- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੋਈ ਪੁੱਛੇ, ਉਹ ਭਲਿਓਮਾਣਸੋ ਸਾਡੇ ਸਰੀਰ ’ਚ ਅੱਠ ਤਰਾਂ ਦੇ ਮੁੱਢਲੇ ਬਲੱਡ ਗਰੁੱਪ ਨੇ ਜੋ ਅੱਗੋਂ ਤਬਦੀਲ (ਕੰਪਲੈਕਸ) ਹੋ ਕੇ 330 ਤਰਾਂ ਦੇ ਬਣ ਜਾਂਦੇ ਨੇ। ਕਿਸੇ ਦਾ ਕੋਈ ਖ਼ੂਨ ਦਾ ਗਰੁੱਪ ਹੈ ਅਤੇ ਕਿਸੇ ਦਾ ਕੋਈ, ਕਿਸੇ ’ਚ ਜ਼ਿਆਦਾ ਮਾਤਰਾ ਅਤੇ ਕਿਸੇ ’ਚ ਘੱਟ, ਕਿਸੇ ਦੀ ਉਮਰ ਘੱਟ ਅਤੇ ਕਿਸੇ ਦੀ ਵੱਧ, ਕਿਸੇ ਦਾ ਸਰੀਰ ਮਾੜਾ ਅਤੇ ਕਿਸੇ ਦਾ ਤਕੜਾ, ਕੋਈ ਜ਼ਿਆਦਾ ਮਿਹਨਤੀ ਅਤੇ ਕੋਈ ਜਮਾਂ ਨਿਕੰਮਾ ਜਾਂ ਵਿਹਲਾ, ਕਿਸੇ ਦੀ ਪਾਚਨ ਕਿਰਿਆ ਤੇਜ਼ ਅਤੇ ਕਿਸੇ ਦੀ ਹੌਲੀ। ਕੋਈ ਗਰਮ ਦੇਸ਼ ਦਾ ਵਾਸੀ, ਕੋਈ ਠੰਡ ’ਚ ਰਹਿਣ ਵਾਲਾ।

-ਗੁਰਜਿੰਦਰ ਸਿੰਘ ਸਾਹਦੜਾ
ਇਕ ਕਹਾਵਤ ਹੈ, ‘ਜਿੰਨੇ ਮੂੰਹ ਓਨੀਆਂ ਗੱਲਾਂ’ ਤੇ ਇਸ ਨੂੰ ਬਾਖ਼ੂਬੀ ਸਿੱਧ ਕਰ ਦਿਖਾਇਆ ਹੈ ਸੋਸ਼ਲ ਮੀਡੀਆ ਨੇ, ਜਿੱਥੇ ਹਰ ਕੋਈ ਡਾਕਟਰ, ਹਕੀਮ, ਖਾਣ-ਖੁਰਾਕ ਮਾਹਿਰ, ਸਿਹਤ ਚਿਕਿਤਸਕ ਤੇ ਇਲਾਜ ਵਿਗਿਆਨੀ ਬਣਿਆ ਬੈਠਾ ਹੈ। ਅਖਬਾਰਾਂ ’ਚ ਕਦੀ-ਕਦਾਈਂ ਛਪਦੇ ਸਿਹਤ ਪੰਨੇ ’ਤੇ ਸਿਹਤ ਨਾਲ ਜੁੜੀ ਜਾਣਕਾਰੀ ਛਪਦੀ ਹੈ ਜੋ ਕਿਸੇ ਮਸ਼ਹੂਰ ਮੈਡੀਕਲ ਜਾਂ ਡਾਕਟਰ ਵੱਲੋਂ ਸਾਂਝੀ ਕੀਤੀ ਹੁੰਦੀ ਹੈ ਜਾਂ ਫਿਰ ਚਿਹਰੇ ਦੀ ਸੁੰਦਰਤਾ ਨਾਲ ਸੰਬੰਧਤ ਹਲਕੇ-ਫੁਲਕੇ ਟੋਟਕੇ ਛਪੇ ਹੁੰਦੇ ਹਨ ਪਰ ਹੁਣ ਤੁਸੀਂ ਫੇਸਬੁੱਕ, ਇੰਸਟਾਗ੍ਰਾਮ ਜਾਂ ਇਹੋ ਜਿਹੀ ਕੋਈ ਹੋਰ ਸੋਸ਼ਲ ਸਾਈਟ ਖੋਲ੍ਹੋ ਤਾਂ ਸਹੀ; ਧੜਾਧੜ ਸਿਹਤ ਨਾਲ ਸੰਬੰਧਤ ਪੋਸਟਾਂ ਤੇ ਰੀਲਾਂ ਦਿਖਾਈ ਦੇਣ ਲਗਦੀਆਂ ਹਨ। ਜਿਹਨੂੰ ਦੇਖੋ ਉਹੀ ਆਪੋ ਆਪਣਾ ਪੇਜ਼/ਚੈਨਲ ਬਣਾ ਕੇ ਸਲਾਹਾਂ ਦੇਣ ਲੱਗਿਆ ਹੈ। ਸੋਹਣੀ ਜਿਹੀ ਕੁੜੀ ਮੂਹਰੇ ਬਿਠਾ ਕੇ ਵਿੰਗੇ-ਟੇਢੇ ਸਵਾਲ-ਜਵਾਬ ਕਰਦੇ ਨੇ ਜਿਸਨੂੰ ਪੌਡਕਾਸਟ ਦਾ ਨਾਮ ਦਿੱਤਾ ਜਾਂਦਾ ਹੈ। ਉੱਤੋਂ ਗੱਲਬਾਤ ਦਾ ਢੰਗ ਵੀ ਬੇਸ਼ਰਮੀ ਭਰਿਆ। ਕਈਆਂ ਦੀ ਤਾਂ ਸ਼ਬਦਾਵਲੀ ਵੀ ਇਹੋ ਜਿਹੀ ਹੁੰਦੀ ਹੈ ਕਿ ਤੁਹਾਨੂੰ ਕੱਲੇ ਸੁਣਦਿਆਂ/ਵੇਖਦਿਆਂ ਨੂੰ ਸੰਗ ਮਹਿਸੂਸ ਹੁੰਦੀ ਹੈ ਪਰ ਉਨ੍ਹਾਂ ਨੂੰ ਬੋਲਦਿਆਂ ਸ਼ਰਮ ਨਹੀਂ ਆਉਂਦੀ। ਬਿਮਾਰੀਆਂ ਦੇ ਅਜਿਹੇ ਲੱਛਣ ਦੱਸਣਗੇ ਕਿ ਚੰਗਾ-ਭਲਾ ਬੰਦਾ ਵੀ ਖੁਦ ਨੂੰ ਬਿਮਾਰ ਜਾਂ ਰੋਗੀ ਸਮਝਣ ਲਗ ਜਾਂਦਾ ਹੈ। ਉਸ ਤੋਂ ਬਾਅਦ ਆਪਣੀਆਂ ਦਵਾਈਆਂ, ਨੁਸਖ਼ਿਆਂ ਤੇ ਟੋਟਕਿਆਂ ਦੀਆਂ ਸਿਫ਼ਤਾਂ ਦੇ ਏਦਾਂ ਪੁਲ਼ ਬੰਨ੍ਹਦੇ ਹਨ ਕਿ ਪਲਾਂ ’ਚ ਹੀ ਤੁਹਾਨੂੰ ਘੋੜਾ ਜਿਹਾ ਤਾਕਤਵਰ ਅਤੇ ਚੀਤੇ ਜਿਹਾ ਫੁਰਤੀਲਾ ਬਣਾ ਕੇ ਰੱਖ ਦਿੰਦੇ ਹਨ। ਜਦ ਕਿ ਅਸਲ ’ਚ ਇਨ੍ਹਾਂ ਲੋਕਾਂ ਕੋਲ ਕੋਈ ਪੁਖ਼ਤਾ ਵਿਗਿਆਨਕ ਜਾਣਕਾਰੀ ਹੁੰਦੀ ਹੀ ਨਹੀਂ।
