- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਜ਼ਰਾਈਲ ਨੂੰ ਹਥਿਆਰ ਦੇਣ ਦੀ ਯੋਜਨਾ ਦੇ ਸਬੰਧ ’ਚ ਜਾਣਕਾਰੀ ਰੱਖਣ ਵਾਲੇ ਦੋ ਅਮਰੀਕੀ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਮੰਗਲਵਾਰ ਨੂੰ ਦੱਸਿਆ ਕਿ 2.8 ਅਰਬ ਡਾਲਰ ਦੇ ਇਸ ਪੈਕੇਜ ਦੇ ਤਹਿਤ ਕੁੱਲ 40 ਹਜ਼ਾਰ ਬੰਬ ਦੇਣ ਦੀ ਯੋਜਨਾ ਹੈ।

ਵਾਸ਼ਿੰਗਟਨ (ਏਪੀ) : ਅਮਰੀਕਾ ਦਾ ਟਰੰਪ ਪ੍ਰਸ਼ਾਸਨ ਇਜ਼ਰਾਈਲ ਨੂੰ ਬੇਹੱਦ ਤਾਕਤਵਰ ਬੰਬ ਦੇਣ ਦੀ ਤਿਆਰੀ ’ਚ ਹੈ। ਤਜਵੀਜ਼ਸ਼ੁਦਾ ਫ਼ੌਜੀ ਸਮਝੌਤੇ ਦੇ ਤਹਿਤ ਇਜ਼ਰਾਈਲ ਨੂੰ ਦੋ ਹਜ਼ਾਰ ਪਾਊਂਡ ਭਾਰ ਵਾਲੇ 40 ਹਜ਼ਾਰ ਤਾਕਤਵਰ ਬੰਬ ਦੇਣ ਦੀ ਯੋਜਨਾ ਹੈ। ਇਹ ਉਹੀ ਹਥਿਆਰ ਹਨ, ਜਿਨ੍ਹਾਂ ਦੀ ਸਪਲਾਈ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਗਾਜ਼ਾ ’ਚ ਭਾਰੀ ਤਬਾਹੀ ਤੇ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਦੇ ਖ਼ਦਸ਼ੇ ਕਾਰਨ ਰੋਕ ਦਿੱਤੀ ਸੀ।
ਇਜ਼ਰਾਈਲ ਨੂੰ ਹਥਿਆਰ ਦੇਣ ਦੀ ਯੋਜਨਾ ਦੇ ਸਬੰਧ ’ਚ ਜਾਣਕਾਰੀ ਰੱਖਣ ਵਾਲੇ ਦੋ ਅਮਰੀਕੀ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਮੰਗਲਵਾਰ ਨੂੰ ਦੱਸਿਆ ਕਿ 2.8 ਅਰਬ ਡਾਲਰ ਦੇ ਇਸ ਪੈਕੇਜ ਦੇ ਤਹਿਤ ਕੁੱਲ 40 ਹਜ਼ਾਰ ਬੰਬ ਦੇਣ ਦੀ ਯੋਜਨਾ ਹੈ। ਇਨ੍ਹਾਂ ’ਚੋਂ 20 ਹਜ਼ਾਰ ਐੱਮਕੇ84 ਤੇ ਇੰਨੇ ਹੀ ਬੀਐੱਲਯੂ-117 ਬੰਬ ਸ਼ਾਮਲ ਹੋਣਗੇ। ਹਾਲੇ ਇਸ ਯੋਜਨਾ ਨੂੰ ਆਖਰੀ ਰੂਪ ਨਹੀਂ ਦਿੱਤਾ ਗਿਆ। ਇਹ ਤਜਵੀਜ਼ਸ਼ੁਦਾ ਸੌਦਾ ਇਜ਼ਰਾਈਲ ਦੀਆਂ ਫ਼ੌਜੀ ਸਮਰੱਥਾਵਾਂ ਨੂੰ ਵਧਾਉਣ ਦੇ ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਕੜੀ ’ਚ ਨਵੀਨਤਮ ਹੈ। ਹਥਿਆਰ ਵਿਕਰੀ ਦੀ ਯੋਜਨਾ ਦੀ ਖ਼ਬਰ ਸਭ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਨੇ ਦਿੱਤੀ ਸੀ। 