- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਚੱਲ ਰਹੇ ਤਣਾਅ ਦੇ ਕਾਰਨ ਅਮਰੀਕਾ-ਇਰਾਨ ਯੁੱਧ, ਰੂਸ-ਯੂਕਰੇਨ ਯੁੱਧ ਅਤੇ ਆਪ੍ਰੇਸ਼ਨ ਸੰਧੂਰ ਆਦਿ ਵਰਗੇ ਹਾਲਾਤਾਂ ਦਾ ਵਾਤਾਵਰਣ ਉੱਪਰ ਬਹੁਤ ਹੀ ਗੰਭੀਰ ਪ੍ਰਭਾਵ ਪੈਂਦਾ ਹੈ ਯੁੱਧ ਸਿਰਫ਼ ਮਨੁੱਖੀ ਜਾਨਾਂ ਦਾ ਹੀ ਨੁਕਸਾਨ ਨਹੀਂ ਕਰਦਾ, ਸਗੋਂ ਕੁਦਰਤ ਦੇ ਦਿੱਤੇ ਅਨਮੋਲ ਤੋਹਫ਼ਿਆਂ ਅਤੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ।

-ਡਾ. ਸਤਿੰਦਰ ਸਿੰਘ
ਮਨੁੱਖੀ ਗ਼ਲਤੀਆਂ ਦੇ ਕਾਰਨ ਧਰਤੀ ਤੇ ਵੱਧਦਾ ਪ੍ਰਦੂਸ਼ਣ ਬੇਹੱਦ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ, ਮੌਜੂਦਾ ਸਮੇਂ ਵੱਧਦਾ ਤਾਪਮਾਨ ਅਤੇ ਜਲਵਾਯੂ ਤਬਦੀਲੀ ਪੂਰੇ ਵਿਸ਼ਵ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਣੀ ਦੇ ਸੰਕਟ ਦਾ ਖ਼ਮਿਆਜ਼ਾ ਮਨੁੱਖਾਂ ਦੇ ਨਾਲ-ਨਾਲ ਜੀਵ ਜੰਤੂ ਅਤੇ ਜੰਗਲ ਵੀ ਭੁਗਤ ਰਹੇ ਹਨ।
ਵਿਕਾਸ ਦੇ ਨਾਂ ’ਤੇ ਦਰਖਤਾਂ ਦੀ ਅੰਨ੍ਹੇਵਾਹ ਕਟਾਈ ਤੇ ਰੋਕ ਨਹੀਂ ਲੱਗ ਰਹੀ। ਕੰਕਰੀਟ ਦੇ ਜੰਗਲ ਤੇਜ਼ੀ ਨਾਲ ਫੈਲ ਰਹੇ ਹਨ। ਜਿਸ ਨਾਲ ਪ੍ਰਦੂਸ਼ਣ ਖਤਰਨਾਕ ਰਫਤਾਰ ਨਾਲ ਵੱਧ ਰਿਹਾ ਹੈ। ਇਸ ਦੇ ਨਤੀਜੇ ਵਜੋਂ ਹਰ ਸਾਲ ਗਰਮੀ ਬੇਹਤਾਸ਼ਾ ਵੱਧ ਰਹੀ ਹੈ। ਜੇਕਰ ਤਾਪਮਾਨ ’ਚ ਇਸੇ ਰਫ਼ਤਾਰ ਨਾਲ ਵੱਧਦਾ ਗਿਆ ਤਾਂ ਆਉਣ ਵਾਲੇ ਸਾਲਾਂ ’ਚ ਸਥਿਤੀ ਹੋਰ ਵੀ ਖ਼ਤਰਨਾਕ ਹੋ ਜਾਵੇਗੀ। ਜਲਵਾਯੂ ਪਰਿਵਰਤਨ ਦਾ ਸਭ ਤੋਂ ਮਾੜਾ ਅਸਰ ਸਾਡੀ ਖੇਤੀ ਦੀ ਉਤਪਾਦਕਤਾ ਉੱਪਰ ਪੈ ਰਿਹਾ ਹੈ। ਖੇਤੀ ਪ੍ਰਧਾਨ ਸੂਬੇ ਲਈ ਇਹ ਆਰਥਿਕ ਸੰਕਟ ਦਾ ਕਾਰਨ ਬਣੇਗਾ ਅਤੇ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਲਈ ਅਨਾਜ ਦਾ ਸੰਕਟ ਵੀ ਪੈਦਾ ਹੋ ਸਕਦਾ ਹੈ।
