- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਅਤੇ ਵਧੇਰੇ ਕਿਫ਼ਾਇਤੀ ਬਣਾਉਣ ਲਈ ਇਹ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਇਹ ਸਿਰਫ਼ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਮਾਮਲਾ ਨਹੀਂ ਹੈ।

ਵਾਸ਼ਿੰਗਟਨ, ਆਈਏਐੱਨਐੱਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਅਤੇ ਪੀਈਆਰਐੱਮ ਰੁਜ਼ਗਾਰ ਵੀਜ਼ਾ ਨਾਲ ਜੁੜੀ ਕਥਿਤ ਧੋਖਾਧੜੀ ਦੀ ਆਪਣੀ ਪਹਿਲੀ ਵੱਡੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕੀ ਕਿਰਤ ਵਿਭਾਗ ਨੇ ਕਿਹਾ ਹੈ ਕਿ ਜਾਂਚਕਰਤਾ ਕਿਰਤੀਆਂ ਦੀ ਤਸਕਰੀ ਅਤੇ ਵਿਦੇਸ਼ੀ ਕਾਮਗਾਰ ਪ੍ਰੋਗਰਾਮਾਂ ਦੇ ਦੁਰਉਪਯੋਗ ਦੀ ਵਿਆਪਕ ਜਾਂਚ ਤਹਿਤ ਪਹਿਲਾਂ ਹੀ ਦਰਜਨਾਂ ਸੰਮਨ ਜਾਰੀ ਕਰ ਚੁੱਕੇ ਹਨ। ਇਕ ਸੰਘੀ ਕਿਰਤ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਦਾਇਰੇ ਵਿਚ ਆਈਟੀ ਕੰਪਨੀ ‘ਕਾਗਨੀਜੈਂਟ’ ਵੀ ਸ਼ਾਮਲ ਹੈ।
ਕਿਰਤ ਵਿਭਾਗ ਦੇ ਇੰਸਪੈਕਟਰ ਜਨਰਲ ਐਂਥਨੀ ਡੀ'ਐਸਪੋਜ਼ੀਟੋ ਨੇ ਦੱਸਿਆ ਕਿ ਇਹ ਜਾਂਚ ਵਿਦੇਸ਼ੀ ਕਿਰਤੀਆਂ ਨਾਲ ਜੁੜੀ ਧੋਖਾਧੜੀ ਖ਼ਿਲਾਫ਼ ਇੰਸਪੈਕਟਰ ਜਨਰਲ ਦੇ ਦਫ਼ਤਰ ਦੁਆਰਾ ਹੁਣ ਤੱਕ ਕੀਤੀਆਂ ਗਈਆਂ ਸਭ ਤੋਂ ਸਖ਼ਤ ਕਾਰਵਾਈਆਂ ਵਿੱਚੋਂ ਇਕ ਹੋਵੇਗੀ। ਉਨ੍ਹਾਂ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਾਂਚਕਰਤਾ ਟਰੰਪ ਪ੍ਰਸ਼ਾਸਨ ਅਤੇ ਉਪ ਰਾਸ਼ਟਰਪਤੀ ਜੇ ਡੀ ਵੇਂਸ ਦੀ ਅਗਵਾਈ ਵਾਲੇ ਧੋਖਾਧੜੀ ਉੱਤੇ ਕਾਰਜਬਲ ਦੇ ਸਹਿਯੋਗ ਨਾਲ ਹਰ ਸੁਰਾਗ ’ਤੇ ਕੰਮ ਕਰਨਗੇ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਦੇਸ਼ੀ ਕਾਮਗਾਰ ਪ੍ਰੋਗਰਾਮਾਂ ਨਾਲ ਜੁੜੀ ਧੋਖਾਧੜੀ ਵੱਡੇ ਅਪਰਾਧਕ ਨੈੱਟਵਰਕ ਨਾਲ ਜੁੜੀ ਹੋਈ ਹੈ। ਇਸ ਲਈ ਇਹ ਧੋਖਾਧੜੀ ਹਿੰਸਕ ਅਪਰਾਧਾਂ ਨੂੰ ਵਧਾਉਂਦੀ ਹੈ।
ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਅਤੇ ਵਧੇਰੇ ਕਿਫ਼ਾਇਤੀ ਬਣਾਉਣ ਲਈ ਇਹ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ, ਇਹ ਸਿਰਫ਼ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਦਾ ਮਾਮਲਾ ਨਹੀਂ ਹੈ। ਇਹ ਉਹ ਲੋਕ ਹਨ ਜੋ ਸਿਹਤ ਕੇਂਦਰਾਂ ਅਤੇ ਡਾਕਟਰਾਂ ਦੇ ਕਲੀਨਿਕਾਂ ਵਿਚ ਕੰਮ ਕਰ ਰਹੇ ਹਨ ਅਤੇ ਅਸਲ ਵਿਚ ਲੋਕਾਂ ਨੂੰ ਖ਼ਤਰੇ ਵਿਚ ਪਾ ਰਹੇ ਹਨ। ਜਾਂਚਕਰਤਾ ਪੂਰੇ ਅਮਰੀਕਾ ਵਿਚ ਫੈਕਟਰੀਆਂ, ਬੰਦਰਗਾਹਾਂ, ਹਸਪਤਾਲਾਂ ਅਤੇ ਨਰਸਿੰਗ ਕੇਂਦਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਨਗੇ। ਧੋਖਾਧੜੀ ਕਰਨ ਵਾਲਿਆਂ ਨੂੰ ਫੜਿਆ ਜਾਵੇਗਾ। ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਜੇਲ੍ਹ ਭੇਜਿਆ ਜਾਵੇਗਾ। ਯਾਦ ਰਹੇ ਕਿ ਐੱਚ-1ਬੀ ਲਾਭਪਾਤਰੀਆਂ ਵਿਚ ਸਭ ਤੋਂ ਵੱਡਾ ਹਿੱਸਾ ਲਗਾਤਾਰ ਭਾਰਤੀ ਨਾਗਰਿਕਾਂ ਦਾ ਰਿਹਾ ਹੈ।
ਐੱਚ-1ਬੀ ਵੀਜ਼ਾ ਅਤੇ ਗ੍ਰੀਨ ਕਾਰਡ ਬਿਨੈਕਾਰਾਂ ਲਈ 10 ਜੁਲਾਈ ਤੋਂ ਨਵੇਂ ਹਸਤਾਖ਼ਰ ਨਿਯਮ
ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) 10 ਜੁਲਾਈ ਤੋਂ ਐੱਚ-1ਬੀ ਵੀਜ਼ਾ ਪਟੀਸ਼ਨਾਂ ਅਤੇ ਗ੍ਰੀਨ ਕਾਰਡ ਅਰਜ਼ੀਆਂ ਸਮੇਤ ਇਮੀਗ੍ਰੇਸ਼ਨ ਲਾਭ ਅਰਜ਼ਾਂ (ਇਮੀਗ੍ਰੇਸ਼ਨ ਬੈਨੀਫਿਟ ਰਿਕਵੈਸਟ) ’ਤੇ ਹਸਤਾਖ਼ਰ ਕਰਨ ਦੇ ਤਰੀਕਿਆਂ ਬਾਰੇ ਨਵੇਂ ਨਿਯਮ ਲਾਗੂ ਕਰੇਗੀ। ਉਸ ਨੇ ਇਕ ਬਿਆਨ ਵਿਚ ਕਿਹਾ, ਇਮੀਗ੍ਰੇਸ਼ਨ ਲਾਭ ਪ੍ਰਣਾਲੀ ਦੀ ਭਰੋਸੇਯੋਗਤਾ ਬਣਾਈ ਰੱਖਣ ਅਤੇ ਲਾਭ ਮੰਗਣ ਵਾਲਿਆਂ ਦੀ ਪਛਾਣ ਪ੍ਰਮਾਣਿਤ ਕਰਨ ਲਈ ਯੂਐੱਸਸੀਆਈਐੱਸ ਗ਼ਲਤ ਹਸਤਾਖ਼ਰ ਵਾਲੇ ਕਿਸੇ ਵੀ ਲਾਭ ਅਰਜ਼ੀ ਨੂੰ ਖ਼ਾਰਜ ਕਰ ਦਿੰਦਾ ਹੈ ਅਤੇ ਉਸ ਨੂੰ ਵਾਪਸ ਕਰ ਦਿੰਦਾ ਹੈ। ਯੂਐੱਸਸੀਆਈਐੱਸ ਗ਼ਲਤ ਹਸਤਾਖ਼ਰ ਨੂੰ ਸੁਧਾਰਨ ਦਾ ਮੌਕਾ ਨਹੀਂ ਦਿੰਦਾ। ਹਾਲਾਂਕਿ, ਬਿਨੈਕਾਰ ਸਹੀ ਹਸਤਾਖ਼ਰ ਨਾਲ ਲਾਭ ਅਰਜ਼ੀ ਫਿਰ ਦਾਖ਼ਲ ਕਰ ਸਕਦਾ ਹੈ, ਬਸ਼ਰਤੇ ਫਾਈਲਿੰਗ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹੋਣ, ਜਿਸ ਵਿਚ ਜ਼ਰੂਰੀ ਫੀਸ ਦਾ ਭੁਗਤਾਨ ਸ਼ਾਮਲ ਹੈ। ਯੂਐੱਸਸੀਆਈਐੱਸ ਦੁਬਾਰਾ ਦਾਖ਼ਲ ਕੀਤੀਆਂ ਲਾਭ ਅਪੀਲਾਂ ਨੂੰ ਸਵੀਕਾਰ ਕਰ ਸਕਦਾ ਹੈ।