- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਮੂਰਖ਼ ਬੰਦੇ ਕੋਲੋਂ ਸਿਆਣਪ ਦੀ ਆਸ ਨਿਰੀ ਮੂਰਖ਼ਤਾ ਹੀ ਕਹੀ ਜਾ ਸਕਦੀ ਹੈ ਅਤੇ ਕਿਸੇ ਸਿਆਣੇ ਬੰਦੇ ਤੋਂ ਮੂਰਖ਼ਤਾ ਦੀ ਗੱਲ ਮੁੱਢੋਂ ਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਇਸ ਲਈ ਜੇਕਰ ਸਾਹਮਣੇ ਵਾਲਾ ਸਖਸ਼ ਕੁਝ ਮੰਦਾ-ਚੰਗਾ ਬੋਲ ਰਿਹਾ ਹੈ ਤਾਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਉਹ ਕਿਸ ਸਮਾਜ ਦਾ ਹਿੱਸਾ ਹੋ ਸਕਦਾ ਹੈ।

ਡਾ. ਨਿਸ਼ਾਨ ਸਿੰਘ ਰਾਠੌਰ
ਗੱਲ ਸਾਲ 1998 ਦੀ ਹੈ, ਜਦੋਂ ਮੈਂ ਆਪਣੇ ਬਾਰ੍ਹਵੀਂ ਜਮਾਤ ਦੇ ਪੇਪਰ ਦੇ ਕੇ ਸ਼ਾਹਬਾਦ-ਮਾਰਕੰਡਾ ਵਿਖੇ ਗੁਰਮਤਿ ਵਿੱਦਿਆਲਿਆ ’ਚ ਗੁਰਬਾਣੀ-ਕੀਰਤਨ ਸਿੱਖਣ ਲਈ ਦਾਖ਼ਿਲਾ ਲੈ ਲਿਆ। ਸਾਡੇ ਅਧਿਆਪਕ ਗਿਆਨੀ ਸਾਹਿਬ ਸਿੰਘ ਜੀ ਹੁੰਦੇ ਸਨ। ਮੈਂ ਪੜ੍ਹਣ-ਲਿਖਣ ’ਚ ਰਤਾ ਹੁਸ਼ਿਆਰ ਸਾਂ ਇਸ ਲਈ ਛੇਤੀ ਹੀ ਗੁਰਬਾਣੀ ਦੀ ਵਿਆਕਰਣ ਨੂੰ ਸਮਝਣ ਲੱਗ ਪਿਆ। ਗਿਆਨੀ ਜੀ ਗੁਰਮਤਿ ਦੀ ਕਥਾ-ਵਿਚਾਰ ਕਰਨ ਲਈ ਦੂਰ-ਦੂਰਾਡੇ ਪਿੰਡਾਂ-ਸ਼ਹਿਰਾਂ ’ਚ ਜਾਂਦੇ ਹੁੰਦੇ ਸਨ। ਉਹ ਹਫ਼ਤੇ ’ਚ ਦੋ ਜਾਂ ਤਿੰਨ ਦਿਨ ਹੀ ਸ਼ਾਹਬਾਦ-ਮਾਰਕੰਡਾ ਵਿਖੇ ਹੁੰਦੇ ਸਨ। ਇਨ੍ਹਾਂ ਦਿਨਾਂ ’ਚ ਹੀ ਉਹ ਸਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਿਆ ਦਿੰਦੇ। ਉਹ ਬਹੁਤ ਹੀ ਵਿਸਥਾਰ ਨਾਲ ਗੁਰਬਾਣੀ ਦੇ ਅਰਥਾਂ ਬਾਰੇ ਦੱਸਦੇ ਅਤੇ ਸਬਕ ਦੇ ਤੌਰ ’ਤੇ ਸਾਨੂੰ ਉਹੀ ਪਾਠ ਦੁਬਾਰਾ ਪੜ੍ਹਣ ਲਈ ਆਖਦੇ।
