- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਆਦਤਾਂ ਵਕਤ ਦੀ ਬਰਬਾਦੀ ਕਰਦੀਆਂ ਹਨ। ਅਸੀਂ ਨਾ ਤਾਂ ਆਪ ਸਮੇਂ ਦੀ ਕਦਰ ਕਰਦੇ ਹਾਂ ਅਤੇ ਨਾ ਹੀ ਦੂਜਿਆਂ ਦੇ ਕੀਮਤੀ ਸਮੇਂ ਦਾ ਖ਼ਿਆਲ ਰੱਖਦੇ ਹਾਂ। ਕੁਦਰਤ ਵੱਲੋਂ ਹਰ ਕੰਮ ਦਾ ਸਮਾਂ ਨਿਸ਼ਚਿਤ ਹੈ। ਦਿਨ-ਰਾਤ ਆਪੋ-ਆਪਣੇ ਗੇੜ ਅਨੁਸਾਰ ਚੱਲ ਰਹੇ ਹਨ, ਮੌਸਮ ਤਬਦੀਲ ਹੁੰਦੇ ਹਨ, ਜੀਵ-ਜੰਤੂਆਂ ਤੇ ਮਨੁੱਖਾਂ ਦਾ ਜਨਮ-ਮਰਨ ਵੀ ਨਿਸ਼ਚਿਤ ਹੈ। ਇੰਜ ਕੁਦਰਤ ਦੇ ਕਾਦਰ ਨੇ ਹਰ ਸਥਿਤੀ ਵਿਚ ਸਮਾਂ ਨਿਰਧਾਰਤ ਕੀਤਾ ਹੋਇਆ ਹੈ। ਸਮਾਂ ਅਜਾਈਂ ਗੁਆਉਣ ਦੀਆਂ ਨਿਸ਼ਾਨੀਆਂ ਸਪਸ਼ਟ ਹਨ।

ਸਮਾਂ ਅਨਮੋਲ ਹੈ। ਸਫਲਤਾ ਲਈ ਸਮੇਂ ਦੀ ਕਦਰ ਕਰਨੀ, ਅਨੁਸ਼ਾਸਨ ਵਿਚ ਰਹਿਣਾ ਅਤੇ ਹਰ ਕੰਮ ਸਹੀ ਸਮੇਂ ’ਤੇ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਮੇਂ ਦੀ ਬਰਬਾਦੀ ਮਨੁੱਖ ਨੂੰ ਬਰਬਾਦ ਕਰ ਦਿੰਦੀ ਹੈ। ਸਮਾਂ ਨਿਰੰਤਰ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਇਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਜਿਹੜਾ ਸਮਾਂ ਇਕ ਵਾਰ ਲੰਘ ਜਾਂਦਾ ਹੈ, ਉਹ ਮੁੜ ਕੇ ਨਹੀਂ ਆਉਂਦਾ। ਪੰਜਾਬੀ ਦੇ ਮਹਾਨ ਸਾਹਿਤਕਾਰ ਭਾਈ ਵੀਰ ਸਿੰਘ ਨੇ ਸਮੇਂ ਦੀ ਰਫ਼ਤਾਰ ਤੇ ਮਹਾਨਤਾ ਨੂੰ ਆਪਣੀ ਕਵਿਤਾ ‘ਸਮਾਂ’ ਵਿਚ ਇੰਜ ਪ੍ਰਗਟ ਕੀਤਾ ਹੈ : “ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ।” ਜ਼ਿਆਦਾਤਰ ਲੋਕ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ। ਕਿਸੇ ਕੰਮ ਵਿਚ ਥੋੜ੍ਹਾ-ਬਹੁਤ ਵਧੇਰੇ ਸਮਾਂ ਲੱਗ ਜਾਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਨ। ਸਾਡੇ ਖਾਣ-ਪੀਣ, ਸੌਣ-ਜਾਗਣ, ਆਉਣ-ਜਾਣ ਆਦਿ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਹੈ। ਅਸੀਂ ਬੇਲੋੜੇ ਕੰਮਾਂ ਵਿਚ ਸਮਾਂ ਬਰਬਾਦ ਕਰਦੇ ਹਾਂ। ਬਿਨਾਂ ਮਤਲਬ ਤੋਂ ਟੈਲੀਵਿਜ਼ਨ ਦੇਖਣਾ, ਹਰ ਸਮੇਂ ਮੋਬਾਈਲ ਫੋਨ ’ਤੇ ਲੱਗੇ ਰਹਿਣਾ, ਸਾਰਾ-ਸਾਰਾ ਦਿਨ ਘਰੇਲੂ ਕੰਮਾਂ ਦਾ ਨਿਪਟਾਰਾ ਨਾ ਕਰਨਾ ਤੇ ਕਈ ਵਾਰ ਕਿਤੇ ਭੀੜ ਹੋਵੇ ਤਾਂ ਅਸੀਂ ਉਸ ਦਾ ਹਿੱਸਾ ਬਣ ਜਾਂਦੇ ਹਾਂ। ਇਹ ਆਦਤਾਂ ਵਕਤ ਦੀ ਬਰਬਾਦੀ ਕਰਦੀਆਂ ਹਨ। ਅਸੀਂ ਨਾ ਤਾਂ ਆਪ ਸਮੇਂ ਦੀ ਕਦਰ ਕਰਦੇ ਹਾਂ ਅਤੇ ਨਾ ਹੀ ਦੂਜਿਆਂ ਦੇ ਕੀਮਤੀ ਸਮੇਂ ਦਾ ਖ਼ਿਆਲ ਰੱਖਦੇ ਹਾਂ। ਕੁਦਰਤ ਵੱਲੋਂ ਹਰ ਕੰਮ ਦਾ ਸਮਾਂ ਨਿਸ਼ਚਿਤ ਹੈ। ਦਿਨ-ਰਾਤ ਆਪੋ-ਆਪਣੇ ਗੇੜ ਅਨੁਸਾਰ ਚੱਲ ਰਹੇ ਹਨ, ਮੌਸਮ ਤਬਦੀਲ ਹੁੰਦੇ ਹਨ, ਜੀਵ-ਜੰਤੂਆਂ ਤੇ ਮਨੁੱਖਾਂ ਦਾ ਜਨਮ-ਮਰਨ ਵੀ ਨਿਸ਼ਚਿਤ ਹੈ। ਇੰਜ ਕੁਦਰਤ ਦੇ ਕਾਦਰ ਨੇ ਹਰ ਸਥਿਤੀ ਵਿਚ ਸਮਾਂ ਨਿਰਧਾਰਤ ਕੀਤਾ ਹੋਇਆ ਹੈ। ਸਮਾਂ ਅਜਾਈਂ ਗੁਆਉਣ ਦੀਆਂ ਨਿਸ਼ਾਨੀਆਂ ਸਪਸ਼ਟ ਹਨ। ਜਦੋਂ ਕਿਤੇ ਬੱਸਾਂ-ਗੱਡੀਆਂ ਲੇਟ ਹੋ ਜਾਂਦੀਆਂ ਹਨ ਤੇ ਕਰਮਚਾਰੀ ਸਮੇਂ ਸਿਰ ਡਿਊਟੀ ’ਤੇ ਹਾਜ਼ਰ ਨਹੀਂ ਹੁੰਦੇ ਤਾਂ ਉਹ ਮਾਨਸਿਕ ਪਰੇਸ਼ਾਨੀ ਵਿਚ ਘਿਰ ਜਾਂਦੇ ਹਨ। ਅਸੀਂ ਫ਼ਜ਼ੂਲ ਗੱਲਾਂ ਵਿਚ ਸਮਾਂ ਬਰਬਾਦ ਕਰ ਕੇ ਆਪਣੇ-ਆਪ ਨੂੰ ਧੋਖਾ ਦਿੰਦੇ ਹਾਂ। ਸਾਡੇ ਜ਼ਰੂਰੀ ਤੇ ਲੋੜੀਂਦੇ ਕੰਮ ਖ਼ਰਾਬ ਹੋ ਜਾਂਦੇ ਹਨ। ਫਿਰ ਅਸੀਂ ਪਛਤਾਉਂਦੇ ਹਾਂ ਪਰ ਹੁਣ ਕੁਝ ਨਹੀਂ ਹੋ ਸਕਦਾ ਕਿਉਂਕਿ ਲੰਘਿਆ ਸਮਾਂ ਵਾਪਸ ਨਹੀਂ ਆਉਂਦਾ ਤੇ ਇਹੋ ਕਹਿਣਾ ਪੈਂਦਾ ਹੈ: ‘ਅਬ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ।’ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਰਿਆਂ ਨੂੰ ਸਮੇਂ ਦੀ ਕਦਰ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ। ਅੱਜ ਦਾ ਕੰਮ ਕੱਲ੍ਹ ’ਤੇ ਨਾ ਛੱਡੋ, ਆਲਸ ਤਿਆਗੋ। ਵਿਦਿਆਰਥੀਆਂ ਲਈ ਸਮੇਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਅੱਜ ਦਾ ਸੁਚਾਰੂ ਇਸਤੇਮਾਲ ਉਨ੍ਹਾਂ ਦਾ ਭਵਿੱਖ ਸੰਵਾਰ ਸਕਦਾ ਹੈ। ਸੋ, ਜੀਵਨ ਵਿਚ ਅੱਗੇ ਵਧਣ ਲਈ ਹਰ ਕੰਮ ਨੂੰ ਪੂਰੇ ਉਤਸ਼ਾਹ ਨਾਲ ਸਮੇਂ ਸਿਰ ਕਰਨਾ ਚਾਹੀਦਾ ਹੈ। ਜੇ ਅਸੀਂ ਘਰਾਂ ਵਿਚ ਹੀ ਸਮੇਂ ਦੀ ਕਦਰ ਪਾਉਣ ਦੀ ਆਦਤ ਪਾਵਾਂਗੇ ਤਾਂ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਸਾਡੇ ਜਨਤਕ ਸਮਾਗਮ ਵੀ ਵੇਲੇ ਸਿਰ ਹੋਇਆ ਕਰਨਗੇ। ਇਸ ਤਰ੍ਹਾਂ ਜੇ ਅਸੀਂ ਸਮੇਂ ਦੀ ਕਦਰ ਕਰਨੀ ਸਿੱਖ ਜਾਵਾਂਗੇ ਤਾਂ ਜ਼ਿੰਦਗੀ ਵਿਚ ਸਫਲ ਹੋਵਾਂਗੇ।
-ਵੀਰਪ੍ਰੀਤ ਕੌਰ, ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਕਾਲੇਕੇ।