- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'ਪੰਜਾਬੀ ਜਾਗਰਣ' ਇਨ੍ਹਾਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਲਈ ਵਚਨਬੱਧ ਹੈ ਅਤੇ ਤਕਨਾਲੋਜੀ ਦੇ ਨਾਲ-ਨਾਲ ਪੱਤਰਕਾਰੀ ਦੇ ਮੂਲ ਸਿਧਾਂਤਾਂ ਨੂੰ ਵੀ ਬਰਕਰਾਰ ਰੱਖੇਗਾ

18 ਜੂਨ ਦਾ ਦਿਨ 'ਪੰਜਾਬੀ ਜਾਗਰਣ' ਲਈ ਇੱਕ ਵਿਸ਼ੇਸ਼ ਅਤੇ ਮਾਣਮੱਤਾ ਪਲ ਲੈ ਕੇ ਆਇਆ ਹੈ । ਅੱਜ ਅਸੀਂ ਆਪਣੇ 15 ਸਾਲ ਪੂਰੇ ਕਰ ਕੇ 16ਵੇਂ ਵਰ੍ਹੇ ਵਿੱਚ ਦਾਖ਼ਲ ਹੋਣ ਦਾ ਜਸ਼ਨ ਮਨਾ ਰਹੇ ਹਾਂ। ਇਹ ਸਿਰਫ਼ ਇੱਕ ਅਖ਼ਬਾਰ ਦੀ ਵਰ੍ਹੇਗੰਢ ਨਹੀਂ, ਸਗੋਂ ਪਾਠਕਾਂ ਦੇ ਭਰੋਸੇ, ਪੱਤਰਕਾਰੀ ਦੇ ਮੁੱਲਾਂ ਅਤੇ ਸਮਾਜ ਪ੍ਰਤੀ ਸਾਡੀ ਵਚਨਬੱਧਤਾ ਦਾ ਜਸ਼ਨ ਵੀ ਹੈ। ਪਿਛਲੇ ਡੇਢ ਦਹਾਕੇ ਦੌਰਾਨ 'ਪੰਜਾਬੀ ਜਾਗਰਣ' ਨੇ ਖ਼ਬਰਾਂ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਅਤੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਹੈ।
15 ਸਾਲ ਪਹਿਲਾਂ ਜਦੋਂ 'ਪੰਜਾਬੀ ਜਾਗਰਣ' ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਉਦੋਂ ਉਦੇਸ਼ ਸਿਰਫ਼ ਖ਼ਬਰਾਂ ਪਹੁੰਚਾਉਣਾ ਨਹੀਂ ਸੀ, ਬਲਕਿ ਪੰਜਾਬੀ ਭਾਸ਼ਾ ਅਤੇ ਸਮਾਜ ਦੀ ਨਬਜ਼ ਨਾਲ ਜੁੜ ਕੇ ਲੋਕਾਂ ਤੱਕ ਸੱਚੀ, ਨਿਰਪੱਖ ਅਤੇ ਭਰੋਸੇਯੋਗ ਜਾਣਕਾਰੀ ਪਹੁੰਚਾਉਣੀ ਸੀ। ਇਸ ਦੌਰਾਨ ਅਖ਼ਬਾਰ ਨੇ ਪਿੰਡਾਂ ਤੋਂ ਲੈ ਕੇ ਮਹਾਨਗਰਾਂ ਤੱਕ, ਕਿਸਾਨਾਂ ਤੋਂ ਲੈ ਕੇ ਉਦਯੋਗਪਤੀਆਂ ਤੱਕ ਅਤੇ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੀ ਆਵਾਜ਼ ਨੂੰ ਮੰਚ ਪ੍ਰਦਾਨ ਕੀਤਾ। ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਮੁੱਦਿਆਂ 'ਤੇ ਸੰਤੁਲਿਤ ਅਤੇ ਜ਼ਿੰਮੇਵਾਰ ਪੱਤਰਕਾਰੀ ਰਾਹੀਂ ਅਸੀਂ ਪਾਠਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕੀਤੀ ਹੈ।
ਇਸ ਸਫ਼ਰ ਦੌਰਾਨ ਕਈ ਚੁਣੌਤੀਪੂਰਨ ਪਲ ਵੀ ਆਏ। ਕੁਦਰਤੀ ਆਫ਼ਤਾਂ, ਕੋਵਿਡ ਮਹਾਮਾਰੀ, ਸਮਾਜਿਕ ਤਣਾਅ ਅਤੇ ਬਦਲਦੇ ਰਾਜਨੀਤਿਕ ਹਾਲਾਤਾਂ ਵਿੱਚ ਵੀ 'ਪੰਜਾਬੀ ਜਾਗਰਣ' ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਇਆ। ਜਦੋਂ ਲੋਕਾਂ ਨੂੰ ਸਹੀ ਜਾਣਕਾਰੀ ਦੀ ਸਭ ਤੋਂ ਵੱਧ ਲੋੜ ਸੀ, ਉਦੋਂ ਅਖ਼ਬਾਰ ਨੇ ਤੱਥਾਂ 'ਤੇ ਆਧਾਰਿਤ ਅਤੇ ਭਰੋਸੇਯੋਗ ਜਾਣਕਾਰੀ ਪਹੁੰਚਾ ਕੇ ਆਪਣੀ ਸਮਾਜਿਕ ਭੂਮਿਕਾ ਨੂੰ ਮਜ਼ਬੂਤ ਕੀਤਾ।
ਹਾਲਾਂਕਿ ਇਹ ਸਫ਼ਰ ਇੱਥੇ ਖ਼ਤਮ ਨਹੀਂ ਹੁੰਦਾ। ਆਉਣ ਵਾਲਾ ਸਮਾਂ ਮੀਡੀਆ ਜਗਤ ਲਈ ਨਵੀਆਂ ਅਤੇ ਵੱਡੀਆਂ ਚੁਣੌਤੀਆਂ ਲੈ ਕੇ ਆ ਰਿਹਾ ਹੈ। ਡਿਜੀਟਲ ਮੀਡੀਆ ਦੇ ਤੇਜ਼ੀ ਨਾਲ ਵਧਦੇ ਪ੍ਰਭਾਵ, ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਝੂਠੀਆਂ ਖ਼ਬਰਾਂ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਦਖ਼ਲ ਅਤੇ ਪਾਠਕਾਂ ਦੀਆਂ ਬਦਲਦੀਆਂ ਉਮੀਦਾਂ ਦੇ ਮੱਦੇਨਜ਼ਰ ਅਖ਼ਬਾਰਾਂ ਨੂੰ ਆਪਣੇ ਆਪ ਨੂੰ ਨਿਰੰਤਰ ਬਦਲਣਾ ਪਵੇਗਾ। ਅੱਜ ਸਭ ਤੋਂ ਵੱਡੀ ਚੁਣੌਤੀ ਸਿਰਫ਼ ਖ਼ਬਰ ਦੇਣ ਦੀ ਨਹੀਂ, ਸਗੋਂ ਸੱਚ ਅਤੇ ਝੂਠ ਵਿਚਕਾਰ ਫ਼ਰਕ ਨੂੰ ਸਪੱਸ਼ਟ ਕਰਨ ਦੀ ਹੈ।
ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਗੁਣਵੱਤਾ ਭਰਪੂਰ ਪੱਤਰਕਾਰੀ ਨਾਲ ਜੋੜਨਾ, ਪੰਜਾਬੀ ਭਾਸ਼ਾ ਦੀ ਅਮੀਰੀ ਨੂੰ ਸਾਂਭਣਾ ਅਤੇ ਡਿਜੀਟਲ ਪਲੇਟਫਾਰਮਾਂ 'ਤੇ ਆਪਣੀ ਮਜ਼ਬੂਤ ਮੌਜੂਦਗੀ ਬਣਾਉਣਾ ਵੀ ਭਵਿੱਖ ਦੀਆਂ ਅਹਿਮ ਜ਼ਿੰਮੇਵਾਰੀਆਂ ਹਨ। 'ਪੰਜਾਬੀ ਜਾਗਰਣ' ਇਨ੍ਹਾਂ ਚੁਣੌਤੀਆਂ ਨੂੰ ਮੌਕਿਆਂ ਵਿੱਚ ਬਦਲਣ ਲਈ ਵਚਨਬੱਧ ਹੈ ਅਤੇ ਤਕਨਾਲੋਜੀ ਦੇ ਨਾਲ-ਨਾਲ ਪੱਤਰਕਾਰੀ ਦੇ ਮੂਲ ਸਿਧਾਂਤਾਂ ਨੂੰ ਵੀ ਬਰਕਰਾਰ ਰੱਖੇਗਾ। 15 ਸਾਲਾਂ ਦਾ ਇਹ ਸਫ਼ਰ ਸਾਨੂੰ ਮਾਣ ਤਾਂ ਦਿੰਦਾ ਹੈ, ਪਰ ਨਾਲ ਹੀ ਹੋਰ ਜ਼ਿੰਮੇਵਾਰ ਵੀ ਬਣਾਉਂਦਾ ਹੈ। ਅਸੀਂ ਭਵਿੱਖ ਵਿੱਚ ਵੀ ਨਿਰਪੱਖਤਾ, ਭਰੋਸੇਯੋਗਤਾ ਅਤੇ ਲੋਕ ਹਿੱਤ ਨੂੰ ਆਪਣਾ ਮਾਰਗਦਰਸ਼ਕ ਬਣਾਈ ਰੱਖਾਂਗੇ। ਪਾਠਕਾਂ ਦਾ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਪੂੰਜੀ ਹੈ ਅਤੇ ਇਸੇ ਵਿਸ਼ਵਾਸ ਨਾਲ ਅਸੀਂ ਅਗਲੇ ਸਾਲਾਂ ਵੱਲ ਨਵੀਂ ਉਮੀਦ, ਨਵੇਂ ਸੰਕਲਪ ਅਤੇ ਨਵੀਂ ਊਰਜਾ ਨਾਲ ਅੱਗੇ ਵਧ ਰਹੇ ਹਾਂ।
15ਵੀਂ ਵਰ੍ਹੇਗੰਢ ਦੇ ਇਸ ਸ਼ੁਭ ਮੌਕੇ 'ਤੇ ਅਸੀਂ ਆਪਣੇ ਸਾਰੇ ਪਾਠਕਾਂ, ਸਹਿਯੋਗੀਆਂ ਅਤੇ ਸ਼ੁਭਚਿੰਤਕਾਂ ਨੂੰ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਡੇ ਸਾਥ, ਸਨੇਹ ਅਤੇ ਭਰੋਸੇ ਤੋਂ ਬਿਨਾਂ ਇਹ ਸਫਰ ਸੰਭਵ ਨਹੀਂ ਸੀ। ਆਓ, ਮਿਲ ਕੇ ਅਗਲੇ ਸਾਲਾਂ ਵਿੱਚ ਵੀ ਸੱਚ, ਸਮਾਜ ਅਤੇ ਪੰਜਾਬੀਅਤ ਦੀ ਸੇਵਾ ਦਾ ਇਹ ਕਾਰਵਾਂ ਹੋਰ ਅੱਗੇ ਵਧਾਈਏ ।
ਇੰਦਰਪ੍ਰੀਤ ਸਿੰਘ