'ਸਾਨੂੰ ਇਸ ਦਾ ਡੂੰਘਾ ਅਫ਼ਸੋਸ ਹੈ...', 24 ਘੰਟਿਆਂ ਬਾਅਦ ਮਾਈਕ੍ਰੋਸਾਫਟ ਦੀਆਂ ਸੇਵਾਵਾਂ ਬਹਾਲ; ਕੰਪਨੀ ਨੇ ਦੱਸਿਆ ਮੈਗਾ ਆਊਟੇਜ ਦਾ ਕਾਰਨ
ਘੱਟੋ-ਘੱਟ 74 ਦੇਸ਼ਾਂ 'ਚ ਏਅਰਲਾਈਨਾਂ, ਹਸਪਤਾਲਾਂ ਅਤੇ ਅਦਾਲਤਾਂ ਨੂੰ ਮਾਈਕ੍ਰੋਸਾਫਟ ਆਊਟੇਜ ਦਾ ਸਾਹਮਣਾ ਕਰਨਾ ਪਿਆ। ਜਨਵਰੀ 'ਚ ਮਾਈਕ੍ਰੋਸਾਫਟ ਨੇ ਦੱਸਿਆ ਸੀ ਕਿ ਉਸ ਦੀਆਂ 365 ਸੇਵਾਵਾਂ ਦੇ 450 ਮਿਲੀਅਨ ਤੋਂ ਵੱਧ ਪੇਡ ਕਮਰਸ਼ੀਅਲ ਸਬਸਕ੍ਰਿਪਸ਼ਨ ਹਨ। ਇਸ ਦੇ ਵਿਆਪਕ ਪਸਾਰ ਦਾ ਅਸਰ ਉਨ੍ਹਾਂ ਥਾਵਾਂ 'ਤੇ ਦੇਖਣ ਨੂੰ ਮਿਲਿਆ, ਜੋ ਇਸ ਨਾਲ ਪ੍ਰਭਾਵਿਤ ਹੋਈਆਂ।
Publish Date: Sat, 14 Nov 2026 01:37 PM (IST)
Updated Date: Sat, 14 Nov 2026 01:42 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਮਾਈਕ੍ਰੋਸਾਫਟ ਦਾ ਮੇਗਾ ਆਊਟੇਜ ਹੁਣ ਖ਼ਤਮ ਹੋ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਮਾਈਕ੍ਰੋਸਾਫਟ 365 'ਚ ਆਈ ਰੁਕਾਵਟ ਹੁਣ ਠੀਕ ਹੋ ਗਈ ਹੈ। ਇਸ ਸਮੱਸਿਆ ਕਾਰਨ 24 ਘੰਟਿਆਂ ਤੋਂ ਵੱਧ ਸਮੇਂ ਤੱਕ ਆਉਟਲੁੱਕ, ਟੀਮਜ਼ ਅਤੇ ਕੋਪਾਇਲਟ ਪ੍ਰਭਾਵਿਤ ਰਹੇ ਸਨ। ਇਸ ਘਟਨਾ ਬਾਰੇ ਆਪਣੇ ਆਖਰੀ ਸਟੇਟਸ ਅਪਡੇਟ 'ਚ ਕੰਪਨੀ ਨੇ ਕਿਹਾ, "ਅਸੀਂ ਘਟਨਾ ਦੇ ਮੂਲ ਕਾਰਨ ਨੂੰ ਠੀਕ ਕਰਨ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਸੇਵਾਵਾਂ ਬਹਾਲ ਕਰ ਦਿੱਤੀਆਂ ਹਨ।" ਇਸ ਰੁਕਾਵਟ ਦਾ ਅਸਰ ਘੱਟੋ-ਘੱਟ 74 ਦੇਸ਼ਾਂ ਦੇ ਯੂਜ਼ਰਜ਼ 'ਤੇ ਪਿਆ। ਇਸ ਕਾਰਨ ਕੰਪਨੀਆਂ, ਸਰਕਾਰਾਂ, ਹਸਪਤਾਲਾਂ ਅਤੇ ਏਅਰਲਾਈਨਾਂ ਨੂੰ ਆਪਣਾ ਕੰਮ ਚਲਾਉਣ ਲਈ ਫ਼ੋਨ ਲਾਈਨਾਂ, ਕਾਗਜ਼ੀ ਰਿਕਾਰਡ ਅਤੇ ਕੁਝ ਦਫ਼ਤਰਾਂ 'ਚ ਫੈਕਸ ਮਸ਼ੀਨਾਂ ਦਾ ਸਹਾਰਾ ਲੈਣਾ ਪਿਆ।
12 ਨਵੰਬਰ ਨੂੰ ਸ਼ੁਰੂ ਹੋਈ ਸੀ ਸਮੱਸਿਆ
ਸਮੱਸਿਆ 12 ਨਵੰਬਰ ਨੂੰ ਉਸ ਸਮੇਂ ਸ਼ੁਰੂ ਹੋਈ, ਜਦੋਂ ਅਮਰੀਕਾ ਦੇ ਯੂਜ਼ਰਜ਼ ਨੇ ਦੱਸਿਆ ਕਿ ਉਹ ਆਪਣੇ ਐਕਸਚੇਂਜ ਆਨਲਾਈਨ ਮੇਲਬਾਕਸ ਨਹੀਂ ਖੋਲ੍ਹ ਪਾ ਰਹੇ ਹਨ। ਮਾਈਕ੍ਰੋਸਾਫਟ ਨੇ ਸਭ ਤੋਂ ਪਹਿਲਾਂ ਸ਼ਾਮ 5:54 ਵਜੇ GMT (ਰਾਤ 11:24 ਵਜੇ IST) 'ਤੇ ਇਸ ਸਮੱਸਿਆ ਨੂੰ ਸਵੀਕਾਰ ਕੀਤਾ। ਇਸ ਤੋਂ ਠੀਕ 13 ਮਿੰਟ ਬਾਅਦ ਕੰਪਨੀ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਖੇਤਰ ਦੇ ਯੂਜ਼ਰਜ਼ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ।
ਕਿਉਂ ਆਈ ਸੀ ਇਹ ਸਮੱਸਿਆ?