ਇਨ੍ਹਾਂ ਲੋਕਾਂ ਦਾ ਮਗਰ ਲਾਉਣ ਦਾ ਸੌਖਾ ਢੰਗ ਦੇਖੋ, ਬਹੁਤਿਆਂ ਦਾ ਤਾਂ ਵਿਸ਼ਾ ਹੀ ਇਹ ਹੁੰਦਾ ਹੈ ਕਿ ਖਾਲ਼ੀ ਪੇਟ ਕੀ ਖਾਣਾ ਚਾਹੀਦਾ ਹੈ ਜਾਂ ਕਿ ਬਿਲਕੁਲ ਵੀ ਨਹੀਂ ਖਾਣਾ? ਕੋਈ ਕਹਿੰਦਾ ਆਹ ਖਾਓ ਕੋਈ ਕਹਿੰਦਾ ਓਹ ਖਾਓ। ‘ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸੁਆਦੀ’ ਕਹਾਵਤ ਹੀ ਫੇਲ੍ਹ ਕਰ ਰੱਖੀ ਹੈ, ਇਨ੍ਹਾਂ ਆਪੂੰ ਬਣੇ ਵਿਦਵਾਨਾਂ ਨੇ। ਕੋਈ ਪੁੱਛੇ, ਉਹ ਭਲਿਓਮਾਣਸੋ ਸਾਡੇ ਸਰੀਰ ’ਚ ਅੱਠ ਤਰਾਂ ਦੇ ਮੁੱਢਲੇ ਬਲੱਡ ਗਰੁੱਪ ਨੇ ਜੋ ਅੱਗੋਂ ਤਬਦੀਲ (ਕੰਪਲੈਕਸ) ਹੋ ਕੇ 330 ਤਰਾਂ ਦੇ ਬਣ ਜਾਂਦੇ ਨੇ। ਕਿਸੇ ਦਾ ਕੋਈ ਖ਼ੂਨ ਦਾ ਗਰੁੱਪ ਹੈ ਅਤੇ ਕਿਸੇ ਦਾ ਕੋਈ, ਕਿਸੇ ’ਚ ਜ਼ਿਆਦਾ ਮਾਤਰਾ ਅਤੇ ਕਿਸੇ ’ਚ ਘੱਟ, ਕਿਸੇ ਦੀ ਉਮਰ ਘੱਟ ਅਤੇ ਕਿਸੇ ਦੀ ਵੱਧ, ਕਿਸੇ ਦਾ ਸਰੀਰ ਮਾੜਾ ਅਤੇ ਕਿਸੇ ਦਾ ਤਕੜਾ, ਕੋਈ ਜ਼ਿਆਦਾ ਮਿਹਨਤੀ ਅਤੇ ਕੋਈ ਜਮਾਂ ਨਿਕੰਮਾ ਜਾਂ ਵਿਹਲਾ, ਕਿਸੇ ਦੀ ਪਾਚਨ ਕਿਰਿਆ ਤੇਜ਼ ਅਤੇ ਕਿਸੇ ਦੀ ਹੌਲੀ। ਕੋਈ ਗਰਮ ਦੇਸ਼ ਦਾ ਵਾਸੀ, ਕੋਈ ਠੰਡ ’ਚ ਰਹਿਣ ਵਾਲਾ। ਕੋਈ ਪਹਾੜਾਂ ਦਾ ਵਸਨੀਕ ਅਤੇ ਕੋਈ ਸਮੁੰਦਰ ਕੰਡੇ। ਔਰਤਾਂ ਦੇ ਰੋਗ ਹੋਰ ਅਤੇ ਮਰਦਾਂ ਦੇ ਹੋਰ। ਗੱਲ ਕੀ ਕਿਸੇ ਨੂੰ ਕੋਈ ਬਿਮਾਰੀ ਅਤੇ ਕਿਸੇ ਨੂੰ ਕੋਈ। ਉਸੇ ਹਿਸਾਬ ਨਾਲ ਖਾਧੀ ਚੀਜ਼ ਮਾਫ਼ਿਕ ਬੈਠਦੀ ਹੈ ਜਾਂ ਫਿਰ ਵਿਗਾੜ ਕਰਦੀ ਹੈ ਪਰ ਤੁਹਾਡੇ ਲਈ ਸਭ ਮੱਝ, ਭੇਡ ਸਭ ਇੱਕੋ ਜਿਹੀ। ਉੱਪਰੋਂ ਉਹੋ ਜਿਹੇ ਅਸੀਂ। ਕੋਈ ਕਹਿ ਦੇਵੇ ਕਿ ਫਲਾਣੀ ਚੀਜ਼ ਨੂੰ ਕੱਚਾ ਖਾਓ ਜਾਂ ਜਾਲ ਕੇ, ਸੁਆਹ ਬਣਾ ਕੇ ਖਾਓ, ਝੱਟ ਤਿਆਰ ਹੋ ਜਾਂਦੇ ਹਾਂ। ਹਜ਼ਾਰਾਂ ਰੁਪੱਈਏ ਖ਼ਰਚ ਕੇ ਭਸਮਾਂ ਇਕੱਠੀਆਂ ਕਰੀ ਫਿਰਦੇ ਹਾਂ। ਉਹ ਮਗਰ ਲੱਗੋ! ਤੁਹਾਡੀ ਵਰਜਿਸ਼ ਤਕੜੀ ਜਾਂ ਕੰਮ ਜ਼ੋਰ ਦਾ ਹੈ ਤਾਂ ਭਾਵੇਂ, ਪੱਥਰ ਚੱਬ ਜਾਓ, ਲੋਹਾ ਖਾ ਲਓ, ਸਭ ਹਜ਼ਮ ਹੋ ਜਾਊ।
ਇਸ ਤੋਂ ਇਲਾਵਾ ਸਾਡੇ ਸਰੀਰ ਦੇ ਤਿੰਨ ਪ੍ਰਮੁੱਖ ਦੋਸ਼ ਹਨ ਕਫ, ਪਿੱਤ ਤੇ ਵਾਤ ਦੋਸ਼। ਇਨ੍ਹਾਂ ਦੇ ਹਿਸਾਬ ਨਾਲ ਹੀ ਸਾਡੀ ਤਸੀਰ ਬਣਦੀ ਹੈ ਤੇ ਸਾਡਾ ਸਰੀਰ ਭੋਜਨ ਗ੍ਰਹਿਣ ਕਰਦਾ ਹੈ, ਹਜ਼ਮ ਕਰਦਾ ਹੈ ਤੇ ਨਤੀਜੇ ਦਿੰਦਾ ਹੈ। ਮੋਟੇ ਤੋਰ ਤੇ ਜਾਣੀਏ ਤਾਂ ਕਫ਼ ਰੋਗ 28 ਬਿਮਾਰੀਆਂ ਦੀ ਜੜ੍ਹ, ਪਿੱਤ ਰੋਗ 50 ਰੋਗਾਂ ਲਈ ਜ਼ਿੰਮੇਵਾਰ ਅਤੇ ਵਾਤ ਦੋਸ਼ 80 ਬਿਮਾਰੀਆਂ ਦਾ ਜਨਮਦਾਤਾ। ਪੁਰਾਣਾ ਸਮਾਂ ਯਾਦ ਕਰੋ ਜਦੋਂ ਬਲੱਡ ਗਰੁੱਪਾਂ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਸੀ ਤਾਂ ਹਕੀਮ ਕਰੂਲ਼ੇ (ਪਿਸ਼ਾਬ, ਮੂਤਰ) ਦਾ ਰੰਗ ਦੇਖ ਕੇ ਜਾਂ ਥੁੱਕ, ਮਲ ਦੇਖ ਕੇ ਉਪਚਾਰ ਕਰਦੇ ਸਨ ਤੇ ਹੁਣ ਮਾਹਿਰ ਡਾਕਟਰ ਘੱਟੋ-ਘੱਟ ਛੱਤੀ ਤਰਾਂ ਦੀਆਂ ਲੈਬ ਰਿਪੋਰਟਾਂ ਦੇਖ ਕੇ ਦਵਾਈ ਦਿੰਦੇ ਨੇ; ਤੁਸੀਂ ਕੀ ਉਨ੍ਹਾਂ ਤੋਂ ਵੀ ਉੱਪਰ ਹੋ ਗਏ? ਸਿਆਣਿਆਂ ਐਵੇਂ ਤਾਂ ਨੀ ਕਿਹਾ, ‘ਨੀਮ ਹਕੀਮ ਖ਼ਤਰਾ ਹੈ ਜਾਨ।’ ਇਨ੍ਹਾਂ ਅਣਜਾਣ ਵੈਦਾਂ ਦੀ ਗ਼ਲਤ ਸਲਾਹ ਕਈ ਵਾਰ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ, ਬਿਮਾਰੀ ਵਧ ਸਕਦੀ ਹੈ ਜਾਂ ਗ਼ਲਤ ਇਲਾਜ ਨਾਲ ਨੁਕਸਾਨ ਹੋ ਸਕਦਾ ਹੈ। ਮੇਰੇ ਖੁਦ ਦੇ ਦੇਖਣ ਦੀ ਗੱਲ ਹੈ ਕਿ ਸਭ ਤੋਂ ਜ਼ਿਆਦਾ ਗੁਰਦੇ ਉਨ੍ਹਾਂ ਲੋਕਾਂ ਦੇ ਖ਼ਰਾਬ ਹੋਏ ਨੇ, ਜਿਨ੍ਹਾਂ ਨੇ ‘ਨੀਮ ਹਕੀਮਾਂ’ ਕੋਲੋਂ ਬਿਨਾਂ ਕਿਸੇ ਮਾਰ ਕੇ ਜਾਂ ਪਛਾਣ ਦੀਆਂ ਪਾਊਡਰ ਦੇ ਰੂਪ ਵਿੱਚ ਉਪਲਬਧ ਦੇਸੀ ਦਵਾਈਆਂ ਖਾਧੀਆਂ ਨੇ। ਨਾ ਇਹਨਾਂ ਕੋਲ ਕੋਈ ਗਿਆਨ ਹੈ ਤੇ ਨਾ ਹੀ ਕੋਈ ਤਜਰਬਾ। ਇਨ੍ਹਾਂ ਲੋਕਾਂ ਦਾ ਅਸਲ ਮਕਸਦ ਸਿਰਫ ਇੱਕ ਹੀ ਹੈ, ਪੈਸਾ ਕਮਾਉਣਾ ਤੇ ਆਪਣਾ ਘਰ ਭਰਨਾ।
ਅੱਗੇ ਸੁਣੋ ਇਹ ਆਪੂੰ ਬਣੇ ‘ਵੈਦ’ ਇੱਕ ਦੂਜੇ ਦੇ ਮਗਰ ਲੱਗ ਕੇ ਕਹੀ ਜਾਂਦੇ ਨੇ ਕਿ ਸਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਤੇ ਇਸ ਪਿੱਛੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਇਸ ਤਰਾਂ ਕਰਨ ਨਾਲ ਪਾਣੀ ਗੋਡਿਆਂ ’ਚ ਪਹੁੰਚ ਜਾਂਦਾ ਹੈ। ਕੋਈ ਪੁੱਛੇ ਕਿ ਦੱਸੋ ਸਾਡੇ ਸਰੀਰ ’ਚ ਅਜਿਹਾ ਕਿਹੜਾ ਪਾਈਪ ਜਾਂ ਨਾਲੀ ਲੱਗੀ ਹੈ ਜੋ ਨਾਨ ਸਟਾਪ ਬੱਸ ਦੀ ਤਰਾਂ ਬਿਨਾਂ ਰਸਤੇ ’ਚ ਰੁਕੇ ਪਾਣੀ ਨੂੰ ਸਿੱਧਾ ਮੂੰਹ ਤੋਂ ਗੋਡਿਆਂ ਤੱਕ ਲੈ ਜਾਂਦੀ ਹੈ। ਇਸ ਹਿਸਾਬ ਤਾਂ ਹੁਣ ਤੱਕ ਹੀ ਸਾਰੇ ਖਿਡਾਰੀਆਂ ਤੇ ਐਥਲੀਟਾਂ ਦੇ ਗੋਡੇ ਖ਼ਰਾਬ ਹੋ ਚੁੱਕੇ ਹੁੰਦੇ। ਇੱਕ ਕਹਿੰਦਾ ਸੱਤ-ਅੱਠ ਲੀਟਰ ਪਾਣੀ ਪੀਓ। ਕੋਈ ਪੁੱਛੇ ਅੰਦਰ ਝੋਨਾ ਲਾ ਰੱਖਿਆ ਹੈ? ਮੌਸਮ ਦੇ ਅਨੁਕੂਲ, ਜਿੰਨੀ ਲੋੜ ਹੈ, ਸਰੀਰ ਨੇ ਆਪ ਹੀ ਮੰਗ ਲੈਣਾ। ਨਿਰਭਰ ਤੁਹਾਡੇ 'ਤੇ ਹੈ, ਪਿਆਸ ਲੱਗੀ ਤੋਂ ਪੀਣਾ ਹੈ ਜਾਂ ਟਾਲਣਾ।
ਨਿੱਜੀ ਤਜਰਬੇ ਦੀ ਗੱਲ ਕਰਾਂ ਤਾਂ ਵੀਹ-ਪੱਚੀ ਸਾਲ ਪਹਿਲਾਂ ਇਹੋ ਜਿਹਾ ਲਿਖਿਆ ਕਿਤੇ ਪੜ੍ਹ ਲਿਆ ਅਤੇ ਨਿਰਣੇ ਕਾਲਜੇ ਜਾਣੀ ਕਿ ਖਾਲੀ ਪੇਟ ਟਮਾਟਰ ਨੂੰ ਸੇਂਧਾ ਲੂਣ ਪਾ ਕੇ ਖਾਣਾ ਸ਼ੁਰੂ ਕਰ ਦਿੱਤਾ। ਨਤੀਜਾ ਯੂਰਿਕ ਐਸਿਡ ਵਧਣ ਲੱਗ ਗਿਆ। ਪਹਿਲਾਂ ਤਾਂ ਕਾਰਨ ਹੀ ਸਮਝ ’ਚ ਨਾ ਆਇਆ ਤੇ ਫਿਰ ਬੜੀ ਮੁਸ਼ਕਲ ਨਾਲ ਬਿਮਾਰੀ 'ਤੇ ਕਾਬੂ ਪਾ ਹੋਇਆ।
ਇਵੇਂ ਹੀ ਦੋ-ਤਿੰਨ ਕੁ ਸਾਲ ਪਹਿਲਾਂ ਕਿਸੇ ਨੀਮ ਹਕੀਮ ਦਾ ਟੋਟਕਾ ਪੜ੍ਹ ਲਿਆ ਕਿ ਸਰੀਰ ਨੂੰ ਡੀਟੌਕਸ ਕਰਨ ਲਈ ਰਾਤ ਨੂੰ ਖੀਰੇ ਦੇ ਕੁਝ ਟੁਕੜੇ, ਨਿੰਬੂ, ਅਦਰਕ ਤੇ ਪੁਦੀਨੇ ਸਮੇਤ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਉਹ ਪਾਣੀ ਪੀਓ। ਯਕੀਨ ਮੰਨਿਓ ਸਰੀਰ ਹੀ ਜੁੜ ਗਿਆ। ਕਿਸੇ ਹੋਰ ਸਿਆਣੇ ਨਾਲ ਮਸ਼ਵਰਾ ਸਾਂਝਾ ਕਰਿਆ ਤਾਂ ਉਹ ਕਹਿੰਦਾ ਬੇਵਕੂਫਾ! ਖੀਰਾ ਤਾਂ ਪਹਿਲਾਂ ਹੀ ਬਾਏ (ਬਾਅ) ਦਾ ਘਰ ਹੁੰਦਾ ਤੇ ਤੂੰ ਰਾਤ ਭਰ ਭਿਉਂ ਕੇ ਹੋਰ ਵਾ ਬਾਦਲਾ ਕਰ ਲਿਆ। ਮੁੜ ਕੇ ਖੀਰੇ ਖਾਣ ਦਾ ਖਹਿੜਾ ਹੀ ਛੱਡ ਦਿੱਤਾ ਤੇ ਬਿਲਕੁਲ ਸਹੀ ਹੋ ਗਿਆ।
