ਅਮਰੀਕਾ 'ਚ ਕਿਉਂ ਹੁੰਦੀਆਂ ਹਨ ਮਿਡਟਰਮ ਚੋਣਾਂ, ਕੀ ਹੈ ਇਸ ਦਾ ਮਤਲਬ? ਟਰੰਪ ਦੇ ਸਿਆਸੀ ਭਵਿੱਖ ਲਈ ਕਿੰਨਾ ਵੱਡਾ ਖ਼ਤਰਾ?
US Mid-Term Elections : ਅਮਰੀਕੀ ਇਤਿਹਾਸ 'ਚ ਅਜਿਹੇ ਬਹੁਤ ਘੱਟ ਮੌਕੇ ਆਏ ਹਨ, ਜਦੋਂ ਰਾਸ਼ਟਰਪਤੀ ਦੀ ਪਾਰਟੀ ਨੇ ਮਿਡਟਰਮ ਚੋਣਾਂ 'ਚ ਸੀਟਾਂ ਜਿੱਤੀਆਂ ਹੋਣ। ਉਦਾਹਰਨ ਵਜੋਂ, 1934 'ਚ ਫ੍ਰੈਂਕਲਿਨ ਡੀ. ਰੂਜ਼ਵੈਲਟ ਦੀ ਪਾਰਟੀ ਨੇ ਮਹਾਨ ਆਰਥਿਕ ਮੰਦੀ ਦੌਰਾਨ ਆਪਣੀ 'ਨਿਊ ਡੀਲ' ਨੀਤੀ ਦੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
Publish Date: Sun, 25 Oct 2026 03:10 PM (IST)
Updated Date: Sun, 25 Oct 2026 03:15 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅਮਰੀਕੀ ਸਿਆਸੀ ਪ੍ਰਣਾਲੀ ਦੁਨੀਆ ਦੀਆਂ ਸਭ ਤੋਂ ਦਿਲਚਸਪ ਤੇ ਗੁੰਝਲਦਾਰ ਪ੍ਰਣਾਲੀਆਂ 'ਚੋਂ ਇਕ ਹੈ। ਇੱਥੇ ਹਰ ਚਾਰ ਸਾਲ ਬਾਅਦ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਪਰ ਠੀਕ ਦੋ ਸਾਲ ਬਾਅਦ ਯਾਨੀ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਇਕ ਹੋਰ ਵੱਡੀ ਚੋਣ ਕਰਵਾਈ ਜਾਂਦੀ ਹੈ, ਜਿਸ ਨੂੰ 'ਮਿਡਟਰਮ ਚੋਣਾਂ' ਕਿਹਾ ਜਾਂਦਾ ਹੈ। ਇਹ ਚੋਣਾਂ ਅਮਰੀਕੀ ਲੋਕਤੰਤਰ ਦਾ ਉਹ ਮੋੜ ਹਨ ਜੋ ਤੈਅ ਕਰਦੀਆਂ ਹਨ ਕਿ ਵ੍ਹਾਈਟ ਹਾਊਸ ਦੀ ਤਾਕਤ 'ਤੇ ਲਗਾਮ ਲੱਗੇਗੀ ਜਾਂ ਉਸ ਨੂੰ ਹੋਰ ਤਾਕਤ ਮਿਲੇਗੀ। ਅਗਲੇ ਮਹੀਨੇ, ਯਾਨੀ 3 ਨਵੰਬਰ ਨੂੰ ਵੀ ਅਮਰੀਕਾ 'ਚ ਮਿਡਟਰਮ ਚੋਣਾਂ ਹੋਣ ਜਾ ਰਹੀਆਂ ਹਨ।
ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਟਰੰਪ ਪ੍ਰਸ਼ਾਸਨ ਅਤੇ ਰਿਪਬਲਿਕਨ ਪਾਰਟੀ ਲਈ ਵੀ ਇਹ ਸਿਆਸੀ ਮਹਾਸੰਗਰਾਮ 'ਕਰੋ ਜਾਂ ਮਰੋ' ਵਰਗਾ ਹੈ। ਅਮਰੀਕੀ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਆਮ ਤੌਰ 'ਤੇ ਇਨ੍ਹਾਂ ਚੋਣਾਂ 'ਚ ਸੱਤਾਧਾਰੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਅਜਿਹੇ 'ਚ ਸਵਾਲ ਇਹ ਹੈ ਕਿ ਆਖ਼ਰ ਮਿਡਟਰਮ ਚੋਣਾਂ ਕਿਉਂ ਕਰਵਾਈਆਂ ਜਾਂਦੀਆਂ ਹਨ? ਇਨ੍ਹਾਂ ਦਾ ਕੀ ਮਤਲਬ ਹੈ? ਜੇਕਰ ਮੌਜੂਦਾ ਰਾਸ਼ਟਰਪਤੀ ਦੀ ਪਾਰਟੀ ਨੂੰ ਇਨ੍ਹਾਂ ਚੋਣਾਂ 'ਚ ਘੱਟ ਸੀਟਾਂ ਮਿਲਦੀਆਂ ਹਨ ਤਾਂ ਕੀ ਹੋਵੇਗਾ? ਅਤੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ 2026 ਦੀਆਂ ਚੋਣਾਂ ਡੋਨਲਡ ਟਰੰਪ ਦੇ ਸਿਆਸੀ ਭਵਿੱਖ ਲਈ ਕੀ ਮਾਇਨੇ ਰੱਖਦੀਆਂ ਹਨ? ਆਓ ਜਾਣਦੇ ਹਾਂ।
ਪਹਿਲਾਂ ਜਾਣੋ, ਮਿਡਟਰਮ ਚੋਣਾਂ ਕਿਉਂ ਕਰਵਾਈਆਂ ਜਾਂਦੀਆਂ ਹਨ?
ਅਮਰੀਕੀ ਸੰਵਿਧਾਨ ਦੇ ਅਨੁਸਾਰ ਰਾਸ਼ਟਰਪਤੀ ਦਾ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ, ਜਦਕਿ ਕਾਂਗਰਸ (ਸੰਸਦ) ਦੇ ਦੋਵਾਂ ਸਦਨਾਂ ਦੇ ਮੈਂਬਰਾਂ ਦਾ ਕਾਰਜਕਾਲ ਵੱਖ-ਵੱਖ ਤੈਅ ਕੀਤਾ ਗਿਆ ਹੈ।
- ਪ੍ਰਤੀਨਿਧੀ ਸਭਾ (ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼) : ਇਸ ਦੇ ਸਾਰੇ 435 ਮੈਂਬਰਾਂ ਦੀ ਚੋਣ ਹਰ ਦੋ ਸਾਲ ਬਾਅਦ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਰਾਸ਼ਟਰਪਤੀ ਦੀ ਚੋਣ ਦੇ ਨਾਲ ਵੀ ਅਤੇ ਉਸ ਤੋਂ ਠੀਕ ਦੋ ਸਾਲ ਬਾਅਦ ਮਿਡਟਰਮ ਚੋਣਾਂ ਦੌਰਾਨ ਵੀ।
- ਸੈਨੇਟ : ਇਸ 'ਚ 100 ਸੀਟਾਂ ਹੁੰਦੀਆਂ ਹਨ ਅਤੇ ਸੈਨੇਟਰਾਂ ਦਾ ਕਾਰਜਕਾਲ ਛੇ ਸਾਲ ਦਾ ਹੁੰਦਾ ਹੈ। ਹਰ ਦੋ ਸਾਲ ਬਾਅਦ ਲਗਭਗ ਇਕ-ਤਿਹਾਈ, ਯਾਨੀ 33 ਤੋਂ 35 ਸੀਟਾਂ 'ਤੇ ਚੋਣਾਂ ਹੁੰਦੀਆਂ ਹਨ।
ਹੁਣ ਜਾਣੋ, ਇਸ ਦਾ ਕੀ ਮਤਲਬ ਹੈ?
ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਮਿਡਟਰਮ ਚੋਣਾਂ ਅਸਲ 'ਚ ਮੌਜੂਦਾ ਰਾਸ਼ਟਰਪਤੀ ਦੇ ਸ਼ੁਰੂਆਤੀ ਦੋ ਸਾਲਾਂ ਦੇ ਕੰਮਕਾਜ ਬਾਰੇ ਜਨਤਾ ਦਾ 'ਰਿਪੋਰਟ ਕਾਰਡ' ਹੁੰਦੀਆਂ ਹਨ। ਅਮਰੀਕੀ ਲੋਕ ਇਨ੍ਹਾਂ ਚੋਣਾਂ ਰਾਹੀਂ ਤੈਅ ਕਰਦੇ ਹਨ ਕਿ ਉਹ ਰਾਸ਼ਟਰਪਤੀ ਦੀਆਂ ਨੀਤੀਆਂ ਤੋਂ ਸੰਤੁਸ਼ਟ ਹਨ ਜਾਂ ਨਹੀਂ। ਇਨ੍ਹਾਂ ਚੋਣਾਂ ਰਾਹੀਂ ਸੰਸਦ 'ਚ ਸੱਤਾ ਦਾ ਸੰਤੁਲਨ ਬਦਲਿਆ ਜਾ ਸਕਦਾ ਹੈ। ਜੇਕਰ ਜਨਤਾ ਰਾਸ਼ਟਰਪਤੀ ਤੋਂ ਨਾਰਾਜ਼ ਹੈ ਤਾਂ ਉਹ ਵਿਰੋਧੀ ਪਾਰਟੀ ਨੂੰ ਬਹੁਮਤ ਦੇ ਕੇ ਸੰਸਦ ਦੀ ਕਮਾਨ ਸੌਂਪ ਸਕਦੀ ਹੈ।
ਇਨ੍ਹਾਂ ਚੋਣਾਂ ਬਾਰੇ ਕੀ ਕਹਿੰਦਾ ਹੈ ਅਮਰੀਕੀ ਇਤਿਹਾਸ ?
ਇਸ ਗੱਲ 'ਚ ਕੋਈ ਦੋ ਰਾਵਾਂ ਨਹੀਂ ਕਿ ਅਮਰੀਕੀ ਇਤਿਹਾਸ ਦਾ ਇਹ ਇਕ ਅਜਿਹਾ ਕੌੜਾ ਸੱਚ ਹੈ, ਜਿਸ ਨੂੰ 'ਮਿਡਟਰਮ ਦਾ ਸਰਾਪ' ਕਿਹਾ ਜਾਂਦਾ ਹੈ। ਆਮ ਤੌਰ 'ਤੇ ਦੇਖਿਆ ਗਿਆ ਹੈ ਕਿ ਵ੍ਹਾਈਟ ਹਾਊਸ 'ਚ ਸੱਤਾ ਸੰਭਾਲ ਰਹੀ ਰਾਸ਼ਟਰਪਤੀ ਦੀ ਪਾਰਟੀ ਨੂੰ ਮਿਡਟਰਮ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੰਕੜੇ ਕੀ ਕਹਿੰਦੇ ਹਨ?
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਲਗਭਗ 90 ਫ਼ੀਸਦੀ ਮੌਕਿਆਂ 'ਤੇ, ਸਪੱਸ਼ਟ ਸ਼ਬਦਾਂ 'ਚ ਕਹੀਏ ਤਾਂ 20 'ਚੋਂ 18 ਵਾਰ, ਸੱਤਾਧਾਰੀ ਪਾਰਟੀ ਨੂੰ ਪ੍ਰਤੀਨਿਧੀ ਸਭਾ 'ਚ ਸੀਟਾਂ ਦਾ ਨੁਕਸਾਨ ਝੱਲਣਾ ਪਿਆ ਹੈ। ਰਾਸ਼ਟਰਪਤੀ ਦੀ ਪਾਰਟੀ ਔਸਤਨ ਹਾਊਸ 'ਚ 26 ਸੀਟਾਂ ਅਤੇ ਸੈਨੇਟ 'ਚ ਲਗਭਗ ਚਾਰ ਸੀਟਾਂ ਗੁਆ ਦਿੰਦੀ ਹੈ।
ਓਬਾਮਾ ਤੋਂ ਬੁਸ਼ ਤਕ, ਸਾਰਿਆਂ ਨੂੰ ਕਰਨਾ ਪਿਆ ਇਸ ਸਰਾਪ ਦਾ ਸਾਹਮਣਾ
ਇਤਿਹਾਸ ਦੀ ਗੱਲ ਹੋ ਗਈ, ਹੁਣ ਕੁਝ ਉਦਾਹਰਨਾਂ ਵੀ ਦੇਖਦੇ ਹਾਂ। ਸਾਲ 2010 'ਚ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸ ਸਮੇਂ ਹੋਈਆਂ ਮਿਡਟਰਮ ਚੋਣਾਂ 'ਚ ਡੈਮੋਕ੍ਰੇਟਿਕ ਪਾਰਟੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਓਬਾਮਾ ਨੇ ਖ਼ੁਦ ਇਸ ਨੂੰ ਆਪਣੀ ਪਾਰਟੀ ਲਈ 'ਸ਼ੈਲੈਕਿੰਗ' ਯਾਨੀ ਕਰਾਰੀ ਹਾਰ ਕਰਾਰ ਦਿੱਤਾ ਸੀ। ਇਨ੍ਹਾਂ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੇ ਪ੍ਰਤੀਨਿਧੀ ਸਭਾ ਦੀਆਂ 63 ਸੀਟਾਂ ਗੁਆ ਦਿੱਤੀਆਂ ਸਨ।
ਇਸ ਤੋਂ ਪਹਿਲਾਂ ਸਾਲ 2006 'ਚ ਜਾਰਜ ਡਬਲਯੂ. ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਸਨ। ਉਸ ਸਮੇਂ ਮਿਡਟਰਮ ਚੋਣਾਂ ਦੌਰਾਨ ਇਰਾਕ ਜੰਗ ਦੀ ਅਲੋਕਪ੍ਰਿਯਤਾ ਕਾਰਨ ਬੁਸ਼ ਪ੍ਰਸ਼ਾਸਨ ਨੂੰ ਵੱਡਾ ਝਟਕਾ ਲੱਗਾ ਅਤੇ ਡੈਮੋਕ੍ਰੇਟਸ ਨੇ ਸੰਸਦ 'ਤੇ ਕਬਜ਼ਾ ਕਰ ਲਿਆ। ਬੁਸ਼ ਨੇ ਇਸ ਨੂੰ ਕਰਾਰੀ ਹਾਰ ਦੱਸਿਆ ਸੀ।
ਕੀ ਕਦੇ ਕਿਸੇ ਰਾਸ਼ਟਰਪਤੀ ਦੀ ਪਾਰਟੀ ਨੇ ਜਿੱਤੀਆਂ ਹਨ ਮਿਡਟਰਮ ਚੋਣਾਂ?
ਅਮਰੀਕੀ ਇਤਿਹਾਸ 'ਚ ਅਜਿਹੇ ਬਹੁਤ ਘੱਟ ਮੌਕੇ ਆਏ ਹਨ, ਜਦੋਂ ਰਾਸ਼ਟਰਪਤੀ ਦੀ ਪਾਰਟੀ ਨੇ ਮਿਡਟਰਮ ਚੋਣਾਂ 'ਚ ਸੀਟਾਂ ਜਿੱਤੀਆਂ ਹੋਣ। ਉਦਾਹਰਨ ਵਜੋਂ, 1934 'ਚ ਫ੍ਰੈਂਕਲਿਨ ਡੀ. ਰੂਜ਼ਵੈਲਟ ਦੀ ਪਾਰਟੀ ਨੇ ਮਹਾਨ ਆਰਥਿਕ ਮੰਦੀ ਦੌਰਾਨ ਆਪਣੀ 'ਨਿਊ ਡੀਲ' ਨੀਤੀ ਦੀ ਲੋਕਪ੍ਰਿਯਤਾ ਕਾਰਨ ਇਨ੍ਹਾਂ ਚੋਣਾਂ 'ਚ ਜਿੱਤ ਹਾਸਲ ਕੀਤੀ ਸੀ।
ਅਜਿਹਾ ਹੀ ਇਕ ਮੌਕਾ 1998 'ਚ ਸਾਹਮਣੇ ਆਇਆ, ਜਦੋਂ ਬਿਲ ਕਲਿੰਟਨ ਅਮਰੀਕਾ ਦੇ ਰਾਸ਼ਟਰਪਤੀ ਸਨ। ਉਨ੍ਹਾਂ ਦੀ ਪਾਰਟੀ ਦੀ ਸਫ਼ਲਤਾ ਪਿੱਛੇ ਉਸ ਸਮੇਂ ਦੀ ਮਜ਼ਬੂਤ ਅਮਰੀਕੀ ਅਰਥਵਿਵਸਥਾ ਅਤੇ ਮਹਾਦੋਸ਼ ਦੇ ਵਿਰੋਧ 'ਚ ਜਨਤਾ ਦੀ ਹਮਦਰਦੀ ਨੂੰ ਕਾਰਨ ਮੰਨਿਆ ਗਿਆ।
ਇਸ ਤੋਂ ਬਾਅਦ ਸਾਲ 2002 'ਚ ਜਾਰਜ ਡਬਲਯੂ. ਬੁਸ਼ ਦੇ ਕਾਰਜਕਾਲ ਦੌਰਾਨ ਵੀ ਰਾਸ਼ਟਰਪਤੀ ਦੀ ਪਾਰਟੀ ਨੂੰ ਫ਼ਾਇਦਾ ਹੋਇਆ। 9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਦੇਸ਼ 'ਚ ਪੈਦਾ ਹੋਈ ਏਕਤਾ ਅਤੇ ਰਾਸ਼ਟਰਵਾਦੀ ਭਾਵਨਾ, ਜਿਸ ਨੂੰ 'ਰੈਲੀ ਰਾਊਂਡ ਦਿ ਫਲੈਗ' ਪ੍ਰਭਾਵ ਕਿਹਾ ਜਾਂਦਾ ਹੈ, ਨੇ ਇਸ ਜਿੱਤ 'ਚ ਅਹਿਮ ਭੂਮਿਕਾ ਨਿਭਾਈ।
ਜੇਕਰ ਰਾਸ਼ਟਰਪਤੀ ਦੀ ਪਾਰਟੀ ਹਾਰ ਜਾਂਦੀ ਹੈ ਤਾਂ ਕੀ ਹੋਵੇਗਾ?
ਜੇਕਰ ਮਿਡਟਰਮ ਚੋਣਾਂ 'ਚ ਰਾਸ਼ਟਰਪਤੀ ਦੀ ਪਾਰਟੀ ਸੰਸਦ 'ਚ ਆਪਣਾ ਬਹੁਮਤ ਗੁਆ ਦਿੰਦੀ ਹੈ ਤਾਂ ਇਸ ਦੇ ਅਮਰੀਕੀ ਸਿਆਸਤ 'ਤੇ ਦੂਰਗਾਮੀ ਅਤੇ ਗੰਭੀਰ ਨਤੀਜੇ ਨਿਕਲ ਸਕਦੇ ਹਨ।
'ਲੈਮ ਡਕ' ਰਾਸ਼ਟਰਪਤੀ : ਜੇਕਰ ਵਿਰੋਧੀ ਪਾਰਟੀ ਸੰਸਦ ਦੇ ਦੋਵਾਂ ਸਦਨਾਂ ਜਾਂ ਕਿਸੇ ਇਕ ਸਦਨ 'ਤੇ ਕਬਜ਼ਾ ਕਰ ਲੈਂਦੀ ਹੈ ਤਾਂ ਰਾਸ਼ਟਰਪਤੀ ਲਈ ਆਪਣੀ ਪਸੰਦ ਦੇ ਕਾਨੂੰਨ ਪਾਸ ਕਰਵਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਨੀਤੀਆਂ ਨੂੰ ਲਾਗੂ ਕਰਨ ਦੀ ਉਨ੍ਹਾਂ ਦੀ ਸਮਰੱਥਾ ਵੀ ਸੀਮਤ ਹੋ ਸਕਦੀ ਹੈ।