ਸ਼ਾਹਬਾਦ-ਮਾਰਕੰਡਾ ਵਾਲੇ ਇਸ ਗੁਰਮਤਿ ਵਿੱਦਿਆਲਿਆ ’ਚ ਉਸ ਵਕਤ ਅਸੀਂ ਤਕਰੀਬਨ 30-35 ਵਿਦਿਆਰਥੀ ਪੜ੍ਹਦੇ ਹੁੰਦੇ ਸਾਂ। ਵਿੱਦਿਆਲਿਆ ’ਚ ਗੁਰਬਾਣੀ-ਕੀਰਤਨ ਸਿੱਖਣ ਵਾਲੇ ਵਿਦਿਆਰਥੀਆਂ ਦੀ ਉਮਰ ’ਚ ਕਾਫ਼ੀ ਫ਼ਰਕ ਸੀ। ਕੋਈ 18 ਸਾਲਾਂ ਦਾ ਨੌਜਵਾਨ ਮੁੰਡਾ ਸੀ ਅਤੇ ਕੋਈ 40 ਸਾਲਾਂ ਦਾ ਗ੍ਰਹਿਸਥੀ ਵਿਅਕਤੀ। ਸਭ ਦਾ ਮੂਲ ਟੀਚਾ ਧਾਰਮਿਕ ਖ਼ੇਤਰ ’ਚ ਸਾਰਥਕ ਭੂਮਿਕਾ ਅਦਾ ਕਰਨਾ ਸੀ। ਸ਼ਾਹਬਾਦ ਵਿਖੇ ਇਕ ਸਾਲ ਗੁਰਮਤਿ ਸੰਥਿਆ ਲੈਣ ਤੋਂ ਉਪਰੰਤ ਮੈਂ ਵਾਪਸ ਘਰ ਆ ਗਿਆ ਅਤੇ ਸਰਕਾਰੀ ਕਾਲਜ, ਅੰਬਾਲਾ ਛਾਉਣੀ ਵਿਖੇ ਬੀਏ ਕਰਨ ਲੱਗਿਆ।
ਗਿਆਨੀ ਸਾਹਿਬ ਸਿੰਘ ਜੀ ਕੋਲ ਇਕ ਸਾਲ ਗੁਰਮਤਿ ਵਿੱਦਿਆ ਪੜ੍ਹਦਿਆਂ ਬਹੁਤ ਸਾਰੇ ਨਵੇਂ ਅਨੁਭਵ ਪ੍ਰਾਪਤ ਹੋਏ। ਮੇਰੀ ਲਗਨ ਅਤੇ ਪੜ੍ਹਾਈ ’ਚ ਦਿਲਚਸਪੀ ਦੇਖ ਕੇ ਗਿਆਨੀ ਜੀ ਮੇਰੇ ਨਾਲ ਅਕਸਰ ਹੀ ਗੱਲ ਕਰਦੇ ਅਤੇ ਆਪਣੇ ਜੀਵਨ ਦੇ ਖੱਟੇ-ਮਿੱਠੇ ਅਨੁਭਵਾਂ ਬਾਰੇ ਜਾਣਕਾਰੀ ਦਿੰਦੇ। ਗਿਆਨੀ ਜੀ ਦੀਆਂ ਦੱਸੀਆਂ ਗੱਲਾਂ ’ਚੋਂ ਇਕ ਬਹੁਤ ਹੀ ਵਧੀਆ ਅਤੇ ਦਿਲਚਸਪ ਘਟਨਾ ਇੰਝ ਹੈ।
ਗਿਆਨੀ ਜੀ ਮੁਤਾਬਿਕ, ਇਕ ਵਾਰ ਉਹ ਸਰਕਾਰੀ ਬੱਸ ’ਚ ਯਾਤਰਾ ਕਰ ਰਹੇ ਸਨ। ਹਰਿਆਣਾ ਰੋਡਵੇਜ਼ ਦੀ ਇਹ ਬੱਸ ਸ਼ਾਹਬਾਦ-ਮਾਰਕੰਡਾ ਤੋਂ ਬਰਾੜੇ (ਅੰਬਾਲੇ) ਵੱਲ ਨੂੰ ਜਾ ਰਹੀ ਸੀ। ਦਸੰਬਰ ਦਾ ਮਹੀਨਾ ਹੋਣ ਕਰਕੇ ਠੰਢ ਅਤੇ ਧੁੰਦ ਦਾ ਮੌਸਮ ਸੀ। ਪਿੰਡਾਂ ਦਾ ਇਲਾਕਾ ਹੋਣ ਕਰਕੇ ਬੱਸ ’ਚ ਸਵਾਰ ਕੁਝ ਲੋਕਾਂ ਨੇ ਲੋਈਆਂ ਤੇ ਖੇਸਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਸਨ। ਗਿਆਨੀ ਜੀ ਆਪਣੀ ਸੀਟ ’ਤੇ ਬੈਠੇ ‘ਚੋਪਈ ਸਾਹਿਬ’ ਦਾ ਪਾਠ ਕਰ ਰਹੇ ਸਨ। ਬੱਸ ’ਚ ਬਹੁਤ ਸਾਰੀਆਂ ਸਵਾਰੀਆਂ ਗਿਆਨੀ ਜੀ ਨੂੰ ਪਹਿਲਾਂ ਹੀ ਜਾਣਦੀਆਂ ਸਨ। ਅਸਲ ’ਚ ਹਰਿਆਣੇ ਦੇ ਬਹੁਤੇ ਸਿੱਖ ਅਤੇ ਪੰਜਾਬੀ ਲੋਕ ਉਨ੍ਹਾਂ ਨੂੰ ਇਸ ਕਰਕੇ ਜਾਣਦੇ ਹਨ ਕਿਉਂਕਿ ਉਹ ਕਥਾ-ਵਿਚਾਰ ਕਰਨ ਲਈ ਨੇੜੇ-ਤੇੜੇ ਦੇ ਪਿੰਡਾਂ ’ਚ ਅਕਸਰ ਹੀ ਜਾਂਦੇ ਸਨ।
ਇਕ ਪਿੰਡ ਦੇ ਅੱਡੇ ਤੋਂ ਇਕ ਚਾਲੀ-ਪੰਤਾਲੀ ਕੁ ਸਾਲਾਂ ਦਾ ਬੰਦਾ ਬੱਸ ’ਚ ਚੜ੍ਹਿਆ। ਕੰਬਲ ਦੀ ਬੁੱਕਲ ਮਾਰੀ ਉਸ ਬੰਦੇ ਨੇ ਮੂੰਹ ’ਚ ਬੀੜੀ ਲਾਈ ਹੋਈ ਸੀ। ਹਾਲਾਂਕਿ ਬੱਸਾਂ ’ਚ ਬੀੜੀ-ਸਿਗਰੇਟ ਪੀਣਾ ਮਨ੍ਹਾ ਹੁੰਦਾ ਹੈ ਪਰ ਬਹੁਤਾ ਗਿਆਨ ਨਾ ਹੋਣ ਕਰਕੇ ਹਰਿਆਣੇ ਦੇ ਪੇਂਡੂ ਇਲਾਕਿਆਂ ’ਚ ਕਈ ਵਾਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਅਤੇ ਬਹੁਤੀ ਵਾਰ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਵੀ ਨਹੀਂ ਹੁੰਦਾ। ਹਾਂ, ਕਦੇ-ਕਦੇ ਕੁਝ ਸ਼ਰਾਰਤੀ ਬੰਦੇ ਜਾਣਬੁੱਝ ਕੇ ਵੀ ਸ਼ਰਾਰਤ ਕਰਦੇ ਹਨ ਤਾਂ ਕਿ ਲੜਾਈ-ਝਗੜੇ ਵਾਲਾ ਮਾਹੌਲ ਬਣ ਜਾਵੇ ਅਤੇ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਖ਼ੈਰ!
