- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਵੀਰਵਾਰ ਨੂੰ ਇਨ੍ਹਾਂ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ। ਇਨ੍ਹਾਂ ’ਚੋਂ ਇੱਕ ਹੁਕਮ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਵਪਾਰਕ ਤੌਰ ’ਤੇ ‘ਬਰਥ ਟੂਰਿਜ਼ਮ’ ਦਾ ਸਹਾਰਾ ਲੈਂਦੇ ਹਨ ਤੇ ਆਪਣੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਮਕਸਦ ਨਾਲ ਅਮਰੀਕਾ ਆਉਂਦੇ ਹਨ।

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਮ ਦੇ ਆਧਾਰ ’ਤੇ ਮਿਲਣ ਵਾਲੀ ਨਾਗਰਿਕਤਾ (ਬਰਥਰਾਈਟ ਸਿਟੀਜ਼ਨਸ਼ਿਪ) ਦੇ ਅਧਿਕਾਰ ’ਤੇ ਰੋਕ ਲਗਾਉਣ ਲਈ ਨਵੇਂ ਕਦਮ ਚੁੱਕੇ ਹਨ। ਉਨ੍ਹਾਂ ਨੇ ਅਮਰੀਕਾ ’ਚ ‘ਬਰਥ ਟੂਰਿਜ਼ਮ’ ’ਤੇ ਸਖ਼ਤੀ ਕਰਨ ਤੇ ਜਨਮ ਦੇ ਆਧਾਰ ’ਤੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਦੇ ਯੋਗ ਲੋਕਾਂ ਦੀ ਗਿਣਤੀ ਸੀਮਤ ਕਰਨ ਲਈ ਦੋ ਨਵੇਂ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ ਹਨ। ਟਰੰਪ ਨੇ ਇਹ ਕਦਮ ਉਸ ਵੇਲੇ ਚੁੱਕਿਆ ਹੈ, ਜਦੋਂ ਕੁਝ ਹਫ਼ਤੇ ਪਹਿਲਾਂ ਹੀ ਅਮਰੀਕੀ ਸੁਪਰੀਮ ਕੋਰਟ ਨੇ ਇਸ ਸਬੰਧੀ ਉਨ੍ਹਾਂ ਦੇ ਪਹਿਲਾਂ ਜਾਰੀ ਕੀਤੇ ਕਾਰਜਕਾਰੀ ਹੁਕਮ ਨੂੰ ਰੱਦ ਕਰ ਦਿੱਤਾ ਸੀ।
ਟਰੰਪ ਨੇ ਵੀਰਵਾਰ ਨੂੰ ਇਨ੍ਹਾਂ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕੀਤੇ। ਇਨ੍ਹਾਂ ’ਚੋਂ ਇੱਕ ਹੁਕਮ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜੋ ਵਪਾਰਕ ਤੌਰ ’ਤੇ ‘ਬਰਥ ਟੂਰਿਜ਼ਮ’ ਦਾ ਸਹਾਰਾ ਲੈਂਦੇ ਹਨ ਤੇ ਆਪਣੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦੇ ਮਕਸਦ ਨਾਲ ਅਮਰੀਕਾ ਆਉਂਦੇ ਹਨ। ਇਸ ਹੁਕਮ ਦਾ ਉਦੇਸ਼ ਅਜਿਹੇ ਲੋਕਾਂ ਦੇ ਅਮਰੀਕਾ ’ਚ ਦਾਖ਼ਲੇ ਨੂੰ ਸੀਮਤ ਕਰਨਾ ਹੈ। ਜਦਕਿ ਦੂਜਾ ਹੁਕਮ ਉਨ੍ਹਾਂ ਲੋਕਾਂ ਦੀ ਪਰਿਭਾਸ਼ਾ ਦਾ ਵਿਸਥਾਰ ਕਰਦਾ ਹੈ, ਜਿਨ੍ਹਾਂ ਨੂੰ ਜਨਮ ਦੇ ਆਧਾਰ ’ਤੇ ਅਮਰੀਕੀ ਨਾਗਰਿਕਤਾ ਲਈ ਅਯੋਗ ਮੰਨਿਆ ਜਾਵੇਗਾ। ਇਸ ’ਚ ਵਿਦੇਸ਼ੀ ਸਰਕਾਰਾਂ ਵੱਲੋਂ ਲਾਬਿੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਬੱਚਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ’ਚ ਇਨ੍ਹਾਂ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ 30 ਜੂਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਨਵਾਂ ਕਦਮ ਕੁਝ ਲੋੜੀਂਦੇ ਬਦਲਾਵਾਂ ਨਾਲ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਨਮ ਦੇ ਆਧਾਰ ’ਤੇ ਨਾਗਰਿਕਤਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਸੀ। ਇਸ ਲਈ ਅਸੀਂ ਇਸ ਵਿੱਚ ਬਦਲਾਅ ਕਰ ਰਹੇ ਹਾਂ।
9 ਜੁਲਾਈ 1868 ਨੂੰ ਮਨਜ਼ੂਰ ਕੀਤੀ ਗਈ ਅਮਰੀਕੀ ਸੰਵਿਧਾਨ ਦੀ 14ਵੀਂ ਸੋਧ ਅਨੁਸਾਰ ਅਮਰੀਕਾ ’ਚ ਜਨਮੇ ਜਾਂ ਕਾਨੂੰਨੀ ਤੌਰ ’ਤੇ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਸਾਰੇ ਲੋਕਾਂ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ ਸੀ, ਜਿਸ ’ਚ ਪਹਿਲਾਂ ਗੁਲਾਮ ਰਹਿ ਚੁੱਕੇ ਲੋਕ ਵੀ ਸ਼ਾਮਲ ਸਨ। ਟਰੰਪ ਨੇ ਕਿਹਾ ਕਿ ਇਹ ਪ੍ਰਬੰਧ ਘਰੇਲੂ ਯੁੱਧ ਤੋਂ ਬਾਅਦ ਕੀਤਾ ਗਿਆ ਸੀ। ਇਸ ਦਾ ਮਕਸਦ ਗੁਲਾਮਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣਾ ਸੀ, ਪਰ ਹੁਣ ਕੀ ਹੋ ਰਿਹਾ ਹੈ? ਲੋਕਾਂ ਨੇ ਇਸ ਦੇ ਆਧਾਰ ’ਤੇ ਪੂਰਾ ਕਾਰੋਬਾਰ ਹੀ ਖੜ੍ਹਾ ਕਰ ਲਿਆ ਹੈ।
ਸੁਪਰੀਮ ਕੋਰਟ ਨੇ ਪਹਿਲਾਂ ਰੱਦ ਕਰ ਦਿੱਤਾ ਸੀ ਕਾਰਜਕਾਰੀ ਹੁਕਮ
ਅਮਰੀਕੀ ਸੁਪਰੀਮ ਕੋਰਟ ਨੇ 30 ਜੂਨ ਨੂੰ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਰੱਦ ਕਰ ਦਿੱਤਾ ਸੀ, ਜਿਸ ਰਾਹੀਂ ਜਨਮ ਦੇ ਆਧਾਰ ’ਤੇ ਮਿਲਣ ਵਾਲੀ ਨਾਗਰਿਕਤਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਨੇ 100 ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੀ ਸੰਵਿਧਾਨਕ ਵਿਵਸਥਾ ਨੂੰ ਬਰਕਰਾਰ ਰੱਖਦਿਆਂ ਕਿਹਾ ਸੀ ਕਿ ਅਮਰੀਕਾ ਵਿੱਚ ਜਨਮ ਲੈਣ ਵਾਲੇ ਲਗਭਗ ਸਾਰੇ ਲੋਕ ਅਮਰੀਕੀ ਨਾਗਰਿਕ ਹੁੰਦੇ ਹਨ।
‘ਬਰਥ ਟੂਰਿਜ਼ਮ’ ਰਾਹੀਂ ਹਰ ਸਾਲ 26,000 ਬੱਚਿਆਂ ਦਾ ਜਨਮ
ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਸਭ ਤੋਂ ਵੱਡੀ ਮਰਦਮਸ਼ੁਮਾਰੀ ਆਧਾਰਤ ਅਨੁਮਾਨ ਮੁਤਾਬਕ ਹਰ ਸਾਲ ਅਮਰੀਕਾ ’ਚ ‘ਬਰਥ ਟੂਰਿਜ਼ਮ’ ਰਾਹੀਂ 22 ਹਜ਼ਾਰ ਤੋਂ 26 ਹਜ਼ਾਰ ਬੱਚਿਆਂ ਦਾ ਜਨਮ ਹੁੰਦਾ ਹੈ। ਹਾਲਾਂਕਿ ਸਰਕਾਰੀ ਅੰਕੜਿਆਂ ਅਨੁਸਾਰ 2024 ’ਚ ਵਿਦੇਸ਼ੀ ਪਤਿਆਂ ਵਾਲੀਆਂ ਮਾਵਾਂ ਤੋਂ ਅਮਰੀਕਾ ’ਚ ਸਿਰਫ਼ 9,600 ਬੱਚਿਆਂ ਦਾ ਜਨਮ ਹੋਇਆ।