
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਿਦੇਸ਼ ਵਿਭਾਗ ਦੇ ਦਸਤਾਵੇਜ਼ਾਂ ਅਨੁਸਾਰ, ਵਿਭਾਗ ਆਉਣ ਵਾਲੇ ਹਫ਼ਤਿਆਂ ’ਚ 2016 ਤੋਂ 2026 ਦਰਮਿਆਨ ਜਾਰੀ ਕੀਤੇ ਗਏ ਉਨ੍ਹਾਂ ਬੀ-1 ਅਤੇ ਬੀ-2 ਵੀਜ਼ਿਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ, ਜਿਨ੍ਹਾਂ ਦੇ ਧਾਰਕਾਂ ਨੇ ਅਮਰੀਕਾ ’ਚ ਸ਼ਰਨ ਲਈ ਅਰਜ਼ੀ ਦਿੱਤੀ ਹੈ।

ਨਿਊਯਾਰਕ ਟਾਈਮਸ, ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਅਮਰੀਕਾ ’ਚ ਸ਼ਰਨ ਮੰਗ ਰਹੇ ਕਰੀਬ ਦੋ ਲੱਖ ਵਿਦੇਸ਼ੀਆਂ ਦੇ ਬੀ-1 ਅਤੇ ਬੀ-2 ਵੀਜ਼ੇ ਰੱਦ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ’ਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਅਮਰੀਕਾ ’ਚ ਸ਼ਰਨ ਲਈ ਅਰਜ਼ੀ ਦਿੱਤੀ ਹੈ ਜਾਂ ਅਜਿਹਾ ਕਰਨ ਦੀ ਪ੍ਰਕਿਰਿਆ ’ਚ ਹਨ। ਜੇ ਯੋਜਨਾ ਲਾਗੂ ਹੁੰਦੀ ਹੈ ਤਾਂ ਇਹ ਅਮਰੀਕੀ ਇਤਿਹਾਸ ’ਚ ਇਕੋ ਸਮੇਂ ਇੰਨੇ ਵੱਡੇ ਪੱਧਰ ’ਤੇ ਵੀਜ਼ੇ ਰੱਦ ਕਰਨ ਦੀ ਸਭ ਤੋਂ ਵੱਡੀ ਕਾਰਵਾਈ ਹੋ ਸਕਦੀ ਹੈ। ਇਸ ਨੂੰ ਅਦਾਲਤ ’ਚ ਚੁਣੌਤੀ ਦਿੱਤੇ ਜਾਣ ਦੀ ਵੀ ਸੰਭਾਵਨਾ ਹੈ।
ਵਿਦੇਸ਼ ਵਿਭਾਗ ਦੇ ਦਸਤਾਵੇਜ਼ਾਂ ਅਨੁਸਾਰ, ਵਿਭਾਗ ਆਉਣ ਵਾਲੇ ਹਫ਼ਤਿਆਂ ’ਚ 2016 ਤੋਂ 2026 ਦਰਮਿਆਨ ਜਾਰੀ ਕੀਤੇ ਗਏ ਉਨ੍ਹਾਂ ਬੀ-1 ਅਤੇ ਬੀ-2 ਵੀਜ਼ਿਆਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ, ਜਿਨ੍ਹਾਂ ਦੇ ਧਾਰਕਾਂ ਨੇ ਅਮਰੀਕਾ ’ਚ ਸ਼ਰਨ ਲਈ ਅਰਜ਼ੀ ਦਿੱਤੀ ਹੈ। ਇਹ ਕਾਰਵਾਈ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਨਾਲ ਮਿਲ ਕੇ ਕੀਤੀ ਜਾਵੇਗੀ।
ਵਿਦੇਸ਼ ਵਿਭਾਗ ਦੇ ਬੁਲਾਰੇ ਟਾਮੀ ਪਿਗਾਟ ਨੇ ਕਿਹਾ ਕਿ ਸਰਕਾਰ ਅਜਿਹੇ ਗੈਰ-ਪ੍ਰਵਾਸੀ ਵੀਜ਼ਾਧਾਰਕਾਂ ਦੀ ਪਛਾਣ ਕਰ ਰਹੀ ਹੈ, ਜੋ ਅਮਰੀਕਾ ’ਚ ਸੀਮਤ ਸਮੇਂ ਲਈ ਆਉਣ ਤੋਂ ਬਾਅਦ ਇੱਥੇ ਸਥਾਈ ਤੌਰ ’ਤੇ ਰਹਿਣ ਲਈ ਸ਼ਰਨ ਦੀ ਅਰਜ਼ੀ ਦੇ ਚੁੱਕੇ ਹਨ। ਉਨ੍ਹਾਂ ਨੇ ਹਾਲਾਂਕਿ ਸੰਭਾਵਿਤ ਤੌਰ ’ਤੇ ਰੱਦ ਕੀਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਦੱਸਣ ਤੋਂ ਇਨਕਾਰ ਕੀਤਾ। ਉਨ੍ਹਾਂ ਅਨੁਸਾਰ, ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹੇਗੀ ਅਤੇ ਗਿਣਤੀ ਬਦਲਦੀ ਰਹਿ ਸਕਦੀ ਹੈ।
ਅਮਰੀਕੀ ਅਧਿਕਾਰੀਆਂ ਮੁਤਾਬਕ, ਵੀਜ਼ਾ ਰੱਦ ਹੋਣ ਦਾ ਇਹ ਮਤਲਬ ਨਹੀਂ ਹੋਵੇਗਾ ਕਿ ਸਬੰਧਤ ਲੋਕਾਂ ਨੂੰ ਤੁਰੰਤ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਜਿਨ੍ਹਾਂ ਲੋਕਾਂ ਦੇ ਸ਼ਰਨ ਦੇ ਮਾਮਲੇ ਲੰਬਿਤ ਹਨ, ਉਹ ਆਪਣੀ ਕਾਨੂੰਨੀ ਪ੍ਰਕਿਰਿਆ ਜਾਰੀ ਰੱਖ ਸਕਣਗੇ, ਪਰ ਉਨ੍ਹਾਂ ਦਾ ਬੀ-1 ਜਾਂ ਬੀ-2 ਵਿਜ਼ਟਰ ਦਰਜਾ ਖ਼ਤਮ ਹੋ ਜਾਵੇਗਾ। ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਫ਼ੈਸਲਾ ਹਾਲੇ ਅੰਤਿਮ ਨਹੀਂ ਹੈ। ਅਜਿਹੇ ’ਚ ਆਉਣ ਵਾਲੇ ਦਿਨਾਂ ’ਚ ਯੋਜਨਾ ’ਚ ਬਦਲਾਅ ਵੀ ਸੰਭਵ ਹੈ।