- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਾਤਾਵਰਨੀ ਸੰਤੁਲਨ ਲਈ ਧਰਤੀ ਦੇ ਲਗਭਗ 33 ਫ਼ੀਸਦੀ ਹਿੱਸੇ ’ਤੇ ਜੰਗਲ ਹੋਣ ਨੂੰ ਆਦਰਸ਼ ਮੰਨਿਆ ਜਾਂਦਾ ਹੈ, ਜਦਕਿ ਪੰਜਾਬ ’ਚ ਜੰਗਲਾਂ ਦਾ ਰਕਬਾ ਲਗਭਗ 3.67 ਫ਼ੀਸਦੀ ਹੀ ਹੈ। ਪਿੱਪਲ, ਬੋਹੜ, ਨਿੰਮ ਅਤੇ ਟਾਹਲੀ ਵਰਗੇ ਰੁੱਖ, ਜੋ ਕਦੇ ਪੰਜਾਬੀ ਜੀਵਨ ਦਾ ਹਿੱਸਾ ਸਨ, ਅੱਜ ਤੇਜ਼ੀ ਨਾਲ ਘਟ ਰਹੇ ਹਨ। ਦਰੱਖ਼ਤਾਂ ਦੀ ਕਟਾਈ ਸਿਰਫ਼ ਹਰਿਆਵਲ ਦਾ ਨਹੀਂ, ਬਲਕਿ ਹਵਾ, ਮਿੱਟੀ, ਪੰਛੀਆਂ ਅਤੇ ਜੈਵ-ਵਿਭਿੰਨਤਾ ਦਾ ਵੀ ਨੁਕਸਾਨ ਹੈ।

-ਨਵਦੀਪ ਸਿੰਘ ਝੁਨੀਰ।
‘ਮਨੁੱਖ ਇਤਿਹਾਸ ਦਾ ਸ਼ਾਇਦ ਪਹਿਲਾ ਜੀਵ ਹੈ ਜੋ ਆਪਣੇ ਹੀ ਘਰ ਨੂੰ ਉਜਾੜ ਕੇ ਵਿਕਾਸ ਦਾ ਜਸ਼ਨ ਮਨਾ ਰਿਹਾ ਹੈ।’ ਕੁਦਰਤ ਸਿਰਫ਼ ਸਾਡੇ ਆਲੇ-ਦੁਆਲੇ ਫੈਲੀ ਹਰਿਆਵਲ, ਪਹਾੜਾਂ, ਦਰਿਆਵਾਂ, ਜੰਗਲਾਂ ਜਾਂ ਪੰਛੀਆਂ ਦਾ ਹੀ ਨਾਮ ਨਹੀਂ। ਇਹ ਤਾਂ ਜੀਵਨ ਦਾ ਉਹ ਤਾਣਾ-ਬਾਣਾ ਹੈ, ਜਿਸ ਨਾਲ ਧਰਤੀ ਉੱਤੇ ਵੱਸਦਾ ਹਰ ਜੀਵ ਜੁੜਿਆ ਹੋਇਆ ਹੈ। ਸੱਚ ਤਾਂ ਇਹ ਹੈ ਕਿ ਕੁਦਰਤ ਕਣ-ਕਣ ’ਚ ਵੱਸਦੀ ਹੈ, ਹਵਾ ਦੇ ਹਰ ਬੁੱਲੇ ’ਚ, ਪਾਣੀ ਦੀ ਹਰ ਬੂੰਦ ’ਚ, ਮਿੱਟੀ ਦੀ ਹਰ ਜ਼ਰੇ ’ਚ ਅਤੇ ਮਨੁੱਖ ਦੇ ਹਰ ਸਾਹ ਵਿੱਚ। ਮਨੁੱਖ ਅਤੇ ਕੁਦਰਤ ਦਾ ਰਿਸ਼ਤਾ ਮਾਲਕ ਅਤੇ ਗ਼ੁਲਾਮ ਦਾ ਨਹੀਂ, ਸਗੋਂ ਮਾਂ ਅਤੇ ਬੱਚੇ ਦਾ ਹੈ ਪਰ ਅਫ਼ਸੋਸ! ਜਿਸ ਕੁਦਰਤ ਨੇ ਸਾਨੂੰ ਜੀਵਨ ਦਿੱਤਾ, ਅੱਜ ਉਹੀ ਸਾਡੇ ਹੱਥਾਂ ਤੋਂ ਜ਼ਖ਼ਮੀ ਹੋ ਰਹੀ ਹੈ। ਰਿਕਾਰਡ-ਤੋੜ ਗਰਮੀ, ਬਾਰਿਸ਼ ਅਤੇ ਬਦਲਦੇ ਮੌਸਮ ਦੇ ਮਿਜਾਜ਼ ਨੇ ਸਾਨੂੰ ਇਹ ਅਹਿਸਾਸ ਕਰਵਾ ਦਿੱਤਾ ਹੈ ਕਿ ਕੁਦਰਤ ਨਾਲ ਛੇੜਛਾੜ ਦੇ ਨਤੀਜੇ ਕਿੰਨੇ ਭਿਆਨਕ ਹੋ ਸਕਦੇ ਹਨ। ਵਿਕਾਸ ਦੀ ਅੰਨ੍ਹੀ ਦੌੜ ’ਚ ਅਸੀਂ ਉਸੇ ਟਾਹਣੀ ਨੂੰ ਕੱਟ ਰਹੇ ਹਾਂ, ਜਿਸ ਉੱਤੇ ਸਾਡਾ ਆਪਣਾ ਆਸਰਾ ਟਿਕਿਆ ਹੋਇਆ ਹੈ। ਮਨੁੱਖੀ ਸੱਭਿਆਚਾਰ ਨੇ ਤਰੱਕੀ ਦੇ ਅਨੇਕ ਕੀਰਤੀਮਾਨ ਸਥਾਪਿਤ ਕੀਤੇ ਹਨ, ਪਰ ਸਵਾਲ ਇਹ ਹੈ ਕਿ ਕੀ ਕੁਦਰਤ ਦੀ ਕੀਮਤ ’ਤੇ ਹੋਣ ਵਾਲੀ ਤਰੱਕੀ ਸੱਚਮੁੱਚ ਤਰੱਕੀ ਕਹੀ ਜਾ ਸਕਦੀ ਹੈ? ਵਾਤਾਵਰਨੀ ਸੰਤੁਲਨ ਲਈ ਧਰਤੀ ਦੇ ਲਗਭਗ 33 ਫ਼ੀਸਦੀ ਹਿੱਸੇ ’ਤੇ ਜੰਗਲ ਹੋਣ ਨੂੰ ਆਦਰਸ਼ ਮੰਨਿਆ ਜਾਂਦਾ ਹੈ, ਜਦਕਿ ਪੰਜਾਬ ’ਚ ਜੰਗਲਾਂ ਦਾ ਰਕਬਾ ਲਗਭਗ 3.67 ਫ਼ੀਸਦੀ ਹੀ ਹੈ। ਪਿੱਪਲ, ਬੋਹੜ, ਨਿੰਮ ਅਤੇ ਟਾਹਲੀ ਵਰਗੇ ਰੁੱਖ, ਜੋ ਕਦੇ ਪੰਜਾਬੀ ਜੀਵਨ ਦਾ ਹਿੱਸਾ ਸਨ, ਅੱਜ ਤੇਜ਼ੀ ਨਾਲ ਘਟ ਰਹੇ ਹਨ। ਦਰੱਖ਼ਤਾਂ ਦੀ ਕਟਾਈ ਸਿਰਫ਼ ਹਰਿਆਵਲ ਦਾ ਨਹੀਂ, ਬਲਕਿ ਹਵਾ, ਮਿੱਟੀ, ਪੰਛੀਆਂ ਅਤੇ ਜੈਵ-ਵਿਭਿੰਨਤਾ ਦਾ ਵੀ ਨੁਕਸਾਨ ਹੈ। ਅੱਜ ਪੰਜਾਬ ਦਾ ਧਰਤੀ ਹੇਠਲਾ ਪਾਣੀ ਸਿਰਫ਼ ਖ਼ਤਮ ਹੀ ਨਹੀਂ ਹੋ ਰਿਹਾ, ਬਲਕਿ ਗੰਭੀਰ ਰੂਪ ’ਚ ਜ਼ਹਿਰੀਲਾ ਵੀ ਬਣਦਾ ਜਾ ਰਿਹਾ ਹੈ। ਉਦਯੋਗਿਕ ਗੰਦਗੀ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਕਾਰਨ ਭੂਜਲ ਵਿੱਚ ਯੂਰੇਨੀਅਮ, ਆਰਸੈਨਿਕ (ਸੰਖੀਆ) ਅਤੇ ਸੀਸਾ (ਲੈੱਡ) ਵਰਗੀਆਂ ਜਾਨਲੇਵਾ ਭਾਰੀ ਧਾਤਾਂ ਦੀ ਮੌਜੂਦਗੀ ਚਿੰਤਾ ਦਾ ਵਿਸ਼ਾ ਬਣ ਚੁੱਕੀ ਹੈ। ਮਾਲਵੇ ’ਚ ਯੂਰੇਨੀਅਮ ਨਾਲ ਜੋੜੀਆਂ ਜਾਂਦੀਆਂ ਕੈਂਸਰ ਦੀਆਂ ਵਧਦੀਆਂ ਘਟਨਾਵਾਂ ਅਤੇ ਹੋਰਨਾਂ ਇਲਾਕਿਆਂ ’ਚ ਆਰਸੈਨਿਕ ਕਾਰਨ ਪੈਦਾ ਹੋ ਰਹੀਆਂ ਗੰਭੀਰ ਸਿਹਤ ਸਮੱਸਿਆਵਾਂ ਇਸ ਖ਼ਤਰੇ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ। ਇਹ ਸਿਰਫ਼ ਵਾਤਾਵਰਨ ਦਾ ਮਸਲਾ ਨਹੀਂ, ਸਗੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਸਿਹਤ ਅਤੇ ਹੋਂਦ ਨਾਲ ਜੁੜਿਆ ਇਕ ਵੱਡਾ ਸਵਾਲ ਹੈ। ਇਸ ਦੀ ਇਕ ਜਿਉਂਦੀ-ਜਾਗਦੀ ਉਦਾਹਰਨ ਸਾਡੇ ਆਪਣੇ ਇਲਾਕੇ ’ਚੋਂ ਵਹਿੰਦਾ ਘੱਗਰ ਦਰਿਆ ਹੈ, ਜਿਸ ਨੂੰ ਸਥਾਨਕ ਭਾਸ਼ਾ ’ਚ ‘ਨਾਲੀ’ ਵੀ ਕਿਹਾ ਜਾਂਦਾ ਹੈ। ਸਾਡੇ ਬਜ਼ੁਰਗ ਦੱਸਦੇ ਹਨ ਕਿ ਕਦੇ ਇਸ ਦਾ ਪਾਣੀ ਚਸ਼ਮੇ ਵਾਂਗ ਨਿਰਮਲ ਹੁੰਦਾ ਸੀ ਅਤੇ ਲੋਕ ਇਸ ਨੂੰ ਪੀਣ ਲਈ ਵੀ ਵਰਤਦੇ ਸਨ। ਪਰ ਅੱਜ ਫੈਕਟਰੀਆਂ ਦੇ ਅਣਸੋਧੇ ਜ਼ਹਿਰੀਲੇ ਪਾਣੀ ਅਤੇ ਹੋਰ ਪ੍ਰਦੂਸ਼ਣ ਨੇ ਇਸ ਨੂੰ ਸਲੇਟੀ ਰੰਗ ਦੇ ਗੰਦੇ ਨਾਲੇ ਵਿੱਚ ਬਦਲ ਦਿੱਤਾ ਹੈ। ਅੱਜ ਪੰਜ ਰੁਪਏ ਦੇ ਚਿਪਸ ਤੋਂ ਲੈ ਕੇ ਪਾਣੀ ਦੀਆਂ ਬੋਤਲਾਂ ਅਤੇ ਟੌਫ਼ੀਆਂ ਦੇ ਰੈਪਰਾਂ ਤੱਕ ਹਰ ਚੀਜ਼ ਪਲਾਸਟਿਕ ਪੈਕਿੰਗ ’ਚ ਵਿਕ ਰਹੀ ਹੈ। ਜਦੋਂ ਬਾਜ਼ਾਰ ’ਚ ਉਪਲਬਧ ਲਗਭਗ ਹਰ ਚੀਜ਼ ਪਲਾਸਟਿਕ ਵਿੱਚ ਲਪੇਟੀ ਹੋਵੇ, ਤਾਂ ਖ਼ਪਤਕਾਰ ਕੋਲ ਵਿਕਲਪ ਹੀ ਕੀ ਰਹਿ ਜਾਂਦਾ ਹੈ? ਇਕ ਪਾਸੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਦੇ ਸੰਦੇਸ਼ ਦਿੱਤੇ ਜਾਂਦੇ ਹਨ, ਦੂਜੇ ਪਾਸੇ ਕਾਰਪੋਰੇਟਾਂ ਨੂੰ ਹਰ ਰੋਜ਼ ਕਰੋੜਾਂ ਪਲਾਸਟਿਕ ਪੈਕਟ ਬਾਜ਼ਾਰ ’ਚ ਉਤਾਰਨ ਦੀ ਖੁੱਲ੍ਹ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਪਲਾਸਟਿਕ ਪੈਕਿੰਗ ਵਾਲੀਆਂ ਵਸਤਾਂ ’ਤੇ ਪਾਬੰਦੀ ਲਗਾਵੇ ਜਾਂ ਇਸ ਦੇ ਟਿਕਾਊ ਬਦਲ ਲੱਭਣੇ ਲਾਜ਼ਮੀ ਕਰੇ। ਅਸੀਂ ਆਪਣੇ ਘਰ, ਦੁਕਾਨਾਂ ਅਤੇ ਗਲੀਆਂ ਤਾਂ ਸਾਫ਼ ਕਰ ਲੈਂਦੇ ਹਾਂ, ਪਰ ਉਹੀ ਕੂੜਾ ਕਿਸੇ ਖਾਲੀ ਪਲਾਟ, ਸੜਕ ਦੇ ਕਿਨਾਰੇ ਜਾਂ ਪਿੰਡ ਤੋਂ ਬਾਹਰ ਸੁੱਟ ਕੇ ਆਪਣਾ ਫ਼ਰਜ਼ ਪੂਰਾ ਸਮਝ ਲੈਂਦੇ ਹਾਂ। ਨਤੀਜੇ ਵਜੋਂ ਥਾਂ-ਥਾਂ ਕੂੜੇ ਦੇ ਪਹਾੜ ਖੜ੍ਹੇ ਹੋ ਰਹੇ ਹਨ। ਹਰ ਵੇਸਟ ਚੀਜ਼ ਕੂੜਾ ਨਹੀਂ ਹੁੰਦੀ; ‘ਵੇਸਟ ਤੋਂ ਬੈਸਟ’ ਬਣਾਇਆ ਜਾ ਸਕਦਾ ਹੈ। ਰਸੋਈ ’ਚੋਂ ਨਿਕਲਣ ਵਾਲੀ ਰਹਿੰਦ-ਖੂੰਹਦ ਤੋਂ ਜੈਵਿਕ ਖਾਦ ਤਿਆਰ ਕੀਤੀ ਜਾ ਸਕਦੀ ਹੈ। ਇਸ ਲਈ ਹੱਲ ਸਿਰਫ਼ ਕੂੜਾ ਚੁੱਕਣ ’ਚ ਨਹੀਂ, ਸਗੋਂ ਕੂੜਾ ਘਟਾਉਣ, ਉਸ ਦੀ ਛਾਂਟੀ ਕਰਨ ਅਤੇ ਉਸ ਦੀ ਮੁੜ ਵਰਤੋਂ ਯਕੀਨੀ ਬਣਾਉਣ ਵਿੱਚ ਹੈ। ਜੇ ਅਸੀਂ ਅੱਜ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਤਰੱਕੀ ਦੇ ਨਿਰਮਾਤਾ ਨਹੀਂ, ਸਗੋਂ ਕੁਦਰਤੀ ਵਿਰਾਸਤ ਦੇ ਵਿਨਾਸ਼ਕਾਰੀ ਵਜੋਂ ਯਾਦ ਕਰਨਗੀਆਂ। ਜਦੋਂ ਆਖ਼ਰੀ ਰੁੱਖ ਕੱਟਿਆ ਜਾਵੇਗਾ, ਆਖ਼ਰੀ ਦਰਿਆ ਪ੍ਰਦੂਸ਼ਿਤ ਹੋ ਜਾਵੇਗਾ ਅਤੇ ਆਖ਼ਰੀ ਪੰਛੀ ਦੀ ਚਹਿਕ ਖ਼ਾਮੋਸ਼ ਹੋ ਜਾਵੇਗੀ, ਤਦੋਂ ਮਨੁੱਖ ਨੂੰ ਅਹਿਸਾਸ ਹੋਵੇਗਾ ਕਿ ਪੈਸਾ ਖਾਧਾ ਨਹੀਂ ਜਾ ਸਕਦਾ ਅਤੇ ਨਾ ਹੀ ਕੰਕਰੀਟ ਦੇ ਜੰਗਲਾਂ ’ਚ ਸਾਹ ਲਿਆ ਜਾ ਸਕਦਾ ਹੈ।