ਵਿਸ਼ਵ ਦੇ ਵੱਖ-ਵੱਖ ਦੇਸ਼ਾਂ ’ਚ ਚੱਲ ਰਹੇ ਤਣਾਅ ਦੇ ਕਾਰਨ ਅਮਰੀਕਾ-ਇਰਾਨ ਯੁੱਧ, ਰੂਸ-ਯੂਕਰੇਨ ਯੁੱਧ ਅਤੇ ਆਪ੍ਰੇਸ਼ਨ ਸੰਧੂਰ ਆਦਿ ਵਰਗੇ ਹਾਲਾਤਾਂ ਦਾ ਵਾਤਾਵਰਣ ਉੱਪਰ ਬਹੁਤ ਹੀ ਗੰਭੀਰ ਪ੍ਰਭਾਵ ਪੈਂਦਾ ਹੈ ਯੁੱਧ ਸਿਰਫ਼ ਮਨੁੱਖੀ ਜਾਨਾਂ ਦਾ ਹੀ ਨੁਕਸਾਨ ਨਹੀਂ ਕਰਦਾ, ਸਗੋਂ ਕੁਦਰਤ ਦੇ ਦਿੱਤੇ ਅਨਮੋਲ ਤੋਹਫ਼ਿਆਂ ਅਤੇ ਵਾਤਾਵਰਨ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦਾ ਹੈ। ਬੰਬ ਧਮਾਕਿਆਂ, ਮਿਜ਼ਾਈਲਾਂ ਅਤੇ ਹਥਿਆਰਾਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਜ਼ਹਿਰੀਲੀਆਂ ਗੈਸਾਂ ਹਵਾ ਨੂੰ ਬੇਹੱਦ ਪ੍ਰਦੂਸ਼ਿਤ ਕਰਦੀਆਂ ਹਨ। ਇਸ ਨਾਲ ਮਨੁੱਖੀ ਅਤੇ ਜੀਵ-ਜੰਤੂਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ।
ਜਲ ਸਰੋਤ ਪ੍ਰਦੂਸ਼ਿਤ ਹੋ ਜਾਂਦੇ ਹਨ, ਮਿੱਟੀ ਦੀ ਗੁਣਵੱਤਾ ਖ਼ਰਾਬ ਹੋ ਜਾਂਦੀ ਹੈ, ਜੈਵਿਕ ਵਿਭਿੰਨਤਾ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ। ਸ਼ਾਂਤੀ ਹੀ ਸੁਚੱਜੇ ਅਤੇ ਸੁਰੱਖਿਤ ਵਾਤਾਵਰਨ ਦੀ ਬੁਨਿਆਦ ਹੈ।
ਅੱਜ ਤੋਂ 52 ਸਾਲ ਪਹਿਲਾਂ ਜਦੋਂ ਜਲ, ਜੰਗਲ, ਜ਼ਮੀਨ ਅਤੇ ਹਵਾ ਵੱਧ ਪ੍ਰਦੂਸ਼ਿਤ ਹੋਣ ਲੱਗੀ, ਤਾਂ ਸੰਯੁਕਤ ਰਾਸ਼ਟਰ ਨੇ ਵਿਸ਼ਵ ’ਚ ਵਾਤਾਵਰਨ ਪ੍ਰਦੂਸ਼ਣ ਦੇ ਪੈ ਰਹੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ 5 ਜੂਨ 1974 ਨੂੰ ਪਹਿਲੀ ਵਾਰ ‘ਵਿਸ਼ਵ ਵਾਤਾਵਰਨ ਦਿਵਸ’ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਵਿਸ਼ਵ ਦੇ 143 ਤੋਂ ਵੱਧ ਦੇਸ਼ਾਂ ਦੀਆਂ ਸਰਕਾਰਾਂ, ਸਮਾਜ ਸੇਵੀ ਸੰਸਥਾਵਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਹਰ ਸਾਲ 5 ਜੂਨ ਨੂੰ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮ ਕਰਕੇ ਸਮਾਜ ਨੂੰ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ। ਸੰਯੁਕਤ ਰਾਸ਼ਟਰ ਦੇ ਵਾਤਾਵਰਣ ਸੰਭਾਲ ਪ੍ਰੋਗਰਾਮ ਤਹਿਤ ਹਰ ਸਾਲ ਵਾਤਾਵਰਣ ਦਿਵਸ ਦਾ ਇਕ ਥੀਮ ਸਮੁੱਚੇ ਵਿਸ਼ਵ ਨੂੰ ਦਿੱਤਾ ਜਾਂਦਾ ਹੈ। ਸਾਲ 2026 ਲਈ ਥੀਮ ‘ਕੁਦਰਤ ਤੋਂ ਪ੍ਰੇਰਿਤ-ਜਲਵਾਯੁ ਲਈ-ਸਾਡੇ ਭਵਿੱਖ ਲਈ’ ਨੂੰ ਰੱਖਿਆ ਗਿਆ ਹੈ। ਜਿਸ ਤਹਿਤ ਸਮਾਜ ਸੇਵੀ ਸੰਸਥਾਵਾਂ, ਵਾਤਾਵਰਣ ਪ੍ਰੇਮੀਆਂ ਅਤੇ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਜਲਵਾਯੂ ਤਬਦੀਲੀ ਦਾ ਧਰਤੀ ਉਪਰ ਪੈ ਰਹੇ ਮਾੜੇ ਪ੍ਰਭਾਵਾਂ ਅਤੇ ਸਾਡੇ ਪ੍ਰਦੂਸ਼ਣ ਮੁਕਤ ਭਵਿੱਖ ਪ੍ਰਤੀ ਚੇਤੰਨਤਾ ਪੈਦਾ ਕਰਨ ਦੇ ਯਤਨ ਕੀਤੇ ਜਾਣਗੇ। ਧਰਤੀ ਨੂੰ ਪ੍ਰਦੂਸ਼ਣ ਮੂਕਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਥੀਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਵਾਤਾਵਰਨ ਪ੍ਰੇਮੀਆਂ ਵੱਲੋਂ ਕੀਤਾ ਜਾ ਰਿਹਾ ਹੈ।
ਬ੍ਰਹਿਮੰਡ ਦੇ ਸਮੂਹ ਗ੍ਰਹਿਆਂ ’ਚੋਂ ਧਰਤੀ ਸਭ ਤੋਂ ਉੱਤਮ ਅਤੇ ਕਿਸਮਤ ਵਾਲਾ ਗ੍ਰਹਿ ਮੰਨਿਆ ਜਾਂਦਾ ਹੈ, ਕਿਉਂਕਿ ਸਾਡੇ ਗਿਆਨ ਮੁਤਾਬਕ ਸਿਰਫ਼ ਧਰਤੀ ਉੱਪਰ ਹੀ ਸੁਚੱਜਾ ਜੀਵਨ ਸੰਭਵ ਹੈ। ਇੱਥੇ ਜ਼ਿੰਦਗੀ ਬਹੁਤ ਹੀ ਸੁਚਾਰੂ ਢੰਗ ਨਾਲ ਵਿਕਸਤ ਹੋਈ ਹੈ, ਚਾਹੇ ਉਹ ਮਨੁੱਖੀ ਜ਼ਿੰਦਗੀ ਦੇ ਰੂਪ ’ਚ ਹੋਵੇ ਜਾਂ ਪਸ਼ੂ ਪੰਛੀਆਂ, ਬੂਟੇ, ਸੂਖਮ ਜੀਵਾਂ ਜਾ ਸਮੁੰਦਰੀ ਜੀਵਾਂ ਦੀ ਜ਼ਿੰਦਗੀ ਹੋਵੇ। ਮਨੁੱਖੀ ਜੀਵਨ ਇਸ ਧਰਤੀ ਉੱਪਰ ਕੁਦਰਤ ਦਾ ਸਭ ਤੋਂ ਵੱਡਾ ਤੋਹਫ਼ਾ ਹੈ। ਇਸ ਜੀਵਨ ਨੂੰ ਸੁਚੱਜੇ ਢੰਗ ਨਾਲ ਬਤੀਤ ਕਰਨ ਲਈ ਕੁਦਰਤ ਨੇ ਮਨੁੱਖੀ ਜਨਮ ਸਮੇਂ ਸ਼ੁੱਧ ਹਵਾ, ਨਿਰਮਲ ਜਲ, ਸੀਤਲ ਚਾਂਦਨੀ ਅਤੇ ਸੁਨਹਿਰੀ ਕਿਰਨਾਂ ਪੈਦਾ ਕੀਤੀਆਂ ਤਾਂ ਜੋ ਕੁਦਰਤ ਦਾ ਸੰਤੁਲਨ ਬਣਿਆ ਰਹੇ ਪਰ ਮਨੁੱਖ ਨੇ ਜਿਉ-ਜਿਉਂ ਤਰੱਕੀ ਕੀਤੀ ਨਾਲ-ਨਾਲ ਕੁਦਰਤ ਦੇ ਅਨਮੋਲ ਤੋਹਫ਼ਿਆਂ ਨੂੰ ਇਕ ਦੈਂਤ ਦੀ ਤਰ੍ਹਾਂ ਲੁੱਟਿਆ ਅਤੇ ਇੱਥੋਂ ਦੇ ਵਾਤਾਵਰਨ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਧਰਤੀ ਮਾਂ ਦਾ ਹਰ ਅੰਗ ਬਿਮਾਰ ਹੋ ਚੁੱਕਿਆ ਹੈ।
ਕੁਝ ਲੋਕ ਸਿਰਫ਼ ਹਵਾ ਅਤੇ ਮੌਸਮ ਨੂੰ ਹੀ ਵਾਤਾਵਰਨ ਸਮਝਣ ਦੀ ਭੁੱਲ ਕਰਦੇ ਹਨ ਪਰ ਅਸਲ ਸ਼ਬਦਾਂ ’ਚ ਹਵਾ ਜਿਸ ਉੱਪਰ ਅਸੀਂ ਖੜ੍ਹੇ ਹਾਂ, ਪਾਣੀ ਜੋ ਜੀਵਨ ਦਾ ਆਧਾਰ ਹੈ ਅਤੇ ਸਾਡੇ ਆਲੇ-ਦੁਆਲੇ ਦੀਆਂ ਜੀਵਤ ਅਤੇ ਅਜੀਵਤ ਵਸਤੂਆਂ ਨੂੰ ਮਿਲਾ ਕੇ ਹੀ ਵਾਤਾਵਰਨ ਬਣਦਾ ਹੈ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਵਾਤਾਵਰਨ ਨੂੰ ਮਹੱਤਤਾ ਦਿੰਦੇ ਹੋਏ ਆਪਣੀ ਬਾਣੀ ’ਚ ਪਵਨ ਅਰਥਾਤ ਹਵਾ ਨੂੰ ਗੁਰੂ ਦਾ ਦਰਜਾ ਦਿੱਤਾ ਹੈ, ਪਾਣੀ ਨੂੰ ਪਿਤਾ ਅਰਥਾਤ ਸਭ ਜੀਵਾਂ ਦਾ ਜਨਮਦਾਤਾ ਅਤੇ ਧਰਤੀ ਨੂੰ ਸਭ ਦੀ ਵੱਡੀ ਮਾਂ ਦੱਸਿਆ ਹੈ ਪਰ ਅੱਜ ਦੇ ਤਰੱਕੀ ਵੱਲ ਸੋਚਣ ਵਾਲੇ ਮਨੁੱਖ ਨੇ ਆਪਣੀ ਉਨੀ ਸੋਚ ਸਦਕਾ ਹਵਾ ਨੂੰ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਅੱਜ ਮਨੁੱਖ ਦਾ ਆਪਣਾ ਤਾਂ ਕਿ ਜੀਵ-ਜੰਤੂਆਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਹਵਾ ’ਚ ਨਾਈਟਰੋਜਨ ਆਕਸਾਈਡ, ਸਲਫ਼ਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ ਅਤੇ ਕਲੋਰੋ ਫਲੋਰੋ ਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਦੀ ਵਧਦੀ ਮਾਤਰਾ ਕਾਰਨ ਨਜ਼ਲਾ, ਜ਼ੁਕਾਮ, ਖਾਂਸੀ, ਦਮਾ ਰੋਗ ਅਤੇ ਅੱਖਾਂ ਦੇ ਅਨੇਕਾਂ ਗੰਭੀਰ ਰੋਗਾਂ ਦੇ ਲੋਕ ਪੀੜਤ ਹੋ ਰਹੇ ਹਨ। ਸਿਹਤ ਨਾਲ ਸਬੰਧਤ ਖੋਜਾਂ ਅਨੁਸਾਰ ਭਾਰਤ ’ਚ ਬੱਚਿਆਂ ’ਚ ਸਾਹ ਅਤੇ ਦਮੇ ਦੇ ਬਿਮਾਰੀਆਂ ਦੇ ਮਰੀਜ਼ ਲਗਾਤਾਰ ਵੱਧ ਰਹੇ ਹਨ। ਹਵਾ ਪ੍ਰਦੂਸ਼ਣ ਦੇ ਕਾਰਨ ਮਨੁੱਖ ਦੀ ਅਰੋਗਤਾ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ।
ਧਰਤੀ ਉਪਰ ਪਾਣੀ ਨੂੰ ਅੱਜ ਦੁਹਰੀ ਮਾਰ ਪੈ ਰਹੀ ਹੈ। ਪਹਿਲਾਂ ਪਾਣੀ ਦੇ ਪੱਧਰ ਦਾ ਲਗਾਤਾਰ ਨੀਵਾ ਜਾਣਾ ਅਤੇ ਦੂਸਰਾ ਮੌਜੂਦ ਪਾਣੀ ਦੀ ਗੁਣਵੱਤਾ ਦਾ ਪ੍ਰਦੁਸ਼ਿਤ ਹੋਣਾ। ਕਹਿਣ ਨੂੰ ਤਾਂ ਧਰਤੀ ਦਾ 75 ਫ਼ੀਸਦ ਭਾਗ ਪਾਣੀ ਹੈ ਪਰ ਅਸਲ ਵਿੱਚ ਸਿਰਫ 0.007 ਫ਼ੀਸਦ ਪਾਣੀ ਹੀ ਵਰਤੋਂ ਲਈ ਉਪਲੱਬਧ ਹੈ, ਕਿਉਂਕਿ ਪਾਣੀ ਦਾ 97.5 ਫ਼ੀਸਦ ਖਾਰਾ (ਸਮੂੰਦਰ) ਹੈ। ਸਿਰਫ ਬਾਕੀ ਰਹਿ ਗਿਆ 2.5 ਫ਼ੀਸਦ ਪਾਣੀ ਵਰਤੋ ਯੋਗ, ਉਸ ’ਚੋਂ ਵੀ 70 ਫ਼ੀਸਦ ਬਰਫ਼ ਦੇ ਰੂਪ ’ਚ ਹੈ ਅਤੇ 29.003 ਫ਼ੀਸਦ ਪਾਣੀ ਮਿੱਟੀ ’ਚ ਨਮੀ ਦੇ ਰੂਪ ’ਚ ਧਰਤੀ ਦੇ ਹੇਠਲੇ ਭੰਡਾਰ ’ਚ ਹੈ। ਵਰਤੋਂ ਯੋਗ ਪਾਣੀ ਨੂੰ ਵੀ ਫ਼ੈਕਟਰੀਆਂ ਦੇ ਪ੍ਰਦੂਸ਼ਿਤ ਪਾਣੀ ਅਤੇ ਸੀਵਰੇਜ ਦੀ ਨਿਕਾਸੀ ਆਦਿ ਕਾਰਨਾਂ ਕਰਕੇ ਗੰਗਾ ਵਰਗਾ ਪਵਿੱਤਰ ਦਰਿਆ ਜੋ ਗੋਮੁੱਖ ਨਾਮ ਦੇ ਸਥਾਨ ਤੋਂ ਨਿਕਲ ਕੇ ਬੰਗਾਲ ਦੀ ਖਾੜੀ ਤਾਂ ਦੂਰ, ਕਾਨਪੁਰ ਤੱਕ ਪਹੁੰਚਦਾ-ਪਹੁੰਚਦਾ ਇੱਕ ਖੁੱਲ੍ਹੇ ਸੀਵਰ ਦਾ ਰੂਪ ਧਾਰਨ ਕਰ ਜਾਂਦਾ ਹੈ। ਦੇਸ਼ ਦੇ ਬਾਕੀ ਦਰਿਆਵਾਂ ਦਾ ਹਾਲ ਤਾਂ ਇਸ ਤੋਂ ਵੀ ਮਾੜਾ ਹੈ। ਪੰਜਾਬ ਜਿਸ ਨੂੰ ਪੰਜ-ਆਬ ਦੀ ਧਰਤੀ ਕਿਹਾ ਜਾਂਦਾ ਹੈ ਦਾ ਸਭ ਤੋਂ ਵੱਡਾ ਦਰਿਆ ਸਤਲੁਜ ਜਦੋਂ ਤਿੱਬਤ ’ਚੋਂ ਮਾਨਸਰੋਵਰ ਦੇ ਨੇੜੇ ਰਾਕਸ਼ਸਤਾਲ ਝੀਲ ਤੋ ਸ਼ੁਰੂ ਹੋ ਕੇ ਜਦੋਂ ਸ਼ਿਪਾਕੀ ਦਰੇ ਵਿਚੋਂ ਲੰਘ ਕੇ ਭਾਰਤ ਵਿੱਚ ਦਾਖਲ ਹੁੰਦਾ ਹੈ ਤਾਂ ਬੇਹੱਦ ਸਾਫ ਅਤੇ ਨੀਲੇ ਰੰਗ ਦਾ ਹੁੰਦਾ ਹੈ ਪਰ ਜਦੋਂ ਪੰਜਾਬ ’ਚ ਲੰਘਦਾ ਹੋਇਆ ਹੁਸੈਨੀਵਾਲਾ (ਫਿਰੋਜ਼ਪੁਰ) ਦੇ ਨਜ਼ਦੀਕ ਪਾਕਿਸਤਾਨ ਵਾਲੇ ਪਾਸੇ ਦਾਖਲ ਹੋ ਜਾਂਦਾ ਹੈ ਤਾਂ ਇਸ ਦਾ ਰੰਗ ਕਾਲਾ, ਬੇਹੱਦ ਪ੍ਰਦੂਸ਼ਿਤ ਅਤੇ ਬਦਬੂ ਵਾਲਾ ਹੋ ਜਾਂਦਾ ਹੈ। ਇਸ ਦੇ ਕੰਢੇ ਵਸੇ ਲੋਕ ਕੈਂਸਰ, ਕਾਲਾ ਪੀਲੀਆ, ਕਿਡਨੀ ਦੇ ਰੋਗ ਅਤੇ ਅਨੇਕਾਂ ਲਾਇਲਾਜ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦੇ 152 ਬਲਾਕਾ ਵਿਚੋਂ ਲਗਭਗ 125 ਬਲਾਕ ਡਾਰਕ ਜ਼ੋਨ ’ਚ ਜਾ ਚੁੱਕੇ ਹਨ ਜੋ ਕਿ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਧਰਤੀ ਜਿਸ ਨੂੰ ਅਸੀਂ ਵੱਡੀ ਮਾਂ ਦਾ ਦਰਜਾ ਦਿੰਦੇ ਹਾਂ, ਅੱਜ ਸਾਨੂੰ ਖਾਣ ਲਈ ਜ਼ਹਿਰੀਲੀਆਂ ਫ਼ਸਲਾਂ ਪੈਦਾ ਕਰਕੇ ਦੇ ਰਹੀ ਹੈ। ਉਸ ਦਾ ਮੁੱਖ ਕਾਰਨ ਕੀੜੇਮਾਰ ਰਸਾਇਣਕ, ਨਦੀਨਨਾਸ਼ਕ, ਰਸਾਇਣਕ ਖਾਦਾਂ, ਉਦਯੋਗਿਕ ਫਾਲਤੂ ਵਸਤੂਆਂ, ਰੇਡੀਓ ਐਕਟਿਵ ਪਦਾਰਥ ਆਦਿ ਹਨ, ਜਿਸ ਕਾਰਨ ਸਾਡੀ ਖੁਰਾਕ ਲੜੀ ਨੂੰ ਵੱਡੀ ਢਾਹ ਲੱਗੀ ਹੈ।
ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦਾ ਅਰਬਾ ਰੁਪਏ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਉਪਰ ਖਰਚ ਕੀਤਾ ਜਾ ਰਿਹਾ ਹੈ। ਪ੍ਰਦੂਸ਼ਣ ਦੇ ਕਾਰਨ ਵੱਧਦਾ ਤਾਪਮਾਨ ਇਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਿਆ ਹੈ, ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖ਼ਤਮ ਹੋ ਜਾਣਗੇ, ਸਮੁੰਦਰਾਂ ’ਚ ਪਾਣੀ ਵੱਧ ਜਾਵੇਗਾ ਜੋ ਸਮੁੰਦਰ ਕੰਢੇ ਵੱਸਣ ਵਾਲੇ ਕਰੋਡ਼ਾਂ ਲੋਕਾਂ ਲਈ ਖ਼ਤਰੇ ਦੀ ਘੰਟੀ ਹੋਵੇਗਾ।