ਨਾਲੇ ਹੁਣ ਵਾਲੇ ਖੀਰੇ ਤਾਂ ਹੈ ਈ ਬਾਅ। ਯਾਦ ਆਉਂਦਾ ਹੈ ਛੋਟੇ ਹੁੰਦਿਆਂ ਖੀਰਾ ਖਾਣ ਤੋਂ ਪਹਿਲਾਂ ਡੰਡੀ (ਸਿਰ) ਵਾਲੇ ਪਾਸਿਓਂ ਕੱਟ ਕੇ ਦੋ-ਚਾਰ ਮਿੰਟ ਧੜ ਉੱਤੇ ਮਲਣਾ। ਜਦੋਂ ਸਾਰੀ ਕੁੜੱਤਣ ਅਤੇ ਜ਼ਹਿਰ ਨਿਕਲ ਜਾਣੀ, ਫਿਰ ਟੁਕੜੇ ਕਰ ਕੇ ਖਾਣ ਲਈ ਪਲੇਟ ਵਿੱਚ ਸਜਾਉਣਾ। ਹੁਣ ਤਾਂ ਕੁੜੱਤਣ ਇੱਕ ਪਾਸੇ, ਬੀਜ ਵੀ ਨਹੀ ਰਹੇ ਖੀਰਿਆਂ ਵਿੱਚ। ਨਿਰੇ ਬਾਅ। ਵਾਤ ਦੋਸ਼ ਵਾਲਿਆਂ ਲਈ ਤਾਂ ਸੁਧੀ ਜ਼ਹਿਰ।
ਹਾਂ ਕੁਝ ਗੱਲਾਂ ਤਰਕ ਸੰਗਤ ਜ਼ਰੂਰ ਹਨ। ਦਹੀਂ ਸਵੇਰੇ ਜਾਂ ਦੁਪਹਿਰੇ ਖਾਣਾ ਮਤਲਬ ਤਾਜ਼ਾ ਖਾਣਾ ਤੇ ਬੈਕਟੀਰੀਆ ਫੈਲਣ ਤੋਂ ਪਹਿਲਾਂ ਖਾਣਾ। ਕੇਲਾ ਦੁਪਹਿਰ ਵੇਲੇ ਖਾਣ ਦਾ ਮਤਲਬ ਹੈ ਓਦੋਂ ਮੌਸਮ ਵਿੱਚ ਗਰਮੀ ਹੁੰਦੀ ਹੈ ਤੇ ਕਫ਼ ਦਾ ਕਾਰਨ ਨਹੀਂ ਬਣਦਾ ਜਦ ਕਿ ਰਾਤ ਨੂੰ ਕੇਲਾ ਖਾਧਾ ਰੇਸ਼ਾ ਕਰਦਾ ਹੈ ਤੇ ਰੇਸ਼ਾ ਜਾਂ ਜ਼ੁਕਾਮ ਦੌਰਾਨ ਦੁੱਧ ਪੀਣ ਦਾ ਮਤਲਬ ਹੈ ਮੁਸੀਬਤ ਨੂੰ ਹੋਰ ਵਧਾਉਣਾ। ਮੌਸਮੀ ਫਲ ਤੇ ਸਬਜੀਆਂ ਖਾਣਾ ਹਮੇਸ਼ਾ ਸਹੀ ਹੁੰਦਾ ਹੈ ਜਦ ਕਿ ਬੇਮੌਸਮੀ ਚੀਜ ਹਮੇਸ਼ਾ ਵਿਗਾੜ ਹੀ ਕਰਦੀ ਹੈ। ਇਸ ਤੋਂ ਇਲਾਵਾ ਜਿਵੇਂ ਕਿ ਸਿਆਣਿਆਂ ਦਾ ਨਚੋੜ ਹੈ, ‘ਸਵੇਰ ਵੇਲੇ ਰਾਜੇ ਦੀ ਤਰਾਂ ਖਾਣਾ ਚਾਹੀਦਾ ਹੈ, ਦੁਪਹਿਰ ਵੇਲੇ ਰਾਜਕੁਮਾਰ ਦੀ ਤਰਾਂ ਅਤੇ ਰਾਤ ਨੂੰ ਭਿਖਾਰੀ ਦੀ ਤਰਾਂ।’