ਸਖ਼ਤ ਜਾਂਚ ਅਤੇ ਮਹਾਦੋਸ਼ ਦਾ ਖ਼ਤਰਾ : ਸੰਸਦੀ ਕਮੇਟੀਆਂ ਦੀ ਕਮਾਨ ਵਿਰੋਧੀ ਪਾਰਟੀ ਦੇ ਹੱਥਾਂ 'ਚ ਆ ਸਕਦੀ ਹੈ। ਵਿਰੋਧੀ ਧਿਰ ਰਾਸ਼ਟਰਪਤੀ, ਉਨ੍ਹਾਂ ਦੇ ਮੰਤਰੀਆਂ ਜਾਂ ਪਰਿਵਾਰ ਨਾਲ ਜੁੜੇ ਵਿੱਤੀ ਅਤੇ ਸਿਆਸੀ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਸੰਸਦ 'ਚ ਸੱਤਾ ਦਾ ਸੰਤੁਲਨ ਬਦਲਣ ਤੋਂ ਬਾਅਦ ਰਾਸ਼ਟਰਪਤੀ ਨੂੰ ਮਹਾਦੋਸ਼ (Impeachment) ਦੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਨਿਯੁਕਤੀਆਂ 'ਤੇ ਰੋਕ : ਰਾਸ਼ਟਰਪਤੀ ਵੱਲੋਂ ਜੱਜਾਂ, ਰਾਜਦੂਤਾਂ ਅਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਨਾਮਜ਼ਦ ਕੀਤੇ ਗਏ ਵਿਅਕਤੀਆਂ ਨੂੰ ਸੈਨੇਟ ਦੀ ਮਨਜ਼ੂਰੀ ਮਿਲਣ 'ਚ ਮੁਸ਼ਕਲ ਆ ਸਕਦੀ ਹੈ। ਇਸ ਨਾਲ ਸਰਕਾਰ ਦੇ ਕੰਮਕਾਜ 'ਚ ਰੁਕਾਵਟਾਂ ਪੈਦਾ ਹੋ ਸਕਦੀਆਂ ਹਨ।
ਮੌਜੂਦਾ ਸਮੇਂ 'ਚ ਟਰੰਪ 'ਤੇ ਕੀ ਅਸਰ ਪਵੇਗਾ?
ਮੌਜੂਦਾ ਸਿਆਸੀ ਅਤੇ ਆਰਥਿਕ ਹਾਲਾਤਾਂ ਦਰਮਿਆਨ 2026 ਦੀਆਂ ਮਿਡਟਰਮ ਚੋਣਾਂ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਲਈ 'ਕਰੋ ਜਾਂ ਮਰੋ' ਦੀ ਲੜਾਈ ਬਣ ਗਈਆਂ ਹਨ।
ਜੇਕਰ ਟਰੰਪ ਦੀ ਪਾਰਟੀ ਸੰਸਦ 'ਚ ਆਪਣਾ ਕੰਟਰੋਲ ਗੁਆ ਦਿੰਦੀ ਹੈ ਤਾਂ ਉਨ੍ਹਾਂ ਦੇ ਬਾਕੀ ਕਾਰਜਕਾਲ ਦਾ ਘਰੇਲੂ ਅਤੇ ਆਰਥਿਕ ਏਜੰਡਾ ਪ੍ਰਭਾਵਿਤ ਹੋ ਸਕਦਾ ਹੈ। ਇਸ 'ਚ ਟੈਕਸਾਂ 'ਚ ਛੋਟ, ਸਖ਼ਤ ਇਮੀਗ੍ਰੇਸ਼ਨ ਨੀਤੀਆਂ ਅਤੇ ਬਜਟ ਦੀ ਵੰਡ ਵਰਗੇ ਮੁੱਦੇ ਸ਼ਾਮਲ ਹਨ।
ਸੈਨੇਟ ਅਤੇ ਹਾਊਸ ਦਾ ਗਣਿਤ ਵੀ ਸਮਝੋ
ਜ਼ਿਕਰਯੋਗ ਹੈ ਕਿ ਪ੍ਰਤੀਨਿਧੀ ਸਭਾ 'ਚ ਰਿਪਬਲਿਕਨ ਪਾਰਟੀ ਕੋਲ ਬਹੁਤ ਹੀ ਮਾਮੂਲੀ ਬਹੁਮਤ ਹੈ, ਜਿਸ ਦੇ ਖੁੱਸਣ ਦਾ ਖ਼ਤਰਾ ਵੱਧ ਹੈ। ਜੇਕਰ ਡੈਮੋਕ੍ਰੇਟਸ ਹਾਊਸ 'ਤੇ ਕਬਜ਼ਾ ਕਰ ਲੈਂਦੇ ਹਨ ਤਾਂ ਟਰੰਪ ਪ੍ਰਸ਼ਾਸਨ ਨੂੰ ਆਪਣੇ ਹਰ ਕਦਮ 'ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਸੈਨੇਟ ਦੀਆਂ ਚੋਣਾਂ ਇਹ ਤੈਅ ਕਰਨਗੀਆਂ ਕਿ ਟਰੰਪ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਕਿੰਨੀਆਂ ਮਜ਼ਬੂਤ ਹੁੰਦੀਆਂ ਹਨ।
ਵਿਦੇਸ਼ ਨੀਤੀ 'ਤੇ ਵੀ ਪਵੇਗਾ ਅਸਰ
ਜੇਕਰ ਇਨ੍ਹਾਂ ਚੋਣਾਂ 'ਚ ਟਰੰਪ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦੀ ਵਿਦੇਸ਼ ਨੀਤੀ 'ਤੇ ਵੀ ਡੂੰਘਾ ਅਸਰ ਪੈ ਸਕਦਾ ਹੈ। ਈਰਾਨ ਨਾਲ ਟਕਰਾਅ, ਟੈਰਿਫ ਨੀਤੀਆਂ ਅਤੇ ਵਿਸ਼ਵ ਪੱਧਰ 'ਤੇ ਅਮਰੀਕਾ ਦੀ ਭੂਮਿਕਾ ਵਰਗੇ ਮੁੱਦਿਆਂ 'ਤੇ ਜੇਕਰ ਕਾਂਗਰਸ 'ਚ ਵਿਰੋਧੀ ਧਿਰ ਮਜ਼ਬੂਤ ਹੁੰਦੀ ਹੈ ਤਾਂ ਟਰੰਪ ਦੇ ਇਕਪਾਸੜ ਫ਼ੈਸਲਿਆਂ 'ਤੇ ਕਾਨੂੰਨੀ ਅਤੇ ਵਿੱਤੀ ਰੋਕਾਂ ਲੱਗ ਸਕਦੀਆਂ ਹਨ।
ਹਾਲਾਂਕਿ, ਟਰੰਪ ਵੀਟੋ ਪਾਵਰ ਦੀ ਵਰਤੋਂ ਕਰ ਸਕਦੇ ਹਨ, ਪਰ ਸੰਸਦ ਦੇ ਸਖ਼ਤ ਵਿਰੋਧ ਕਾਰਨ ਉਨ੍ਹਾਂ ਦੀ ਤਾਕਤ ਸੀਮਤ ਹੋ ਸਕਦੀ ਹੈ।
2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਕਿਹੋ ਜਿਹੀ ਜ਼ਮੀਨ ਤਿਆਰ ਹੋਵੇਗੀ?
ਇਨ੍ਹਾਂ ਸਾਰੇ ਪਹਿਲੂਆਂ ਤੋਂ ਇਲਾਵਾ, 2026 ਦੀਆਂ ਮਿਡਟਰਮ ਚੋਣਾਂ ਇਹ ਦਿਸ਼ਾ ਤੈਅ ਕਰਨ 'ਚ ਅਹਿਮ ਭੂਮਿਕਾ ਨਿਭਾਉਣਗੀਆਂ ਕਿ ਅਮਰੀਕਾ ਦਾ ਸਿਆਸੀ ਭਵਿੱਖ ਕਿਸ ਪਾਸੇ ਜਾਂਦਾ ਹੈ। ਜੇਕਰ ਟਰੰਪ ਆਪਣੀ ਪਾਰਟੀ ਨੂੰ ਜਿੱਤ ਦਿਵਾਉਣ 'ਚ ਅਸਫ਼ਲ ਰਹਿੰਦੇ ਹਨ ਤਾਂ ਰਿਪਬਲਿਕਨ ਪਾਰਟੀ ਦੇ ਅੰਦਰ ਹੀ ਉਨ੍ਹਾਂ ਦੇ ਉੱਤਰਾਧਿਕਾਰੀ ਅਤੇ ਪਾਰਟੀ ਦੇ ਭਵਿੱਖ ਨੂੰ ਲੈ ਕੇ ਖਿੱਚੋਤਾਣ ਤੇਜ਼ ਹੋ ਸਕਦੀ ਹੈ।