ਉਹ ਬੰਦਾ ਜਿਵੇਂ ਹੀ ਬੱਸ ’ਚ ਚੜ੍ਹਿਆ ਤਾਂ ਬੱਸ ’ਚ ਅਜ਼ੀਬ ਦੀ ਮੁਸ਼ਕ ਫੈਲ ਗਈ। ਬੱਸ ’ਚ ਬੈਠੀਆਂ ਬਹੁਤੀਆਂ ਸਵਾਰੀਆਂ ਨੂੰ ਇਸ ਗੱਲ ਦਾ ਕੋਈ ਬਹੁਤਾ ਫ਼ਰਕ ਨਾ ਪਿਆ ਪਰ ਗਿਆਨੀ ਜੀ ਨੂੰ ਬਹੁਤ ਬੁਰਾ ਲੱਗਿਆ ਅਤੇ ਉਹ ਅਸਹਿਜ ਹੋ ਗਏ। ਪਾਠ ਕਰਦਿਆਂ ਉਨ੍ਹਾਂ ਦਾ ਧਿਆਨ ਭਟਕ ਗਿਆ।
ਇੰਨੀ ਦੇਰ ਨੂੰ ਉਹ ਸਖਸ਼ ਹੱਥ ’ਚ ਬੀੜੀ ਫੜ ਕੇ ਗਿਆਨੀ ਜੀ ਦੇ ਨਾਲ ਵਾਲੀ ਸੀਟ ’ਤੇ ਆ ਕੇ ਬਹਿ ਗਿਆ ਅਤੇ ਫੇਰ ਬੀੜੀ ਪੀਣ ਲੱਗਿਆ। ਕੁਝ ਚਿਰ ਉਡੀਕ ਤੋਂ ਬਾਅਦ ਗਿਆਨੀ ਜੀ ਨੇ ਉਸ ਬੰਦੇ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ, ‘ਕਾਕਾ, ਬੀੜੀ ਪੀਣੀ ਬੰਦ ਕਰ।’
ਉਹ ਅੱਗਿਓਂ ਵੇਰ ਕੇ ਕਹਿੰਦਾ, ‘ਮੈਂ ਪੈਸੇ ਖ਼ਰਚੇ ਨੇ, ਮੈਂ ਨਹੀਂ ਕਰਦਾ।’
ਗਿਆਨੀ ਜੀ ਕਹਿੰਦੇ, ‘ਤੈਨੂੰ ਪਤਾ ਨਹੀਂ ਹੈ ਕਿ ਬੱਸਾਂ ’ਚ ਇੰਝ ਬੀੜੀ-ਸਿਗਰੇਟ ਪੀਣੀ ਮਨ੍ਹਾ ਹੁੰਦੀ ਹੈ?’
