- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਖੁਲਾਸਾ ਉਨ੍ਹਾਂ ਖ਼ਬਰਾਂ ਤੋਂ ਬਾਅਦ ਹੋਇਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹੁਆਂਗ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਦੀ ਸਾਜ਼ਿਸ਼ ਦਾ ਨਿਸ਼ਾਨਾ ਬਣੇ ਸਨ। ਇਸ ਖੁਲਾਸੇ ਤੋਂ ਬਾਅਦ ਐਨਵੀਡੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਿਜੀਟਲ ਡੈਸਕ, ਵਾਸ਼ਿੰਗਟਨ : ਆਰਟੀਫਿਸ਼ੀਅਲ ਇੰਟੈਲੀਜੈਂਸ (AI) ਚਿਪ ਬਣਾਉਣ ਵਾਲੀ ਦੁਨੀਆ ਦੀ ਦਿੱਗਜ ਕੰਪਨੀ ਐਨਵੀਡੀਆ ਦੇ ਸੰਸਥਾਪਕ ਅਤੇ ਸੀਈਓ ਜੇਨਸਨ ਹੁਆਂਗ ਨੇ ਆਪਣੇ ਕਰਮਚਾਰੀਆਂ ਨੂੰ ਭੇਜੀ ਇੱਕ ਈਮੇਲ ਵਿੱਚ ਇੱਕ ਸ਼ੱਕੀ ਚੀਨੀ ਜਾਸੂਸ ਨਾਲ ਪ੍ਰੇਮ ਸਬੰਧ ਹੋਣ ਦੀ ਗੱਲ ਸਵੀਕਾਰ ਕੀਤੀ ਹੈ।
ਇਹ ਖੁਲਾਸਾ ਉਨ੍ਹਾਂ ਖ਼ਬਰਾਂ ਤੋਂ ਬਾਅਦ ਹੋਇਆ ਹੈ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹੁਆਂਗ ਕਿਸੇ ਵਿਦੇਸ਼ੀ ਖੁਫੀਆ ਏਜੰਸੀ ਦੀ ਸਾਜ਼ਿਸ਼ ਦਾ ਨਿਸ਼ਾਨਾ ਬਣੇ ਸਨ। ਇਸ ਖੁਲਾਸੇ ਤੋਂ ਬਾਅਦ ਐਨਵੀਡੀਆ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਸ਼ੁਰੂ ਕਰ ਦਿੱਤੀ ਹੈ।
'ਦ ਨਿਊਯਾਰਕ ਟਾਈਮਜ਼' ਦੀ ਰਿਪੋਰਟ ਅਨੁਸਾਰ, ਜੇਨਸਨ ਹੁਆਂਗ ਚੀਨ ਦੀ ਇੱਕ ਜਾਸੂਸੀ ਸਾਜ਼ਿਸ਼ ਦਾ ਸ਼ਿਕਾਰ ਹੋਏ ਸਨ। ਇਹ ਸਾਜ਼ਿਸ਼ ਐਲਿਸ ਹੁਆਂਗ ਨਾਂ ਦੀ ਇੱਕ ਚੀਨੀ ਕਾਰੋਬਾਰੀ ਮਹਿਲਾ ਵੱਲੋਂ ਰਚੀ ਗਈ ਸੀ।
ਰਿਪੋਰਟ ਮੁਤਾਬਕ ਐਲਿਸ ਨੇ ਹੁਆਂਗ ਨਾਲ ਬੇਹੱਦ ਨਜ਼ਦੀਕੀ ਸਬੰਧ ਬਣਾਏ ਅਤੇ ਕਥਿਤ ਤੌਰ 'ਤੇ ਐਨਵੀਡੀਆ ਦੀਆਂ ਆਧੁਨਿਕ ਏਆਈ ਚਿਪਸ ਅਤੇ ਖੁਫੀਆ ਜਾਣਕਾਰੀਆਂ ਬੀਜਿੰਗ ਤੱਕ ਪਹੁੰਚਾਈਆਂ।
ਸਿੰਗਾਪੁਰ ਸਥਿਤ ਡਾਟਾ ਸੈਂਟਰ ਕੰਪਨੀ ਮੇਗਾਸਪੀਡ ਦੀ ਸਾਬਕਾ ਚੋਟੀ ਦੀ ਅਧਿਕਾਰੀ ਐਲਿਸ ਹੁਆਂਗ ਨੂੰ ਅਮਰੀਕੀ ਖੁਫੀਆ ਏਜੰਸੀਆਂ ਨੇ ਚੀਨ ਦੀ ਖੁਫੀਆ ਏਜੰਟ ਵਜੋਂ ਚਿੰਨ੍ਹਿਤ ਕੀਤਾ ਸੀ।
ਕਰਮਚਾਰੀਆਂ ਨੂੰ ਲਿਖੀ ਚਿੱਠੀ ਵਿੱਚ ਮੰਗੀ ਮਾਫ਼ੀ
ਜੇਨਸਨ ਹੁਆਂਗ ਨੇ ਕੰਪਨੀ ਦੇ ਨਾਂ 'ਤੇ ਇੱਕ ਸੰਦੇਸ਼ ਸਿਰਲੇਖ ਹੇਠ ਭੇਜੀ ਈਮੇਲ ਵਿੱਚ ਆਪਣੇ ਪਰਿਵਾਰ ਅਤੇ ਕਰਮਚਾਰੀਆਂ ਤੋਂ ਜਨਤਕ ਤੌਰ 'ਤੇ ਮਾਫ਼ੀ ਮੰਗੀ। ਹੁਆਂਗ ਨੇ ਲਿਖਿਆ, ''ਮੈਂ ਆਪਣੇ ਪਰਿਵਾਰ ਅਤੇ ਤੁਹਾਡੇ ਸਾਰਿਆਂ ਤੋਂ ਮਾਫ਼ੀ ਮੰਗਦਾ ਹਾਂ। ਮੈਂ ਆਪਣੀ ਪਤਨੀ ਨੂੰ ਧੋਖਾ ਦਿੱਤਾ। ਮੇਰੇ ਇਸ ਕਦਮ ਨਾਲ ਮੇਰੀ ਪਤਨੀ ਅਤੇ ਬੱਚਿਆਂ ਨੂੰ ਡੂੰਘੀ ਸੱਟ ਵੱਜੀ ਹੈ।''
ਉਨ੍ਹਾਂ ਲਿਖਿਆ ਕਿ ਉਨ੍ਹਾਂ ਦੇ ਕੀਤੇ ਕੰਮ ਦਾ ਕੋਈ ਬਹਾਨਾ ਨਹੀਂ ਹੋ ਸਕਦਾ ਅਤੇ ਉਨ੍ਹਾਂ ਨੂੰ ਇਸ ਦਾ ਬੇਹੱਦ ਅਫ਼ਸੋਸ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕੀਤੇ ਅਤੇ ਇਸ ਨਾਲ ਦੂਜਿਆਂ ਨੂੰ ਪਹੁੰਚੇ ਦਰਦ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਹਰ ਤਰ੍ਹਾਂ ਦੀ ਆਲੋਚਨਾ ਸਵੀਕਾਰ ਕਰਦੇ ਹਨ।
ਹੁਆਂਗ ਨੇ ਅੱਗੇ ਕਿਹਾ ਕਿ ਉਹ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਐਨਵੀਡੀਆ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਉਨ੍ਹਾਂ ਕੰਪਨੀ ਦੇ ਬੋਰਡ ਵੱਲੋਂ ਸ਼ੁਰੂ ਕੀਤੀ ਗਈ ਸੁਤੰਤਰ ਜਾਂਚ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਨਾਲ ਹੀ ਅਪੀਲ ਕੀਤੀ ਕਿ ਉਨ੍ਹਾਂ ਦੇ ਨਿੱਜੀ ਫ਼ੈਸਲਿਆਂ ਲਈ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕੀਤਾ ਜਾਵੇ।
ਐਨਵੀਡੀਆ ਬੋਰਡ ਨੇ ਬਿਠਾਈ ਸੁਤੰਤਰ ਜਾਂਚ
ਐਨਵੀਡੀਆ ਦੇ ਬੋਰਡ ਨੇ ਐਤਵਾਰ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਸੁਤੰਤਰ ਜਾਂਚ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ। ਬੋਰਡ ਨੇ ਕਿਹਾ ਕਿ ਫਿਲਹਾਲ ਅਜਿਹਾ ਕੋਈ ਸੰਕੇਤ ਜਾਂ ਆਧਾਰ ਨਹੀਂ ਮਿਲਿਆ, ਜਿਸ ਤੋਂ ਇਹ ਲੱਗੇ ਕਿ ਦੇਸ਼ ਦੀ ਰਾਸ਼ਟਰੀ ਸੁਰੱਖਿਆ ਜਾਂ ਕੰਪਨੀ ਦੀਆਂ ਗੁਪਤ ਤਕਨੀਕੀ ਜਾਣਕਾਰੀਆਂ ਨਾਲ ਕੋਈ ਸਮਝੌਤਾ ਹੋਇਆ ਹੈ। ਇਸ ਦੇ ਬਾਵਜੂਦ ਸਾਰੇ ਉਪਲਬਧ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।
