- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਾਰਮਿਕ ਵਿਸ਼ਵਾਸ ਤਹਿਤ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਬਹੁਤ ਜੱਗ ਕੀਤੇ ਜਾਂਦੇ ਹਨ। ਤਪਦੀ ਗਰਮੀ ’ਚ ਪਾਣੀ ਦੀਆਂ ਛਬੀਲਾਂ, ਮਿੱਠੇ ਚੌਲ਼, ਪ੍ਰਸਾਦ, ਖੀਰ ਪੂੜਿਆਂ ਦੇ ਲੰਗਰ ਲਾਏ ਜਾਂਦੇ ਹਨ। ਪਿਛਲੇ ਸਮੇਂ ’ਚ ਹੋਈਆਂ ਮੌਸਮੀ ਤਬਦੀਲੀਆਂ ਦੇ ਕਾਰਨ, ਵਰਖਾ ਦੇ ਦੋ ਰੂਪ ਦੇਖਣ ਨੂੰ ਮਿਲ ਰਹੇ ਹਨ। ਜਾਂ ਤਾਂ ਬਿਲਕੁਲ ਹੀ ਨਹੀਂ ਹੁੰਦੀ, ਜਿਸ ਕਾਰਨ ਝੋਨੇ ਦੀ ਫ਼ਸਲ ਸੋਕੇ ਨਾਲ ਮਰ ਜਾਂਦੀ ਹੈ।

.jpg)
-ਹਰਸੰਤ ਸਿੰਘ ਢੀਂਡਸਾ
ਪੁਰਾਣੇ ਸਮਿਆਂ ਤੋਂ ਲੋਕੀ ਬਰਸਾਤ ਦੇ ਮੌਸਮ ਨੂੰ ਪੂਰੇ ਚਾਅ ਨਾਲ ਉਡੀਕ ਦੇ ਹਨ। ਕਿਉਂਕਿ ਜੇਠ ਹਾੜ ਦੀ ਗਰਮੀ ਤੋਂ ਰਾਹਤ ਬਰਸਾਤ ਦੇ ਆਉਣ ਨਾਲ ਹੀ ਮਿਲਦੀ ਹੈ। ਪੁਰਾਣੇ ਸਮਿਆਂ ’ਚ ਖੇਤੀ ਦਾ ਪੂਰਾ ਢਾਂਚਾ ਮੌਨਸੂਨ ਦੇ ਨਾਲ ਹੀ ਜੁੜਿਆ ਹੋਇਆ ਹੁੰਦਾ ਸੀ। ਕਿਸਾਨ ਮੀਂਹ ਦੀ ਬੇਸਬਰੀ ਨਾਲ ਉਡੀਕ ਕਰਦੇ, ਮੀਂਹ ਪੈਣ ਦੇ ਨਾਲ ਪਸ਼ੂਆਂ ਦੇ ਲਈ ਹਰਾ ਚਾਰਾ ਹੋ ਜਾਂਦਾ, ਜਿਸ ਨਾਲ ਲੋਕੀ ਪਸ਼ੂਆਂ ਨੂੰ ਖੁੱਲ੍ਹਾ ਚਰਨ ਲਈ ਛੱਡ ਦਿੰਦੇ, ਫ਼ਸਲ ਦੀ ਬਿਜਾਈ ਵੀ ਮੀਂਹ ਪੈਣ ਤੋਂ ਬਾਅਦ ਹੀ ਹੁੰਦੀ। ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਫ਼ਸਲੀ ਚੱਕਰ ’ਚ ਬਹੁਤ ਵੱਡੀ ਤਬਦੀਲੀ ਆਈ। ਹਰੀ ਕ੍ਰਾਂਤੀ ਨੇ ਸਾਡੇ ਫ਼ਸਲੀ ਵਿਭਿੰਨਤਾ ਦੇ ਚੱਕਰ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ। ਸਾਉਣੀ ਦੀਆਂ ਸਾਰੀਆਂ ਫ਼ਸਲਾਂ ਨੂੰ ਚੌਲਾਂ ਦੀ ਫ਼ਸਲ ਨੇ ਆਪਣੀ ਲਪੇਟ ’ਚ ਲੈ ਲਿਆ। ਝੋਨੇ ਦੀ ਫ਼ਸਲ ਤਾਂ, ਪੂਰੀ ਤਰ੍ਹਾਂ ਪਾਣੀ ’ਤੇ ਨਿਰਭਰ ਹੈ, ਕਿਉਂਕਿ ਸਭ ਤੋਂ ਵੱਧ ਪਾਣੀ ਦੀ ਲਾਗਤ ਝੋਨੇ ਦੀ ਫ਼ਸਲ ’ਤੇ ਹੁੰਦੀ ਹੈ। ਪਿਛਲੇ ਸਮਿਆਂ ’ਚ ਭਾਵੇਂ ਥਾਂ-ਥਾਂ ’ਤੇ ਟਿਊਬੈਲ ਲੱਗ ਗਏ ਪਰ ਬਰਸਾਤ ਤੋਂ ਬਿਨਾਂ ਝੋਨੇ ਦੀ ਫ਼ਸਲ ਹੋਣੀ ਅਸੰਭਵ ਹੈ। ਲੋਕੀ ਝੋਨੇ ਦੀ ਫ਼ਸਲ ਬੀਜਣ ਤੋਂ ਪਹਿਲਾਂ ਹੀ ਮੀਂਹ ਦੀ ਉਡੀਕ ਕਰਨ ਲੱਗ ਜਾਂਦੇ ਹਨ। ਧਾਰਮਿਕ ਵਿਸ਼ਵਾਸ ਤਹਿਤ ਇੰਦਰ ਦੇਵਤਾ ਨੂੰ ਖੁਸ਼ ਕਰਨ ਦੇ ਲਈ ਬਹੁਤ ਜੱਗ ਕੀਤੇ ਜਾਂਦੇ ਹਨ। ਤਪਦੀ ਗਰਮੀ ’ਚ ਪਾਣੀ ਦੀਆਂ ਛਬੀਲਾਂ, ਮਿੱਠੇ ਚੌਲ਼, ਪ੍ਰਸਾਦ, ਖੀਰ ਪੂੜਿਆਂ ਦੇ ਲੰਗਰ ਲਾਏ ਜਾਂਦੇ ਹਨ। ਪਿਛਲੇ ਸਮੇਂ ’ਚ ਹੋਈਆਂ ਮੌਸਮੀ ਤਬਦੀਲੀਆਂ ਦੇ ਕਾਰਨ, ਵਰਖਾ ਦੇ ਦੋ ਰੂਪ ਦੇਖਣ ਨੂੰ ਮਿਲ ਰਹੇ ਹਨ। ਜਾਂ ਤਾਂ ਬਿਲਕੁਲ ਹੀ ਨਹੀਂ ਹੁੰਦੀ, ਜਿਸ ਕਾਰਨ ਝੋਨੇ ਦੀ ਫ਼ਸਲ ਸੋਕੇ ਨਾਲ ਮਰ ਜਾਂਦੀ ਹੈ। ਦੂਜਾ ਰੂਪ ਹੜਾਂ ਦੇ ਨਾਲ ਸਾਹਮਣੇ ਆਇਆ ਹੈ, ਕਿ ਬਰਸਾਤ ਭਾਰੀ ਮਾਤਰਾ ’ਚ ਹੋਣ ਕਾਰਨ, ਪਿਛਲੇ ਸਾਲ ਬਹੁਤ ਵੱਡਾ ਝੋਨੇ ਦਾ ਰਕਬਾ ਹੜਾਂ ਦੇ ਆਉਣ ਕਾਰਨ ਤਬਾਹ ਹੋ ਗਿਆ। ਤਬਾਹੀ ਦਾ ਮੰਜ਼ਰ, ਇੰਨਾ ਭਿਆਨਕ ਸੀ, ਵੇਖ ਕੇ ਅੱਜ ਵੀ ਡਰ ਆਉਂਦਾ ਹੈ। ਪੂਰਾ ਮਾਝਾ ਅਤੇ ਦੁਆਬਾ ਤਬਾਹ ਹੋ ਗਿਆ। ਖੇਤਾਂ ’ਚ ਰੇਤ ਦੇ ਟਿੱਬੇ ਚਿਣੇ ਗਏ। ਜਿਸ ਕਾਰਨ, ਵਾਹੀ ਯੋਗ ਜ਼ਮੀਨਾਂ, ਫ਼ਸਲ ਬੀਜਣ ਯੋਗ ਨਹੀਂ ਰਹੀਆਂ। ਅੱਜ ਤੱਕ, ਲੋਕ ਆਪਣੀਆਂ ਜ਼ਮੀਨਾਂ ਨੂੰ ਮੁੜ ਤੋਂ ਵਾਹੁਣ ਯੋਗ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਦਾਨੀ ਸੱਜਣਾਂ ਨੇ ਕਿਸਾਨੀ ਦੀ ਬਹੁਤ ਮਦਦ ਕੀਤੀ, ਜਿਸ ਤਹਿਤ ਪੰਜਾਬ ਦੇ ਫਿਲਮੀ ਸਿਤਾਰਿਆਂ ਅਤੇ ਗਾਇਕਾਂ ਨੇ ਹੱਦ ਤੋਂ ਵੱਧ ਯੋਗਦਾਨ ਪਾਇਆ ਪਰ ਰੱਬ ਦੀ ਮਾਰ ਹੀ ਬਹੁਤ ਵੱਡੀ ਸੀ। ਲੋਕ ਘਰੋਂ, ਬੇਘਰ ਹੋ ਗਏ, ਰੋਟੀ ਦੇ ਲਾਲੇ ਪੈ ਗਏ, ਪ੍ਰਸ਼ਾਸਨ ਨੇ ਅਹਿਮ ਭੂਮਿਕਾ ਨਿਭਾਈ। ਸਰਕਾਰ ਨੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਦਰਿਆਵਾਂ ’ਚੋਂ ਆਈ ਰੇਤ ਵੇਚਣ ਦੀ ਖੁੱਲ੍ਹ ਦਿੱਤੀ, ਜਿਸ ਦਾ ਖੇਤ, ਉਸ ਦੀ ਰੇਤ ਪਰ ਖੇਤਾਂ ’ਚ ਆਈ ਰੇਤ ਦਰਿਆਵਾਂ ਦੀ ਗਾਰ ਹੈ, ਨਾ ਕਿ ਬਰੇਤੀ, ਕੋਈ ਵੀ ਅਜਿਹੀ ਰੇਤ ਨੂੰ ਖਰੀਦਣ ਲਈ ਤਿਆਰ ਨਹੀਂ ਹੈ। ਪੰਜਾਬੀ ਦਾ ਅਖਾਣ ਹੈ, ਕੀ ਦੁੱਧ ਦਾ ਸੜਿਆ, ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ। ਪੰਜਾਬ ਦੇ ਲੋਕੀ, ਗੁਰੂਆਂ ਪੀਰਾਂ ਦੀ ਧਰਤੀ ਹੋਣ ਕਾਰਨ, ਸਬਰ ਸੰਤੋਖ ਕਰਨ ਵਾਲੇ ਰਹੇ ਹਨ। ਬਜ਼ੁਰਗ ਗੱਲਾਂ ਕਰਦੇ, ਇਕ ਦੂਜੇ ਨੂੰ ਦਿਲਾਸਾ ਦਿੰਦੇ, ਭਾਈ ਸੁੱਖ ਚਾਹੀਦੀ ਹੈ। ਫ਼ਸਲਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਹਾੜ ਮਹੀਨਾ ਸ਼ੁਰੂ ਹੋ ਗਿਆ ਹੈ। ਪਹਾੜਾਂ ’ਚ ਵੱਧ ਬਰਸਾਤ ਹੋਣ ਕਾਰਨ, ਦਰਿਆ ਪਾਣੀ ਨਾਲ ਭਰ ਗਏ ਹਨ। ਗੋਬਿੰਦ ਸਾਗਰ ਝੀਲ ’ਚ ਵੀ, ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ, ਪ੍ਰਸ਼ਾਸਨ ਨੇ ਸਤਲੁਜ ਦੇ ਕਿਨਾਰੇ ਬੈਠੇ ਲੋਕਾਂ ਨੂੰ ਦਰਿਆ ਵੱਲ ਜਾਣ ਤੋਂ ਵਰਜਿਆ ਹੈ। ਲੋਕਾਂ ਨੂੰ ਪਿਛਲਾ ਸਮਾਂ ਚੇਤੇ ਆ ਰਿਹਾ ਹੈ। ਕੁਦਰਤ ਦੀ ਮਾਰ ਦੇ ਸਾਹਮਣੇ, ਮਨੁੱਖਤਾ ਵੱਲੋਂ ਸਿਰਜੇ ਸਾਧਨ ਛੋਟੇ ਪੈ ਜਾਂਦੇ ਹਨ। ਹੜ੍ਹਾਂ ਦੀ ਮਾਰ ਦੇ ਲਈ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਛੇੜ-ਛਾੜ ਵੀ ਵੱਡੀ ਜਿੰਮੇਵਾਰ ਹੈ। ਦਰਿਆਵਾਂ ਦੇ ਕੰਢਿਆਂ ਦੇ ਉੱਤੇ ਹੁੰਦੀ ਨਜਾਇਜ਼ ਮਾਈਨਿੰਗ, ਜਿਸ ਕਾਰਨ ਦਰਿਆਵਾਂ ’ਚ ਪਾੜ ਪੈ ਜਾਂਦੇ ਹਨ। ਪਿਛਲੇ ਸਾਲ ਧੁੱਸੀ ਬੰਨ ਟੁੱਟਣ ਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਧੁੱਸੀ ਬੰਨ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ, ਜਿਸ ਕਾਰਨ ਨੇੜੇ ਦੇ ਪਿੰਡ ਸਹਿਮ ਦੇ ਮਾਹੌਲ ਦੇ ਵਿੱਚ ਹਨ।
ਪਿਛਲੇ ਸਮਿਆਂ ’ਚ ਪਿੰਡਾਂ ਦੀਆਂ ਪੰਚਾਇਤਾਂ ਨੇ ਬਰਸਾਤੀ ਨਾਲਿਆਂ ’ਚ ਸੀਵਰੇਜ ਦਾ ਪਾਣੀ ਪਾ ਦਿੱਤਾ। ਇਸ ਕਾਰਨ ਇਨ੍ਹਾਂ ਨਾਲਿਆਂ ’ਚ, ਗਾਰ ਭਰ ਗਈ ਅਤੇ ਵੱਡੇ ਪੱਧਰ ’ਤੇ ਬੂਟੀ ਹੋ ਗਈ। ਇਨ੍ਹਾਂ ਨਾਲਿਆਂ ਦੀ ਸਫ਼ਾਈ, ਪੂਰੀ ਤਰ੍ਹਾਂ ਨਹੀਂ ਹੋ ਰਹੀ। ਜੋ ਕਿ ਹੜ੍ਹਾਂ ਦਾ ਮੁੱਖ ਕਾਰਨ ਬਣਦੀ ਹੈ। ਪਿਛਲੇ ਸਾਲ ਮਾਲਵੇ ਦੇ ਬਰਸਾਤੀ ਨਾਲੇ ਵੀ ਹੜ੍ਹਾਂ ਦਾ ਮੁੱਖ ਕਾਰਨ ਬਣੇ। ਜਿਉਂ-ਜਿਉਂ ਬਰਸਾਤ ਦਾ ਮੌਸਮ ਨੇੜੇ ਆ ਰਿਹਾ ਹੈ, ਹੜ੍ਹਾਂ ਨਾਲ ਪੀੜਤ ਲੋਕਾਂ ਦਾ ਸਹਿਮ ਵੱਧ ਰਿਹਾ ਹੈ। ਪਟਿਆਲਾ ਦਾ ਅਰਬਨ ਸਟੇਟ, ਸਭ ਤੋਂ ਮਹਿਫੂਜ ਜਗ੍ਹਾ ਮੰਨਿਆ ਜਾਂਦਾ ਸੀ ਪਰ ਪਿਛਲੇ ਸਮੇਂ ਪਟਿਆਲਾ ਦੀ ਨਦੀ ’ਚ ਪਏ ਪਾੜ ਕਾਰਨ, ਅਰਬਨ ਸਟੇਟ ਪੂਰੀ ਤਰ੍ਹਾਂ ਡੁੱਬ ਗਿਆ ਸੀ। ਲੋਕ ਘਰੋਂ ਬੇਘਰ ਹੋ ਗਏ ਸਨ। ਵੱਡੀਆਂ ਵੱਡੀਆਂ ਕੋਠੀਆਂ ਨੁਕਸਾਨੀਆਂ ਗਈਆਂ, ਨੀਹਾਂ ’ਚ ਪਾਣੀ ਪੈਣ ਕਾਰਨ, ਮਕਾਨਾਂ ਦੀ ਮਿਆਦ ਅੱਧੀ ਰਹਿ ਗਈ। ਅੱਗੇ ਔਰਤਾਂ ਕਹਿੰਦੀਆਂ, ਜੇਕਰ ਮੀਂਹ ਦੇ ’ਚ ਘਰ ਤਿਪਕਣ ਲੱਗ ਜਾਂਦਾ, ‘ਸੱਪ ਤੋਂ ਨਾ ਡਰਦੀ, ਸੀਂਹ ਤੋਂ ਡਰਦੀ, ਇਹ ਟਪਕੇ ਨੇ ਮਾਰੀ।’ ਲੋਕੀ ਕਹਿੰਦੇ, ਪੁਰਾਣੇ ਸਮਿਆਂ ’ਚ, ਇਕ ਰਾਜੇ ਨੇ ਰੱਬ ਤੋਂ ਬਾਰਾਂ ਸਾਲ ਦਾ ਕਾਲ ਮੰਗ ਲਿਆ ਸੀ ਪਰ ਆਪਣੀ ਪਰਜਾ ਨੂੰ ਬਚਾਉਣ ਲਈ, ਮੀਂਹ ਦੀਆਂ ਢਾਈ ਘੜੀਆਂ, ਲੈਣ ਤੋਂ ਨਾਂਹ ਕਰ ਦਿੱਤੀ ਸੀ। ਅੱਗ ਤੇ ਪਾਣੀ ਕੁਦਰਤੀ ਸੋਮੇ ਅਜਿਹੇ ਹਨ, ਜਿਹਨਾਂ ਤੋਂ ਬਿਨਾਂ ਜੀਵਨ ਅਸੰਭਵ ਹੈ ਪਰ ਜੇਕਰ ਇਹ ਕੰਟਰੋਲ ਤੋਂ ਬਾਹਰ ਹੋ ਜਾਣ, ਤਾਂ ਵੀ ਮਨੁੱਖਤਾ ਦੇ ਲਈ ਤਬਾਹੀ ਲਿਆ ਦਿੰਦੇ ਹਨ। ਮਨੁੱਖ ਕੁਦਰਤ ਦਾ ਪ੍ਰਾਣੀ ਹੈ ਪਰ ਜਦੋਂ ਮਾਲਕ ਸਮਝ ਕੇ ਕੁਦਰਤੀ ਸੋਮਿਆਂ ਨੂੰ ਪਲੀਤ ਕਰਦਾ ਹੈ ਤਾਂ ਫਿਰ ਕੁਦਰਤ ਵੀ ਆਪਣਾ ਰੰਗ ਵਿਖਾਉਂਦੀ ਹੈ। ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਲਈ, ਮਨੁੱਖ ਨੇ ਬਹੁਤ ਸਾਰਾ ਧਨ ਖ਼ਰਚ ਕੀਤਾ ਹੈ ਪਰ ਕੁਦਰਤ ਅਨੁਸਾਰ ਜੀਵਨ ਜਿਉਣ ਤੋਂ ਆਪਣੇ ਆਪ ਨੂੰ ਕੋਹਾਂ ਦੂਰ ਕਰ ਲਿਆ, ਜਿਸ ਦੇ ਸਿੱਟੇ ਅੱਜ ਸਾਡੇ ਸਾਹਮਣੇ ਹਨ। ਅਸੀਂ ਵਿਦੇਸ਼ਾਂ ਦੀਆਂ ਗੱਲਾਂ ਕਰਦੇ ਹਾਂ, ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਦੇ ਲਈ ਕਿੰਨੇ ਯਤਨਸ਼ੀਲ ਹਨ। ਅੱਜ ਲੋੜ ਹੈ ਕਿ ਭਰਾਵੋ ਆਪਾਂ ਕੁਦਰਤ ਦੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰੀਏ, ਤਾਂ ਹੀ ਕੁਦਰਤੀ ਆਫਤਾਂ ਤੋਂ ਬਚ ਸਕਦੇ ਹਾਂ।