- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਸੀਂ ਦੇਖਦੇ ਹੋਵੋਗੇ ਕਿ ਉਨ੍ਹਾਂ ਦਾ ਅਖ਼ਬਾਰ ’ਚ ਕਾਲਮ ਹੁੰਦਾ ਹੈ, ‘ਕੈਮਰੇ ਦੀ ਅੱਖ ਬੋਲਦੀ। ਅੱਜ ਮਾਤਾ ਪਿਤਾ ਆਪਣੇ ਬੱਚਿਆਂ ’ਤੇ ਜਬਰੀ ਫ਼ੈਸਲੇ ਠੋਸ ਰਹੇ ਹਨ। ਉਨ੍ਹਾਂ ਦੇ ਸ਼ੌਂਕ ਨਹੀਂ ਦੇਖ ਰਹੇ, ਜਿਸ ਦੇ ਸਿੱਟੇ ਵਜੋਂ ਬੱਚੇ ਤਣਾਅ ’ਚ ਜਾ ਰਹੇ ਹਨ, ਜੇਕਰ ਬੱਚੇ ਦਾ ਬਚਪਨ ਹੀ ਤਣਾਅ ’ਚ ਚਲਿਆ ਗਿਆ ਤਾਂ ਫਿਰ ਉਸ ਦੀ ਅਗਲੀ ਜ਼ਿੰਦਗੀ ਕਿਵੇਂ ਬੀਤੇਗੀ?

ਹਰਸੰਤ ਸਿੰਘ ਢੀਂਡਸਾ।
ਬਚਪਨ ਮਨੁੱਖੀ ਜੀਵਨ ਦਾ ਮੁੱਢਲਾ ਪੜਾਅ ਹੈ। ਮਨੁੱਖ ਦੇ ਨਰੋਏ ਜੀਵਨ ਦੀ ਨੀਂਹ ਬਚਪਨ ਤੋਂ ਹੀ ਰੱਖੀ ਜਾਂਦੀ ਹੈ। ਜੇਕਰ ਮਨੁੱਖ ਦੀ ਰੁੱਖ ਦੇ ਵਾਂਗ ਜੜ ਹੀ ਕਮਜ਼ੋਰ ਹੋ ਗਈ, ਤਾਂ ਸਮੁੱਚਾ ਵਿਕਾਸ ਅਸੰਭਵ ਹੈ ਪਰ ਵਰਤਮਾਨ ਸਮੇਂ ਸਾਡੇ ਬੱਚਿਆਂ ਦਾ ਬਚਪਨ ਤਣਾਅ ਹੇਠ ਜਾਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਅਨੁਸਾਰ ਭਾਰਤ ’ਚ ਹਰ ਸਾਲ 13 ਹਜ਼ਾਰ ਦੇ ਕਰੀਬ ਵਿਦਿਆਰਥੀ ਤਣਾਅ ਅਧੀਨ ਆਤਮਹੱਤਿਆ ਦਾ ਰਾਹ ਚੁਣ ਲੈਂਦੇ ਹਨ। ਅਜਿਹੀਆਂ ਰਿਪੋਰਟਾ ਪੜ੍ਹ ਕੇ ਮਨ ਬਹੁਤ ਦੁਖੀ ਹੁੰਦਾ ਹੈ। ਖੁਦਕੁਸ਼ੀ ਦਾ ਮੁੱਖ ਕਾਰਨ ਪੜ੍ਹਾਈ ਦਾ ਤਣਾਅ, ਇਮਤਿਹਾਨਾਂ ਦਾ ਬੋਝ, ਕਰੀਅਰ ਪ੍ਰਤੀ ਚਿੰਤਾ ਮੁੱਖ ਹੈ। ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਦਾ ਅੰਕੜਾ ਹਰ ਸਾਲ ਵੱਧਦਾ ਜਾ ਰਿਹਾ ਹੈ। ਰਾਜਸਥਾਨ ਦਾ ਸ਼ਹਿਰ ਕੋਟਾ ਕੋਚਿੰਗ ਦੀ ਹੱਬ ਮੰਨਿਆ ਜਾਂਦਾ ਹੈ। ਬਹੁਤ ਵੱਡੀ ਗਿਣਤੀ ’ਚ ਵਿਦਿਆਰਥੀ ਨੀਟ ਅਤੇ ਜੇਈ ਦੇ ਇਮਤਿਹਾਨਾਂ ਦੀ ਤਿਆਰੀ ਦੇ ਲਈ ਕੋਟਾ ਆਉਂਦੇ ਹਨ। ਹਰ ਸਾਲ ਇੱਥੇ ਪ੍ਰੀਖਿਆਵਾਂ ’ਚ ਅਸਫ਼ਲ ਰਹਿਣ ਕਾਰਨ ਵੱਡੀ ਗਿਣਤੀ ’ਚ ਵਿਦਿਆਰਥੀ ਮੌਤ ਨੂੰ ਗਲ਼ ਲਾ ਲੈਂਦੇ ਹਨ। ਅੱਜ ਰਾਜਸਥਾਨ ਦਾ ਕੋਟਾ ਸ਼ਹਿਰ ਪੜ੍ਹਾਈ ਦੇ ਨਾਲ ਮੌਤ ਦਾ ਕੋਟਾ ਬਣ ਗਿਆ ਹੈ। ਸਿੱਖਿਆ ਦਾ ਅਰਥ ਚੰਗੇ ਮਨੁੱਖ ਪੈਦਾ ਕਰਨਾ ਸੀ ਨਾ ਕਿ ਬੱਚਿਆਂ ਦਾ ਬਚਪਨ ਖੋਹਣਾ। ਸਾਡੀ ਸਿੱਖਿਆ ਦੇ ਬੋਝ ਸਿਲੇਬਸ ਪ੍ਰਤੀ ਮੈਨੂੰ ਇਕ ਪ੍ਰਾਣੀ ਯਾਦ ਚੇਤੇ ਆ ਗਈ ਕਿ ਜਦੋਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ (ਫਤਿਹਗੜ੍ਹ ਸਾਹਿਬ) ਵਿਖੇ ਬਤੌਰ ਐੱਸਐੱਸ ਮਾਸਟਰ ਨੌਕਰੀ ਸ਼ੁਰੂ ਕੀਤੀ ਤਾਂ ਮੈਨੂੰ ਅੰਗਰੇਜ਼ੀ ਵਿਸ਼ਾ ਪੜ੍ਹਾਉਣ ਦਾ ਮੌਕਾ ਮਿਲਿਆ। ਮੈਂ ਬਹੁਤ ਹੀ ਰੌਚਿਕਤਾ ਅਤੇ ਨਵੀਂ ਮਿਲੀ ਨੌਕਰੀ ਦੇ ਚਾਅ ਕਾਰਨ ਬੜੀ ਹੀ ਮਿਹਨਤ ਨਾਲ ਬੱਚਿਆਂ ਨੂੰ ਕੁਝ ਦਿਨ ਪੜ੍ਹਾਇਆ ਪਰ ਮੈਂ ਮਹਿਸੂਸ ਕੀਤਾ ਕਿ ਜੋ ਸਿਲੇਬਸ ਕਰਵਾਇਆ ਜਾ ਰਿਹਾ ਹੈ, ਬੱਚਿਆਂ ਦੇ ਪੱਧਰ ਤੋਂ ਕਾਫੀ ਉੱਚਾ ਹੈ। ਥੋੜ੍ਹੇ ਦਿਨਾਂ ਬਾਅਦ ਸਾਡੀ ਇੰਡਕਸ਼ਨ ਟ੍ਰੇਨਿੰਗ ਬਸੀ ਪਠਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਲੱਗੀ, ਜਿੱਥੇ ਸਾਨੂੰ ਬਹੁਤ ਹੀ ਮਿਹਨਤੀ ਰਿਸੋਰਸ ਪਰਸਨ ਸਬੰਧਿਤ ਵਿਸ਼ਿਆਂ ਦੀ ਜਾਣਕਾਰੀ ਦਿੰਦੇ ਸਨ। ਉਸ ਸਮੇਂ ਇਕ ਅੰਗਰੇਜ਼ੀ ਵਿਸ਼ੇ ਦੇ ਰਿਸੋਰਸ ਪਰਸਨ ਸਨ। ਉਨ੍ਹਾਂ ਦਾ ਨਾਂ ਡਾ.