- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕੀ ਕਾਂਗਰਸ ਨੇ ਪਿਛਲੇ ਸਾਲ ਇਸ ਸਿਸਟਮ ਨੂੰ ਬਦਲਣ ਲਈ 12.5 ਅਰਬ ਡਾਲਰ ਦੀ ਮਨਜ਼ੂਰੀ ਦਿੱਤੀ ਸੀ। ਇਸ ਯੋਜਨਾ ਤਹਿਤ ਮੀਲਾਂ ਲੰਬੀਆਂ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਨੂੰ ਫਾਈਬਰ-ਆਪਟਿਕ ਲਾਈਨਾਂ ਨਾਲ ਬਦਲਣਾ ਅਤੇ ਹਵਾਈ ਅੱਡਿਆਂ ’ਤੇ ਰੇਡੀਓ ਸਿਸਟਮਾਂ ਨੂੰ ਪੜਾਅਵਾਰ ਅਪਗ੍ਰੇਡ ਕਰਨਾ ਸ਼ਾਮਲ ਹੈ। ਹਾਲਾਂਕਿ, ਇਹ ਕੰਮ ਅਜੇ ਪੂਰਾ ਨਹੀਂ ਹੋਇਆ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਮਰੀਕਾ ਦੇ ਅਸਮਾਨ ਵਿਚ ਉਸ ਸਮੇਂ ਹਫੜਾ-ਦਫੜੀ ਵਰਗੇ ਹਾਲਾਤ ਬਣ ਗਏ, ਜਦੋਂ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਸਿਸਟਮ ਨੇ ਕੰਮ ਕਰਨਾ ਬੰਦ ਕਰ ਦਿੱਤਾ। ਸੁਰੱਖਿਆ ਦੇ ਮੱਦੇਨਜ਼ਰ ਸਾਰੀਆਂ ਉਡਾਣਾਂ ਨੂੰ ਜ਼ਮੀਨ ’ਤੇ ਰੋਕਣ ਦੇ ਨਿਰਦੇਸ਼ ਦਿੱਤੇ ਗਏ, ਤਾਂ ਜੋ ਹਾਲਾਤ ਹੋਰ ਖ਼ਰਾਬ ਨਾ ਹੋਣ।
ਅਮਰੀਕਾ ਦੇ ਏਅਰ ਟ੍ਰੈਫਿਕ ਕੰਟਰੋਲ ਕੇਂਦਰਾਂ ਨੂੰ ਆਪਸ ਵਿਚ ਜੋੜਨ ਵਾਲੇ ਨੈੱਟਵਰਕ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਪੂਰੇ ਦੇਸ਼ ਵਿਚ ਚਾਰ ਘੰਟਿਆਂ ਤੋਂ ਵੱਧ ਸਮੇਂ ਤੱਕ ਉਡਾਣਾਂ ਰੋਕੀਆਂ ਰਹੀਆਂ। ਹਾਲਾਂਕਿ ਦਿਨ ਦੇ ਅੰਤ ਤੱਕ ਉਡਾਣਾਂ ’ਤੇ ਲੱਗੀ ਰੋਕ ਹਟਾ ਦਿੱਤੀ ਗਈ, ਪਰ ਏਅਰਲਾਈਨਾਂ ਨੂੰ ਮੁੜ ਆਮ ਸਥਿਤੀ ਵਿਚ ਆਉਣ ਲਈ ਅਜੇ ਕੁਝ ਦਿਨ ਲੱਗਣਗੇ।
ਪੂਰੇ ਦੇਸ਼ ਵਿਚ ਕਿਉਂ ਫੈਲੀ ਸਮੱਸਿਆ?
ਇਹ ਸਮੱਸਿਆ ਕਿਸੇ ਇਕ ਹਵਾਈ ਅੱਡੇ ਜਾਂ ਉਡਾਣ ਮਾਰਗ ਤੱਕ ਸੀਮਤ ਨਹੀਂ ਸੀ। ਅਸਲ ਖ਼ਰਾਬੀ ਖੇਤਰੀ ਏਅਰ ਟ੍ਰੈਫਿਕ ਕੰਟਰੋਲ ਕੇਂਦਰਾਂ ਨੂੰ ਜੋੜਨ ਵਾਲੇ ਸੰਚਾਰ ਨੈੱਟਵਰਕ ਵਿਚ ਸੀ। ਇਸ ਕਾਰਨ ਇਕ ਥਾਂ ਆਈ ਖ਼ਰਾਬੀ ਦਾ ਅਸਰ ਪੂਰੇ ਦੇਸ਼ ਵਿਚ ਫੈਲ ਗਿਆ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਦੇ ਸਾਬਕਾ ਏਅਰਸਪੇਸ ਮੈਨੇਜਰ ਮਾਈਕਲ ਮੈਕਕੌਰਮਿਕ ਨੇ ਇਸ ਨੈੱਟਵਰਕ ਨੂੰ "ਦੇਸ਼ ਦੇ ਸਭ ਤੋਂ ਵੱਡੇ ਦੂਰਸੰਚਾਰ ਸਿਸਟਮਾਂ ਵਿਚੋਂ ਇਕ" ਦੱਸਿਆ ਹੈ।
ਪੁਰਾਣੇ ਉਪਕਰਨਾਂ ਕਾਰਨ ਆਈ ਸਮੱਸਿਆ
ਜਦੋਂ ਕੋਈ ਵੱਡਾ ਸਿਸਟਮ ਖ਼ਰਾਬ ਹੁੰਦਾ ਹੈ ਤਾਂ ਇਸ ਦਾ ਅਸਰ ਉਸ ਥਾਂ ਤੋਂ ਕਾਫ਼ੀ ਦੂਰ ਤੱਕ ਪੈਂਦਾ ਹੈ। ਸਵਾਲ ਇਹ ਹੈ ਕਿ ਅਸਲ ਵਿਚ ਕੀ ਗੜਬੜ ਹੋਈ? ਇਹ ਖੇਤਰੀ ਕੇਂਦਰ ਹਜ਼ਾਰਾਂ ਮੀਲ ਤੱਕ ਜਹਾਜ਼ਾਂ ਨੂੰ ਉਨ੍ਹਾਂ ਦੇ ਨਿਰਧਾਰਤ ਰਸਤੇ ’ਤੇ ਕਿਵੇਂ ਰੱਖਦੇ ਹਨ ਅਤੇ ਜ਼ਮੀਨ ’ਤੇ ਲੱਗੇ ਉਪਕਰਨਾਂ ਦੀ ਖ਼ਰਾਬੀ ਹਵਾ ਵਿਚ ਉੱਡ ਰਹੀਆਂ ਉਡਾਣਾਂ ਨੂੰ ਕਿਵੇਂ ਰੋਕ ਸਕਦੀ ਹੈ?
ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਮਰੀਕੀ ਏਅਰ ਟ੍ਰੈਫਿਕ ਕੰਟਰੋਲ ਸਿਸਟਮ ਵਿਚ ਪੁਰਾਣੇ ਉਪਕਰਨਾਂ ਕਾਰਨ ਸਮੇਂ-ਸਮੇਂ ’ਤੇ ਸੰਚਾਰ ਅਤੇ ਰਡਾਰ ਸੇਵਾਵਾਂ ਵਿਚ ਰੁਕਾਵਟਾਂ ਆ ਰਹੀਆਂ ਸਨ।
ਕਿਉਂ ਬੰਦ ਕਰਨਾ ਪਿਆ ਹਵਾਈ ਖੇਤਰ?
ਸਮਾਚਾਰ ਏਜੰਸੀ ਏਪੀ ਮੁਤਾਬਕ, ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਦੱਸਿਆ ਕਿ ਹਰ ਚਾਰ ਤੋਂ ਪੰਜ ਸਕਿੰਟਾਂ ਵਿਚ 1,000 ਤੋਂ ਵੱਧ ਵਾਰ ਕਨੈਕਸ਼ਨ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕਾਰਨ ਜਹਾਜ਼ਾਂ ਨਾਲ ਸੰਚਾਰ ਕਰਨ ਵਿਚ ਦਿੱਕਤਾਂ ਆਈਆਂ ਅਤੇ ਰਡਾਰ ਫੀਡ ਵਿਚ ਵੀ ਰੁਕਾਵਟਾਂ ਪੈਦਾ ਹੋਈਆਂ।
ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ, ਇਸ ਲਈ ਹਵਾਈ ਖੇਤਰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ।
12.5 ਅਰਬ ਡਾਲਰ ਨਾਲ ਬਦਲੇਗਾ ਪੂਰਾ ਸਿਸਟਮ
ਅਮਰੀਕੀ ਕਾਂਗਰਸ ਨੇ ਪਿਛਲੇ ਸਾਲ ਇਸ ਸਿਸਟਮ ਨੂੰ ਬਦਲਣ ਲਈ 12.5 ਅਰਬ ਡਾਲਰ ਦੀ ਮਨਜ਼ੂਰੀ ਦਿੱਤੀ ਸੀ। ਇਸ ਯੋਜਨਾ ਤਹਿਤ ਮੀਲਾਂ ਲੰਬੀਆਂ ਪੁਰਾਣੀਆਂ ਤਾਂਬੇ ਦੀਆਂ ਤਾਰਾਂ ਨੂੰ ਫਾਈਬਰ-ਆਪਟਿਕ ਲਾਈਨਾਂ ਨਾਲ ਬਦਲਣਾ ਅਤੇ ਹਵਾਈ ਅੱਡਿਆਂ ’ਤੇ ਰੇਡੀਓ ਸਿਸਟਮਾਂ ਨੂੰ ਪੜਾਅਵਾਰ ਅਪਗ੍ਰੇਡ ਕਰਨਾ ਸ਼ਾਮਲ ਹੈ। ਹਾਲਾਂਕਿ, ਇਹ ਕੰਮ ਅਜੇ ਪੂਰਾ ਨਹੀਂ ਹੋਇਆ ਹੈ।
ਡਫੀ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈਆਂ ਪ੍ਰੈੱਸ ਕਾਨਫਰੰਸਾਂ ਦੌਰਾਨ ਕਾਂਗਰਸ ਨੂੰ ਇਸ ਅਪਗ੍ਰੇਡ ਲਈ ਹੋਰ ਫੰਡ ਜਾਰੀ ਕਰਨ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਹੋਈ ਇਹ ਰੋਕ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਅਮਰੀਕਾ ਵਿਚ ਹਵਾਈ ਯਾਤਰਾ ’ਤੇ ਲੱਗੀ ਸਭ ਤੋਂ ਲੰਬੀ ਰੋਕ ਸੀ। ਇਹ ਦੇਸ਼ ਦੇ ਹਵਾਬਾਜ਼ੀ ਖੇਤਰ ਵਿਚ ਇਕ ਦਿਨ ਦੌਰਾਨ ਆਈਆਂ ਸਭ ਤੋਂ ਵੱਡੀਆਂ ਰੁਕਾਵਟਾਂ ਵਿਚੋਂ ਇਕ ਸੀ।