- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਭਗ ਜ਼ਹਿਰੀਲਾ ਹੈ। ਸੂਬੇ ਦੇ 90 ਫ਼ੀਸਦ ਪਿੰਡ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਦੁਰਵਰਤੋਂ ਕਾਰਨ 92 ਫ਼ੀਸਦ ਤੋਂ ਵੱਧ ਬਲਾਕ ‘ਡਾਰਕ ਜ਼ੋਨ’ ’ਚ ਬਦਲ ਚੁੱਕੇ ਹਨ। ਅੱਜ ਪੰਜਾਬ ਵਿਚ ਤਾਜ਼ੇ ਪਾਣੀ ਦਾ ਇਕ ਵੀ ਅਜਿਹਾ ਸੋਮਾ ਨਹੀਂ ਹੈ, ਜਿਸ ਤੋਂ ਸਿੱਧਾ ਪਾਣੀ ਪੀਤਾ ਜਾ ਸਕੇ। ਨਾਈਟ੍ਰੇਟ ਤੋਂ ਲੈ ਕੇ ਹੋਰਨਾਂ ਜ਼ਹਿਰੀਲੇ ਤੱਤ ਪਾਣੀ ’ਚ ਮੌਜੂਦ ਹਨ।

ਸੁਰਿੰਦਰ ਬਾਂਸਲ।
‘ਪੰਜਾਬ’ ਦਾ ਨਾਂ ਆਉਂਦੇ ਹੀ ਹਰੇ ਇਨਕਲਾਬ ’ਚੋਂ ਉਪਜੀ ਖ਼ੁਸ਼ਹਾਲੀ ਵਾਲੇ ਸੂਬੇ ਦਾ ਅਕਸ ਉੱਭਰ ਕੇ ਆਉਂਦਾ ਹੈ। ਹਰੇ-ਭਰੇ ਖੇਤ, ਭੱਜਦੇ ਟਰੈਕਟਰ, ਹਾਰਵੈਸਟਰ, ਕੰਬਾਈਨਾਂ, ਆਧੁਨਿਕ ਮਸ਼ੀਨਾਂ ਅਤੇ ਖੇਤੀ ਰਸਾਇਣਾਂ ਦਾ ਛਿੜਕਾਅ ਕਰਨ ਵਾਲੇ ਕਿਸਾਨ ਹੀ ਅੱਜ ਪੰਜਾਬ ਦੀ ਅਸਲੀ ਤਸਵੀਰ ਹਨ। ਇਨ੍ਹਾਂ ਹਰੀਆਂ ਤਸਵੀਰਾਂ ਦੇ ਪਿੱਛੇ ਬਹੁਤ ਕੁਝ ਅਜਿਹਾ ਹੈ, ਜੋ ਅੱਖਾਂ ਸਾਹਮਣੇ ਗਾਇਬ ਹੋ ਚੁੱਕਾ ਹੈ ਅਤੇ ਪੂਰੀ ਕਾਲਸ ਨਾਲ ਢੱਕਿਆ ਹੋਇਆ ਹੈ। ਪਿਛਲੇ ਚਾਲ਼ੀ ਸਾਲਾਂ ਤੋਂ ਪੰਜਾਬ ਦੇ ਹਰੇ ਇਨਕਲਾਬ ਦੀ ਕਹਾਣੀ ਦਾ ਬਹੁਤ ਗੱਜ-ਵੱਜ ਕੇ ਪ੍ਰਚਾਰ ਕੀਤਾ ਗਿਆ, ਬੇਸ਼ੱਕ ਸਰਕਾਰ ਕਿਸੇ ਦੀ ਵੀ ਰਹੀ ਹੋਵੇ। ਵਿਕਾਸ ਦੀਆਂ ਖ਼ੂਬਸੂਰਤ ਫ਼ਿਲਮਾਂ ਦੇਸ਼ ਦੇ ਹੋਰਨਾਂ ‘ਬਿਮਾਰ’ ਸੂਬਿਆਂ ਨੂੰ ਦਿਖਾਈਆਂ ਗਈਆਂ ਪਰ ਇਨ੍ਹਾਂ ਚਮਕਦੀਆਂ ਫ਼ਿਲਮਾਂ ਨੇ ਪੰਜਾਬ ਦੀ ਜੀਵਨ ਦ੍ਰਿਸ਼ਟੀ ਨੂੰ ਹੀ ਖੰਡਿਤ ਕਰ ਦਿੱਤਾ। ਜੇਕਰ ਸੁੱਚੇ ਮਨ ਨਾਲ਼ ਅਸੀਂ ਥੋੜ੍ਹੀ ਜਿਹੀ ਚਰਚਾ ਕਰਨ ਦੀ ਹਿੰਮਤ ਕਰੀਏ ਤਾਂ ਵਿਡੰਬਨਾ ਸਾਫ਼ ਨਜ਼ਰ ਆਵੇਗੀ ਕਿ ਪਿਛਲੇ ਚਾਲੀ ਸਾਲਾਂ ਤੋਂ ਹਰੇ ਇਨਕਲਾਬ ਦੇ ਕੁੱਟੇ ਗਏ ਢੋਲ ਅਤੇ ਗੈ਼ਰ-ਜ਼ਰੂਰੀ ਵਿਕਾਸ ਨੇ ਕੁਦਰਤੀ ਸੋਮਿਆਂ ਨਾਲ ਭਰਪੂਰ ਸੂਬੇ ਨੂੰ ਹੈਰਾਨਕੁਨ ਸਵਾਲਾਂ ਦੇ ਉਜਾੜ ’ਚ ਲਿਆ ਖੜ੍ਹਾ ਕੀਤਾ ਹੈ। ਭਾਵੇਂ ਇਹ ਪੜ੍ਹਨ, ਸੁਣਨ ਜਾਂ ਸ਼ਿਸ਼ਟਾਚਾਰ ਦੇ ਦਾਇਰੇ ’ਚ ਨਹੀਂ ਆਉਂਦਾ ਪਰ ਜੋ ਲੱਛਣ ਅਜੋਕੇ ਪੰਜਾਬ ਵਿਚ ਦਿਖਾਈ ਦੇ ਰਹੇ ਹਨ, ਉਹ ਪੰਜਾਬ ਨੂੰ ਉਜਾੜ ਵੱਲ ਲਿਜਾਂਦੇ ਨਜ਼ਰ ਆ ਰਹੇ ਹਨ। ਕਿਓਂਕਿ ਕੋਈ ਵੀ ਸਮਾਜ ਖਲਾਅ ’ਚ ਨਹੀਂ ਰਹਿ ਸਕਦਾ। ਉਸ ਨੂੰ ਆਪਣੇ ਲੋਕਾਂ, ਆਪਣੇ ਪਰਿੰਦ, ਚਰਿੰਦ, ਚਰਾਂਦਾਂ, ਆਪਣੀ ਜ਼ਮੀਨ, ਆਪਣੇ ਰੁੱਖਾਂ, ਆਪਣੇ ਪੌਦਿਆਂ, ਆਪਣੇ ਖੂਹਾਂ, ਆਪਣੇ ਤਲਾਬਾਂ, ਆਪਣੇ ਖੇਤਾਂ ਲਈ ਇਕ ਅਜਿਹੀ ਪ੍ਰਣਾਲੀ ਬਣਾਉਣੀ ਹੀ ਪੈਂਦੀ ਹੈ, ਜੋ ਸਮਿਆਂ ਦੇ ਆਧਾਰ ’ਤੇ ਪਰਖੀ ਜਾਵੇ ਤੇ ਖਰੀ ਵੀ ਉੱਤਰੀ ਹੋਵੇ। ਕਿਸੇ ਵੀ ਸੱਭਿਅਤਾ ਨੂੰ ਨਿਰਵਿਘਨ ਰਹਿਣ ਲਈ, ਸੁਚੱਜੀ ਰਾਜਨੀਤਿਕ ਸਥਿਰਤਾ ਦੇ ਨਾਲ ਸ਼ੁੱਧ ਭੋਜਨ-ਪਾਣੀ, ਸ਼ੁੱਧ ਵਾਤਾਵਰਣ ਅਤੇ ਸਿਹਤਮੰਦ ਸਮਾਜ ਜ਼ਰੂਰੀ ਹੈ। ਭਾਰੇ ਮਨ ਨਾਲ ਕਹਿਣਾ ਪੈਂਦਾ ਹੈ ਕਿ ਸਾਡਾ ਅੱਜ ਦਾ ਪੰਜਾਬ ਸੱਭਿਅਤਾ ਦੇ ਬਹੁਤੇ ਮੂਲ ਸਿਧਾਂਤਾਂ ਯਾਨੀ ‘ਆਪਣੀ ਮੂਲ ਪਛਾਣ’ ਤੋਂ ਬਹੁਤ ਦੂਰ ਜਾ ਚੁੱਕਾ ਹੈ। ਅੱਜ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਭਗ ਜ਼ਹਿਰੀਲਾ ਹੈ। ਸੂਬੇ ਦੇ 90 ਫ਼ੀਸਦ ਪਿੰਡ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਦੁਰਵਰਤੋਂ ਕਾਰਨ 92 ਫ਼ੀਸਦ ਤੋਂ ਵੱਧ ਬਲਾਕ ‘ਡਾਰਕ ਜ਼ੋਨ’ ’ਚ ਬਦਲ ਚੁੱਕੇ ਹਨ। ਅੱਜ ਪੰਜਾਬ ਵਿਚ ਤਾਜ਼ੇ ਪਾਣੀ ਦਾ ਇਕ ਵੀ ਅਜਿਹਾ ਸੋਮਾ ਨਹੀਂ ਹੈ, ਜਿਸ ਤੋਂ ਸਿੱਧਾ ਪਾਣੀ ਪੀਤਾ ਜਾ ਸਕੇ। ਨਾਈਟ੍ਰੇਟ ਤੋਂ ਲੈ ਕੇ ਹੋਰਨਾਂ ਜ਼ਹਿਰੀਲੇ ਤੱਤ ਪਾਣੀ ’ਚ ਮੌਜੂਦ ਹਨ। ਪਿਤਾ ਦੇ ਦਰਜੇ ਵਾਲੇ ਪਾਣੀ ਦਾ ਜੀਵਨ ਹੀ ਹੁਣ ਖਤਰੇ ’ਚ ਹੈ। ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਖੇਤੀ ਉਤਪਾਦਨ ’ਚ ਕੀਟਨਾਸ਼ਕਾਂ ਦੀ ਵੱਡੀ ਮਾਤਰਾ ਕਾਰਣ ਕਣਕ ਹੁਣ ਸੂਬੇ ਦੇ ਵਸਨੀਕ ਹੀ ਖ਼ਰੀਦਣ ਜਾਂ ਖਾਣ ਲਈ ਤਿਆਰ ਨਹੀਂ ਹਨ ਤਾਂ ਇਸ ਨੂੰ ਕਿਸ ਗੱਲ ਦੀ ਨਿਸ਼ਾਨੀ ਸਮਝਿਆ ਜਾਵੇ? ਪਿਛਲੇ ਪੰਜ ਦਹਾਕਿਆਂ ਤੋਂ ਹਰੇ ਇਨਕਲਾਬ ਚੋਂ ਪੈਦਾ ਹੋਏ ਇਸ ਵਿਕਾਸ ਨੂੰ ਇਕ ਨਵਾਂ ਸੰਪਰਦਾ ਬਣਾ ਦਿੱਤਾ ਹੈ।
ਭਾਖੜਾ ਡੈਮ ਨੂੰ ਵੀ ਨਵੇਂ ਭਾਰਤ ਦਾ ਮੰਦਰ ਐਲਾਨਿਆ ਗਿਆ ਸੀ। ਉਦੋਂ ਵਿਗਿਆਨੀਆਂ, ਕਿਸਾਨਾਂ, ਸਿਆਸਤਦਾਨਾਂ, ਯੋਜਨਾਕਾਰਾਂ ਤੋਂ ਲੈ ਕੇ ਨੌਕਰਸ਼ਾਹੀ, ਬੁੱਧੀਜੀਵੀਆਂ, ਲੇਖਕਾਂ ਅਤੇ ਆਮ ਲੋਕਾਂ ’ਚ ਬਹੁਤ ਯੋਜਨਾਬੱਧ ਯਤਨਾਂ ਨਾਲ ਇਸ ਨਵੇਂ ਮੰਦਰ ਪ੍ਰਤੀ ਬਹੁਤ ਸ਼ਰਧਾ ਪੈਦਾ ਹੋਈ। ਜਦਕਿ ਸਪਾਂਸਰਡ ਵਿਸ਼ਵਾਸ ਅਤੇ ਸ਼ਰਧਾ ਅਕਸਰ ਸੋਚ-ਹੀਣ ਹੁੰਦੇ ਹਨ। ਨਾ ਸਵਾਲ, ਨਾ ਜਵਾਬੀ ਸਵਾਲ, ਨਾ ਸ਼ੱਕ, ਕੁਝ ਵੀ ਪ੍ਰਗਟ ਨਹੀਂ ਕੀਤਾ ਗਿਆ। ਅੱਖਾਂ ਮੀਚ ਕੇ ਇਸ ਵਿਕਾਸ ਦਾ ਅੰਨ੍ਹਾ ਪਿੱਛਾ ਕਰਨਾ ਭੇਡਾਂ ਦੇ ਝੁੰਡ ਦੇ ਡੂੰਘੀ ਖਾਈ ’ਚ ਡਿੱਗਣ ਵਰਗਾ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਧਰਤੀ ਪੁੱਤਰਾਂ ਨੇ ਰਵਾਇਤੀ ਅਤੇ ਕੁਦਰਤੀ ਖੇਤੀ ਛੱਡ ਕੇ ਜੀਵਨ ਦੇਣ ਵਾਲੇ ਦਰਿਆਵਾਂ, ਛੱਪੜਾਂ, ਟੋਬਿਆਂ, ਖੂਹਾਂ ਨੂੰ ਬੇਲੋੜਾ ਮੰਨ ਲਿਆ। ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਕਿਤੇ ਬਾਅਦ ਤੱਕ ਪੰਜਾਬ ’ਚ 17, 000 ਤਾਲਾਬਾਂ ਦਾ ਜ਼ਿਕਰ ਮਿਲਦਾ ਹੈ ਪਰ ਹੁਣ ਲੱਗਦਾ ਨਹੀਂ ਕੇ ਪੂਰੇ ਪੰਜਾਬ ਚ 700 ਤਲਾਬ ਵੀ ਬਚੇ ਹੋਣਗੇ। ਪਿਛਲੇ ਸਾਲ ਆਏ ਹੜ੍ਹ ਦੀ ਤਬਾਹੀ ਦੇਖ ਕੇ ਖਿਆਲ ਆਉਂਦਾ ਹੈ ਕਿ ਕਾਸ਼! ਪੰਜਾਬ ’ਚ ਉਹ ਸਾਰੇ ਤਾਲਾਬ ਬਚੇ ਹੁੰਦੇ ਤਾਂ ਇੰਨੀ ਤਬਾਹੀ ਨਾ ਮਚੀ ਹੁੰਦੀ। ਹਰੇ ਇਨਕਲਾਬ ’ਚੋਂ ਉੱਗੇ ਅਖੌਤੀ ਵਿਕਾਸ ਨੇ ਗਾਵਾਂ ਅਤੇ ਮੱਝਾਂ ਤੋਂ ਚਰਾਂਦਾਂ ਖੋਹ ਲਈਆਂ ਅਤੇ ਚੱਕੀਆਂ ਦੇ ਨਕਲੀ ਚਾਰੇ ਦੀ ਆਦਤ ਪਾ ਦਿੱਤੀ ਗਈ। ਫਿਰ ਵੀ ਜਦੋਂ ਗਾਵਾਂ-ਮੱਝਾਂ ਉਨ੍ਹਾਂ ਦੀਆਂ ਉਮੀਦਾਂ ’ਤੇ ਖ਼ਰੀ ਨਹੀਂ ਉਤਰੀਆਂ ਤਾਂ ਉਹਨੂੰ ਟੀਕਿਆਂ ਨਾਲ ਦੁੱਧ ਦੇਣ ਲਈ ਐਡਿਕਟ ਕਰ ਦਿੱਤਾ ਗਿਆ।
ਕੋਈ ਵੀ ਨਿਘਾਰ ਬਾਹਰੋਂ ਸ਼ੁਰੂ ਨਹੀਂ ਹੁੰਦਾ, ਚਾਹੇ ਉਹ ਘਰ ਹੋਵੇ, ਸਮਾਜ ਹੋਵੇ, ਸੂਬਾ ਹੋਵੇ ਜਾਂ ਦੇਸ਼-ਪਤਨ ਅੰਦਰੋਂ ਹੀ ਸ਼ੁਰੂ ਹੁੰਦਾ ਹੈ। ਜਦੋਂ ਵੀ ਕੋਈ ਸਮਾਜ ਆਪਣੇ ਮੂਲ ਤੋਂ ਕੱਟਦਾ ਹੈ, ਉਸ ਨੂੰ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਸ਼ੁਰੂਆਤੀ ਸਾਲਾਂ ’ਚ ਝੋਨੇ ਦੀ ਖੇਤੀ ਨਾ ਹੋਣ ਦੇ ਬਾਵਜੂਦ ਜ਼ਮੀਨ ਦੀ ਪੁਰਾਣੀ ਮਜ਼ਬੂਤੀ ਕਾਰਨ ਜਦੋਂ ਝੋਨੇ ਦੀ ਫ਼ਸਲ ਬਹੁਤ ਜ਼ਿਆਦਾ ਉੱਗੀ ਤਾਂ ਕਿਸਾਨ ਅਮੀਰ ਹੁੰਦਾ ਸੀ। ਸਾਦੇ ਘਰਾਂ ਦੀ ਥਾਂ ਖੇਤਾਂ ’ਚ ਫਾਰਮ ਹਾਊਸ ਬਣਨ ਲੱਗੇ। ਗੁਰੂ ਸਾਹਿਬ ਦੇ ਸੰਦੇਸ਼ ‘ਸੁੱਚੀ ਕਿਰਤ’ ਨੂੰ ਭੁੱਲ ਕੇ ‘ਦਸਾਂ ਨਹੁੰਆਂ’ ਦੀ ਕਮਾਈ ਕਰਨੀ ਬੰਦ ਕਰ ਦਿੱਤੀ। ਅਮੀਰ ਭੋਜਨ ਦਾ ਵਿਰਸਾ ਛੱਡ ਡੰਗਰਖੋਰੀ ਨੂੰ ਉਤਸ਼ਾਹਿਤ ਕੀਤਾ ਗਿਆ। ਦੁੱਧ, ਘਿਓ, ਲੱਸੀ ਨੂੰ ਛੱਡ ਕੇ ਹਰ ਨਸ਼ੇ ਨੂੰ ਚੁੱਲ੍ਹੇ-ਚੌਂਕੇ ਦਾ ਹਿੱਸਾ ਬਣਾਇਆ ਗਿਆ। ‘ਵੰਡ ਛਕੋ’ ਦੇ ਫਲਸਫੇ ਨੂੰ ਨਜ਼ਰਅੰਦਾਜ਼ ਕਰਕੇ ‘ਨਿਜਵਾਦ’ ਦਾ ਪ੍ਰਚਾਰ ਕੀਤਾ ਗਿਆ। ਸਾਦੇ ਜੀਵਨ ਤੋਂ ਇਲਾਵਾ, ਗ਼ੈਰ-ਜ਼ਰੂਰੀ ਫਜ਼ੂਲ ਖਰਚੀ ਨੂੰ ਜੀਵਨ ਦਾ ਸਮਾਨਾਰਥੀ ਮੰਨਿਆ ਗਿਆ। ਜਦੋਂ ਇਹ ਸਾਰੀਆਂ ਆਦਤਾਂ ਰਗ-ਰਗ ’ਚ ਨਸ਼ੇ ਵਾਂਗ ਵਸ ਗਈਆਂ ਤਾਂ ਕਰਜ਼ੇ ਅਤੇ ਖ਼ੁਦਕੁਸ਼ੀਆਂ ਦਾ ਅਣਥੱਕ ਸਿਲਸਿਲਾ ਸ਼ੁਰੂ ਹੋਇਆ।
