- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਦੇ ਪਾਤਰਾਂ ਦੇ ਬੋਲ ਮਲਵਈ ਬੋਲੀ ’ਚ ਹੋਣ ਕਰਕੇ ਸਰੋਤਿਆਂ ਨੂੰ ਬਹੁਤ ਪਸੰਦ ਆਉਂਦੇ ਸਨ। ਉਹ ਮਾਲਵੇ ਦੇ ਪਿੰਡਾਂ ਦੀ ਆਵਾਜ਼ ਬਣੇ। ਪੇਂਡੂ ਜੀਵਨ ਦਾ ਅਨੁਭਵ ਹੀ ਉਨ੍ਹਾਂ ਦੇ ਨਾਟਕਾਂ ਦੀ ਮਹਾਨਤਾ ਸੀ। ਉਹ ਅਣਮਨੁੱਖੀ ਵਰਤਾਰੇ ਤੋਂ ਬਹੁਤ ਦੁਖੀ ਸਨ। ਸਟੇਜਾਂ ’ਤੇ ਉਹ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਸਨ। ਉਹ ਗੱਲ ਲਿਖਣ ਲੱਗਿਆਂ, ਗੱਲ ਕਹਿਣ ਲੱਗਿਆਂ ਬਿਲਕੁਲ ਝਿਜਕਦੇ ਨਹੀਂ ਸਨ।

ਨਾਟਕਕਾਰ ਗੁਰਸ਼ਰਨ ਦੇ ਰੰਗ-ਮੰਚ ਦੇ ਵਾਰਿਸ ਅਜਮੇਰ ਸਿੰਘ ਔਲਖ ਨੇ ਆਪਣੀ ਸਾਰੀ ਜ਼ਿੰਦਗੀ ਕਲਾ ਤੇ ਕਲਮ ਨਾਲ ਪੰਜਾਬੀ ਨਾਟਕਾਂ ਨੂੰ ਸਮਰਪਿਤ ਕਰ ਦਿੱਤੀ। ਅਜਮੇਰ ਔਲਖ ਦਾ ਜਨਮ 19 ਅਗਸਤ 194 2 ਨੂੰ ਮਾਤਾ ਹਰਨਾਮ ਕੌਰ ਤੇ ਪਿਤਾ ਕੌਰ ਸਿੰਘ ਦੇ ਘਰ, ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਸਾਲ 1944-45 ਪਿੰਡ ਕੁੰਭੜਵਾਲ ਛੱਡ ਕੇ ਕ੍ਰਿਸ਼ਨਗੜ੍ਹ ਫਰਵਾਹੀ ਜਾ ਵਸੇ ਸਨ। ਪ੍ਰਾਇਮਰੀ ਤੱਕ ਦੀ ਪੜ੍ਹਾਈ ਉਨ੍ਹਾਂ ਪਿੰਡ ਕ੍ਰਿਸ਼ਨਗੜ੍ਹ ਫਰਵਾਹੀ ਦੇ ਪ੍ਰਾਇਮਰੀ ਸਕੂਲ ਤੋਂ ਕੀਤੀ। ਮੈਟ੍ਰਿਕ ਤੱਕ ਦੀ ਪੜ੍ਹਾਈ ਭੀਖੀ ਤੋਂ ਕੀਤੀ। ਉਨ੍ਹਾਂ ਦਾ ਵਿਆਹ ਮਨਜੀਤ ਕੌਰ (ਅਧਿਆਪਕਾ) ਨਾਲ਼ ਹੋਇਆ। ਔਲਖ ਨੇ ਸਾਹਿਤਕ ਖੇਤਰ ’ਚ ਪੈਰ ਧਰਦਿਆਂ ਪਹਿਲਾਂ ਕਵਿਤਾ ਤੇ ਗੀਤ ਲਿਖੇ, ਫਿਰ ਕਹਾਣੀ, ਨਾਵਲ ਤੇ ਨਾਟਕ ਦੇ ਖੇਤਰ ’ਚ ਪੈਰ ਰੱਖਿਆ। ਔਲਖ ਨੇ 1976 ’ਚ ਲੋਕ ਕਲਾ-ਮੰਚ ਮਾਨਸਾ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਨਹਿਰੂ ਮੈਮੋਰੀਅਲ ਕਾਲਜ ਮਾਨਸਾ ’ਚ ਸੱਭਿਆਚਾਰਕ ਸਰਗਰਮੀਆਂ ਤੇਜ਼ ਕਰਨ ਲਈ ਮੁਖੀ ਦੇ ਤੌਰ ’ਤੇ ਚੁਣਿਆ ਗਿਆ। ਫਿਰ ਉਨ੍ਹਾਂ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਨਾਟਕ ਕਲਾ ਦੇ ਗੁਰ ਦੱਸਣੇ ਸ਼ੁਰੂ ਕੀਤੇ। ਔਲਖ ਹਮੇਸ਼ਾ ਲੋਕ ਪੱਖੀ ਗੱਲ ਕਰਦੇ ਸਨ। ਉਨ੍ਹਾਂ ਦੇ ਪਾਤਰਾਂ ਦੇ ਬੋਲ ਮਲਵਈ ਬੋਲੀ ’ਚ ਹੋਣ ਕਰਕੇ ਸਰੋਤਿਆਂ ਨੂੰ ਬਹੁਤ ਪਸੰਦ ਆਉਂਦੇ ਸਨ। ਉਹ ਮਾਲਵੇ ਦੇ ਪਿੰਡਾਂ ਦੀ ਆਵਾਜ਼ ਬਣੇ। ਪੇਂਡੂ ਜੀਵਨ ਦਾ ਅਨੁਭਵ ਹੀ ਉਨ੍ਹਾਂ ਦੇ ਨਾਟਕਾਂ ਦੀ ਮਹਾਨਤਾ ਸੀ। ਉਹ ਅਣਮਨੁੱਖੀ ਵਰਤਾਰੇ ਤੋਂ ਬਹੁਤ ਦੁਖੀ ਸਨ। ਸਟੇਜਾਂ ’ਤੇ ਉਹ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਸਨ। ਉਹ ਗੱਲ ਲਿਖਣ ਲੱਗਿਆਂ, ਗੱਲ ਕਹਿਣ ਲੱਗਿਆਂ ਬਿਲਕੁਲ ਝਿਜਕਦੇ ਨਹੀਂ ਸਨ। ਆਪਣੇ ਪਾਤਰਾਂ ਦੇ ਰਾਹੀਂ ਲੋਕ- ਪੱਖੀ ਗੱਲ ਹਮੇਸ਼ਾ ਸਾਹਮਣੇ ਲਿਆਉਂਦੇ। ਹਮੇਸ਼ਾ ਮਜ਼ਦੂਰਾਂ, ਕਿਸਾਨਾਂ, ਔਰਤਾਂ, ਬਜ਼ੁਰਗਾਂ, ਦੱਬੇ -ਕੁੱਚਲੇ ਲੋਕਾਂ ਦੀ ਆਵਾਜ਼ ਬਣਦੇ ਸਨ।ਆੜ੍ਹਤੀਆਂ, ਸ਼ਾਹੂਕਾਰਾਂ ਵੱਲੋਂ ਗ਼ਰੀਬ ਕਿਸਾਨ ਤੇ ਖੇਤ ਮਜ਼ਦੂਰ ਦੀ ਕੀਤੀ ਜਾਂਦੀ ਲੁੱਟ, ਬੈਂਕ ਕਰਜ਼ਿਆਂ ਦਾ ਬੋਝ, ਕਾਰਪੋਰੇਸ਼ਨ ਘਰਾਣਿਆਂ ਵੱਲੋਂ ਖੇਤੀ ਜ਼ਮੀਨ ਉੱਤੇ ਜ਼ਬਰਦਸਤੀ ਕਬਜ਼ੇ ਕਰਨੇ, ਜਾਤੀ ਵਿਤਕਰਾ, ਅੱਤਵਾਦ ,ਭ੍ਰਿਸ਼ਟਾਚਾਰ, ਨਾ- ਬਰਾਬਰੀ, ਬੇਰੁਜ਼ਗਾਰੀ, ਹਕੂਮਤੀ ਜਬਰ, ਕਾਲੇ-ਕਾਨੂੰਨ, ਅੰਧ ਵਿਸ਼ਵਾਸ, ਪਖੰਡਵਾਦ, ਸਮਾਜ ’ਚ ਨਾਇਨਸਾਫ਼ੀ ਮੁੱਦਿਆਂ ਨੂੰ ਬੜੀ ਬੇਬਾਕੀ ਨਾਲ਼ ਲਿਖਦੇ ਸਨ। ਉਨ੍ਹਾਂ ਦੀਆਂ ਕੁਝ ਕਿਤਾਬਾਂ ਦੇ ਨਾਂ ਬੇਹੱਦ ਮਕਬੂਲ ਹਨ, ਜਿਵੇਂ ਕਿ ਕੇਹਰ ਸਿੰਘ ਦੀ ਮੌਤ, ਸਲਵਾਨ, ਸੱਤ ਬਗਾਨੇ, ਨਿੱਕੇ ਸੂਰਜ ਦੀ ਲੜਾਈ, ਝਨਾਂ ਦਾ ਪਾਣੀ ਭੱਜੀਆਂ ਬਾਹਾਂ, ਨਿਉਂ ਜੜ (ਨਾਟਕ ਸੰਗ੍ਰਹਿ), ਮਿਰਜ਼ੇ ਦੀ ਮੌਤ, ਤੂੜੀ ਵਾਲਾ ਕੋਠਾ, ਬਾਲ ਨਾਥ ਦੇ ਟਿੱਲੇ ’ਤੇ ਜਦੋਂ ਬੋਹਲ ਰੋਂਦੇ ਹਨ, ਸਿੱਧਾ ਰਾਹ ਵਿੰਗਾ ਰਾਹ, ਅੰਨ੍ਹੇ ਨਿਸ਼ਾਨਚੀ, ਐਸਾ ਰਚਿਓ ਖਾਲਸਾ,ਆਪਣਾ -ਅਪਣਾ ਹਿੱਸਾ, ਢਾਂਚਾ, ਇਸ਼ਕ ਬਾਝ ਨਮਾਜ਼ ਦਾ ਹੱਜ ਨਹੀਂ ਆਦਿ। ਭੁੰਨੀ ਹੋਈ ਛੱਲੀ, ਉਨ੍ਹਾਂ ਦੀ ਸਵੈ- ਜੀਵਨੀ ਹੈ। ਔਲਖ ਨੇ ਸਾਹਿਤ ਖੇਤਰ ’ਚ ਆਪਣੀ ਕਲਾ ਦੇ ਜ਼ਰੀਏ ਜਿੰਨਾ ਕੰਮ ਕੀਤਾ, ਓਨਾਂ ਹੀ ਉਨ੍ਹਾਂ ਦਾ ਮਾਣ- ਸਨਮਾਨ ਵੀ ਹੋਇਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਅੰਨ੍ਹੇ ਨਿਸ਼ਾਨਚੀ’ 1983 ’ਚ ਈਸ਼ਵਰ ਚੰਦਰ ਪੁਰਸਕਾਰ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਰਟਿਸਟਸ ਵੱਲੋਂ 1991 ’ਚ ਬਿਹਤਰੀਨ ਸਾਹਿਤਕਾਰ ਦਾ ਸਨਮਾਨ, ਪੰਜਾਬੀ ਸਾਹਿਤ ਅਕਾਦਮੀ ਵੱਲੋਂ 1996 ’ਚ ਕਰਤਾਰ ਸਿੰਘ ਧਾਲੀਵਾਲ ਇਨਾਮ, ਪੰਜਾਬੀ ਕਲਾ ਕੇਂਦਰ ਮੁੰਬਈ ਚੰਡੀਗੜ੍ਹ ਵੱਲੋਂ ਸਾਲ 2000 ’ਚ ਬਲਰਾਜ ਸਾਹਨੀ ਯਾਦਗਰੀ ਇਨਾਮ, ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸੇ ਸਾਲ ਸ਼੍ਰੋਮਣੀ ਪੰਜਾਬੀ ਨਾਟਕਕਾਰ ਪੁਰਸਕਾਰ, ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ 2003 ’ਚ ਪੰਜਾਬੀ ਨਾਟਕਕਾਰ ਅਵਾਰਡ ਦਿੱਤਾ ਗਿਆ। ਔਲਖ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵੀ ਰਹੇ। ਜਮਹੂਰੀ ਹੱਕਾਂ ਦੀ ਰਾਖੀ ਲਈ ਲਗਾਤਾਰ ਲੜਨ ਵਾਲੇ ਜਨਤਕ ਆਗੂ ਵੀ ਸਨ। ਜਦ ਉਨ੍ਹਾਂ ਦੇ ਕਿਸੇ ਪਿੰਡ ਜਾਂ ਸ਼ਹਿਰ ’ਚ ਨਾਟਕ ਹੋਣੇ ਹੁੰਦੇ ਤਾਂ ਲੋਕ ਵਹੀਰਾਂ ਘੱਤ ਕੇ ਪਹੁੰਚਦੇ ਸਨ। ਬਹੁਤ ਜ਼ਿਆਦਾ ਇਕੱਠ ਹੁੰਦਾ ਸੀ, ਉਨ੍ਹਾਂ ਨੂੰ ਵੇਖਣ ਤੇ ਸੁਣਨ ਵਾਲੇ ਲੋਕਾਂ ਦਾ। ਸੰਨ 2008 ’ਚ ਉਨ੍ਹਾਂ ਨੂੰ ਕੈਂਸਰ ਦੀ ਨਾ ਮੁਰਾਦ ਬਿਮਾਰੀ ਨੇ ਆਪਣੇ ਕਲਾਵੇ ’ਚ ਲੈ ਲਿਆ। ਉਹ ਇਸ ਬਿਮਾਰੀ ਨਾਲ 2017 ਤੱਕ ਜੂਝਦੇ ਰਹੇ। ਅਖ਼ੀਰ 15 ਜੂਨ 2017 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ ਆਪਣੇ ਪਾਠਕਾਂ ਤੋਂ ਅਤੇ ਆਪਣੇ ਸਰੋਤਿਆਂ ਤੋਂ ਸਦਾ ਲਈ ਦੂਰ ਚਲੇ ਗਏ। ਭਾਵੇਂ ਉਹ ਅੱਜ ਸਾਡੇ ਵਿਚਕਾਰ ਨਹੀਂ ਰਹੇ ਹਨ ਪਰ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਨਾਟਕਾਂ ਦੀਆਂ ਕੈਸਟਾਂ ਤੇ ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਹਮੇਸ਼ਾ ਉਨ੍ਹਾਂ ਦੀ ਯਾਦ ਨੂੰ ਤਰੋ -ਤਾਜਾ ਰੱਖਣਗੀਆਂ।
-ਦਰਸ਼ਨ ਸਿੰਘ ਪ੍ਰੀਤੀਮਾਨ, ਬਠਿੰਡਾ (97792-97682)।