- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੀਵਨ ਦਾ ਹੁਨਰ ਇਕ ਆਲ੍ਹਣਾ ਬਣਾ ਰਹੀ ਚਿੜੀ ਤੋਂ ਵੀ ਸਿੱਖਿਆ ਜਾ ਸਕਦਾ ਹੈ। ਹਰ ਤਰ੍ਹਾਂ ਦੀ ਹਾਰ ਥੋੜ੍ਹੇ ਸਮੇਂ ਲਈ ਇਕ ਪੜਾਅ ਹੁੰਦੀ ਹੈ, ਹਰ ਮਨੁੱਖ ਨੂੰ ਇਸ ਤੋਂ ਅਗਾਂਹ ਤੁਰਨ ਦੀ ਲੋੜ ਹੁੰਦੀ ਹੈ। ਜਿਨ੍ਹਾਂ ਦੇ ਜ਼ਿਹਨ ’ਚ ਐਡੀਸਨ ਵਾਂਗ ਦੁਨੀਆ ਦੀਆਂ ਰਾਤਾਂ ਨੂੰ ਰੌਸ਼ਨ ਕਰਨ ਦਾ ਅਹਿਦ ਹੋਵੇ, ਉਹ ਹਜ਼ਾਰਾਂ ਵਾਰ ਵੀ ਫੇਲ ਕਿਉਂ ਨਾ ਹੋ ਜਾਣ ਇਕ ਦਿਨ ਸਫਲਤਾ ਉਨ੍ਹਾਂ ਦੇ ਕਦਮਾਂ ’ਚ ਹੁੰਦੀ ਹੈ। ਜੀਵਨ ਦੇ ਕਿਸੇ ਪੜਾਅ ’ਤੇ ਆ ਕੇ ਨਿਰਾਸ਼ ਹੋ ਜਾਣਾ, ਮਾਨਵ ਸੁਭਾਅ ਦੀ ਫਿਤਰਤ ਹੈ ਪਰ ਸਾਨੂੰ ਕਿਸੇ ਵੀ ਸੂਰਤ ’ਚ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ।

ਗੁਰਚਰਨ ਸਿੰਘ ਨੂਰਪੁਰ
ਜੰਗਲ ਦੇ ਵਿਰਾਨ ਇਲਾਕੇ ’ਚ ਹਾਲੋ-ਬੇਹਾਲ ਤੇ ਨਿਰਾਸ਼ ਬੈਠੇ ਰਾਜੇ ’ਤੇ ਜਦੋਂ ਉਸ ਵਿਚਾਰਕ ਯਾਤਰੀ ਦੀ ਨਜ਼ਰ ਪਈ ਤਾਂ ਉਸ ਨੇ ਕੋਲ਼ ਆ ਕੇ ਰਾਜੇ ਨੂੰ ਪੁੱਛਿਆ, ‘ਤੇਰੇ ਚਿਹਰੇ ਦਾ ਨੂਰ ਕਿੱਧਰ ਗਵਾਚ ਗਿਆ ਹੈ? ਜੀਵਨ ’ਚ ਇੰਨੀ ਨਿਰਾਸ਼ਾ ਕਿਉਂ ਹੈ?’ ਰਾਜੇ ਨੇ ਜਵਾਬ ਦਿੱਤਾ ਕਿ ਮੈਂ ਇਕ ਛੋਟੇ ਜਿਹੇ ਰਾਜ ਦਾ ਰਾਜਾ ਹਾਂ ਪਰ ਗਵਾਂਢੀ ਰਾਜੇ ਤੋਂ ਹਾਰ ਕੇ, ਜਾਨ ਬਚਾ ਕੇ ਇੱਥੇ ਦਿਨ ਕੱਟ ਰਿਹਾ ਹਾਂ। ਮੇਰਾ ਸਭ ਕੁਝ ਬਰਬਾਦ ਹੋ ਗਿਆ ਹੈ। ਜੀਵਨ ’ਚ ਹਨੇਰੇ ਤੋਂ ਸਿਵਾ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਕਈ ਦਿਨਾਂ ਦਾ ਭੁੱਖਾ ਪਿਆਸਾ ਹਾਂ। ਹਾਲੋ ਬੇਹਾਲ ਹੋ ਗਿਆ ਹਾਂ, ਸੋਚਦਾ ਹਾਂ ਕਿ ਇਸ ਤੋਂ ਚੰਗਾ ਸੀ ਮੈਂ ਜੰਗ ’ਚ ਲੜਦਾ-ਲੜਦਾ ਮਾਰਿਆ ਜਾਂਦਾ ਪਰ ਸਮੇਂ ਦਾ ਚੱਕਰ ਮੈਨੂੰ ਇੱਧਰ ਇਸ ਜੰਗਲ ’ਚ ਲੈ ਆਇਆ, ਇਸ ਹਾਲ ’ਚ।’ ‘ਨਿਰਾਸ਼ ਨਾ ਹੋ, ਤੇਰੇ ਕੋਲ਼ ਜੋ ਜੀਵਨ ਹੈ, ਇਹ ਬੜੀ ਕੀਮਤੀ ਛੈਅ ਆ। ਇਸ ਜੀਵਨ ਨਾਲ ਵਕਤ ਦੇ ਪੰਨਿਆਂ ’ਤੇ ਨਵੀਂ ਇਬਾਰਤ ਲਿਖੀ ਜਾ ਸਕਦੀ ਹੈ। ਉਠ ਤੇ ਮੇਰੇ ਨਾਲ ਆ।’ ਵਿਚਾਰਕ ਬੋਲਿਆ। ਰਾਜਾ ਉੱਠ ਕੇ ਉਸ ਵਿਚਾਰਕ ਦੇ ਨਾਲ ਤੁਰ ਪਿਆ। ਕੁਝ ਫ਼ਾਸਲੇ ’ਤੇ ਜਾ ਕੇ ਉਹ ਰੁਕ ਗਏ। ਇੱਥੇ ਪਿਛਲੀਆਂ ਗਰਮੀਆਂ ਦੌਰਾਨ ਇਕ ਵੱਡਾ ਬਿਰਖ ਹਨੇਰੀ ਨਾਲ ਡਿੱਗ ਕੇ ਸੁੱਕ ਗਿਆ ਸੀ ਪਰ ਇਹ ਮੁੱਢ ਵਾਲੇ ਪਾਸਿਓਂ ਦੁਬਾਰਾ ਫੁੱਟ ਆਇਆ ਸੀ। ਵਿਚਾਰਕ ਨੇ ਰਾਜੇ ਨੂੰ ਕਿਹਾ, ‘ਇਸ ਬਿਰਖ ਨੂੰ ਗਹੁ ਨਾਲ ਦੇਖ, ਸਮੇਂ ਦੇ ਝੱਖੜ ਨੇ ਇਸ ਨੂੰ ਮੁੱਢੋਂ ਉਖਾੜ ਦਿੱਤਾ ਸੀ, ਪਰ ਇਸ ’ਚ ਦੁਬਾਰਾ ਫੁੱਟਣ ਦੀ ਹਿੰਮਤ ਨੇ ਇਸ ਨੂੰ ਦੁਬਾਰਾ ਜੀਵਨ ਦਿੱਤਾ ਹੈ। ਜਿੰਨ੍ਹਾਂ ਅੰਦਰ ਡਿੱਗ ਕੇ ਉੱਠਣ ਤੇ ਸੁੱਕ ਕੇ ਫੁੱਟਣ ਦਾ ਜ਼ਜ਼ਬਾ ਹੋਵੇ ਉਹ ਸਮੇਂ ਦੇ ਝੱਖੜਾਂ ਦੀ ਪ੍ਰਵਾਹ ਨਹੀਂ ਕਰਦੇ।’ ਵਿਚਾਰਕ ਦੇ ਸ਼ਬਦਾਂ ਨਾਲ ਰਾਜੇ ਅੰਦਰ ਆਸ ਦੀ ਕਿਰਨ ਜਗੀ, ਹਿੰਮਤ ਨੇ ਕਰਵਟ ਲਈ। ਉਹ ਭੇਸ ਬਦਲ ਕੇ ਆਪਣੇ ਲੋਕਾਂ ’ਚ ਗਿਆ, ਲੋਕਾਂ ਨੂੰ ਇਕੱਠਾ ਕੀਤਾ। ਦੋ ਸਾਲ ਦੀ ਜੱਦੋ-ਜਹਿਦ ਤੋਂ ਮਗਰੋਂ ਉਸ ਨੇ ਦੁਬਾਰਾ ਆਪਣਾ ਗਵਾਚਾ ਰਾਜ ਭਾਗ ਸਥਾਪਤ ਕਰ ਲਿਆ। ਰਾਜੇ ਨੂੰ ਜਦੋਂ ਕਦੇ ਉਸ ਦੇ ਮੰਤਰੀ ਪੁੱਛਦੇ ਕਿ ਇਹ ਕਰਿਸ਼ਮਾਂ ਤੁਸੀਂ ਕਿਵੇਂ ਕੀਤਾ? ਤਾਂ ਉਹ ਜਵਾਬ ਦਿੰਦਾ ਇਕ ਵਿਚਾਰਕ ਤੇ ਇਕ ਜੜ੍ਹੋਂ ਉੱਖੜੇ ਪਰ ਦੁਬਾਰਾ ਫੁੱਟ ਰਹੇ ਬਿਰਖ ਤੋਂ ਮੈਨੂੰ ਇਹ ਸਭ ਕੁਝ ਕਰਨ ਦਾ ਹੁਨਰ ਮਿਲਿਆ।
ਜੀਵਨ ਦਾ ਹੁਨਰ ਇਕ ਆਲ੍ਹਣਾ ਬਣਾ ਰਹੀ ਚਿੜੀ ਤੋਂ ਵੀ ਸਿੱਖਿਆ ਜਾ ਸਕਦਾ ਹੈ। ਹਰ ਤਰ੍ਹਾਂ ਦੀ ਹਾਰ ਥੋੜ੍ਹੇ ਸਮੇਂ ਲਈ ਇਕ ਪੜਾਅ ਹੁੰਦੀ ਹੈ, ਹਰ ਮਨੁੱਖ ਨੂੰ ਇਸ ਤੋਂ ਅਗਾਂਹ ਤੁਰਨ ਦੀ ਲੋੜ ਹੁੰਦੀ ਹੈ। ਜਿਨ੍ਹਾਂ ਦੇ ਜ਼ਿਹਨ ’ਚ ਐਡੀਸਨ ਵਾਂਗ ਦੁਨੀਆ ਦੀਆਂ ਰਾਤਾਂ ਨੂੰ ਰੌਸ਼ਨ ਕਰਨ ਦਾ ਅਹਿਦ ਹੋਵੇ, ਉਹ ਹਜ਼ਾਰਾਂ ਵਾਰ ਵੀ ਫੇਲ ਕਿਉਂ ਨਾ ਹੋ ਜਾਣ ਇਕ ਦਿਨ ਸਫਲਤਾ ਉਨ੍ਹਾਂ ਦੇ ਕਦਮਾਂ ’ਚ ਹੁੰਦੀ ਹੈ। ਜੀਵਨ ਦੇ ਕਿਸੇ ਪੜਾਅ ’ਤੇ ਆ ਕੇ ਨਿਰਾਸ਼ ਹੋ ਜਾਣਾ, ਮਾਨਵ ਸੁਭਾਅ ਦੀ ਫਿਤਰਤ ਹੈ ਪਰ ਸਾਨੂੰ ਕਿਸੇ ਵੀ ਸੂਰਤ ’ਚ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ।
