- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ ਬੇਸ਼ੱਕ ਪਸੰਦੀਦਾ ਮੁਲਕ ਹਨ ਪਰ ਜਰਮਨੀ, ਸਪੇਨ ਅਤੇ ਸਿੰਗਾਪੁਰ ਵਰਗੇ ਦੇਸ਼ ਸਿੱਖਿਆ ਖੇਤਰ ’ਚ ਵਿਦਿਆਰਥੀਆਂ ਨੂੰ ਨਵੇਂ ਮੌਕੇ ਦੇ ਰਹੇ ਹਨ। ਨਵੇਂ ਰੁਝਾਨ ਮੁਤਾਬਕ ਆਲਮੀ ਪੱਧਰ ’ਤੇ ਇਹ ਨੌਜਵਾਨ ਅੰਤਰਰਾਸ਼ਟਰੀ ਸਿੱਖਿਆ ’ਤੇ ਸਾਲਾਨਾ ਲਗਭਗ 3.7 ਬਿਲੀਅਨ ਡਾਲਰ ਦਾ ਖ਼ਰਚਾ ਕਰਦੇ ਹਨ।

ਜਦੋਂ ਵਿਦੇਸ਼ਾਂ ’ਚ ਪੜ੍ਹਾਈ ਤੇ ਕਾਮੇ ਬਣਨ ਦੇ ਨਾਲ-ਨਾਲ ਪੱਕੇ ਵਸਨੀਕ ਬਣਨ ਦੀ ਕਰਨ ਦੀ ਗੱਲ ਤੁਰਦੀ ਹੈ ਤਾਂ ਖ਼ਾਸਕਰ ਪੰਜਾਬ ਦੇ ਨੌਜਵਾਨਾਂ ਦਾ ਨਾਂ ਉਚੇਚੇ ਤੌਰ ’ਤੇ ਲਿਆ ਜਾਂਦਾ ਹੈ। ਕਈ ਮੁਲਕਾਂ ਦਾ ਅਰਥਚਾਰਾ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਅਤੇ ਘੁੰਮਣ ਦੇ ਸ਼ੌਕੀਨ ਲੋਕਾਂ ’ਤੇ ਹੀ ਟਿਕਿਆ ਹੈ। ਪੜ੍ਹਾਈ ਖ਼ਾਤਰ ਅਮਰੀਕਾ, ਕੈਨੇਡਾ ਤੇ ਨਿਊਜ਼ੀਲੈਂਡ ਵਰਗੇ ਦੇਸ਼ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਦੀ ਪਹਿਲੀ ਪਸੰਦ ਹਨ। ਹੁਣ ਹੋ ਸਕਦਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਆਸਟ੍ਰੇਲੀਆ ਵੱਲੋਂ ਲਿਆ ਗਿਆ ਸਟੂਡੈਂਟ ਵੀਜ਼ਾ ਫੀਸ ’ਚ 25 ਫ਼ੀਸਦ ਦਾ ਵਾਧਾ ਕਿਸੇ ਝਟਕੇ ਵਾਂਗ ਲੱਗੇ। ਆਸਟ੍ਰੇਲੀਆ ਦੇ ਇਸ ਨਵੇਂ ਵਿੱਤੀ ਬੋਝ ਮੁਤਾਬਕ ਪਹਿਲਾਂ ਲਗਾਈ ਗਈ 2000 ਡਾਲਰ ਦੀ ਫੀਸ ਨੂੰ 2500 ਡਾਲਰ ਕੀਤਾ ਗਿਆ ਹੈ। ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਵੀ ਇਸੇ ਤਰ੍ਹਾਂ ਫੀਸ ਵਧਾ ਚੁੱਕਾ ਹੈ। ਵਿਦਿਆਰਥੀਆਂ ਤੇ ਸੈਲਾਨੀਆਂ ਦੀ ਆਮਦ ਨੂੰ ਲੈ ਕੇ ਹੋਰ ਮੁਲਕ ਵੀ ਇਕ ਵਾਰ ਨਹੀਂ ਕਈ ਵਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰ ਚੁੱਕੇ ਹਨ। ਹਾਲਾਂਕਿ ਇਹ ਵੀਜ਼ਾ ਫੀਸ ਹਰ ਸਾਲ ਪੰਜਾਬ ਤੇ ਹਰਿਆਣਾ ਤੋਂ ਆਸਟ੍ਰੇਲੀਆ ਵਰਗੇ ਮੁਲਕਾਂ ’ਚ ਪੜ੍ਹਾਈ ਲਈ ਤਿਆਰੀ ਕਰ ਰਹੇ ਵਿਦਿਆਰਥੀਆਂ ਦੇ ਰੁਝਾਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ 1.8 ਮਿਲੀਅਨ ਤੋਂ ਵੱਧ ਭਾਰਤੀ ਵਿਦਿਆਰਥੀ ਇਸ ਵੇਲੇ ਵੱਖ-ਵੱਖ 85 ਦੇਸ਼ਾਂ ’ਚ ਪੜ੍ਹਾਈ ਲਈ ਰੁਖ਼ ਕਰ ਰਹੇ ਹਨ। ਅਮਰੀਕਾ, ਯੂਕੇ, ਆਸਟ੍ਰੇਲੀਆ ਅਤੇ ਕੈਨੇਡਾ ਬੇਸ਼ੱਕ ਪਸੰਦੀਦਾ ਮੁਲਕ ਹਨ ਪਰ ਜਰਮਨੀ, ਸਪੇਨ ਅਤੇ ਸਿੰਗਾਪੁਰ ਵਰਗੇ ਦੇਸ਼ ਸਿੱਖਿਆ ਖੇਤਰ ’ਚ ਵਿਦਿਆਰਥੀਆਂ ਨੂੰ ਨਵੇਂ ਮੌਕੇ ਦੇ ਰਹੇ ਹਨ। ਨਵੇਂ ਰੁਝਾਨ ਮੁਤਾਬਕ ਆਲਮੀ ਪੱਧਰ ’ਤੇ ਇਹ ਨੌਜਵਾਨ ਅੰਤਰਰਾਸ਼ਟਰੀ ਸਿੱਖਿਆ ’ਤੇ ਸਾਲਾਨਾ ਲਗਭਗ 3.7 ਬਿਲੀਅਨ ਡਾਲਰ ਦਾ ਖ਼ਰਚਾ ਕਰਦੇ ਹਨ। ਨਵੇਂ ਅੰਕੜਿਆਂ ਮੁਤਾਬਕ ਹਰ ਸਾਲ ਇਹ ਵਾਧਾ 31 ਫ਼ੀਸਦ ਹੋ ਰਿਹਾ ਹੈ। ਸਵਾਲ ਇਹ ਨਹੀਂ ਹੈ ਕਿ ਪੰਜਾਬ ਸਣੇ ਦੇਸ਼ ਦੇ ਹੋਰ ਹਿੱਸਿਆਂ ਤੋਂ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਵੱਡਾ ਸਵਾਲ ਇਹ ਹੈ ਕਿ ਦਹਾਕਿਆਂ ਤੋਂ ਚੱਲ ਰਿਹਾ ਇਹ ਰੁਝਾਨ ਰੁਕਣ ਦਾ ਨਾਂ ਕਿਉਂ ਨਹੀਂ ਲੈ ਰਿਹਾ। ਅਜਿਹਾ ਵੀ ਨਹੀਂ ਕਿ ਸਾਡੇ ਮੁਲਕ ਦੀਆਂ ਨਿੱਜੀ ਤੇ ਸਰਕਾਰੀ ਯੂਨੀਵਰਸਿਟੀਆਂ ਗੁਣਵੱਤਾ ਭਰਪੂਰ ਸਿੱਖਿਆ ਮੁਹੱਈਆ ਨਹੀਂ ਕਰਵਾ ਰਹੀਆਂ। ਦਰਅਸਲ, ਨੌਜਵਾਨਾਂ ਦੇ ਇਸ ਤਰ੍ਹਾਂ ਪੜ੍ਹਾਈ ਖਾਤਰ ਵਿਦੇਸ਼ ਜਾਣ ਪਿੱਛੇ ਰੁਜ਼ਗਾਰ ਵੀ ਵੱਡਾ ਕਾਰਨ ਹੈ। ਬਹੁਤੇ ਵਿਦਿਆਰਥੀ ਮੁਲਕ ’ਚ ਰਹਿ ਕੇ ਪੜ੍ਹਾਈਆਂ ਇਨ੍ਹਾਂ ਅਦਾਰਿਆਂ ’ਚ ਹੀ ਪੂਰੀਆਂ ਕਰਦੇ ਹਨ। ਤਿੰਨ ਤੋਂ ਪੰਜ ਸਾਲ ਦੇ ਵੱਖ-ਵੱਖ ਕੋਰਸਾਂ ’ਚ ਆਪਣੀ ਊਰਜਾ ਖਪਾਉਣ ਤੋਂ ਬਾਅਦ ਉਨ੍ਹਾਂ ਨੂੰ ਦਿੱਤੀ ਗਈ ਡਿਗਰੀ ਨੌਕਰੀ ਹਾਸਲ ਕਰਨ ਲਈ ਕੋਈ ਰੌਸ਼ਨੀ ਦੀ ਕਿਰਨ ਨਹੀਂ ਬਣਦੀ। ਅਜਿਹਾ ਵੀ ਨਹੀਂ ਹੈ ਕਿ ਵਿਦਿਆਰਥੀ ਸਿਰਫ਼ ਵੱਡੇ ਦੇਸ਼ਾਂ ’ਚ ਪੜ੍ਹਾਈ ਲਈ ਹੀ ਜਾਂਦੇ ਹਨ। 25-30 ਲੱਖ ਖ਼ਰਚ ਕੇ ਗਏ ਵਿਦਿਆਰਥੀਆਂ ਨੂੰ ਇਸ ਗੱਲ ਦੀ ਚਿੰਤਾ ਰਹਿੰਦੀ ਹੈ ਕਿ ਉਹ ਪੜ੍ਹਨ ਦੇ ਨਾਲ-ਨਾਲ ਉੱਥੇ ਕਮਾਈ ਦੇ ਰਾਹ ਵੀ ਲੱਭਣ। ਪੜ੍ਹਾਈ ਦੇ ਨਾਲ-ਨਾਲ ਪਿੱਛੇ ਪਰਿਵਾਰ ਵੱਲੋਂ ਲਾਈ ਗਈ ਜ਼ਿੰਦਗੀ ਭਰ ਦੀ ਜਮ੍ਹਾਂ ਪੂੰਜੀ ਤੇ ਚੁੱਕੇ ਗਏ ਕਰਜ਼ਿਆਂ ਦੀ ਪੰਡ ਹੌਲੀ ਕਰਨਾ ਕਿਤੇ ਨਾ ਕਿਤੇ ਇਨ੍ਹਾਂ ਵਿਦਿਆਰਥੀਆਂ ਦੇ ਦਿਮਾਗ ’ਚ ਘੁੰਮਦਾ ਰਹਿੰਦਾ ਹੈ। ਵਿਦੇਸ਼ਾਂ ਵੱਲ ਨੌਜਵਾਨਾਂ ਦੀ ਉਡਾਰੀ ਦੇ ਕਾਰਨਾਂ ਨੂੰ ਇੱਕੋ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਸਾਲ ਦਰ ਸਾਲ ਵੱਧਦੇ ਇਨ੍ਹਾਂ ਅੰਕੜਿਆਂ ਦਾ ਸਰਕਾਰਾਂ ਵੱਲੋਂ ਜ਼ਰੂਰ ਮੁਲਾਂਕਣ ਕਰਨਾ ਚਾਹੀਦਾ ਹੈ। ਇਹ ਵੀ ਸਮਝਣਾ ਹੋਵੇਗਾ ਕਿ ਮੁਲਕ ਦਾ ਸਿੱਖਿਆ ਪ੍ਰਬੰਧ ਕਿੱਥੇ ਖੜ੍ਹਾ ਹੈ ਤੇ ਧੜਾ-ਧੜ ਡਿਗਰੀਆਂ ਹਾਸਲ ਕਰਨ ਵਾਲਿਆਂ ਲਈ ਰੁਜ਼ਗਾਰ ਦੇ ਮੌਕੇ ਕਿਸ ਪੱਧਰ ਦੇ ਹਨ। ਫੀਸਾਂ ’ਚ ਵਾਧੇ ਕਰਨਾ ਤੇ ਇਮੀਗ੍ਰੇਸ਼ਨ ਨਿਯਮਾਂ ’ਚ ਸਖ਼ਤੀ ਕਰਨਾ ਦੂਜੇ ਮੁਲਕਾਂ ਦੇ ਅਰਥਚਾਰੇ ਨਾਲ ਜੁੜੇ ਫੈ਼ਸਲੇ ਹਨ। ਇਸ ਨੂੰ ਰੋਕਣਾ ਬੇਸ਼ੱਕ ਸੰਭਵ ਨਹੀਂ ਹੈ ਪਰ ਆਪਣੇ ਮੁਲਕ ’ਚ ਸਰਕਾਰਾਂ ਨੂੰ ਨੌਜਵਾਨਾਂ ਨੂੰ ਪੜ੍ਹਾਈ ਤੋਂ ਬਾਅਦ ਕਮਾਈ ਦੇ ਕਾਬਲ ਬਣਾਉਣ ਵੱਲ ਜ਼ਰੂਰ ਪੱਕੇ ਪੈਰੀਂ ਸੋਚਣਾ ਚਾਹੀਦਾ ਹੈ।