈਆਂ ਸੀ ਜਿਨ੍ਹਾਂ ’ਤੇ ਸਾਫ਼-ਸਾਫ਼ ਪਾਕਿਸਤਾਨ ਦਾ ਆਜ਼ਾਦੀ ਦਿਵਸ 15 ਅਗਸਤ 1947 ਛਪਿਆ ਹੋਇਆ ਹੈ।
- ਦਿਲਰਾਜ ਸਿੰਘ ਬਾਜਵਾ