- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਦੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਅਮਰੀਕਾ ਦੇ ਦੋ ਸੂਬਿਆਂ ਵਿਚ ਚੋਣ ਪ੍ਰਚਾਰ ਦੇ ਪ੍ਰੋਗਰਾਮ ਰੱਦ ਕਿਉਂ ਕੀਤੇ ਗਏ ਹਨ ਅਤੇ ਕੀ ਇਸ ਪਿੱਛੇ ਉਨ੍ਹਾਂ ਦੀ ਸਿਹਤ ਕੋਈ ਕਾਰਨ ਹੈ, ਤਾਂ ਉਹ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਪੱਤਰਕਾਰ ਨੂੰ ਹੀ ਕਹਿ ਦਿੱਤਾ ਕਿ ਉਹ ਸਰੀਰਕ ਤੌਰ ’ਤੇ ਤੰਦਰੁਸਤ ਨਹੀਂ ਲੱਗਦਾ ਅਤੇ ਉਸ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।

ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਸ ਸਮੇਂ ਗੁੱਸੇ ਵਿਚ ਆ ਗਏ, ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਦੀ ਸਿਹਤ ਨਾਲ ਜੁੜਿਆ ਸਵਾਲ ਪੁੱਛ ਲਿਆ। ਸਿਹਤ ਬਾਰੇ ਸਵਾਲ ਤੋਂ ਖਿਝੇ ਰਾਸ਼ਟਰਪਤੀ ਨੇ ਉਲਟਾ ਉਸ ਪੱਤਰਕਾਰ ਦਾ ਹੀ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਜਦੋਂ ਇਕ ਪੱਤਰਕਾਰ ਨੇ ਪੁੱਛਿਆ ਕਿ ਅਮਰੀਕਾ ਦੇ ਦੋ ਸੂਬਿਆਂ ਵਿਚ ਚੋਣ ਪ੍ਰਚਾਰ ਦੇ ਪ੍ਰੋਗਰਾਮ ਰੱਦ ਕਿਉਂ ਕੀਤੇ ਗਏ ਹਨ ਅਤੇ ਕੀ ਇਸ ਪਿੱਛੇ ਉਨ੍ਹਾਂ ਦੀ ਸਿਹਤ ਕੋਈ ਕਾਰਨ ਹੈ, ਤਾਂ ਉਹ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਪੱਤਰਕਾਰ ਨੂੰ ਹੀ ਕਹਿ ਦਿੱਤਾ ਕਿ ਉਹ ਸਰੀਰਕ ਤੌਰ ’ਤੇ ਤੰਦਰੁਸਤ ਨਹੀਂ ਲੱਗਦਾ ਅਤੇ ਉਸ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ।
ਪੱਤਰਕਾਰ ਨੂੰ ਹੀ ਦੱਸ ਦਿੱਤਾ ਬਿਮਾਰ
ਗੁੱਸੇ ਵਿਚ ਆਏ ਟਰੰਪ ਨੇ ਪੱਤਰਕਾਰ ਨੂੰ ਕਿਹਾ, “ਤੁਸੀਂ ਇਸ ਤਰ੍ਹਾਂ ਦੇ ਸਵਾਲ ਪੁੱਛ ਰਹੇ ਹੋ। ਤੁਸੀਂ ਬਿਮਾਰ ਹੋ। ਤੁਸੀਂ ਸੱਚਮੁੱਚ ਬਿਮਾਰ ਹੋ।” ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਪਿਛਲੇ ਕਈ ਹਫ਼ਤਿਆਂ ਤੋਂ ਮੱਧਕਾਲੀ ਚੋਣਾਂ ਦੇ ਪ੍ਰਚਾਰ ਲਈ ਵੱਖ-ਵੱਖ ਸੂਬਿਆਂ ਦਾ ਦੌਰਾ ਕਰ ਰਹੇ ਹਨ। ਇਹ ਚੋਣਾਂ ਤੈਅ ਕਰਨਗੀਆਂ ਕਿ ਉਨ੍ਹਾਂ ਦੇ ਕਾਰਜਕਾਲ ਦੇ ਬਾਕੀ ਦੋ ਸਾਲਾਂ ਦੌਰਾਨ ਸਰਕਾਰ ਕਿਸ ਦਿਸ਼ਾ ਵਿਚ ਅੱਗੇ ਵਧੇਗੀ।
ਪੱਤਰਕਾਰ ਨੂੰ ਕਿਹਾ- ਤੁਸੀਂ ਫਿੱਟ ਨਹੀਂ ਹੋ
