- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਨੇ ਉਨ੍ਹਾਂ 50 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬਿਜ਼ਨਸ ਅਤੇ ਟੂਰਿਸਟ ਵੀਜ਼ਾ ਲਈ 20 ਹਜ਼ਾਰ ਡਾਲਰ ਤੱਕ ਦਾ ਵੀਜ਼ਾ ਬਾਂਡ ਜਮ੍ਹਾਂ ਕਰਨਾ ਹੋਵੇਗਾ। ਭਾਰਤ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ, ਪਰ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਵਰਗੇ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।

ਵਾਸ਼ਿੰਗਟਨ, ਆਈਏਐਨਐਸ: ਅਮਰੀਕਾ ਵੱਲੋਂ ਇਕ ਵੱਡਾ ਤੇ ਮਹੱਤਵਪੂਰਨ ਅੰਤਰਰਾਸ਼ਟਰੀ ਅਪਡੇਟ ਸਾਹਮਣੇ ਆਇਆ ਹੈ, ਜਿਹੜਾ ਭਾਰਤੀ ਨਾਗਰਿਕਾਂ ਲਈ ਇਕ ਵੱਡੀ ਰਾਹਤ ਲੈ ਕੇ ਆਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਵਲੋਂ ਜਾਰੀ ਕੀਤੀ ਗਈ 50 ਦੇਸ਼ਾਂ ਦੀ ਉਸ ਸੂਚੀ ਵਿਚ ਭਾਰਤ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ, ਜਿਸ ਦੇ ਨਾਗਰਿਕਾਂ ਨੂੰ ਹੁਣ ਬਿਜ਼ਨਸ ਤੇ ਟੂਰਿਸਟ ਵੀਜ਼ਾ (ਬੀ1/ਬੀ2) ਲਈ 20 ਹਜ਼ਾਰ ਡਾਲਰ ਤੱਕ ਦਾ ਭਾਰੀ ਵੀਜ਼ਾ ਬਾਂਡ (ਜ਼ਮਾਨਤ ਰਕਮ) ਦੇਣਾ ਹੋਵੇਗਾ।
ਅਮਰੀਕਾ ਨੇ ਉਨ੍ਹਾਂ 50 ਦੇਸ਼ਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬਿਜ਼ਨਸ ਅਤੇ ਟੂਰਿਸਟ ਵੀਜ਼ਾ ਲਈ 20 ਹਜ਼ਾਰ ਡਾਲਰ ਤੱਕ ਦਾ ਵੀਜ਼ਾ ਬਾਂਡ ਜਮ੍ਹਾਂ ਕਰਨਾ ਹੋਵੇਗਾ। ਭਾਰਤ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ, ਪਰ ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਵਰਗੇ ਦੱਖਣੀ ਏਸ਼ਿਆਈ ਦੇਸ਼ਾਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇਸ਼ਾਂ ਦੀ ਅਧਿਕਾਰੀ ਸੂਚੀ ਪ੍ਰਕਾਸ਼ਿਤ ਕੀਤੀ, ਜਿਨ੍ਹਾਂ ਦੇ ਨਾਗਰਿਕਾਂ ਨੂੰ ਬੀ1/ਬੀ2 ਵੀਜ਼ਾ ਲਈ ਯੋਗ ਪਾਇਆ ਜਾਣ ’ਤੇ ਬਾਂਡ ਜਮ੍ਹਾਂ ਕਰਨਾ ਜ਼ਰੂਰੀ ਹੈ।
ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਇਸ ਸਖਤ ਪ੍ਰੋਗਰਾਮ ਦਾ ਟੀਚਾ ਉਨ੍ਹਾਂ ਦੇਸ਼ਾਂ ਦੇ ਨਾਗਰਿਕਾਂ ’ਤੇ ਕੰਟਰੋਲ ਲਗਾਉਣਾ ਹੈ, ਜਿਨ੍ਹਾਂ ਦੇ ਲੋਕ ਅਮਰੀਕਾ ਜਾਣ ’ਤੇ ਨਿਰਧਾਰਤ ਸਮੇਂ ਤੋਂ ਵੱਧ ਸਮਾਂ (ਓਵਰਸਟੇ) ਰੁਕ ਜਾਂਦੇ ਹਨ। ਇਹ ਫ਼ੈਸਲਾ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੀ ਓਵਰਸਟੇ ਰਿਪੋਰਟ ਦੇ ਆਧਾਰ ’ਤੇ ਲਿਆ ਗਿਆ ਹੈ।
ਇਸ ਪ੍ਰਬੰਧ ਦੇ ਤਹਿਤ, ਸੂਚੀਬੱਧ ਦੇਸ਼ਾਂ ਦੇ ਯਾਤਰੀਆਂ ਨੂੰ ਕੌਂਸਲਰ ਅਧਿਕਾਰੀ ਦੇ ਨਿਰਦੇਸ਼ਾਂ ਮੁਤਾਬਕ 10 ਹਜ਼ਾਰ, 15 ਹਜ਼ਾਰ ਜਾਂ 20 ਹਜ਼ਾਰ ਡਾਲਰ (ਲਗਪਗ 8 ਤੋਂ 16 ਲੱਖ ਰੁਪਏ) ਤੱਕ ਦੀ ਰਕਮ ਬਾਂਡ ਦੇ ਰੂਪ ਵਿਚ ਜਮ੍ਹਾਂ ਕਰਨੀ ਪਵੇਗੀ। ਇਸ ਤੋਂ ਇਲਾਵਾ, ਇਨ੍ਹਾਂ ਯਾਤਰੀਆਂ ਨੂੰ ਅਮਰੀਕਾ ਵਿਚ ਦਾਖਲੇ ਅਤੇ ਵਾਪਸੀ ਲਈ ਸਿਰਫ ਵਪਾਰਕ ਜਹਾਜ਼ਾਂ ਅਤੇ ਅਧਿਕਾਰਤ ਹਵਾਈ ਅੱਡਿਆਂ ਦਾ ਹੀ ਇਸਤੇਮਾਲ ਕਰਨਾ ਹੋਵੇਗਾ, ਉਹ ਚਾਰਟਰ ਉਡਾਣਾਂ ਜਾਂ ਸਮੁੰਦਰੀ ਬੰਦਰਗਾਹਾਂ ਦੀ ਵਰਤੋਂ ਨਹੀਂ ਕਰ ਸਕਣਗੇ। ਹਾਲਾਂਕਿ, ਸ਼ਰਤਾਂ ਦੀ ਪਾਲਣਾ ਕਰਨ ’ਤੇ ਇਹ ਰਕਮ ਵਾਪਸ ਮਿਲ ਜਾਂਦੀ ਹੈ, ਪਰ ਇਸ ਦੇ ਬਾਵਜੂਦ ਇਹ ਪ੍ਰਕਿਰਿਆ ਆਮ ਯਾਤਰੀਆਂ ਲਈ ਆਰਥਿਕ ਤੌਰ ’ਤੇ ਕਾਫੀ ਚੁਣੌਤੀਪੂਰਨ ਹੈ।