ਬਿਹਾਰ ਦੇ ਗਹਿਲੌਰ ਪਿੰਡ ਦੇ ਇਕ ਗ਼ਰੀਬ ਮਜਦੂਰ ਦਸ਼ਰਥ ਮਾਂਝੀ ਦੀ ਪਤਨੀ ਫਗੁਨੀਆ ਦੇਵੀ ਦੀ ਮੌਤ ਇਸ ਕਰਕੇ ਹੋ ਗਈ ਕਿ ਉਸ ਨੂੰ ਹਸਪਤਾਲ ਲੈ ਕੇ ਜਾਣ ਲਈ ਪਹਾੜ ਦੇ ਉੱਤੋਂ ਦੀ ਹੋ ਕੇ ਕਈ ਕਿਲੋਮੀਟਰਾਂ ਦਾ ਰਸਤਾ ਤੈਅ ਕਰਕੇ ਸ਼ਹਿਰ ਜਾਣਾ ਪੈਂਦਾ ਸੀ। ਉਸ ਦਿਨ ਮਾਂਝੀ ਨੇ ਇਹ ਫ਼ੈਸਲਾ ਕੀਤਾ ਕਿ ਉਹ ਪਹਾੜ ਨਾਲ ਮੱਥਾ ਲਾਵੇਗਾ ਤੇ ਪਿੰਡ ਤੋਂ ਇਕ ਸਿੱਧਾ ਰਸਤਾ ਕੱਢਣ ਲਈ ਜਦੋ-ਜਹਿਦ ਕਰੇਗਾ। ਉਹ ਆਪਣੇ ਛੈਣੀ ਹਥੌੜੇ ਨਾਲ 22 ਸਾਲ ਲਾ ਕੇ ਪਹਾੜ ਨੂੰ ਚੀਰ ਕੇ ਅੱਗੇ ਲੰਘ ਗਿਆ। ਇਹ ਬੰਦਾ ਪੂਰੀ ਦੁਨੀਆਂ ’ਚ ‘ਦਾ ਮਾਊਂਟੇਨ ਮੈਨ’ ਪਰਬਤ ਪੁਰਸ਼ ਦੇ ਨਾਮ ਨਾਲ ਮਸ਼ਹੂਰ ਹੋਇਆ।
ਹਰ ਬੰਦੇ ਅੰਦਰ ਇਹ ਸੰਭਾਵਨਾ ਮੌਜੂਦ ਹੈ ਕਿ ਉਹ ਹਰ ਅਸੰਭਵ ਹਾਲਾਤ ਨੂੰ ਸੰਭਵ ਬਣਾ ਸਕਦਾ ਹੈ। ਜੀਵਨ ਦੀਆਂ ਸਭ ਤਰ੍ਹਾਂ ਦੀਆ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਹਰਾਇਆ ਜਾ ਸਕਦਾ ਹੈ ਪਰ ਇਸ ਲਈ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਅੰਦਰ ਚੜ੍ਹਦੀ ਕਲਾ ਦਾ ਸੰਕਲਪ ਅਤੇ ਹਿੰਮਤ ਦਾ ਜਜ਼ਬਾ ਹੋਵੇ। ਪਹਾੜਾਂ ਦੀਆਂ ਕੁੰਦਰਾਂ ’ਚ ਵਸਦੇ ਇੱਕ ਕਬੀਲੇ ’ਤੇ ਇੱਕ ਵਾਰ ਆਫਤਾਂ ਦੇ ਪਹਾੜ ਟੁੱਟ ਪਏ। ਸਖ਼ਤ ਗਰਮੀ ਦੌਰਾਨ ਪਹਿਲਾਂ ਸੋਕਾ ਪਿਆ, ਫਿਰ ਖੁਸ਼ਕ ਹਨੇਰੀ ਤੇ ਝੱਖੜਾਂ ਨਾਲ ਆਸਪਾਸ ਰੁੱਖਾਂ ’ਤੇ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ। ਕੁਦਰਤ ਜਿਵੇਂ ਇਸ ਕਬੀਲੇ ਦੇ ਹੌਸਲੇ ਨੂੰ ਪਰਖ਼ ਰਹੀ ਸੀ। ਫਿਰ ਇਕ ਦਿਨ ਅਚਾਨਕ ਭੁਚਾਲ ਆਇਆ, ਜਿਸ ’ਚ ਦੱਬ ਕੇ ਬਹੁਤ ਸਾਰੇ ਜੀਅ ਮਰ ਗਏ। ਬਾਕੀ ਬਚੇ ਲੋਕ ਭੁੱਖੇ ਪਿਆਸੇ ਗਮ ਉਦਾਸੀ ਤੇ ਨਿਰਾਸ਼ਾ ਦੀਆਂ ਖਾਈਆਂ ’ਚ ਲਹਿ ਗਏ। ਜੀਵਨ ਬੇਰਸ ਹੋ ਗਿਆ। ਹਰ ਪਾਸੇ ਵਿਰਾਨੀ ਛਾ ਗਈ। ਜਿਵੇਂ ਸਾਰੇ ਹੀ ਜ਼ਿੰਦਗੀ ਦੀ ਜੰਗ ਹਾਰ ਗਏ ਹੋਣ। ਫਿਰ ਇਕ ਦਿਨ ਕਬੀਲੇ ਦੇ ਇਕ ਬਜੁਰਗ ਨੇ ਇਹਨਾਂ ਸਾਰਿਆਂ ਬੱਚਿਆਂ, ਬੁੱਢਿਆਂ, ਜਵਾਨਾਂ ਅਤੇ ਔਰਤਾਂ ਨੂੰ ਇਕੱਠਾ ਕੀਤਾ। ਉਹਦੇ ਝੁਰੜੀਆ ਵਾਲੇ ਚਿਹਰੇ ‘ਤੇ ਵੀ ਇਕ ਇਲਾਹੀ ਨੂਰ ਸੀ। ਆਪਣੇ ਕੰਬਦੇ ਬੁੱਢੇ ਹੱਥਾਂ ਨੂੰ ਉਸ ਅਸਮਾਨ ਵੱਲ ਕਰਕੇ ਕਿਹਾ, ‘ਮੈਂ ਆਪਣੇ ਜੀਵਨ ’ਚ ਬਹੁਤ ਤੂਫ਼ਾਨ ਵੇਖੇ ਹਨ। ਦੁੱਖਾਂ ਭਰੀਆਂ ਹਨੇਰੀਆਂ ਰਾਤਾਂ ਵੀ ਮੈਂ ਦੇਖੀਆਂ ਪਰ ਮੈਂ ਦੇਖਿਆ ਇਹਨਾਂ ਮਗਰੋਂ ਮੁੜ ਸੂਰਜ ਚੜ੍ਹਿਆ ਹੈ। ਸਮਾਂ ਸਾਨੂੰ ਪਰਖ ਰਿਹਾ ਹੈ ਪਰ ਇਹ ਹਾਲਾਤ ਸਾਨੂੰ ਤੋੜ ਨਹੀਂ ਸਕਦੇ।’ ਬਜੁਰਗ ਨੇ ਆਪਣੇ ਲੋਕਾਂ ਨੂੰ ਮੁੜ ਕਿਹਾ, ‘ਆਪਣਾ ਸਭ ਤੋਂ ਵੱਡਾ ਹਥਿਆਰ ਜਿਸ ਨਾਲ ਜੀਵਨ ਦੀ ਹਰ ਜੰਗ ਜਿੱਤੀ ਜਾ ਸਕਦੀ ਹੈ ਉਸ ਨੂੰ ਬੁਲੰਦ ਕਰੋ।’ ‘ਕਿਹੜਾ ਸਭ ਤੋਂ ਵੱਡਾ ਹਥਿਆਰ?’ ਕਬੀਲੇ ਦੇ ਲੋਕ ਇੱਕੋ ਸੁਰ ਵਿੱਚ ਬੋਲੇ। ‘ਬੰਦੇ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ‘ਹੌਸਲਾ’, ਜੇ ਸਾਡੇ ਅੰਦਰ ਹੌਸਲਾ ਬਰਕਰਾਰ ਹੋਇਆ, ਅਸੀਂ ਇਕੱਠੇ ਰਹੇ ਤਾਂ ਹਰ ਮੁਸ਼ਕਲ ਨੂੰ ਇਕ-ਇਕ ਕਰਕੇ ਹਰਾ ਦੇਵਾਂਗੇ।’ ਕਬੀਲੇ ਦੇ ਲੋਕਾਂ ਨੇ ਬਾਹਵਾਂ ਉਤਾਂਹ ਕਰਕੇ ਹੱਥ ਹਵਾ ’ਚ ਲਹਿਰਾਏ ਤੇ ਉਸ ਦਿਨ ਜੀਵਨ ’ਚ ਇੱਕ ਨਵੀਂ ਲਹਿਰ ਪੈਦਾ ਹੋਈ।
ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦਾ ਸੰਕਲਪ ਦਿੱਤਾ। ਸਿੱਖ ਧਰਮ ਦਾ ਇਤਿਹਾਸ ਇਸੇ ਲਈ ਕੁਰਬਾਨੀਆਂ ਅਤੇ ਕਰੂਰ ਤੋਂ ਕਰੂਰ ਹਾਲਤਾਂ ’ਚ ਵੀ ਹੌਸਲੇ ਬੁਲੰਦ ਰੱਖਣ ਕਾਰਨ ਮਜ਼ਬੂਤ ਹੈ। ਦੇਰ ਸਵੇਰ ਸਮਾਂ ਪਾਸਾ ਪਰਤਦਾ ਹੈ, ਤਪਦੀਆਂ ਲੋਆਂ ਮਗਰੋਂ ਬੱਦਲਾਂ ਅਤੇ ਠੰਡੀਆਂ ਹਵਾਵਾਂ ਦੀ ਆਮਦ ਹੁੰਦੀ ਹੈ। ਸੜ ਸੁੱਕ ਗਏ ਦਰਖਤਾਂ ਨੂੰ ਹਰੇ ਕਰਨ ਲਈ ਕੁਦਰਤ ਵਰਖਾ ਦਾ ਵਰਦਾਨ ਬਖਸ਼ਦੀ ਹੈ। ਕਿਸੇ ਵੀ ਤਰ੍ਹਾਂ ਦੇ ਹਾਲਾਤ ਸਦਾ ਇਕੋ ਜਿਹੇ ਨਹੀਂ ਬਣੇ ਰਹਿਣੇ ਹੁੰਦੇ। ਰੁੱਤ ਬਦਲਦੀ ਹੈ, ਰੁੱਖ ਮੌਲਣ ਲੱਗਦੇ ਹਨ ਅਤੇ ਪੰਛੀ ਪਰਵਾਜ਼ ਲਈ ਬੇਤਾਬ ਹੁੰਦੇ ਹਨ। ਕੁਦਰਤ ਤੋਂ ਜੀਵਨ ਦਾ ਹੁਨਰ ਸਿੱਖਿਆ ਜਾ ਸਕਦਾ ਹੈ। ਕੁਦਰਤ ਸਾਨੂੰ ਦੱਸਦੀ ਹੈ ਕਿ ਉਦਾਸ ਰੁੱਤ ਦੇ ਦਿਨ ਜਲਦੀ ਲੰਘ ਜਾਣਗੇ ਅਤੇ ਇਸ ਮਗਰੋਂ ਹਰਿਆਲੀ ਦਾ ਆਗਮਨ ਹੋਵੇਗਾ। ਹਰ ਤਰ੍ਹਾਂ ਦੀ ਨਿਰਾਸ਼ਾ ਤੋਂ ਬਾਹਰ ਨਿਕਲਣ ਲਈ ਇਹ ਬੜਾ ਜਰੂਰੀ ਹੈ ਕਿ ਅਸੀਂ ਇਹ ਸਮਝ ਲਈਏ ਕਿ ਇਸ ਧਰਤੀ ‘ਤੇ ਸਦੀਵੀ ਕੁਝ ਵੀ ਨਹੀਂ। ਬਦਲਾਅ ਸਦੀਵੀ ਹੈ ਅਤੇ ਸਾਡਾ ਪੂਰਾ ਜੀਵਨ ਬਦਲਾਅ ਦੇ ਦੌਰ ਵਿੱਚ ਗੁਜ਼ਰ ਰਿਹਾ ਹੈ।