- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਵਿਚ 9 ਤੋਂ 13 ਸਾਲ ਦੇ ਲਗਪਗ 76 ਫ਼ੀਸਦੀ ਬੱਚੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਵਰਗੇ ਇੰਟਰਨੈੱਟ ਮੀਡੀਆ ਦੀ ਵਰਤੋਂ ਸਿਰਫ਼ ਸਮਾਂ ਬਿਤਾਉਣ ਲਈ ਹੀ ਨਹੀਂ ਕਰ ਰਹੇ, ਸਗੋਂ ਉਹ ਕਿਡਜ਼ ਇਨਫਲੂਐਂਸਰ ਬਣਨ ਦੀ ਦਿਸ਼ਾ ਵਿਚ ਵੀ ਅੱਗੇ ਵਧ ਰਹੇ ਹਨ।

ਇੰਟਰਨੈੱਟ ਮੀਡੀਆ ਦੀ ਦੁਨੀਆ ਵਿਚ ਅੱਜ ਬੱਚਿਆਂ ਦਾ ਬਚਪਨ ਲਾਈਕਸ ਅਤੇ ਵਿਊਜ਼ ਦੇ ਵਿਚਕਾਰ ਪਲਣ ਲਈ ਮਜਬੂਰ ਹੈ। ਬੱਚੇ ਦੇ ਮੋਬਾਈਲ ਸਕ੍ਰੋਲਿੰਗ, ਚੈਟਿੰਗ, ਰੀਲਜ਼ ਦੇਖਣ ਦੇ ਨਾਲ-ਨਾਲ ਰੀਲਜ਼ ਬਣਾਉਣ ਵਿਚ ਮਾਂ-ਬਾਪ ਦੀ ਸਰਗਰਮੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਇਸ ਕਾਰਨ 80 ਫ਼ੀਸਦੀ ਤੋਂ ਵੱਧ ਬੱਚਿਆਂ ਦੇ ਚਿੱਤਰ ਜਾਂ ਉਨ੍ਹਾਂ ਦੇ ਵੀਡੀਓ ਇੰਟਰਨੈੱਟ ’ਤੇ ਮੌਜੂਦ ਹਨ। ਇਸ ਦਾ ਮਤਲਬ ਹੈ ਕਿ ਖੇਡਣ, ਖਾਣ-ਪੀਣ, ਪੜ੍ਹਨ ਅਤੇ ਕੁਝ ਰਚਨਾਤਮਕ ਕੰਮ ਕਰਨ ਦੀ ਉਮਰ ਵਿਚ ਅਸੀਂ ਆਪ ਹੀ ਉਨ੍ਹਾਂ ਨੂੰ ਸਾਈਬਰ ਬੁਲਿੰਗ, ਆਨਲਾਈਨ ਸ਼ੋਸ਼ਣ, ਡਿਜੀਟਲ ਲਤ ਦੇ ਨਾਲ-ਨਾਲ ਨਿੱਜਤਾ ਦੇ ਹਨਨ ਅਤੇ ਅਣਚਾਹੇ ਮਾਨਸਿਕ ਦਬਾਅ ਵੱਲ ਧੱਕ ਰਹੇ ਹਾਂ। ਦੁਨੀਆ ਵਿਚ ਅੱਜ ਕਰੀਬ 40 ਕਰੋੜ ਬੱਚੇ ਇੰਟਰਨੈੱਟ ਦੀ ਵਰਤੋਂ ਕਰਦੇ ਹਨ। ਭਾਰਤ ਵਿਚ 9 ਤੋਂ 13 ਸਾਲ ਦੇ ਲਗਪਗ 76 ਫ਼ੀਸਦੀ ਬੱਚੇ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਵਰਗੇ ਇੰਟਰਨੈੱਟ ਮੀਡੀਆ ਦੀ ਵਰਤੋਂ ਸਿਰਫ਼ ਸਮਾਂ ਬਿਤਾਉਣ ਲਈ ਹੀ ਨਹੀਂ ਕਰ ਰਹੇ, ਸਗੋਂ ਉਹ ਕਿਡਜ਼ ਇਨਫਲੂਐਂਸਰ ਬਣਨ ਦੀ ਦਿਸ਼ਾ ਵਿਚ ਵੀ ਅੱਗੇ ਵਧ ਰਹੇ ਹਨ। ਅੱਜ ਸਿਰਫ਼ ਇੰਸਟਾਗ੍ਰਾਮ ’ਤੇ 83 ਹਜ਼ਾਰ ਤੋਂ ਵੱਧ ਕਿਡਜ਼ ਇਨਫਲੂਐਂਸਰ ਸਰਗਰਮ ਹਨ। ਹਾਲੀਆ ਸਾਲਾਂ ਵਿਚ ਇਨ੍ਹਾਂ ਦੀ ਗਿਣਤੀ ਵਿਚ 41 ਫ਼ੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ।
ਇੰਟਰਨੈੱਟ ਮੀਡੀਆ ਨਾਲ ਜੁੜੇ ਬੱਚੇ ਹੁਣ ਸਿਰਫ਼ ਰੀਲਜ਼ ਜਾਂ ਵੀਡੀਓ ਦੇਖਣ ਵਾਲੇ ਹੀ ਨਹੀਂ ਰਹੇ, ਸਗੋਂ ਸਮੱਗਰੀ ਨਿਰਮਾਤਾ ਅਤੇ ਪ੍ਰਮੋਸ਼ਨ ਲਈ ਬ੍ਰਾਂਡ ਵੀ ਬਣ ਰਹੇ ਹਨ। ਲੱਖਾਂ-ਕਰੋੜਾਂ ਫਾਲੋਅਰਾਂ ਦੇ ਬਲਬੂਤੇ ਸਮੱਗਰੀ ਨਿਰਮਾਣ ਕਰ ਕੇ ਇਹ ਲੱਖਾਂ ਰੁਪਏ ਵੀ ਕਮਾਉਂਦੇ ਹਨ। ਸਰਵੇਖਣ ਦੱਸਦੇ ਹਨ ਕਿ 2010 ਤੋਂ ਬਾਅਦ ਪੈਦਾ ਹੋਏ 37 ਫ਼ੀਸਦੀ ਬੱਚੇ ਇੰਟਰਨੈੱਟ ਮੀਡੀਆ ਦੇ ਖੇਤਰ ਵਿਚ ਇਨਫਲੂਐਂਸਰ ਬਣਨਾ ਚਾਹੁੰਦੇ ਹਨ। ਇਨ੍ਹਾਂ ਬੱਚਿਆਂ ਦੇ ਖਾਤੇ, ਉਨ੍ਹਾਂ ਦੀਆਂ ਵੀਡੀਓਜ਼ ਸ਼ੂਟਿੰਗ, ਉਨ੍ਹਾਂ ਦਾ ਸੰਪਾਦਨ ਅਤੇ ਇੰਟਰਨੈੱਟ ਮੀਡੀਆ ’ਤੇ ਅਪਲੋਡ ਕਰਨ ਦੇ ਸਾਰੇ ਕੰਮ ਇਨ੍ਹਾਂ ਦੇ ਮਾਂ-ਬਾਪ ਸੰਭਾਲਦੇ ਹਨ। ਇਹ ਕਿਡਜ਼ ਡਿਜੀਟਲ ਅਰਥਵਿਵਸਥਾ ਸਿਰਫ਼ ਇਕ ਆਰਥਿਕ ਧਾਰਨਾ ਹੀ ਨਹੀਂ ਹੈ, ਸਗੋਂ ਇਹ ਬਾਲ ਅਧਿਕਾਰਾਂ, ਸੁਰੱਖਿਆ, ਗੋਪਨੀਅਤਾ ਅਤੇ ਨੈਤਿਕਤਾ ਨਾਲ ਜੁੜਿਆ ਮਸਲਾ ਵੀ ਹੈ। ਜਦੋਂ ਕੋਈ ਬੱਚਾ ਇੰਟਰਨੈੱਟ ਮੀਡੀਆ ’ਤੇ ਸਰਗਰਮ ਹੁੰਦਾ ਹੈ ਜਾਂ ਵੀਡੀਓ ਦੇਖਦਾ ਜਾਂ ਗੇਮ ਖੇਡਦਾ ਹੈ ਤਾਂ ਉਹ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਡਾਟਾ ਵੀ ਪੈਦਾ ਕਰ ਰਿਹਾ ਹੁੰਦਾ ਹੈ। ਅਜਿਹੇ ਸਮੇਂ ਵਿਚ ਉਸ ਦਾ ਵਿਵਹਾਰ, ਆਦਤਾਂ, ਪਸੰਦ-ਨਾਪਸੰਦ, ਰੁਚੀਆਂ ਅਤੇ ਉਸ ਦੇ ਮਨੋਵਿਗਿਆਨਕ ਪੈਟਰਨ ਤੱਕ ਇਨ੍ਹਾਂ ਡਿਜੀਟਲ ਕੰਪਨੀਆਂ ਲਈ ਇਕ ਆਰਥਿਕ ਵੈਲਿਊ ਲਈ ਹੁੰਦੇ ਹਨ। ਇਸ ਦਾ ਮਤਲਬ ਹੈ ਕਿ ਜਦੋਂ ਕੋਈ ਬੱਚਾ ਵੀਡੀਓ ਦੇਖਦਾ ਹੈ, ਕੋਈ ਐਪ ਡਾਊਨਲੋਡ ਕਰਦਾ ਹੈ, ਗੇਮ ਖੇਡਦਾ ਹੈ ਜਾਂ ਆਨਲਾਈਨ ਕਲਾਸ ਵਿਚ ਹਿੱਸਾ ਲੈਂਦਾ ਹੈ ਤਾਂ ਉਸ ਸਮੇਂ ਉਸ ਦੀ ਸਥਿਤੀ, ਉਸ ਦਾ ਵਿਵਹਾਰ ਅਤੇ ਉਸ ਦੀਆਂ ਰੁਚੀਆਂ ਨਾਲ ਜੁੜੇ ਅੰਕੜੇ ਇਕੱਠੇ ਕੀਤੇ ਜਾਂਦੇ ਹਨ। ਡਿਜੀਟਲ ਕੰਪਨੀਆਂ ਇਨ੍ਹਾਂ ਅੰਕੜਿਆਂ ਦਾ ਇਸਤੇਮਾਲ ਮਾਰਕੀਟ ਰਿਸਰਚ, ਵਿਗਿਆਪਨ, ਵਪਾਰਕ ਰਣਨੀਤੀਆਂ ਦੇ ਨਿਰਮਾਣ ਅਤੇ ਐਲਗੋਰਿਦਮਿਕ ਸੁਝਾਵਾਂ ਲਈ ਕਰਦੀਆਂ ਹਨ। ਇਹੀ ਕਾਰਨ ਹੈ ਕਿ ਬੱਚਿਆਂ ਨਾਲ ਜੁੜੇ ਡਾਟਾ ਦੀ ਸੁਰੱਖਿਆ ਅੱਜ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਹੀ ਹੈ।
ਇਹ ਡਿਜੀਟਲ ਅਰਥਵਿਵਸਥਾ ਬੱਚਿਆਂ ਨੂੰ ਸਿੱਖਿਆ, ਇਨੋਵੇਸ਼ਨ, ਉੱਦਮੀਅਤਾ ਅਤੇ ਨਵੇਂ ਆਲਮੀ ਮੌਕਿਆਂ ਨਾਲ ਜੋੜ ਸਕਦੀ ਹੈ ਪਰ ਜੇਕਰ ਇਸ ਲਾਲਚ ਵਿਚ ਅਸੀਂ ਉਨ੍ਹਾਂ ਦੀ ਡਿਜੀਟਲ ਸੁਰੱਖਿਆ, ਗੋਪਨੀਅਤਾ ਅਤੇ ਮਾਨਸਿਕ ਸਿਹਤ ਦੀ ਅਣਦੇਖੀ ਕੀਤੀ ਤਾਂ ਇਹ ਗੰਭੀਰ ਚੁਣੌਤੀ ਵੀ ਬਣ ਸਕਦੀ ਹੈ। ਵਰਤਮਾਨ ਵਿਚ ਇਸ ਦੇ ਸੰਕੇਤ ਸਾਹਮਣੇ ਆਉਣ ਵੀ ਲੱਗੇ ਹਨ। ਅੱਜ ਜਦੋਂ ਡਿਜੀਟਲ ਕ੍ਰਾਂਤੀ ਦੀ ਰਫ਼ਤਾਰ ਤੇਜ਼ ਹੈ, ਅਜਿਹੇ ਵਿਚ ਸੰਪੂਰਨ ਦੁਨੀਆ ਵਿਚ ਇਹ ਬਹਿਸ ਤੇਜ਼ ਹੋ ਰਹੀ ਹੈ ਕਿ ਅਸੀਂ ਕਿਤੇ ਬੱਚਿਆਂ ਨੂੰ ਡਿਜੀਟਲ ਬਾਲ ਕਿਰਤੀ ਤਾਂ ਨਹੀਂ ਬਣਾ ਰਹੇ। ਇਸ ਡਿਜੀਟਲ ਯੁੱਗ ਵਿਚ ਫੈਕਟਰੀਆਂ ਦੀ ਜਗ੍ਹਾ ਸਮਾਰਟਫੋਨ ਅਤੇ ਮਸ਼ੀਨਾਂ ਦੀ ਜਗ੍ਹਾ ਐਲਗੋਰਿਦਮ ਨੇ ਲੈ ਲਈ ਹੈ। ਭਾਰਤ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਬੱਚਿਆਂ ’ਤੇ ਇੰਟਰਨੈੱਟ ਮੀਡੀਆ ਦੇ ਵਧਦੇ ਮਾੜੇ ਪ੍ਰਭਾਵ ਨੂੰ ਦੇਖਦਿਆਂ ਪਿਛਲੇ ਦਿਨਾਂ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਬੱਚਿਆਂ ਦੀ ਆਨਲਾਈਨ ਪਲੇਟਫਾਰਮ ’ਤੇ ਸੁਰੱਖਿਆ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਆਸਟ੍ਰੇਲੀਆ ਨੇ ਆਪਣੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਇੰਟਰਨੈੱਟ ਮੀਡੀਆ ਨੂੰ ਰੋਕ ਦਿੱਤਾ ਹੈ। ਫਰਾਂਸ, ਸਪੇਨ, ਡੈੱਨਮਾਰਕ, ਯੂਨਾਨ, ਇੰਡੋਨੇਸ਼ੀਆ ਅਤੇ ਮਲੇਸ਼ੀਆ ਨੇ ਵੀ ਕਿਸ਼ੋਰਾਂ ਦੀ ਆਨਲਾਈਨ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਹਨ। ਬ੍ਰਿਟੇਨ ਵੀ ਇਸੇ ਤਰ੍ਹਾਂ ਦੀ ਯੋਜਨਾ ਬਣਾ ਰਿਹਾ ਹੈ। ਇਸ ਨੂੰ ਦੇਖਦਿਆਂ ਭਾਰਤ ਵਿਚ ਵੀ 16 ਸਾਲ ਤੋਂ ਘੱਟ ਉਮਰ ਦੇ ਕਿਸ਼ੋਰਾਂ ਲਈ ਇੰਟਰਨੈੱਟ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਗਾਉਣ ਦੀ ਬਹਿਸ ਤੇਜ਼ ਹੋ ਰਹੀ ਹੈ। ਬੱਚਿਆਂ ਦੇ 5-6 ਘੰਟੇ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਰਹਿਣ ਨਾਲ ਉਨ੍ਹਾਂ ਵਿਚ ਭਾਵਨਾਤਮਕ ਕਮਜ਼ੋਰੀ ਦੇ ਨਾਲ-ਨਾਲ ਉਨ੍ਹਾਂ ਦੀ ਸੋਚਣ-ਸਮਝਣ ਅਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵੀ ਲਗਾਤਾਰ ਘਟ ਰਹੀ ਹੈ। ਆਨਲਾਈਨ ਸੁਰੱਖਿਆ ਨਾਲ ਜੁੜੇ ਕਾਨੂੰਨ ਬੱਚਿਆਂ ’ਤੇ ਮੰਡਰਾਉਂਦੇ ਸਾਈਬਰ ਖ਼ਤਰੇ ’ਤੇ ਕਾਬੂ ਤਾਂ ਪਾ ਸਕਦੇ ਹਨ ਪਰ ਉਹ ਸਮਾਜ ਨੂੰ ਸਾਵਧਾਨ ਕਰਨ ਦਾ ਕੰਮ ਨਹੀਂ ਕਰ ਸਕਦੇ। ਇਸ ਲਈ ਸਮਾਜ ਵਿਚ ਵੱਡੀ ਪੱਧਰ ’ਤੇ ਵਿਚਾਰ-ਚਰਚਾ ਦੀ ਲੋੜ ਹੈ। ਮਾਤਾ-ਪਿਤਾ ਅਤੇ ਸਰਪ੍ਰਸਤਾਂ ਨੂੰ ਸਮਝਣਾ ਪਵੇਗਾ ਕਿ ਬੱਚਿਆਂ ਦੀ ਸਫਲਤਾ ਡਿਜੀਟਲ ਦੁਨੀਆ ਵਿਚ ਉਨ੍ਹਾਂ ਦੇ ਲਾਈਕਸ, ਵਿਊਜ਼ ਅਤੇ ਸਮੱਗਰੀ ਦੇ ਨਿਰਮਾਣ ਨਾਲ ਨਹੀਂ ਮਾਪੀ ਜਾ ਸਕਦੀ। ਹਕੀਕੀ ਸਫਲਤਾ ਤਾਂ ਸਿੱਖਿਆ ਅਤੇ ਸਮਾਜ ਜ਼ਰੀਏ ਉਨ੍ਹਾਂ ਦੀ ਸ਼ਖ਼ਸੀਅਤ ਦਾ ਸੰਪੂਰਨ ਵਿਕਾਸ ਹੈ। ਇਸ ਲਈ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਡਿਜੀਟਲ ਸਾਖ਼ਰਤਾ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਪਵੇਗਾ। ਬਾਲ ਅਧਿਕਾਰਾਂ ਨੂੰ ਡਿਜੀਟਲ ਅਧਿਕਾਰਾਂ ਨਾਲ ਜੋੜਦਿਆਂ ਡਿਜੀਟਲ ਕੰਪਨੀਆਂ ਦੀ ਵੀ ਜਵਾਬਦੇਹੀ ਨਿਰਧਾਰਤ ਕਰਨੀ ਪਵੇਗੀ। ਸਰਕਾਰ, ਤਕਨੀਕੀ ਕੰਪਨੀਆਂ, ਸਕੂਲ, ਮਾਪੇ ਅਤੇ ਸਮਾਜ ਦੇ ਸਾਰੇ ਹਿੱਸੇ ਆਪਸ ਵਿਚ ਤਾਲਮੇਲ ਬਣਾ ਕੇ ਇਕ ਅਜਿਹੀ ਡਿਜੀਟਲ ਅਰਥਵਿਵਸਥਾ ਦਾ ਨਿਰਮਾਣ ਕਰਨ, ਜਿੱਥੇ ਬੱਚੇ ਸਿਰਫ਼ ਡਿਜੀਟਲ ਉਪਭੋਗਤਾ ਜਾਂ ਕਿਰਤੀ ਨਾ ਬਣਨ, ਸਗੋਂ ਇਕ ਸੁਰੱਖਿਅਤ, ਆਦਰਸ਼ ਅਤੇ ਸ਼ਕਤੀਸ਼ਾਲੀ ਡਿਜੀਟਲ ਨਾਗਰਿਕ ਬਣ ਸਕਣ।
-ਡਾ. ਵਿਸ਼ੇਸ਼ ਗੁਪਤਾ।
-(ਲੇਖਕ ਸਮਾਜ ਸ਼ਾਸਤਰੀ ਹਨ)।