ਮਤਲਬ ਕਿ ਸਵੇਰ ਨੂੰ ਚੰਗੀ ਤਰਾਂ ਢਿੱਡ ਭਰ ਕੇ ਖਾਓ, ਦੁਪਹਿਰ ਨੂੰ ਅੱਧਾ ਢਿੱਡ ਭਰ ਕੇ ਅਤੇ ਰਾਤ ਨੂੰ ਬਹੁਤ ਘੱਟ ਸਿਰਫ ਗੁਜ਼ਾਰੇ ਜੋਗਾ। ਬਾਕੀ ਨਿਰਭਰ ਕਰਦਾ ਹੈ ਤੁਹਾਡੇ ਕੰਮ-ਕਾਰ ਅਤੇ ਸਿਹਤ 'ਤੇ।
ਵੈਸੇ ਸਾਡੇ ਗੁਆਂਢੀ ਮੁਲਕ ਚੀਨ ਨੇ ਇਸ ਮਾਮਲੇ ਵਿੱਚ ਪਹਿਲਕਦਮੀ ਕਰਦੇ ਹੋਏ, ਸਿਰਫ਼ ਵਿਊਜ਼ ਤੇ ਪੈਸੇ ਕਮਾਉਣ ਲਈ ਗਲਤ ਜਾਂ ਅਧੂਰੀ ਜਾਣਕਾਰੀ ਦੇ ਰਹੇ ਅਜਿਹੇ ਲੋਕਾਂ ਦੀ ਵਜ੍ਹਾ ਨਾਲ, ਹੋਰ ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਦੇਖਦੇ ਹੋਏ ਇੱਕ ਸਖ਼ਤ ਕਾਨੂੰਨ ਲਾਗੂ ਕੀਤਾ ਹੈ ਜਿਸ ਦੇ ਤਹਿਤ ਹੁਣ ਕੋਈ ਵੀ ਵਿਅਕਤੀ ਬਿਨ੍ਹਾਂ ਮੈਡੀਕਲ ਡਿਗਰੀ ਜਾਂ ਪ੍ਰਮਾਣਿਤ ਯੋਗਤਾ ਦੇ ਸੋਸ਼ਲ ਮੀਡੀਆ ‘ਤੇ ਸਿਹਤ ਸੰਬੰਧੀ ਸਲਾਹ ਨਹੀਂ ਦੇ ਸਕਦਾ। ਜਿਸ ਦਾ ਸਾਫ਼ ਮਕਸਦ ਹੈ ਕਿ ਲੋਕਾਂ ਦੀ ਸਿਹਤ ਦੀ ਰੱਖਿਆ ਕਰਨੀ ਅਤੇ ਫੇਕ ਮੈਡੀਕਲ ਕਨਟੈਂਟ ‘ਤੇ ਰੋਕ ਲਗਾਉਣੀ।
ਆਖਰ ਵਿੱਚ ਪਾਠਕਾਂ ਲਈ ਸੁਆਲ ਹੈ ਕਿ ਤੁਹਾਡੀ ਰਾਏ ਕੀ ਹੈ? ਕੀ ਭਾਰਤ ਵਿੱਚ ਵੀ ਐਸਾ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਗ਼ਲਤ ਸਿਹਤ ਸਲਾਹ ਤੋਂ ਬਚਾਇਆ ਜਾ ਸਕੇ?