ਉਹ ਅੱਗਿਓਂ ਫੇਰ ਵੀ ਨਾ ਮੰਨਿਆ ਅਤੇ ਤੈਸ਼ ’ਚ ਆ ਗਿਆ। ਉਹ ਗਿਆਨੀ ਜੀ ਨੂੰ ਮੰਦਾ-ਚੰਗਾ ਬੋਲ ਪਿਆ। ਇਹ ਸੁਣ ਕੇ ਗਿਆਨੀ ਜੀ ਨੂੰ ਵੀ ਗੁੱਸਾ ਆ ਗਿਆ। ਜਦੋਂ ਉਸ ਬੰਦੇ ਨੇ ਗਿਆਨੀ ਜੀ ਨੂੰ ਮੰਦਾ-ਚੰਗਾ ਬੋਲਿਆ ਤਾਂ ਅੱਗਿਓਂ ਗਿਆਨੀ ਜੀ ਨੇ ਵੀ ਉਸ ਨੂੰ ਗਾਲ਼ ਕੱਢ ਦਿੱਤੀ।
ਗਿਆਨੀ ਜੀ ਦੇ ਮੂੰਹੋਂ ਗਾਲ਼ ਸੁਣਦਿਆਂ ਹੀ ਉਹ ਬੰਦਾ ਅਚਾਨਕ ਨਰਮ ਪੈ ਗਿਆ। ਬੀੜੀ ਨੂੰ ਬੱਸ ਦੀ ਤਾਕੀ ’ਚੋਂ ਬਾਹਰ ਸੁੱਟ ਕੇ ਉਹਨੇ ਗਿਆਨੀ ਜੀ ਦੇ ਪੈਰ ਫੜ ਲਏ ਤੇ ਕਹਿੰਦਾ, ‘ਗਿਆਨੀ ਜੀ, ਮੈਂ ਤਾਂ ਮੂਰਖ਼ ਹਾਂ, ਅਨਪੜ ਹਾਂ। ਮੈਂ ਕੋਈ ਗਿਆਨੀ ਵਿਅਕਤੀ ਨਹੀਂ ਪਰ ਤੁਸੀਂ ਇੰਨੇ ਗਿਆਨਵਾਨ ਹੋ, ਸਿਆਣੇ ਹੋ। ਤੁਸੀਂ ਮੈਨੂੰ ਗਾਲ਼ ਕਿਓਂ ਕੱਢੀ?
ਗਿਆਨੀ ਜੀ ਨੂੰ ਉਸ ਬੰਦੇ ਤੋਂ ਇਸ ਤਰ੍ਹਾਂ ਦੇ ਚੰਗੇ ਵਰਤਾਓ ਦੀ ਆਸ ਉੱਕਾ ਹੀ ਨਹੀਂ ਸੀ। ਗਿਆਨੀ ਜੀ ਵੀ ਨਰਮ ਪੈ ਗਏ ਅਤੇ ਉਨ੍ਹਾਂ ਨੂੰ ਕੋਈ ਜੁਆਬ ਨਾ ਅਹੁੜੇ। ਇਸ ਲਈ ਉਹ ਚੁੱਪ ਧਾਰ ਗਏ। ਉਹ ਬੰਦਾ ਫਿਰ ਬੋਲਿਆ, ‘ਗਿਆਨੀ ਜੀ, ਮੂਰਖ਼ ਬੰਦਾ ਗ਼ਲਤੀ ਕਰੇ ਤਾਂ ਕੁਝ ਹੱਦ ਤੱਕ ਸਵੀਕਾਰ ਕੀਤੀ ਜਾ ਸਕਦੀ ਹੈ ਪਰ ਗਿਆਨੀ ਬੰਦਾ ਗ਼ਲਤੀ ਕਰੇ ਤਾਂ ਉਸ ਨੂੰ ਤਾਂ ਮੁੱਢੋਂ ਹੀ ਸਵੀਕਾਰ ਨਹੀਂ ਕੀਤਾ ਜਾ ਸਕਦਾ।’
ਗਿਆਨੀ ਜੀ ਨੇ ਉਸ ਦੀ ਗੱਲ ਸੁਣ ਕੇ ਅੱਗਿਓਂ ਹਾਂ ’ਚ ਸਿਰ ਹਿਲਾਇਆ। ਪਰ ਉਹ ਬੰਦਾ ਕਿੱਥੇ ਮੰਨੇ? ਉਹ ਫੇਰ ਕਹਿੰਦਾ, ‘ਗਿਆਨੀ ਜੀ, ਜੁਆਬ ਦਿਓ। ਮੈਂ ਤਾਂ ਮੂਰਖ਼ ਹਾਂ ਪਰ ਤੁਸੀਂ ਗਿਆਨੀ ਹੋ ਕੇ ਵੀ ਮੈਨੂੰ ਗਾਲ਼ ਕਿਓਂ ਕੱਢੀ? ਤੁਸੀਂ ਮੈਨੂੰ ਪਿਆਰ ਨਾਲ ਵੀ ਸਮਝਾ ਸਕਦੇ ਸੀ। ਹੁਣ ਤੁਹਾਡੇ ਗਿਆਨ ਅਤੇ ਮੇਰੇ ਅਗਿਆਨ ’ਚ ਕੀ ਫ਼ਰਕ ਰਹਿ ਗਿਆ?’