ਦਵਿੰਦਰ ਸਿੰਘ ਸੀ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐੱਮ ਏ, ਐੱਮਫਿਲ ਪੀਐੱਚਡੀ ਕੀਤੀ ਸੀ ਅਤੇ ਉਨ੍ਹਾਂ ਦਾ ਉਸ ਸਮੇਂ ਜੇਆਰਐੱਫ ਦਾ ਟੈਸਟ ਵੀ ਕਲੀਅਰ ਸੀ। ਆਪਣੇ ਵਿਸ਼ੇ ਦੇ ਬਹੁਤ ਪਰਪੱਕ ਸਨ। ਬਹੁਤ ਸਾਰੇ ਪੁਰਾਣੇ ਅਧਿਆਪਕਾਂ ਨੇ ਕਿਹਾ ਕਿ ਤੁਸੀਂ ਤਾਂ ਸਾਨੂੰ ਸਾਡੇ ਕਾਲਜ ਸਮੇਂ ਦੇ ਵਿਦਵਾਨ ਅਧਿਆਪਕਾਂ ਦੇ ਦਰਸ਼ਨ ਕਰਵਾ ਦਿੱਤੇ। ਉਨ੍ਹਾਂ ਸਾਨੂੰ ਬਹੁਤ ਹੀ ਵਧੀਆ ਅੰਗਰੇਜ਼ੀ ਦਾ ਗਿਆਨ ਦਿੱਤਾ ਪਰ ਉਨ੍ਹਾਂ ਕਿਹਾ ਕਿ ਸਾਡੀ ਇਕ ਸਿੱਖਿਆ ਸ਼ਾਸਤਰੀਆਂ ਦੀ ਆਗਰੇ ਕਾਨਫਰੰਸ ਹੋਈ ਸੀ, ਜਿਸ ’ਚ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਹੋਰ ਬਹੁਤ ਸਾਰੇ ਯੂਰਪ ਦੇਸ਼ਾਂ ਤੋਂ ਸਿੱਖਿਆ ਸ਼ਾਸਤਰੀ ਆਏ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਅਧਿਆਪਕਾਂ ਨਾਲ ਸਾਡਾ ਵਿਚਾਰ-ਵਟਾਂਦਰਾ ਹੋਇਆ। ਉਨ੍ਹਾਂ ਨੇ ਆਪਣੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਅੰਗਰੇਜ਼ੀ ਵਿਸ਼ੇ ਦੀ ਪੁਸਤਕ, ਜੋ ਛੇਵੀਂ ਜਮਾਤ ਨੂੰ ਲਗਾਈ ਗਈ ਹੈ। ਇਹ ਦੇਖੀ ਤਾਂ ਉਨ੍ਹਾਂ ਦੇ ਇਕ ਸਿੱਖਿਆ ਸ਼ਾਸਤਰੀ ਨੇ ਮੱਥੇ ਉੱਤੇ ਹੱਥ ਮਾਰਦਿਆਂ ਕਿਹਾ। ਇਸ ਪੱਧਰ ਦੀ ਕਿਤਾਬ ਅਸੀਂ ਬਾਰਵੀਂ ਜਮਾਤ ਨੂੰ ਪੜ੍ਹਾਉਂਦੇ ਹਾਂ। ਜਦੋਂ ਕਿ ਅੰਗਰੇਜ਼ੀ ਸਾਡੀ ਉੱਥੇ ਮਾਤ ਭਾਸ਼ਾ ਹੈ। ਤੁਸੀਂ ਬੱਚਿਆਂ ਨੂੰ ਪੜ੍ਹਾ ਨਹੀਂ ਰਹੇ, ਤੁਸੀਂ ਤਾਂ ਸ਼ੋਸ਼ਣ ਕਰ ਰਹੇ ਹੋ। ਉੱਥੇ ਸਾਰੇ ਹੀ ਸੰਬੰਧਿਤ ਅਧਿਆਪਕਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਬਿਲਕੁਲ ਜੋ ਪੜ੍ਹਾਇਆ ਜਾ ਰਿਹਾ ਹੈ, ਉਹ ਬੱਚਿਆਂ ਦੇ ਉੱਪਰੋਂ ਲੰਘ ਰਿਹਾ ਹੈ। ਬੱਚਿਆਂ ’ਤੇ ਵਾਧੂ ਭਾਰ ਪਾਇਆ ਜਾ ਰਿਹਾ ਹੈ। ਜਿਵੇਂ ਦੇਸੀ ਭਾਸ਼ਾ ਦੇ ਵਿੱਚ ਕਿਹਾ ਜਾਵੇ, ਕਿ ਜੇਕਰ ਕੋਈ ਵਿਅਕਤੀ ਵੀਹ ਕਿੱਲੋ ਵਜ਼ਨ ਚੁੱਕਦਾ ਹੈ। ਉਸ ਦੇ ਉੱਤੇ ਸੌ ਕਿੱਲੋ ਲੱਦ ਦਿੱਤਾ ਜਾਵੇ ਤਾਂ ਉਸ ਦਾ ਕਚੂਮਰ ਨਿਕਲ ਜਾਵੇਗਾ ਅਤੇ ਉਹ ਵੀਹ ਕਿੱਲੋ ਚੁੱਕਣ ਦੇ ਵੀ ਕਾਬਲ ਨਹੀਂ ਰਹੇਗਾ। ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ । ਕਦੇ ਸਮਾਂ ਹੁੰਦਾ ਸੀ ਜਦੋਂ ਪੰਜਵੀਂ ਤੱਕ ਬਹੁਤ ਹੀ ਸੌਖਾ ਸਿਲੇਬਸ ਹੁੰਦਾ ਸੀ ਅਤੇ ਛੇਵੀਂ ਕਲਾਸ ’ਚ ਚਾਰ ਲਾਈਨਾਂ ਵਾਲੀ ਕਾਪੀ ਲੱਗਦੀ। ਬੱਚਿਆਂ ਨੂੰ ਬਹੁਤ ਹੀ ਪਿਆਰ ਦੇ ਨਾਲ ਛੋਟੀ ਏ. ਬੀ.ਸੀ ਅਤੇ ਵੱਡੀ ਏ.ਬੀ.ਸੀ ਲਿਖਣ ਦੀ ਤਰਤੀਬ ਦੱਸੀ ਜਾਂਦੀ ਅਤੇ ਬੱਚਿਆਂ ਨੂੰ ਸ਼ਬਦ ਜੋੜ ਕਰਾਏ ਜਾਂਦੇ। ਬੱਚੇ ਬਹੁਤ ਹੀ ਦਿਲਚਸਪੀ ਦੇ ਨਾਲ ਪੜ੍ਹਦੇ ਸਨ। ਉਸ ਸਮੇਂ ’ਚ ਸਰਕਾਰੀ ਸਕੂਲਾਂ ’ਚੋਂ ਬਹੁਤ ਹੀ ਦੁਨੀਆ ਵੱਡੇ-ਵੱਡੇ ਵਿਦਵਾਨ ਪੈਦਾ ਹੋਏ। ਜੇਕਰ ਬੱਚਾ ਮਾਤ ਭਾਸ਼ਾ ’ਚ ਸੰਪੂਰਨ ਨਹੀਂ ਹੋਵੇਗਾ ਤਾਂ ਉਹ ਦੂਜੀ ਭਾਸ਼ਾ ਕਦੇ ਵੀ ਸਿੱਖ ਨਹੀਂ ਸਕਦਾ। ਪੰਜਾਬੀ ਯੂਨੀਵਰਸਿਟੀ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਡਾਕਟਰ ਜੋਗਾ ਸਿੰਘ ਦੇ ਵਿਚਾਰ ਅਨੁਸਾਰ ਜੇਕਰ ਇਨਸਾਨ ਛੇ ਮਹੀਨਿਆਂ ’ਚ ਦਿਲਚਸਪੀ ਦੇ ਨਾਲ ਸਿੱਖਣਾ ਚਾਹੇ ਤਾਂ ਉਹ ਕਿਸੇ ਵੀ ਭਾਸ਼ਾ ਨੂੰ ਸਿੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦਾ ਸੰਪੂਰਨ ਵਿਕਾਸ ਮਾਤ ਭਾਸ਼ਾ ’ਚ ਹੀ ਹੋ ਸਕਦਾ ਹੈ। ਕਦੇ ਸੁਣਿਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕਿਰਪਾਲ ਸਿੰਘ ਔਲਖ ਦੇ ਵਿਚਾਰ ਕਿ ਕਿਵੇਂ ਉਹ ਇੱਕ ਸਧਾਰਨ ਪੇਂਡੂ ਪਰਿਵਾਰ ’ਚੋਂ ਪੜ੍ਹੇ ਅਤੇ ਨਾਲ ਹੀ ਪਹਿਲਵਾਨੀ ਕੀਤੀ ਅਤੇ ਖੇਤੀਬਾੜੀ ਵਿਗਿਆਨੀ ਬਣੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ। ਬਹੁਤ ਹੀ ਜੁਰਤ ਨਾਲ ਯੂਨੀਵਰਸਿਟੀ ’ਚ ਫ਼ੈਸਲੇ ਲਏ ਅਤੇ ਯੂਨੀਵਰਸਟੀ ਦਾ ਵਿਕਾਸ ਕੀਤਾ। ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ ਜੋ ਕਿ ਅੱਜ ਵੀ ਆਪਣੀ ਖੇਤੀ ਆਪਣੇ ਹੱਥੀ ਕਰਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਸਰਦਾਰਾ ਸਿੰਘ ਜੌਹਲ ਕਿਹੜੇ ਔਖੇ ਹਾਲਾਤਾਂ ਦੇ ’ਚ ਪੜ੍ਹੇ, ਜੇ ਜਾਨਣਾ ਹੈ ਤਾਂ ਪੜ੍ਹਿਓ ਉਨ੍ਹਾਂ ਦੀ ਸਵੈ ਜੀਵਨੀ ਰੰਗਾਂ ਦੀ ਗਾਗਰ ਅਤੇ ਉਨ੍ਹਾਂ ਨੇ ਆਪਣੇ ਬੇਟੇ ਜਨਮੇਜਾ ਸਿੰਘ ਜੌਹਲ ਨੂੰ ਖੇਤੀਬਾੜੀ ਵਿਗਿਆਨ ਦੀ ਵੱਡੀ ਡਿਗਰੀ ਕਰਵਾਈ ਪਰ ਉਨ੍ਹਾਂ ਨੇ ਆਪਣੇ ਬੇਟੇ ਦਾ ਸ਼ੌਕ ਨਹੀਂ ਮਾਰਿਆ, ਜੋ ਕਿ ਅੱਜ ਕੱਲ੍ਹ ਬਹੁਤ ਹੀ ਵਧੀਆ ਫੋਟੋਗ੍ਰਾਫਰੀ ਕਰਦਾ ਹੈ। ਤੁਸੀਂ ਦੇਖਦੇ ਹੋਵੋਗੇ ਕਿ ਉਨ੍ਹਾਂ ਦਾ ਅਖ਼ਬਾਰ ’ਚ ਕਾਲਮ ਹੁੰਦਾ ਹੈ, ‘ਕੈਮਰੇ ਦੀ ਅੱਖ ਬੋਲਦੀ। ਅੱਜ ਮਾਤਾ ਪਿਤਾ ਆਪਣੇ ਬੱਚਿਆਂ ’ਤੇ ਜਬਰੀ ਫ਼ੈਸਲੇ ਠੋਸ ਰਹੇ ਹਨ। ਉਨ੍ਹਾਂ ਦੇ ਸ਼ੌਂਕ ਨਹੀਂ ਦੇਖ ਰਹੇ, ਜਿਸ ਦੇ ਸਿੱਟੇ ਵਜੋਂ ਬੱਚੇ ਤਣਾਅ ’ਚ ਜਾ ਰਹੇ ਹਨ, ਜੇਕਰ ਬੱਚੇ ਦਾ ਬਚਪਨ ਹੀ ਤਣਾਅ ’ਚ ਚਲਿਆ ਗਿਆ ਤਾਂ ਫਿਰ ਉਸ ਦੀ ਅਗਲੀ ਜ਼ਿੰਦਗੀ ਕਿਵੇਂ ਬੀਤੇਗੀ? ਸਾਬਕਾ ਆਈਏਐੱਸ ਅਧਿਕਾਰੀ ਨ੍ਰਿਪਿੰਦਰ ਰਤਨ ਆਪਣੀ ਪੁਸਤਕ ‘ਕਤਰਨ ਕਤਰਨ ਯਾਦਾਂ ’ਚ ਜ਼ਿਕਰ ਕਰਦੇ ਹਨ ਕਿ ਜਦੋਂ ਮੈਂ ਸ਼ੀਤ ਠੰਡ ’ਚ ਮੇਰੇ ਪੋਤੇ ਨੂੰ ਪੀਲੀ ਪ੍ਰਾਈਵੇਟ ਸਕੂਲ ਦੀ ਬੱਸ ’ਚ ਚੜ੍ਹਾਉਣ ਜਾਂਦਾ ਹਾਂ, ਤਾਂ ਮੈਂ ਸੋਚਦਾ ਹਾਂ ਕਿ ਬੱਚੇ ਫੁੱਲ ਨਹੀਂ ਹੁੰਦੇ, ਜੇਕਰ ਬੱਚੇ ਫੁੱਲ ਹੁੰਦੇ ਤਾਂ ਫੁੱਲਾਂ ਦੇ ਕਤਲਗਾਹ ਨਾ ਹੁੰਦੇ, ਇਹ ਸਕੂਲ ਸਿੱਖਿਆ ਦੀਆਂ ਸੰਸਥਾਵਾਂ, ਸੱਚਮੁੱਚ ਬੱਚਿਆਂ ਦੀਆਂ ਕਤਲਗਾਹ ਹਨ। ਜੋ ਬਚਪਨਾ ਖੋਹ ਰਹੀਆਂ ਹਨ। ਬੱਚੇ ਦਾ ਮਾਨਸਿਕ ਵਿਕਾਸ ਕਦੋ ਹੋਵੇਗਾ, ਜਿਹੜਾ ਖੇਡ ਗਰਾਊਂਡਾਂ ’ਚ ਖੇਡਣ ਦਾ ਸਮਾਂ ਸੀ। ਉਸ ਸਮੇਂ ਬੱਚੇ ਫੋਨ ਦੇ ’ਉੱਤੇ ਗੇਮਾਂ ਖੇਡਦੇ ਹਨ ਜਾਂ ਆਨਲਾਈਨ ਕਲਾਸਾਂ ਲਾਉਂਦੇ ਹਨ। ਅੱਜ ਸਾਰੀਆਂ ਯੂਨੀਵਰਸਿਟੀਆਂ ਦੇ ਮਨੋਵਿਗਿਆਨ ਵਿਭਾਗ ਅਤੇ ਬਹੁਤ ਸਾਰੇ ਡਾਕਟਰ ਇਸ ਗੱਲ ਦੀ ਚਿੰਤਾ ਦੇ ’ਚ ਹਨ ਕਿ ਬਚਪਨ ਨੂੰ ਕਿਵੇਂ ਤਣਾਅ ਤੋਂ ਬਚਾਇਆ ਜਾਵੇ, ਤਾਂ ਕਿ ਬੱਚਿਆਂ ਦੀ ਆਤਮਹੱਤਿਆਵਾਂ ਰੁਕ ਸਕਣ। ਅੱਜ ਬੱਚਿਆਂ ਨੂੰ ਸਹਿਣਸ਼ੀਲਤਾ ਦਾ ਪਾਠ ਪੜ੍ਹਾਉਣ ਦੀ ਲੋੜ ਹੈ। ਅੱਜ ਮਾਤਾ ਪਿਤਾ ਬੱਚਿਆਂ ਨੂੰ ਦੱਸਣ ਕਿ ਬੇਟਾ ਇਮਤਿਹਾਨਾਂ ਤੋਂ ਡਰਨ ਦੀ ਲੋੜ ਨਹੀਂ, ਸਗੋ ਜ਼ਿੰਦਗੀ ਇਕ ਪ੍ਰੀਖਿਆ ਹੈ। ਜੇਕਰ ਤੁਹਾਡਾ ਪੜ੍ਹਾਈ ’ਚ ਹੱਥ ਤੰਗ ਹੈ ਤਾਂ ਜ਼ਿੰਦਗੀ ’ਚ ਕਾਮਯਾਬੀ ਦੇ ਹੋਰ ਬਹੁਤ ਰਸਤੇ ਹਨ। ਜ਼ਿੰਦਗੀ ਪਰਮਾਤਮਾ ਦੀ ਦਾਤ ਹੈ, ਖੁੱਲ੍ਹ ਕੇ ਜੀਓ।