ਪ੍ਰਦੂਸ਼ਣ ਦੇ ਕਾਰਨਾਂ ’ਚੋਂ ਵੱਧਦੀ ਜਨਸੰਖਿਆ ਸਭ ਤੋਂ ਵੱਡਾ ਕਾਰਨ ਹੈ। ਕਿਉਂਕਿ ਪੇਟ ਭਰਨ ਲਈ ਅਨਾਜ ਪੈਦਾ ਕਰਨ ਅਤੇ ਰਹਿਣ ਲਈ ਮਕਾਨ ਬਣਾਉਣ ਲਈ ਦਰੱਖਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋ ਵੱਧ ਜਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਨੂੰ ਤੇਜ਼ ਬਣਾਇਆ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਜਾਨਲੇਵਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਵੱਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ, ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ’ਤੇ ਪਾਲੀਥੀਨ ਬੈਗ ਦੇ ਢੇਰ ਜੋ ਜਲਦ ਨਸ਼ਟ ਨਹੀਂ ਹੁੰਦੇ, ਵਾਤਾਵਰਨ ਪ੍ਰਦੂਸ਼ਿਤ ਕਰਨ ’ਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨ ਚਲਾਉਣ ਤੇ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ,ਓਜ਼ੋਨ ਪਰਤ ਨੂੰ ਪਤਲਾ ਕਰਨ ਵਿਚ ਸਭ ਤੋਂ ਵੱਡਾ ਰੋਲ ਅਦਾ ਕਰ ਰਹੀ ਹੈ। ਓਜ਼ੋਨ ਪਰਤ ਦੇ ਪਤਲਾ ਹੋਣ ਦੇ ਕਾਰਨ ਮਨੁੱਖੀ ਜੀਵਨ ਦੀ ਅਰੋਗਤਾ ਨੂੰ ਇੱਕ ਬਹੁਤ ਵੱਡਾ ਝਟਕਾ ਲੱਗ ਰਿਹਾ ਹੈ ਅਤੇ ਅਨੇਕਾਂ ਲਾਇਲਾਜ ਬਿਮਾਰੀਆਂ ਪੈਦਾ ਹੋ ਰਹੀਆਂ ਹਨ ।
ਧਾਰਮਿਕ ਸਥਾਨਾਂ ’ਤੇ ਲੱਗੇ ਵੱਡੇ ਸਪੀਕਰ, ਖੁਸ਼ੀ ਦੇ ਮੌਕੇ ਉੱਚੀ ਆਵਾਜ਼ ’ਚ
ਚਲਦੇ ਡੀ. ਜੇ ਸਿਸਟਮ, ਘਰਾ ਵਿੱਚ ਉੱਚੀ ਅਵਾਜ਼ ਵਿੱਚ ਚਲਦੇ ਟੈਲੀਵਿਜ਼ਨ ਅਤੇ ਮਿਊਜ਼ਿਕ ਸਿਸਟਮ ਅਤੇ ਮੋਟਰਸਾਇਕਲਾਂ ’ਤੇ ਲੱਗੇ ਪ੍ਰੈਸ਼ਰ ਹਾਰਨ ਦੇ ਕਾਰਨ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ। ਜਿਨ੍ਹਾਂ ’ਚ ਸਿਰਦਰਦ, ਤਣਾਅ, ਸੁਨਣ ਸ਼ਕਤੀ ਦਾ ਵਿਗੜਨਾ, ਨੀਂਦ ਨਾ ਆਉਣ ਦੀ ਬਿਮਾਰੀ ਆਦਿ ਪ੍ਰਮੁੱਖ ਹਨ। ਪੜ੍ਹਾਈ ਕਰਦੇ ਬੱਚਿਆਂ, ਬਿਮਾਰ ਲੋਕਾਂ ਅਤੇ ਬਜ਼ੁਰਗਾਂ ਲਈ ਤਾ ਆਵਾਜ਼ ਪ੍ਰਦੂਸ਼ਣ ਬੇਹੱਦ ਨੁਕਸਾਨਦਾਇਕ ਸਾਬਿਤ ਹੋ ਰਿਹਾ ਹੈ।