ਬਾਹਰੀ ਕਾਨੂੰਨੀ ਮਾਹਿਰਾਂ ਦੀ ਮਦਦ ਨਾਲ ਸੁਤੰਤਰ ਡਾਇਰੈਕਟਰਾਂ ਦੀ ਇੱਕ ਕਮੇਟੀ ਇਸ ਜਾਂਚ ਦੀ ਨਿਗਰਾਨੀ ਕਰੇਗੀ। ਬੋਰਡ ਨੇ ਹੁਆਂਗ ਅਤੇ ਉਨ੍ਹਾਂ ਦੀ ਅਗਵਾਈ 'ਤੇ ਆਪਣਾ ਭਰੋਸਾ ਵੀ ਕਾਇਮ ਰੱਖਿਆ ਹੈ।
ਦੂਜੇ ਪਾਸੇ, ਇਸ ਪੂਰੇ ਮਾਮਲੇ ਬਾਰੇ ਪੁੱਛੇ ਗਏ ਸਵਾਲ 'ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਇਸ ਨੂੰ ਕੰਪਨੀ ਦਾ ''ਅੰਦਰੂਨੀ ਕਾਰਪੋਰੇਟ ਮਾਮਲਾ'' ਦੱਸਿਆ।
ਮੇਗਾਸਪੀਡ ਨਾਲ ਆਮ ਕਾਰੋਬਾਰੀ ਸਬੰਧ ਹੋਣ ਦਾ ਦਾਅਵਾ
ਵਿਵਾਦਾਂ ਦੇ ਕੇਂਦਰ ਵਿੱਚ ਆਈ ਕੰਪਨੀ ਮੇਗਾਸਪੀਡ ਪਹਿਲਾਂ ਤੋਂ ਹੀ ਅਮਰੀਕੀ ਵਣਜ ਵਿਭਾਗ ਦੀ ਜਾਂਚ ਦੇ ਘੇਰੇ ਵਿੱਚ ਰਹੀ ਹੈ। ਜਾਂਚ ਕੀਤੀ ਜਾ ਰਹੀ ਸੀ ਕਿ ਕੀ ਇਹ ਕੰਪਨੀ ਅਮਰੀਕੀ ਪਾਬੰਦੀਆਂ ਨੂੰ ਦਰਕਿਨਾਰ ਕਰਕੇ ਚੀਨ ਨੂੰ ਐਨਵੀਡੀਆ ਦੀਆਂ ਚਿਪਸ ਹਾਸਲ ਕਰਨ ਵਿੱਚ ਮਦਦ ਕਰ ਰਹੀ ਸੀ।
ਇਸ ਮੁੱਦੇ 'ਤੇ ਸਫ਼ਾਈ ਦਿੰਦਿਆਂ ਜੇਨਸਨ ਹੁਆਂਗ ਨੇ ਕਿਹਾ ਕਿ ਮੇਗਾਸਪੀਡ ਅਤੇ ਉਸ ਦੇ ਅਧਿਕਾਰੀਆਂ ਨਾਲ ਐਨਵੀਡੀਆ ਦੇ ਸਬੰਧ ਪੂਰੀ ਤਰ੍ਹਾਂ ਆਮ ਅਤੇ ਪੇਸ਼ੇਵਰ ਸਨ। ਉਨ੍ਹਾਂ ਕਿਹਾ ਕਿ ਕੰਪਨੀ ਨੇ ਆਪਣੀਆਂ ਜੀਪੀਯੂ ਚਿਪਸ ਦੀ ਸਪਲਾਈ ਅਤੇ ਤਾਇਨਾਤੀ ਦਾ ਪੂਰਾ ਹਿਸਾਬ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਐਲਿਸ ਹੁਆਂਗ ਨਾਲ ਉਨ੍ਹਾਂ ਦੀ ਗੱਲਬਾਤ ਵੀ ਉਸੇ ਤਰ੍ਹਾਂ ਦੀ ਸੀ, ਜਿਵੇਂ ਹੋਰ ਚੀਨੀ ਗਾਹਕਾਂ ਅਤੇ ਅਧਿਕਾਰੀਆਂ ਨਾਲ ਹੁੰਦੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਐਲਿਸ ਹੁਣ ਉਸ ਕੰਪਨੀ ਵਿੱਚ ਕੰਮ ਨਹੀਂ ਕਰਦੀ ਅਤੇ ਅਮਰੀਕੀ ਸਰਕਾਰ ਨੇ ਪਹਿਲਾਂ ਕਦੇ ਵੀ ਉਨ੍ਹਾਂ ਨੂੰ ਐਲਿਸ ਬਾਰੇ ਕਿਸੇ ਖੁਫੀਆ ਸ਼ੱਕ ਦੀ ਜਾਣਕਾਰੀ ਨਹੀਂ ਦਿੱਤੀ ਸੀ।