ਜੇਕਰ ਹਰੇ ਇਨਕਲਾਬ ਕਰਕੇ ਪੰਜਾਬ ਖੁਸ਼ਹਾਲ ਹੋਇਆ ਤਾਂ ਅੱਜ ਅਨੇਕਾਂ ਪਿੰਡਾਂ ਦੇ ਬਾਹਰ ‘ਵਿਲੇਜ ਫੌਰ ਸੇਲ’ ਦੇ ਬੋਰਡ ਕਿਉਂ ਲਟਕ ਰਹੇ ਹਨ? ਜੇਕਰ ਹਰੇ ਇਨਕਲਾਬ ਕਰਕੇ ਹੀ ਪੰਜਾਬ ਖੁਸ਼ਹਾਲ ਹੋਇਆ ਹੈ ਤਾਂ ਕਿੱਥੇ ਗਿਆ ਸੂਬੇ ਦੀ ਧਰਤੀ ਹੇਠਲਾ ਪਾਣੀ, ਸਿਹਤਮੰਦ ਮਿੱਟੀ ਅਤੇ ਪੰਛੀਆਂ ਦੀਆਂ ਅਣਗਿਣਤ ਕਿਸਮਾਂ ਅਤੇ ਲਹਿਲਹਾਉਂਦੀਆਂ ਚਰਾਂਦਾ? ਸੈਂਕੜੇ ਪਿੰਡਾਂ ਵਿੱਚ ਸਿਰਫ਼ ਬਜ਼ੁਰਗ ਹੀ ਕਿਉਂ ਬਚੇ ਹਨ, ਕਿੱਥੇ ਗਏ ਉਨ੍ਹਾਂ ਪਿੰਡਾਂ ਦੇ ਨੌਜਵਾਨ? ਜੇਕਰ ਹਰੇ ਇਨਕਲਾਬ ਦਾ ਤਜਰਬਾ ਸੱਚਮੁੱਚ ਹੀ ਸ਼ਾਨਦਾਰ ਸੀ ਤਾਂ ਸੂਬੇ ਦਾ ਮਾਲਵਾ ਖੇਤਰ ਕੈਂਸਰ ਦੀ ਲਪੇਟ ਵਿੱਚ ਕਿਉਂ ਹੈ? ਪੂਰੀ ਦੁਨੀਆ ਦੀ ਇਕੋ-ਇਕ ‘ਕੈਂਸਰ ਐਕਸਪ੍ਰੈਸ ਰੇਲ’ ਪੰਜਾਬ ’ਚੋਂ ਹੀ ਕਿਉਂ ਚੱਲਦੀ ਰਹੀ?
ਹਰੇ ਇਨਕਲਾਬ ਦੀ ਪੈਰਵੀ ਕਰਨ ਵਾਲੇ ਸਾਡੇ ਸਤਿਕਾਰਯੋਗ ਕਿਸਾਨ ਲੀਡਰਾਂ ਜਾਂ ਕਿਸਾਨ ਜਥੇਬੰਦੀਆਂ ਨੂੰ ਕਦੇ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਆਖ਼ਿਰ ਕੋਈ ਮਜ਼ਦੂਰ, ਦਿਹਾੜੀਦਾਰ ਜਾਂ ਮੰਗਤਾ ਖੁਦਕੁਸ਼ੀ ਕਿਉਂ ਨਹੀਂ ਕਰਦਾ?
ਪੰਜਾਬ ਦੇ ਜਿਹੜੇ ਚਾਰ ਜ਼ਿਲ੍ਹਿਆਂ ’ਚ ਅੰਨ੍ਹੇਵਾਹ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ, ਓਹੀ ਚਾਰ ਜ਼ਿਲ੍ਹਿਆਂ ’ਚ 80 ਫ਼ੀਸਦ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹੋਈਆਂ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਹਰੇ ਇਨਕਲਾਬ ’ਚੋਂ ਉੱਗੇ ਬੂਟਿਆਂ ’ਚੋਂ ਲੱਭਣੇ ਪੈਣਗੇ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ਼ ਨਹੀਂ ਕਰਨਗੀਆਂ।