ਅੱਜ ਸਾਡੇ ਵਾਤਾਵਰਣ ਸਬੰਧੀ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਪਰ ਅਜੇ ਵੀ ਸਮਾਂ ਹੈ ਕਿ ਅਸੀਂ ਵਾਤਾਵਰਣ ਜਿਸ ’ਚ ਰਹਿੰਦੇ ਹਾ, ਉਸ ਨੂੰ ਸੰਭਾਲੀਏ। ਜ਼ਿਆਦਾ ਤੋ ਜ਼ਿਆਦਾ ਦਰਖ਼ਤ ਲਗਾਏ ਜਾਣ, ਪਾਲਿਥੀਨ ਬੈਗ ਦਾ ਪ੍ਰਯੋਗ ਨਾ ਹੋਵੇ, ਮੋਟਰ ਗੱਡੀਆਂ ’ਤੇ ਵਿਸ਼ੇਸ਼ ਕਿਸਮ ਦੇ ਸਾਈਲੈਂਸਰ ਲਗਾਏ ਜਾਣ, ਲੈੱਡ ਰਹਿਤ ਪੈਟਰੋਲ ਦੀ ਵਰਤੋਂ ਕੀਤੀ ਜਾਵੇ, ਕਾਰਖਨਿਆ ’ਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆ ਲੱਗਣ। ਵਾਤਾਵਰਣ ਦੀ ਸੰਭਾਲ ਸਬੰਧੀ ਕਾਨੂੰਨ ਤਾਂ ਸਾਡੇ ਦੇਸ਼ ਵਿੱਚ ਬਹੁਤ ਹਨ ਪਰ ਇਨ੍ਹਾਂ ਕਾਨੂੰਨਾਂ ਦਾ ਲਾਭ ਤਾਂ ਹੀ ਹੈ, ਜੇ ਸਖ਼ਤੀ ਅਤੇ ਇਮਾਨਦਾਰੀ ਨਾਲ ਵੋਟਾਂ ਦੀ ਦਲਗਤ ਰਾਜਨੀਤੀ ਅਤੇ ਭਾਈ ਭਤੀਜਾਵਾਦ ਤੋਂ ਉਪਰ ਉੱਠ ਕੇ ਲਾਗੂ ਕੀਤੇ ਜਾਣ। ਚੀਨੀ ਕਹਾਵਤ ਅਨੁਸਾਰ ਜੇ ਤੁਸੀਂ ਵਾਤਾਵਰਨ ਸਬੰਧੀ ਇਕ ਦਿਨ ਦੀ ਯੋਜਨਾ ਬਣਾ ਰਹੇ ਹੋ ਤਾਂ ਚਾਵਲ ਉਗਾ ਦਿਓ, ਜੇ 10 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਦਰੱਖਤ ਲਗਾ ਦਿਉ, ਜੇ 100 ਸਾਲ ਦੀ ਯੋਜਨਾ ਬਣਾ ਰਹੇ ਹੋ ਤਾਂ ਸਿੱਖਿਆ ਦਾ ਪ੍ਰਸਾਰ ਕਰੋ। ਸਮੇਂ ਦੀ ਜ਼ਰੂਰਤ ਅਨੁਸਾਰ ਸਿੱਖਿਆ ਦੇ ਪਾਠਕ੍ਰਮ ’ਚ ਵਾਤਾਵਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਜਾਵੇ।
(ਲੇਖਕ, ਸਟੇਟ ਅਤੇ ਨੈਸ਼ਨਲ ਐਵਾਰਡੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਫਿਰੋਜ਼ਪੁਰ ਹਨ, 9815427554)।