ਜਦੋਂ ਪੱਤਰਕਾਰ ਨੇ ਸਪੱਸ਼ਟ ਕੀਤਾ ਕਿ ਉਹ ਸਿਰਫ਼ ਰਾਸ਼ਟਰਪਤੀ ਦੀ ਸਿਹਤ ਬਾਰੇ ਪੁੱਛ ਰਿਹਾ ਹੈ, ਤਾਂ ਟਰੰਪ ਹੋਰ ਵੀ ਗੁੱਸੇ ਵਿਚ ਆ ਗਏ। ਉਨ੍ਹਾਂ ਨੇ ਪੱਤਰਕਾਰ ਦੇ ਸਰੀਰਕ ਦਿੱਖ ’ਤੇ ਟਿੱਪਣੀ ਕਰ ਦਿੱਤੀ। ਉਨ੍ਹਾਂ ਨੇ ਪੱਤਰਕਾਰ ਦੀ ਨਕਲ ਉਤਾਰਦਿਆਂ ਕਿਹਾ ਕਿ ਉਹ ਬਿਲਕੁਲ ਵੀ ਫਿੱਟ ਨਹੀਂ ਹੈ।
ਟਰੰਪ ਨੇ ਖ਼ੁਦ ਨੂੰ ਦੱਸਿਆ ਤੰਦਰੁਸਤ
ਟਰੰਪ ਨੇ ਆਪਣੀ ਸਿਹਤ ਚੰਗੀ ਹੋਣ ਦਾ ਦਾਅਵਾ ਕਰਦਿਆਂ ਕਿਹਾ, “ਇਸ ਵਿਅਕਤੀ ਨੂੰ ਦੇਖੋ। ਇਸ ਦਾ ਸਰੀਰ ਬਿਲਕੁਲ ਵੀ ਠੀਕ ਨਹੀਂ ਹੈ। ਤੁਸੀਂ ਦੋ ਹਫ਼ਤਿਆਂ ਤੋਂ ਮੇਰੇ ਪਿੱਛੇ ਪਏ ਹੋ। ਮੈਂ ਬਿਲਕੁਲ ਫਿੱਟ ਮਹਿਸੂਸ ਕਰ ਰਿਹਾ ਹਾਂ।” ਉਨ੍ਹਾਂ ਨੇ ਕੈਨਸਸ ਨਾ ਜਾਣ ਬਾਰੇ ਕਿਹਾ ਕਿ ਉਹ ਉੱਥੇ ਇਸ ਲਈ ਨਹੀਂ ਜਾ ਰਹੇ ਕਿਉਂਕਿ ਉਨ੍ਹਾਂ ਦਾ ਉੱਥੇ ਜਾਣ ਦਾ ਮਨ ਨਹੀਂ ਹੈ।
ਦੋ ਥਾਵਾਂ ’ਤੇ ਚੋਣ ਪ੍ਰਚਾਰ ਦੇ ਪ੍ਰੋਗਰਾਮ ਹੋਏ ਰੱਦ
ਆਖ਼ਰ ਵਿਚ ਟਰੰਪ ਨੇ ਪੱਤਰਕਾਰ ਨੂੰ ਕਿਹਾ ਕਿ ਤੁਸੀਂ ਆਪਣੇ ਸਰੀਰ ਨੂੰ ਠੀਕ ਕਰੋ। ਤੁਸੀਂ ਬਹੁਤ ਬੁਰੇ ਲੱਗ ਰਹੇ ਹੋ। ਦੱਸਣਯੋਗ ਹੈ ਕਿ ਕੈਨਸਸ ਅਤੇ ਆਇਓਵਾ ਵਿਚ ਟਰੰਪ ਦੇ ਹੋਣ ਵਾਲੇ ਚੋਣ ਪ੍ਰਚਾਰ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਚੋਣ ਪ੍ਰਚਾਰ ਲਈ ਫੰਡ ਇਕੱਠਾ ਕਰਨ ਵਾਲੇ ਸਮੂਹ ‘MAGA Inc.’ ਨੇ ਦੱਸਿਆ ਕਿ ਚੋਣਾਂ ਵਾਲੇ ਦਿਨ ਤੋਂ ਪਹਿਲਾਂ ਉਹ ਘੱਟੋ-ਘੱਟ 19 ਸੂਬਿਆਂ ਵਿਚ ਰਾਸ਼ਟਰਪਤੀ ਦੀਆਂ ਟੈਲੀ-ਰੈਲੀਆਂ ਕਰਵਾਉਣਗੇ। ਇਨ੍ਹਾਂ ਵਿਚ ਕੈਨਸਸ ਅਤੇ ਆਇਓਵਾ ਵੀ ਸ਼ਾਮਲ ਹਨ। ਟੈਲੀ-ਰੈਲੀਆਂ ਫ਼ੋਨ ਜਾਂ ਆਨਲਾਈਨ ਮਾਧਿਅਮ ਰਾਹੀਂ ਕੀਤੀਆਂ ਜਾਂਦੀਆਂ ਹਨ।
ਸਰੀਰਕ ਦਿੱਖ ’ਤੇ ਪਹਿਲਾਂ ਵੀ ਟਿੱਪਣੀਆਂ ਕਰ ਚੁੱਕੇ ਹਨ ਟਰੰਪ
ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਰਾਸ਼ਟਰਪਤੀ ਟਰੰਪ ਨੇ ਕਿਸੇ ਵਿਅਕਤੀ ਦੇ ਸਰੀਰ ਜਾਂ ਉਸ ਦੀ ਦਿੱਖ ਬਾਰੇ ਟਿੱਪਣੀ ਕੀਤੀ ਹੋਵੇ। ਅਮਰੀਕੀ ਮੱਧਕਾਲੀ ਚੋਣਾਂ ਤੋਂ ਪਹਿਲਾਂ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਰਿਪਬਲਿਕਨ ਉਮੀਦਵਾਰਾਂ ਅਤੇ ਉਨ੍ਹਾਂ ਦੀ ਦਿੱਖ ਦੀ ਤਾਰੀਫ਼ ਕੀਤੀ ਸੀ। ਉੱਥੇ ਹੀ ਮਿਸ਼ੀਗਨ ਵਿਚ ਇਕ ਰੈਲੀ ਦੌਰਾਨ ਉਨ੍ਹਾਂ ਨੇ ਪੌਪ ਸਟਾਰ ਨਿੱਕੀ ਮਿਨਾਜ ਬਾਰੇ ਵੀ ਟਿੱਪਣੀ ਕੀਤੀ ਸੀ, ਜਿਸ ਨੇ ਕਾਫ਼ੀ ਸੁਰਖ਼ੀਆਂ ਬਟੋਰੀਆਂ ਸਨ।