- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਪੱਧਰ ’ਤੇ ਕੀਤੇ ਗਏ ਕਈ ਅਧਿਐਨ ਇਹ ਦਰਸਾਉਂਦੇ ਹਨ ਕਿ ਸਮਾਜਿਕ ਇਕੱਲਤਾ ਬਜ਼ੁਰਗਾਂ ਲਈ ਇੱਕ “ਸਾਈਲੈਂਟ ਕਿਲਰ” ਸਾਬਤ ਹੋ ਸਕਦੀ ਹੈ। ਇਕੱਲਾਪਣ ਡਿਪਰੈਸ਼ਨ, ਚਿੰਤਾ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਐਮਰਜੈਂਸੀ ਵੇਲੇ ਹਸਪਤਾਲ ਲਿਜਾਣ ਲਈ ਕਿਸੇ ਮੈਂਬਰ ਦਾ ਨਾ ਹੋਣ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਦਾ ਖ਼ਤਰਾ ਵਧ ਜਾਂਦਾ ਹੈ।

ਗੁਰ ਕ੍ਰਿਪਾਲ ਸਿੰਘ ਅਸ਼ਕ
ਸਾਰੀ ਉਮਰ ਸਮਾਜ ਦੇ ਵੱਖ-ਵੱਖ ਖੇਤਰਾਂ ’ਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਇਕ ਸ਼ਾਨਦਾਰ ਸ਼ਖ਼ਸੀਅਤ ਦੇ ਮਾਲਕ ਮਿੱਤਰ ਦੀ ਅੰਤਿਮ ਅਰਦਾਸ ’ਚ ਵਿਰਲਾ ਹੀ ਉਸ ਦਾ ਕੋਈ ‘ਆਪਣਾ’ ਦਿਖਾਈ ਦੇ ਰਿਹਾ ਸੀ। ਉੱਥੇ ਭੀੜ ਨਹੀਂ ਸੀ, ਸਗੋਂ ਉਹ ਲੋਕ ਸਨ ਜੋ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੋੜ ’ਤੇ ਉਸ ਨਾਲ ਜੁੜੇ ਰਹੇ ਸਨ। ਸ਼ਹਿਰ ਦੀ ਇਕ ਵਿਸ਼ਾਲ ਸੜਕ ਕਿਨਾਰੇ ਉਸ ਵੱਲੋਂ ਬੜੇ ਸੁਪਨੇ ਬੁਣਦਿਆਂ ਬਣਾਈ ਗਈ ਵੱਡੀ ਕੋਠੀ ਉਸ ਦਿਨ ਬਿਲਕੁਲ ਬੇਰੌਣਕ ਦਿਖਾਈ ਦੇ ਰਹੀ ਸੀ, ਜਿਸ ਦੀਆਂ ਉੱਚੀਆਂ ਦੀਵਾਰਾਂ ਪਿੱਛੇ ਉਹ ਦੁਨੀਆ ਤੋਂ ਕਈ ਸਾਲ ਪਹਿਲਾਂ ਹੀ ਛੁਪ ਗਿਆ ਸੀ। ਉਸ ਦੇ ਧੀਆਂ ਪੁੱਤਰ ਪਹਿਲਾਂ ਹੀ ਵਿਦੇਸ਼ ਉਡਾਰੀ ਮਾਰ ਚੁੱਕੇ ਸਨ ਅਤੇ ਹੁਣ ਇਹ ਉਹਨਾਂ ਦਾ ਦੇਸ਼ ਨਹੀਂ ਸੀ, ਭਲਾਂ ਇਹ ਘਰ ਤਾਂ ਕੀ ਹੋਣਾ ਹੈ। ਇਹ ਉਨ੍ਹਾਂ ਲਈ ਸਿਰਫ਼ ‘ਜਾਇਦਾਦ’ ਸੀ। ਕੁਝ ਸਾਲ ਪਹਿਲਾਂ ਉਹ ਆਪਣੀ ਪਤਨੀ ਨਾਲ ਬੱਚਿਆਂ ਕੋਲ ਵਿਦੇਸ਼ ਵੀ ਗਿਆ ਸੀ ਪਰ ਉੱਥੇ ਦੋਵਾਂ ਦਾ ਦਿਲ ਨਾ ਲੱਗਿਆ।
ਅਜਨਬੀ ਮਾਹੌਲ, ਬੰਦ ਘਰਾਂ ਦੀ ਜ਼ਿੰਦਗੀ ਅਤੇ ਰੁੱਝੇ ਹੋਏ ਬੱਚਿਆਂ ਦੀ ਦੌੜ-ਭੱਜ ’ਚ ਉਨ੍ਹਾਂ ਨੂੰ ਆਪਣਾਪਣ ਨਹੀਂ ਮਿਲਿਆ। ਆਖਿਰਕਾਰ ਉਹ ਵਾਪਸ ਆਪਣੇ ਘਰ ਆ ਗਏ ਪਰ ਇੱਥੇ ਆ ਕੇ ਵੀ ਵੱਡੀ ਕੋਠੀ ਦੀਆਂ ਕੰਧਾਂ ਕਈ ਵਾਰ ਉਸ ਨੂੰ ਖਾਣ ਨੂੰ ਦੌੜਦੀਆਂ ਮਹਿਸੂਸ ਹੁੰਦੀਆਂ। ਸਮੇਂ ਦੇ ਨਾਲ ਸਿਹਤ ਵੀ ਸਾਥ ਛੱਡਣ ਲੱਗੀ। ਇਕ ਦਿਨ ਬਿਮਾਰੀ ਨੇ ਉਸ ਨੂੰ ਮੰਜੇ ਨਾਲ ਲਾ ਦਿੱਤਾ। ਪਹਿਲਾਂ ਉਹ ਰੋਟੀ-ਟੁੱਕਰ ਪੁੱਛਣ ’ਤੇ ਹੌਲੀ ਜਿਹੀ ਹੂੰ-ਹਾਂ ਕਰ ਦਿੰਦਾ ਸੀ ਪਰ ਬਾਅਦ ’ਚ ਉਹ ਲਗਭਗ ਖ਼ਾਮੋਸ਼ ਹੀ ਹੋ ਗਿਆ। ਬਜ਼ੁਰਗ ਪਤਨੀ ਉਸ ਨੂੰ ਵ੍ਹੀਲਚੇਅਰ ’ਤੇ ਬਿਠਾ ਦਿੰਦੀ ਤਾਂ ਉਹ ਚੁੱਪਚਾਪ ਬੈਠ ਜਾਂਦਾ। ਜੇਕਰ ਕੋਈ ਮਿਲਣ ਆਉਂਦਾ ਤਾਂ ਉਹ ਉਸ ਦੇ ਚਿਹਰੇ ਵੱਲ ਬਿੱਟ-ਬਿੱਟ ਤੱਕਦਾ ਰਹਿੰਦਾ। ਇਕ ਦਿਨ ਆਖ਼ਿਰਕਾਰ ਉਸ ਦੇ ਜਿਸਮ ’ਚੋਂ ਰੂਹ ਉਡਾਰੀ ਮਾਰ ਗਈ। ਵਿਦੇਸ਼ ਵਸਦੀ ਔਲਾਦ ਨੂੰ ਫ਼ੋਨ ਕੀਤਾ ਗਿਆ। ਉੱਥੋਂ ਜਵਾਬ ਆਇਆ, ‘ਸੰਸਕਾਰ ਸਾਡੇ ਆਉਣ ’ਤੇ ਹੀ ਕਰਿਓ।’ ਮਜ਼ਬੂਰੀ ’ਚ ਉਸ ਦੀ ਦੇਹ ਨੂੰ ਹਸਪਤਾਲ ਦੇ ਮੁਰਦਾਘਰ ’ਚ ਫ੍ਰੀਜ਼ਰ ’ਚ ਰੱਖ ਦਿੱਤਾ ਗਿਆ। ਚੌਥੇ ਦਿਨ ਸੰਸਕਾਰ ਹੋਇਆ। ਅਗਲੇ ਦਿਨ ਫੁੱਲ ਚੁਗੇ ਗਏ ਅਤੇ ਘਰ ’ਚ ਪਾਠ ਰੱਖਿਆ ਗਿਆ। ਤੀਜੇ ਦਿਨ ਭੋਗ ਪੈ ਗਿਆ। ਭੋਗ ਤੋਂ ਬਾਅਦ ਸ਼ਾਮ ਨੂੰ ਵਾਪਸ ਮੁੜਨ ਦੀ ਤਿਆਰੀ ਕਰਦੇ ਪੁੱਤਰ ਨੇ ਮਾਂ ਨੂੰ ਕੋਲ ਬੁਲਾ ਕੇ ਕਿਹਾ, ‘ਹੁਣ ਤੁਸੀਂ ਸਾਡੇ ਨਾਲ ਹੀ ਚੱਲੋ। ਇੱਥੇ ਰੱਖਿਆ ਵੀ ਕੀ ਹੈ?’ ਉਸ ਵਿਸ਼ਾਲ ਕੋਠੀ ’ਚ ਇੱਕਲੀ ਬੈਠੀ ਮਾਂ ਗੇਟ ਦੀਆਂ ਝੀਥਾਂ ’ਚੋਂ ਬਾਹਰ ਸੜਕ ’ਤੇ ਹੋ ਰਹੀ ਚਹਿਲ-ਪਹਿਲ ਨੂੰ ਵੇਖਦੀ ਰਹਿੰਦੀ ਹੈ। ਕਈ ਵਾਰ ਉਹ ਆਪਣੇ ਆਲੇ-ਦੁਆਲੇ ਖੜ੍ਹੀਆਂ ਉੱਚੀਆਂ ਕੰਧਾਂ ਨੂੰ ਹੀ ਸਵਾਲ ਕਰਦੀ ਹੈ—‘ਭਲਾ ਕੁਝ ਰੱਖਿਆ ਹੋਇਆ ਹੈ ਇੱਥੇ?’ ਪਹਿਲਾਂ ਉਹ ਸਾਰਾ ਦਿਨ ਆਪਣੇ ਪਤੀ ਦੀ ਦੇਖਭਾਲ ’ਚ ਲੱਗੀ ਰਹਿੰਦੀ ਸੀ। ਹੁਣ ਤਾਂ ਸਮਾਂ ਬਿਤਾਉਣਾ ਵੀ ਔਖਾ ਹੋ ਗਿਆ ਹੈ। ਕਈ ਵਾਰ ਉਹ ਮਨ ਹੀ ਮਨ ਆਪਣੇ ਦੁਨੀਆ ਤੋਂ ਵਿਦਾ ਹੋ ਚੁੱਕੇ ਪਤੀ ਨੂੰ ਪੁੱਛਦੀ ਹੈ—‘ਹਰ ਕੋਈ ਆਪਣੀ ਔਲਾਦ ਲਈ ਇਹ ਮਹਿਲ-ਮੁਨਾਰੇ ਖੜ੍ਹੇ ਕਰਦਾ ਹੈ। ਜੇ ਉਹਨਾਂ ਨੇ ਇੱਥੇ ਆਉਣਾ ਹੀ ਨਹੀਂ, ਫਿਰ ਇਹ ਹਵੇਲੀਆਂ ਖੜ੍ਹੀਆਂ ਹੀ ਕਿਉਂ ਕੀਤੀਆਂ?’ ਅਸਲ ’ਚ ਇਹ ਸਿਰਫ਼ ਇੱਕ ਘਰ ਦੀ ਕਹਾਣੀ ਨਹੀਂ। ਇਹ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਹਕੀਕਤ ਬਣਦੀ ਜਾ ਰਹੀ ਹੈ।
ਕਈ ਸਮਾਜਿਕ ਅਧਿਐਨਾਂ ਅਤੇ ਪਿੰਡ ਪੱਧਰੀ ਸਰਵੇਖਣਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਅਨੇਕਾਂ ਪਿੰਡਾਂ ’ਚ ਵੱਡੀ ਗਿਣਤੀ ਅਜਿਹੇ ਘਰਾਂ ਦੀ ਹੈ, ਜਿੱਥੇ ਸਿਰਫ਼ ਬਜ਼ੁਰਗ ਰਹਿ ਗਏ ਹਨ ਜਾਂ ਘਰਾਂ ਨੂੰ ਤਾਲੇ ਲੱਗੇ ਹੋਏ ਹਨ। ਵੱਖ-ਵੱਖ ਸਰਕਾਰੀ ਅੰਕੜਿਆਂ ਅਤੇ ਖੋਜ ਅਧਿਐਨਾਂ ਦੇ ਆਧਾਰ 'ਤੇ ਅੰਦਾਜ਼ਾ ਹੈ ਕਿ ਪੰਜਾਬ ਤੋਂ ਹਰ ਸਾਲ ਲਗਭਗ ਡੇਢ ਤੋਂ ਦੋ ਲੱਖ ਨੌਜਵਾਨ ਪੜ੍ਹਾਈ, ਰੁਜ਼ਗਾਰ ਜਾਂ ਸਥਾਈ ਨਿਵਾਸ ਲਈ ਵਿਦੇਸ਼ ਜਾਂਦੇ ਹਨ। ਇਹ ਰੁਝਾਨ ਲਗਾਤਾਰ ਵਧ ਰਿਹਾ ਹੈ। ਇਸ ਦੇ ਨਾਲ ਹੀ ਪਿੱਛੇ ਰਹਿ ਜਾਂਦੇ ਹਨ ਉਹ ਮਾਪੇ, ਜਿਨ੍ਹਾਂ ਦੀ ਜ਼ਿੰਦਗੀ ਹੌਲੀ-ਹੌਲੀ ਇਕੱਲਤਾ ’ਚ ਘਿਰਦੀ ਚਲੀ ਜਾਂਦੀ ਹੈ।
ਵਿਸ਼ਵ ਪੱਧਰ ’ਤੇ ਕੀਤੇ ਗਏ ਕਈ ਅਧਿਐਨ ਇਹ ਦਰਸਾਉਂਦੇ ਹਨ ਕਿ ਸਮਾਜਿਕ ਇਕੱਲਤਾ ਬਜ਼ੁਰਗਾਂ ਲਈ ਇੱਕ “ਸਾਈਲੈਂਟ ਕਿਲਰ” ਸਾਬਤ ਹੋ ਸਕਦੀ ਹੈ। ਇਕੱਲਾਪਣ ਡਿਪਰੈਸ਼ਨ, ਚਿੰਤਾ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦਾ ਹੈ। ਇਸ ਤੋਂ ਇਲਾਵਾ ਐਮਰਜੈਂਸੀ ਵੇਲੇ ਹਸਪਤਾਲ ਲਿਜਾਣ ਲਈ ਕਿਸੇ ਮੈਂਬਰ ਦਾ ਨਾ ਹੋਣ ਕਾਰਨ ਸਮੇਂ ਸਿਰ ਇਲਾਜ ਨਾ ਮਿਲਣ ਦਾ ਖ਼ਤਰਾ ਵਧ ਜਾਂਦਾ ਹੈ। ਇਕੱਲੇ ਰਹਿ ਰਹੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ-ਖੋਹ, ਧੋਖਾਧੜੀ ਅਤੇ ਹੋਰ ਅਪਰਾਧਾਂ ਦੀਆਂ ਘਟਨਾਵਾਂ ਸਮੇਂ-ਸਮੇਂ ’ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸਮੱਸਿਆ ਦਾ ਇਕ ਹੋਰ ਮਨੋਵਿਗਿਆਨਕ ਪੱਖ ਵੀ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਕੋਲ ਕੈਨੇਡਾ, ਅਮਰੀਕਾ ਜਾਂ ਆਸਟ੍ਰੇਲੀਆ ਚਲੇ ਗਏ ਹਨ, ਉਹ ਬਹੁਤ ਖੁਸ਼ ਹੋਣਗੇ ਕਿਉਂਕਿ ਉਹ ਆਪਣੇ ਪਰਿਵਾਰ ਦੇ ਨਾਲ ਹਨ ਪਰ ਹਕੀਕਤ ਕਈ ਵਾਰ ਇਸ ਤੋਂ ਕਾਫ਼ੀ ਵੱਖਰੀ ਹੁੰਦੀ ਹੈ। ਵਿਦੇਸ਼ਾਂ ’ਚ ਬੱਚਿਆਂ ਦੇ ਨਾਲ ਰਹਿ ਰਹੇ ਕਈ ਮਾਪੇ ਵੀ ਭਿਆਨਕ ਇਕੱਲਤਾ ਦਾ ਅਨੁਭਵ ਕਰਦੇ ਹਨ। ਉੱਥੇ ਬੱਚੇ ਕੰਮਕਾਰ ’ਚ ਬਹੁਤ ਰੁੱਝੇ ਹੁੰਦੇ ਹਨ। ਉਹ ਸਵੇਰੇ ਜਲਦੀ ਕੰਮ ’ਤੇ ਨਿਕਲ ਜਾਂਦੇ ਹਨ ਅਤੇ ਦੇਰ ਰਾਤ ਘਰ ਪਰਤਦੇ ਹਨ। ਮਾਪੇ ਸਾਰਾ ਦਿਨ ਘਰ ਦੇ ਅੰਦਰ ਹੀ ਰਹਿ ਜਾਂਦੇ ਹਨ। ਖ਼ਾਸ ਕਰਕੇ ਕੈਨੇਡਾ ਵਰਗੇ ਦੇਸ਼ਾਂ ’ਚ ਲੰਮੇ ਸਮੇਂ ਤੱਕ ਬਰਫ਼ ਪੈਣ ਕਾਰਨ ਬਜ਼ੁਰਗਾਂ ਲਈ ਬਾਹਰ ਨਿਕਲਣਾ ਵੀ ਆਸਾਨ ਨਹੀਂ ਹੁੰਦਾ। ਇਸ ਤੋਂ ਇਲਾਵਾ ਭਾਸ਼ਾ ਦੀ ਸਮੱਸਿਆ ਵੀ ਉਹਨਾਂ ਨੂੰ ਸਮਾਜ ਨਾਲ ਜੁੜਨ ਤੋਂ ਰੋਕਦੀ ਹੈ। ਅੰਦਰੋਂ ਅੰਦਰ ਬਹੁਤ ਸਾਰੇ ਮਾਪੇ ਪੰਜਾਬ ਵਾਪਸ ਆਉਣ ਲਈ ਤਰਸਦੇ ਰਹਿੰਦੇ ਹਨ। ਉਹਨਾਂ ਨੂੰ ਆਪਣਾ ਪਿੰਡ, ਆਪਣੀਆਂ ਗਲੀਆਂ, ਆਪਣੇ ਰਿਸ਼ਤੇਦਾਰ ਅਤੇ ਉਹ ਆਜ਼ਾਦ ਜੀਵਨ ਯਾਦ ਆਉਂਦਾ ਹੈ ਜਿੱਥੇ ਉਹ ਕਿਸੇ ਦੇ ਮੁਹਤਾਜ਼ ਨਹੀਂ ਸਨ। ਕਈ ਵਾਰ ਬੱਚੇ ਮਾਪਿਆਂ ਨੂੰ ਇਸ ਲਈ ਵੀ ਸੱਦਦੇ ਹਨ ਕਿ ਉਹ ਪੋਤੇ-ਪੋਤੀਆਂ ਦੀ ਦੇਖਭਾਲ ਕਰ ਸਕਣ।
ਮਾਪੇ ਵੀ ਬੱਚਿਆਂ ਦੀ ਖੁਸ਼ੀ ਲਈ ਇਹ ਜ਼ਿੰਮੇਵਾਰੀ ਨਿਭਾਉਂਦੇ ਹਨ। ਪਰ ਅੰਦਰੋਂ ਅੰਦਰ ਉਹਨਾਂ ਦੇ ਮਨ ’ਚ ਇਕ ਖਾਲੀਪਣ ਬਣਿਆ ਰਹਿੰਦਾ ਹੈ। ਉਹ ਵਾਪਸ ਆਉਣਾ ਚਾਹੁੰਦੇ ਹਨ, ਪਰ ਸਮਾਜਿਕ ਨਮੋਸ਼ੀ ਦਾ ਡਰ ਵੀ ਉਹਨਾਂ ਨੂੰ ਰੋਕਦਾ ਹੈ। ਉਹਨਾਂ ਨੂੰ ਲੱਗਦਾ ਹੈ ਕਿ ਲੋਕ ਕਹਿਣਗੇ—‘ਬੱਚਿਆਂ ਨੇ ਰੱਖਿਆ ਨਹੀਂ’ ਜਾਂ ‘ਬੱਚਿਆਂ ਨਾਲ ਬਣੀ ਨਹੀਂ।’ ਇਸ ਤਰ੍ਹਾਂ ਬਹੁਤ ਸਾਰੇ ਮਾਪੇ ਇੱਕ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹਨ ਜਿੱਥੇ ਉਹ ‘ਨਾ ਇੱਧਰ ਦੇ ਰਹਿੰਦੇ ਹਨ, ਨਾ ਉੱਧਰ ਦੇ।’ ਦੇਸ਼ ਹੋਵੇ ਜਾਂ ਵਿਦੇਸ਼, ਉਹਨਾਂ ਕੋਲ ਸੁੱਖ-ਸਹੂਲਤਾਂ ਤਾਂ ਹੋ ਸਕਦੀਆਂ ਹਨ, ਪਰ ਮਨ ਦਾ ਸਕੂਨ ਅਤੇ ਆਪਣੇਪਣ ਦਾ ਨਿੱਘ ਹੌਲੀ-ਹੌਲੀ ਕਿਤੇ ਗੁਆਚ ਜਾਂਦਾ ਹੈ। ਇਹ ਸਮੱਸਿਆ ਸਿਰਫ਼ ਪਰਿਵਾਰਾਂ ਦੀ ਨਹੀਂ, ਸਗੋਂ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਜਾ ਰਹੀ ਹੈ।
ਇਸ ਲਈ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਇਕੱਲੇ ਰਹਿ ਰਹੇ ਬਜ਼ੁਰਗਾਂ ਦੇ ਮਿਲ ਬੈਠਣ ਲਈ ਥਾਵਾਂ ਬਣਾਈਆਂ ਜਾਣ ਅਤੇ ਵਿਸ਼ੇਸ਼ ਸਿਹਤ ਅਤੇ ਸੁਰੱਖਿਆ ਪ੍ਰਬੰਧ ਕੀਤੇ ਜਾਣ। ਵਿਦੇਸ਼ ਉੱਡ ਗਈ ਔਲਾਦ ਨੂੰ ਚਾਹੀਦਾ ਹੈ ਕਿ ਮਾਪਿਆਂ ਨੇ ਉਨਾਂ ਦੇ ਸੁਪਨੇ ਪੂਰੇ ਕਰਨ ਲਈ ਸਭ ਕੁੱਝ ਕੁਰਬਾਨ ਕੀਤਾ ਹੈ ਤੇ ਹੁਣ ਉਨ੍ਹਾਂ ਦੀ ਵਾਰੀ ਹੈ ਕਿ ਉਹ ਆਪਣੇ ਮਾਪਿਆਂ ਨੂੰ ਇੱਕਲੇ ਮਹਿਸੂਸ ਨਾ ਹੋਣ ਦੇਣ ਕਿਉਂਕਿ ਡਿਜੀਟਲ ਯੁੱਗ ਵਿਚ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਕੋਈ ਅਰਥ ਨਹੀਂ ਰੱਖਦੀ ਪਰ ਨਾਲ ਹੀ ਇਹ ਅਹਿਸਾਸ ਵੀ ਜਿੰਦਾ ਰਹਿਣਾ ਚਾਹੀਦਾ ਹੈ ਕਿ ਵੀਡੀਓ ਕਾਲ ਮਾਪਿਆਂ ਦੇ ਚਿਹਰੇ ’ਤੇ ਮੁਸਕਾਨ ਤਾਂ ਲਿਆ ਸਕਦੀ ਹੈ, ਪਰ ਉਹ ਪੁੱਤਰ ਜਾਂ ਧੀ ਦੇ ਹੱਥ ਦਾ ਸਪਰਸ਼, ਇਕੱਠੇ ਬੈਠ ਕੇ ਪੀਤੀ ਚਾਹ ਜਾਂ ਬਿਨਾਂ ਕਾਰਨ ਹੋਈ ਗੱਲਬਾਤ ਦੀ ਥਾਂ ਨਹੀਂ ਲੈ ਸਕਦੀ।