2024 ’ਚ ਤਤਕਾਲੀ ਬਾਇਡਨ ਪ੍ਰਸ਼ਾਸਨ ਨੇ ਇਜ਼ਰਾਈਲ ਲਈ ਇਨ੍ਹਾਂ ਬੰਬਾਂ ਦੀ ਖੇਪ ਰੋਕ ਦਿੱਤੀ ਸੀ ਪਰ ਜਨਵਰੀ 2025 ’ਚ ਅਹੁਦਾ ਸੰਭਾਲਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੋਕ ਹਟਾ ਦਿੱਤੀ ਸੀ।
---------------
ਇਸ ਤਰੀਕੇ ਨਾਲ ਅਦਾ ਕੀਤੀ ਜਾਵੇਗੀ ਜ਼ਿਆਦਾਤਰ ਰਕਮ
ਅਮਰੀਕੀ ਸੰਸਦ ਨੂੰ ਇਸ ਸਮਝੌਤੇ ਦੇ ਸਬੰਧ ’ਚ ਗ਼ੈਰ-ਰਸਮੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਸਮਝੌਤੇ ਦੀ ਜ਼ਿਆਦਾਤਰ ਰਕਮ ਵਿਦੇਸ਼ੀ ਫ਼ੌਜੀ ਫੰਡਿੰਗ ਰਾਹੀਂ ਅਦਾ ਕੀਤੀ ਜਾਣੀ ਹੈ। ਇਸਦੇ ਤਹਿਤ ਅਮਰੀਕੀ ਕਰਦਾਤਿਆਂ ਦੀ ਰਕਮ ਇਜ਼ਰਾਈਲ ਨੂੰ ਦਿੱਤੀ ਜਾਂਦੀ ਹੈ ਤੇ ਇਜ਼ਰਾਈਲ ਇਸਦੀ ਵਰਤੋਂ ਅਮਰੀਕਾ ਤੋਂ ਹਥਿਆਰ ਖ਼ਰੀਦਣ ਲਈ ਕਰਦਾ ਹੈ।
---------------
ਅਜਿਹੀ ਹਾਲਤ ਦਾ ਸਾਹਮਣਾ ਕਰ ਰਿਹੈ ਇਜ਼ਰਾਈਲ
ਇਹ ਯੋਜਨਾ ਅਜਿਹੇ ਸਮੇਂ ’ਚ ਸਾਹਮਣੇ ਆਈ ਹੈ, ਜਦੋਂ ਹਮਾਸ ਦੇ ਸੱਤ ਅਕਤੂਬਰ 2023 ਦੇ ਹਮਲੇ ਦੇ ਜਵਾਬ ’ਚ ਗਾਜ਼ਾ ’ਚ ਸ਼ੁਰੂ ਕੀਤੀ ਗਈ ਜੰਗ ਕਾਰਨ ਇਜ਼ਰਾਈਲ ਨੂੰ ਵਧਦੇ ਅੰਤਰਰਾਸ਼ਟਰੀ ਵੱਖਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਾਜ਼ਾ ’ਚ ਜੰਗ ਦੌਰਾਨ 73 ਹਜ਼ਾਰ ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ ਤੇ ਇਸ ਖੇਤਰ ’ਚ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਅਮਰੀਕਾ ਦੀ ਵਿਚੋਲਗੀ ਨਾਲ ਜੰਗਬੰਦੀ ਹੋਈ ਸੀ ਪਰ ਇਸਦੇ ਬਾਵਜੂਦ ਹਿੰਸਾ ਜਾਰੀ ਹੈ।