ਗਿਆਨੀ ਜੀ ਕਹਿੰਦੇ, ‘ਬੇਟਾ, ਮੇਰੇ ਤੋਂ ਗ਼ਲਤੀ ਹੋ ਗਈ। ਮੈਨੂੰ ਮੁਆਫ਼ ਕਰੋ।’
ਉਹ ਕਹਿੰਦਾ, ‘ਮੈਂ ਕੌਣ ਹੁੰਦਾ ਹਾਂ ਮੁਆਫ਼ ਕਰਨ ਵਾਲਾ। ਤੁਸੀਂ ਗਿਆਨਵਾਨ ਹੋ ਕੇ ਗ਼ਲਤੀ ਕਰ ਸਕਦੇ ਹੋ ਅਤੇ ਮੈਂ ਮੂਰਖ ਹੋ ਕੇ ਕਿਓਂ ਨਹੀਂ ਕਰ ਸਕਦਾ?’
ਖ਼ੈਰ, ਗੱਲ ਕੀ? ਗਿਆਨੀ ਜੀ ਕਹਿੰਦੇ ਮੈਂ ਉਸ ਬੰਦੇ ਤੋਂ ਮੁਆਫ਼ੀ ਮੰਗ ਕੇ ਆਪਣੀ ਗ਼ਲਤੀ ਦਾ ਪਛਤਾਵਾ ਕੀਤਾ। ਇਸ ਤੋਂ ਬਾਅਦ ਤਾ-ਉਮਰ ਮੈਂ ਆਪਣੀ ਹੱਦਬੰਦੀ ਕਦੇ ਪਾਰ ਨਹੀਂ ਕੀਤੀ। ਹਾਂ, ਕਈ ਵਾਰ ਕੁਝ ਬੰਦੇ ਪਿਆਰ ਦੀ ਬੋਲੀ ਨਹੀਂ ਸਮਝਦੇ ਫੇਰ ਉਨ੍ਹਾਂ ਨੂੰ ਗੁੱਸੇ ਨਾਲ ਵੀ ਸਮਝਾਉਣਾ ਪੈਂਦਾ ਹੈ ਪਰ ਬੰਦੇ ਦੀ ਜ਼ਿੰਦਗੀ ਦਾ ਪਹਿਲਾ ਸਬਕ ਇਹ ਹੁੰਦਾ ਹੈ ਕਿ ਸਾਹਮਣੇ ਵਾਲੇ ਬੰਦੇ ਨਾਲ ਪਿਆਰ ਨਾਲ ਗੱਲ ਕੀਤੀ ਜਾਵੇ। ਦੂਜੀ ਗੱਲ, ਗੁੱਸੇ ’ਚ ਵੀ ਆਪਣੀ ਮਰਿਆਦਾ ਦੀ ਉਲੰਘਣਾ ਕਰਨਾ ਸਿਆਣੇ ਬੰਦੇ ਨੂੰ ਕਦੇ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬਰਦਾਸ਼ਤ ਕਰਨ ਦੀ ਇਕ ਹੱਦ ਹੁੰਦੀ ਹੈ ਉਸੇ ਤਰ੍ਹਾਂ ਕਰੋਧ ਕਰਨ ਦੀ ਵੀ ਇਕ ਸੀਮਾ ਹੁੰਦੀ ਹੈ। ਦਾਇਰੇ ਤੋਂ ਪਾਰ ਕੀਤਾ ਗਿਆ ਕਰੋਧ ਵੀ ਅਕਸਰ ਨੁਕਸਾਨਦਾਇਕ ਹੀ ਸਾਬਿਤ ਹੁੰਦਾ ਹੈ। ਸਿਆਣੇ ਬੰਦੇ ਨੂੰ ਕਰੋਧ ਦੀ ਅਵਸਥਾ ’ਚ ਵੀ ਚੇਤੰਨ ਰਹਿਣਾ ਚਾਹੀਦਾ ਹੈ।
