ਅਮਰੀਕਾ ’ਚ ਬਰਫੀਲੇ ਤੂਫਾਨ ਦਾ ਕਹਿਰ, 5700 ਉਡਾਣਾਂ ਰੱਦ, ਨਿਊਯਾਰਕ ਸਣੇ ਕਈ ਸੂਬਿਆਂ 'ਚ ਐਮਰਜੈਂਸੀ; ਹਜ਼ਾਰਾਂ ਘਰਾਂ ਦੀ ਬਿਜਲੀ ਗੁਲ
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਵਾਸੀਆਂ ਨੂੰ ਸੜਕਾਂ 'ਤੇ ਨਾ ਨਿਕਲਣ ਦਾ ਮਸ਼ਵਰਾ ਦਿੱਤਾ ਤਾਂ ਜੋ ਐਮਰਜੈਂਸੀ ਮੁਲਾਜ਼ਮ ਸੜਕਾਂ ਤੋਂ ਬਰਫ਼ ਹਟਾ ਸਕਣ। ਪੂਰੇ ਖੇਤਰ ਵਿਚ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮਮਦਾਨੀ ਨੇ ਕਿਹਾ, "ਮੈਂ ਨਿਊਯਾਰਕ ਹਰ ਬਾਸ਼ਿੰਦੇ ਨੂੰ ਘਰ ਵਿਚ ਰਹਿਣ ਦੀ ਅਪੀਲ ਕਰਦਾ ਹਾਂ।
Publish Date: Tue, 24 Feb 2026 08:37 AM (IST)
Updated Date: Tue, 24 Feb 2026 08:40 AM (IST)
ਨਿਊਯਾਰਕ (ਰਾਇਟਰ) : ਅਮਰੀਕਾ ਦਾ ਵੱਡਾ ਹਿੱਸਾ ਇਸ ਸਮੇਂ ਬਰਫੀਲੇ ਤੂਫਾਨ ਦੀ ਲਪੇਟ ਵਿਚ ਹੈ। ਦੇਸ਼ ਦੇ ਉੱਤਰ-ਪੂਰਬੀ ਹਿੱਸੇ ਵਿਚ ਸੋਮਵਾਰ ਨੂੰ ਹੋਈ ਭਾਰੀ ਬਰਫ਼ਬਾਰੀ ਨੇ ਲੱਖਾਂ ਲੋਕਾਂ ਲਈ ਮੁਸੀਬਤ ਪੈਦਾ ਕਰ ਦਿੱਤੀ। ਇਕ ਫੁੱਟ ਤੋਂ ਵੱਧ ਬਰਫ਼ਬਾਰੀ ਹੋਈ, ਜਿਸ ਕਾਰਨ ਆਵਾਜਾਈ ਸਭ ਤੋਂ ਵੱਧ ਪ੍ਰਭਾਵਤ ਹੋਈ ਹੈ। ਸੜਕਾਂ, ਰੇਲ ਅਤੇ ਹਵਾਈ ਸੇਵਾਵਾਂ ਠੱਪ ਹੋ ਗਈਆਂ ਹਨ। 5700 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਇਸ ਦੇ ਨਾਲ ਹੀ ਹਜ਼ਾਰਾਂ ਲੋਕਾਂ ਦੇ ਘਰਾਂ ਤੇ ਵਪਾਰਾਂ ਦੀ ਬਿਜਲੀ ਵੀ ਗੁਲ ਹੋ ਗਈ ਹੈ।
ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਸ਼ਹਿਰ ਵਾਸੀਆਂ ਨੂੰ ਸੜਕਾਂ 'ਤੇ ਨਾ ਨਿਕਲਣ ਦਾ ਮਸ਼ਵਰਾ ਦਿੱਤਾ ਤਾਂ ਜੋ ਐਮਰਜੈਂਸੀ ਮੁਲਾਜ਼ਮ ਸੜਕਾਂ ਤੋਂ ਬਰਫ਼ ਹਟਾ ਸਕਣ। ਪੂਰੇ ਖੇਤਰ ਵਿਚ ਕਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮਮਦਾਨੀ ਨੇ ਕਿਹਾ, "ਮੈਂ ਨਿਊਯਾਰਕ ਹਰ ਬਾਸ਼ਿੰਦੇ ਨੂੰ ਘਰ ਵਿਚ ਰਹਿਣ ਦੀ ਅਪੀਲ ਕਰਦਾ ਹਾਂ।"
ਕੌਮੀ ਮੌਸਮ ਸੇਵਾ ਕੇਂਦਰ ਦੇ ਮੌਸਮ ਵਿਗਿਆਨੀ ਬਾਬ ਓਰਾਵੈਕ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਸੈਂਟਰਲ ਪਾਰਕ ਵਿਚ ਸੋਮਵਾਰ ਸਵੇਰੇ 8 ਵਜੇ ਤੱਕ 38 ਸੈਂਟੀਮੀਟਰ ਬਰਫ਼ਬਾਰੀ ਹੋ ਚੁੱਕੀ ਸੀ, ਹੁਣ ਹੋਰ 15 ਸੈਂਟੀਮੀਟਰ ਤੱਕ ਬਰਫ਼ਬਾਰੀ ਦਾ ਅਨੁਮਾਨ ਹੈ। ਉਨ੍ਹਾਂ ਨੇ ਦੱਸਿਆ ਕਿ ਡੇਲਾਵੇਅਰ ਅਤੇ ਨਿਊਯਾਰਕ ਸਿਟੀ ਤੋਂ ਲੈ ਕੇ ਬੋਸਟਨ ਤੱਕ ਬਰਫ਼ਬਾਰੀ ਹੋ ਰਹੀ ਹੈ।
ਬੋਸਟਨ ਵਿਚ ਕਰੀਬ 15 ਸੈਂਟੀਮੀਟਰ ਬਰਫ਼ਬਾਰੀ ਹੋ ਚੁੱਕੀ ਹੈ ਜਦਕਿ ਡੇਲਾਵੇਅਰ ਅਤੇ ਦੱਖਣੀ ਨਿਊ ਇੰਗਲੈਂਡ ਵਿਚ 30 ਤੋਂ 45 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ ਹੈ। ਫਿਲਾਡੇਲਫੀਆ ਵਿਚ ਵੀ ਇਕ ਫੁੱਟ ਤੱਕ ਬਰਫ਼ਬਾਰੀ ਹੋਈ ਹੈ। ਫਲਾਈਟਅਵੇਅਰ.ਕਾਮ ਦੀ ਰਿਪੋਰਟ ਮੁਤਾਬਕ ਸੋਮਵਾਰ ਸਵੇਰੇ ਤੱਕ 5700 ਤੋਂ ਵੱਧ ਉਡਾਣਾਂ ਰੱਦ ਹੋ ਚੁਕੀਆਂ ਹਨ ਤੇ 900 ਉਡਾਣਾਂ ਵਿਚ ਦੇਰੀ ਹੋਈ ਹੈ ਜਦਕਿ ਮੰਗਲਵਾਰ ਦੀ 1600 ਤੋਂ ਵੱਧ ਉਡਾਣਾਂ ਪਹਿਲਾਂ ਤੋਂ ਰੱਦ ਹਨ।