'ਅਮਰੀਕਾ ਫਿਰ ਕਰੇਗਾ 28 ਫਰਵਰੀ ਵਰਗਾ ਹਮਲਾ', ਟਰੰਪ ਦੀ ਧਮਕੀ ਤੋੰ ਬਾਅਦ ਈਰਾਨ ਨੇ ਕਿਹਾ- ਕੱਟ ਦਿਆਂਗੇ ਇੰਟਰਨੈੱਟ ਕੇਬਲ
28 ਫਰਵਰੀ ਤੋਂ ਸ਼ੁਰੂ ਹੋਈ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਹਾਲੇ ਤੱਕ ਕਿਸੇ ਸਮਝੌਤੇ ਤੱਕ ਨਹੀਂ ਪਹੁੰਚੀ ਹੈ। ਉੱਧਰ, ਅਮਰੀਕਾ ਦੀ ਇਸ ਚਿਤਾਵਨੀ 'ਤੇ ਈਰਾਨ ਨੇ ਵੀ ਪਲਟਵਾਰ ਕਰਦਿਆਂ ਅਮਰੀਕਾ ਨੂੰ 'ਅੱਗ ਨਾਲ ਨਾ ਖੇਡਣ' ਦੀ ਚਿਤਾਵਨੀ ਦਿੱਤੀ ਹੈ।
Publish Date: Sat, 24 Oct 2026 11:31 AM (IST)
Updated Date: Sat, 24 Oct 2026 11:36 AM (IST)
ਡਿਜੀਟਲ ਡੈਸਕ, ਤਹਿਰਾਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਈਰਾਨ 'ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ। ਟਰੰਪ ਨੇ ਸੰਭਾਵੀ ਹਮਲੇ ਨੂੰ 'ਲਿਟਲ ਐਪਿਕ ਫਿਊਰੀ' ਦਾ ਨਾਂ ਦਿੱਤਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਹਮਲੇ ਤੋਂ ਬਾਅਦ ਈਰਾਨ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨਣ ਲਈ ਮਜਬੂਰ ਹੋ ਜਾਵੇਗਾ।
28 ਫਰਵਰੀ ਤੋਂ ਸ਼ੁਰੂ ਹੋਈ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਹਾਲੇ ਤੱਕ ਕਿਸੇ ਸਮਝੌਤੇ ਤੱਕ ਨਹੀਂ ਪਹੁੰਚੀ ਹੈ। ਉੱਧਰ, ਅਮਰੀਕਾ ਦੀ ਇਸ ਚਿਤਾਵਨੀ 'ਤੇ ਈਰਾਨ ਨੇ ਵੀ ਪਲਟਵਾਰ ਕਰਦਿਆਂ ਅਮਰੀਕਾ ਨੂੰ 'ਅੱਗ ਨਾਲ ਨਾ ਖੇਡਣ' ਦੀ ਚਿਤਾਵਨੀ ਦਿੱਤੀ ਹੈ।
ਕੀ 28 ਫਰਵਰੀ ਵਰਗਾ ਹਮਲਾ ਕਰੇਗਾ ਅਮਰੀਕਾ?
ਫਲੋਰੀਡਾ 'ਚ ਰਿਪਬਲਿਕਨ ਪਾਰਟੀ ਦੀ ਇਕ ਚੋਣ ਰੈਲੀ ਦੌਰਾਨ ਟਰੰਪ ਨੇ ਕਿਹਾ, ''ਅਸੀਂ ਇਕ ਹੋਰ 'ਲਿਟਲ ਐਪਿਕ ਫਿਊਰੀ' ਕਰ ਸਕਦੇ ਹਾਂ। ਇਸ ਤੋਂ ਬਾਅਦ ਉਹ ਸਮਝੌਤੇ ਲਈ ਮੰਨ ਜਾਣਗੇ। ਜੇਕਰ ਉਹ ਸਮਝਦਾਰ ਹਨ ਤਾਂ ਉਹ ਸਿਰਫ਼ ਇਹੀ ਕਹਿਣਗੇ ਕਿ ਆਓ, ਕੰਮ ਦੀ ਗੱਲ ਕਰੀਏ।''
ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ 28 ਫਰਵਰੀ 2026 ਨੂੰ ਈਰਾਨ 'ਤੇ ਹਮਲਾ ਕੀਤਾ ਸੀ, ਜਿਸ ਨੂੰ 'ਆਪਰੇਸ਼ਨ ਐਪਿਕ ਫਿਊਰੀ' ਦਾ ਨਾਂ ਦਿੱਤਾ ਗਿਆ ਸੀ। ਇਸ ਹਮਲੇ 'ਚ ਈਰਾਨ ਦੇ ਤਤਕਾਲੀਨ ਸਰਵਉੱਚ ਆਗੂ ਆਇਤੁੱਲਾ ਅਲੀ ਖਮੇਨੇਈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ਸੀ। ਇਸ ਆਪਰੇਸ਼ਨ ਤੋਂ ਬਾਅਦ ਹੀ ਮੱਧ ਪੂਰਬ 'ਚ ਜੰਗ ਸ਼ੁਰੂ ਹੋਈ, ਜੋ ਹਾਲੇ ਵੀ ਜਾਰੀ ਹੈ।
ਟਰੰਪ ਦੀ ਇਹ ਟਿੱਪਣੀ ਤੁਰਕੀ 'ਚ ਅਮਰੀਕੀ ਰਾਜਦੂਤ ਅਤੇ ਸੀਰੀਆ ਮਾਮਲਿਆਂ ਦੇ ਮੁਖੀ ਟੌਮ ਬੈਰਕ ਦੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਆਈ। ਬੈਰਕ ਨੇ ਕਿਹਾ ਸੀ ਕਿ ਅਮਰੀਕਾ ਇਸ ਹਫ਼ਤੇ ਦੇ ਅੰਤ 'ਚ ਈਰਾਨ 'ਤੇ ਹਮਲਾ ਕਰ ਸਕਦਾ ਹੈ।
ਹਾਲਾਂਕਿ, ਰਾਸ਼ਟਰਪਤੀ ਟਰੰਪ ਨੇ ਬੈਰਕ ਦੇ ਬਿਆਨ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਉਨ੍ਹਾਂ ਕਿਹਾ, ''ਕੀ ਉਹ ਮੇਰੇ ਰਾਜਦੂਤ ਸਨ? ਮੈਨੂੰ ਲੱਗਦਾ ਹੈ ਕਿ ਉਹ ਕਾਫ਼ੀ ਤਾਕਤਵਰ ਵਿਅਕਤੀ ਹਨ। ਜੇਕਰ ਅਜਿਹਾ ਹੈ ਤਾਂ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ।''
ਈਰਾਨ ਦੀ ਅਮਰੀਕਾ ਨੂੰ ਚਿਤਾਵਨੀ, ਸਮੁੰਦਰ ਹੇਠਾਂ ਵਿਛੀਆਂ ਕੇਬਲਾਂ ਵੀ ਨਿਸ਼ਾਨੇ 'ਤੇ
ਰਾਇਟਰਜ਼ ਦੀ ਰਿਪੋਰਟ ਮੁਤਾਬਕ, ਈਰਾਨ ਨੇ ਅਮਰੀਕਾ ਨੂੰ ਅੱਗ ਨਾਲ ਨਾ ਖੇਡਣ ਦੀ ਚਿਤਾਵਨੀ ਦਿੱਤੀ ਹੈ। ਈਰਾਨ ਨੇ ਅਜਿਹੀਆਂ ਯੋਜਨਾਵਾਂ ਤਿਆਰ ਕੀਤੀਆਂ ਹਨ, ਜਿਨ੍ਹਾਂ ਤਹਿਤ ਜੇਕਰ ਵਾਸ਼ਿੰਗਟਨ ਅਤੇ ਇਜ਼ਰਾਈਲ ਮੁੜ ਈਰਾਨ 'ਤੇ ਹਮਲਾ ਕਰਦੇ ਹਨ ਤਾਂ ਉਹ ਖਾੜੀ ਖੇਤਰ 'ਚ ਸਮੁੰਦਰ ਹੇਠਾਂ ਵਿਛੀਆਂ ਸੰਚਾਰ ਕੇਬਲਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਰਿਪੋਰਟ ਮੁਤਾਬਕ, ਈਰਾਨ ਦੇ ਇਕ ਅਧਿਕਾਰੀ ਨੇ ਕਿਹਾ, ''ਜੇਕਰ ਈਰਾਨ 'ਤੇ ਹਮਲਾ ਹੁੰਦਾ ਹੈ ਤਾਂ ਫਿਰ ਕੋਈ ਵੀ 'ਰੈੱਡ ਲਾਈਨ' ਨਹੀਂ ਬਚੇਗੀ। ਸਮੁੰਦਰ ਹੇਠਾਂ ਵਿਛੀਆਂ ਕੇਬਲਾਂ ਤੋਂ ਲੈ ਕੇ ਫ਼ੌਜੀ ਟਿਕਾਣਿਆਂ, ਗੁਪਤ ਟਿਕਾਣਿਆਂ ਸਮੇਤ, ਹਰ ਚੀਜ਼ ਨਿਸ਼ਾਨੇ 'ਤੇ ਹੋਵੇਗੀ। ਅਮਰੀਕਾ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ।''