ਸੋ ਦੋਸਤੋ, ਇਹ ਗੱਲ ਅੱਜ ਦੇ ਪ੍ਰਸੰਗ ’ਚ ਵੀ 100 ਫ਼ੀਸਦੀ ਢੁੱਕਦੀ ਹੈ। ਅਸੀਂ ਹਰ ਬੰਦੇ ਕੋਲੋਂ ਉਸੇ ਵਰਤਾਓ ਦੀ ਆਸ ਰੱਖਦੇ ਹਾਂ ਜਿਹੜਾ ਕਿ ਸਾਡੇ ਆਪਣੇ ਜ਼ਿਹਨ ਵਿੱਚ ਹੁੰਦਾ ਹੈ ਪਰ ਸਾਡੀ ਲਿਆਕਤ, ਸਿੱਖਿਆ ਅਤੇ ਪਾਲਣ-ਪੋਸ਼ਣ ਸਾਡੀ ਬੋਲੀ, ਵਰਤਾਓ ਅਤੇ ਪਹਿਰਾਵੇ ਨੂੰ ਪ੍ਰਭਾਵਿਤ ਕਰਦਾ ਹੈ।
ਕਿਸੇ ਮੂਰਖ਼ ਬੰਦੇ ਕੋਲੋਂ ਸਿਆਣਪ ਦੀ ਆਸ ਨਿਰੀ ਮੂਰਖ਼ਤਾ ਹੀ ਕਹੀ ਜਾ ਸਕਦੀ ਹੈ ਅਤੇ ਕਿਸੇ ਸਿਆਣੇ ਬੰਦੇ ਤੋਂ ਮੂਰਖ਼ਤਾ ਦੀ ਗੱਲ ਮੁੱਢੋਂ ਹੀ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਇਸ ਲਈ ਜੇਕਰ ਸਾਹਮਣੇ ਵਾਲਾ ਸਖਸ਼ ਕੁਝ ਮੰਦਾ-ਚੰਗਾ ਬੋਲ ਰਿਹਾ ਹੈ ਤਾਂ ਇਸ ਗੱਲ ਦਾ ਅੰਦਾਜ਼ਾ ਲਾਓ ਕਿ ਉਹ ਕਿਸ ਸਮਾਜ ਦਾ ਹਿੱਸਾ ਹੋ ਸਕਦਾ ਹੈ। ਉਸਦੀ ਸਿੱਖਿਆ ਕਿੰਝ ਦੀ ਹੋਈ ਹੋਵੇਗੀ। ਉਸਦਾ ਮਾਨਸਿਕ ਪੱਧਰ ਕਿਸ ਲੇਵਲ ਦਾ ਹੋਵੇਗਾ ਅਤੇ ਉਸਨੂੰ ਮਾਂ-ਬਾਪ ਕੋਲੋਂ ਕਿੰਝ ਦੇ ਸੰਸਕਾਰ ਮਿਲੇ ਹੋਣਗੇ। ਮੂਰਖ਼ ਬੰਦੇ ਕੋਲੋਂ ਸਿਆਣਪ ਦੀ ਆਸ ਅਸਲ ਵਿੱਚ ਮੂਰਖ਼ਤਾ ਹੀ ਹੁੰਦੀ ਹੈ, ਹੋਰ ਕੁਝ ਨਹੀਂ।