ਕੰਪਨੀ ਨੇ ਇਸ ਰੁਕਾਵਟ ਲਈ ਡੂੰਘਾ ਅਫ਼ਸੋਸ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਇਹ ਘਟਨਾ ਕਿਸੇ ਸਾਈਬਰ ਹਮਲੇ ਜਾਂ ਏਆਈ ਕਾਰਨ ਨਹੀਂ ਹੋਈ ਸੀ। ਮਾਈਕ੍ਰੋਸਾਫਟ ਨੇ ਆਉਟਲੁੱਕ ਆਊਟੇਜ ਲਈ ਪਹਿਲਾਂ ਕੀਤੇ ਗਏ ਨੈੱਟਵਰਕ ਅਪਗ੍ਰੇਡ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਈਕ੍ਰੋਸਾਫਟ ਦੇ ਇਕ ਬੁਲਾਰੇ ਅਨੁਸਾਰ, ਇਹ ਘਟਨਾ ਨੈੱਟਵਰਕ ਸਮਰੱਥਾ ਵਧਾਉਣ ਦੇ ਪਿਛਲੇ ਕੰਮ ਦੌਰਾਨ ਆਈ ਇਕ ਸਮੱਸਿਆ ਕਾਰਨ ਹੋਈ, ਜੋ ਹਾਲ ਹੀ 'ਚ ਕੀਤੇ ਗਏ ਨੈੱਟਵਰਕ ਬਦਲਾਅ ਤੋਂ ਬਾਅਦ ਸਾਹਮਣੇ ਆਈ।
ਕੰਪਨੀ ਨੇ ਇਸ ਨੂੰ ਇਕ ਤਕਨੀਕੀ ਸਮੱਸਿਆ ਦੱਸਿਆ, ਜਿਸ ਦਾ ਸਾਈਬਰ ਜਾਂ ਏਆਈ/ਏਜੰਟਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਪੱਸ਼ਟੀਕਰਨ ਰਾਤ ਭਰ ਚੱਲੀ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਸਾਹਮਣੇ ਆਇਆ। ਐਕਸ 'ਤੇ ਮਾਈਕ੍ਰੋਸਾਫਟ ਦੇ ਸ਼ੁਰੂਆਤੀ ਅਪਡੇਟਾਂ 'ਚ ਕਈ ਖੇਤਰਾਂ 'ਚ ਬਹੁਤ ਜ਼ਿਆਦਾ ਲੋਡ ਨੂੰ ਇਸ ਦਾ ਕਾਰਨ ਦੱਸਿਆ ਗਿਆ ਸੀ। ਕੁਝ ਘੰਟਿਆਂ ਬਾਅਦ ਕੰਪਨੀ ਨੇ ਦੱਸਿਆ ਕਿ ਟ੍ਰੈਫਿਕ 'ਚ ਕੋਈ ਵਾਧਾ ਨਹੀਂ ਹੋਇਆ ਸੀ।
ਕਈ ਸਰਵਰ ਆਟੋਮੇਟਿਡ ਹੈਲਥ ਚੈੱਕ 'ਚ ਫੇਲ੍ਹ ਹੋਣ ਕਾਰਨ ਅਚਾਨਕ ਕੰਮ ਕਰਨਾ ਬੰਦ ਕਰ ਗਏ। ਇਸ ਨਾਲ ਉਨ੍ਹਾਂ ਦਾ ਵਰਕਲੋਡ ਉਨ੍ਹਾਂ ਸਰਵਰਾਂ 'ਤੇ ਆ ਗਿਆ, ਜੋ ਅਜੇ ਵੀ ਚੱਲ ਰਹੇ ਸਨ। ਇਸ ਕਾਰਨ ਉਨ੍ਹਾਂ 'ਤੇ ਵੀ ਦਬਾਅ ਵਧ ਗਿਆ। ਇੰਜੀਨੀਅਰਾਂ ਨੇ ਆਖ਼ਰਕਾਰ ਸਮੱਸਿਆ ਦੇ ਇਕ ਹਿੱਸੇ ਦਾ ਪਤਾ ਲਗਾ ਲਿਆ, ਜੋ ਪ੍ਰਭਾਵਿਤ ਸਰਵਰਾਂ 'ਤੇ ਮੌਜੂਦ ਇਕ ਮੁੱਖ ਪ੍ਰੋਸੈੱਸ ਨਾਲ ਜੁੜਿਆ ਸੀ। ਇਹ ਪ੍ਰੋਸੈੱਸ ਸੁਰੱਖਿਅਤ ਕਨੈਕਸ਼ਨ ਨੂੰ ਸੰਭਾਲਣ ਦਾ ਕੰਮ ਕਰਦੀ ਹੈ। ਇਕ ਸਮੇਂ ਮਾਈਕ੍ਰੋਸਾਫਟ ਨੇ ਮੰਨਿਆ ਕਿ ਉਸ ਵੱਲੋਂ ਚੁੱਕੇ ਗਏ ਕਦਮਾਂ ਨਾਲ ਉਮੀਦ ਮੁਤਾਬਕ ਰਾਹਤ ਨਹੀਂ ਮਿਲੀ।
ਆਉਟਲੁੱਕ ਤੇ ਟੀਮਜ਼ ਨੂੰ ਠੀਕ ਹੋਣ 'ਚ ਲਗਪਗ ਪੂਰਾ ਦਿਨ ਕਿਉਂ ਲੱਗ ਗਿਆ?
ਸਭ ਤੋਂ ਮੁਸ਼ਕਲ ਕੰਮ ਸਰਵਰਾਂ ਦੇ ਮੁੜ ਚਾਲੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਚੱਲਦੇ ਰੱਖਣਾ ਸੀ। ਮਾਈਕ੍ਰੋਸਾਫਟ ਨੇ ਦੱਸਿਆ ਕਿ ਜਿਨ੍ਹਾਂ ਸਰਵਰਾਂ ਨੂੰ ਮੁੜ ਸਰਵਿਸ 'ਚ ਲਿਆਂਦਾ ਗਿਆ ਸੀ, ਉਨ੍ਹਾਂ 'ਤੇ ਟ੍ਰੈਫਿਕ ਆਉਂਦੇ ਹੀ ਉਹ ਦੁਬਾਰਾ ਕੰਮ ਕਰਨਾ ਬੰਦ ਕਰ ਸਕਦੇ ਸਨ। ਕੰਪਨੀ ਦੇ ਇੰਜੀਨੀਅਰਾਂ ਨੇ ਇਕੱਠੇ ਕਈ ਮੋਰਚਿਆਂ 'ਤੇ ਕੰਮ ਕੀਤਾ।
ਉਨ੍ਹਾਂ ਨੇ ਪ੍ਰਭਾਵਿਤ ਇਨਫਰਾਸਟ੍ਰਕਚਰ 'ਤੇ ਆਉਣ ਵਾਲੇ ਟ੍ਰੈਫਿਕ ਦੀਆਂ ਕਿਸਮਾਂ ਨੂੰ ਸੀਮਤ ਕੀਤਾ, ਕੁਝ ਸਰਵਰਾਂ ਨੂੰ ਉਨ੍ਹਾਂ ਦੀ ਪੁਰਾਣੀ ਕੌਂਫਿਗਰੇਸ਼ਨ 'ਤੇ ਵਾਪਸ ਸੈੱਟ ਕੀਤਾ, ਆਥੈਂਟੀਕੇਸ਼ਨ ਅਤੇ ਰੂਟਿੰਗ ਕੰਪੋਨੈਂਟ 'ਚ ਪੈਚ ਲਗਾਏ ਅਤੇ ਵਾਧੂ ਸਮਰੱਥਾ ਲਈ ਵਰਚੁਅਲ ਮਸ਼ੀਨਾਂ ਜੋੜੀਆਂ।
ਈਮੇਲ ਕਾਰਨ ਕੰਮ ਹੋਰ ਵੀ ਹੌਲੀ ਹੋ ਗਿਆ। ਮਾਈਕ੍ਰੋਸਾਫਟ ਤੋਂ ਬਾਹਰ ਦੇ ਮੇਲ ਸਰਵਰ ਉਨ੍ਹਾਂ ਸੰਦੇਸ਼ਾਂ ਨੂੰ ਵਾਰ-ਵਾਰ ਭੇਜਣ ਦੀ ਕੋਸ਼ਿਸ਼ ਕਰਦੇ ਰਹੇ, ਜਿਨ੍ਹਾਂ ਨੂੰ ਉਹ ਡਿਲੀਵਰ ਨਹੀਂ ਕਰ ਸਕੇ ਸਨ। ਇਸ ਲਈ ਜਿਵੇਂ ਹੀ ਸਰਵਰ ਮੁੜ ਆਨਲਾਈਨ ਹੋਏ, ਉਨ੍ਹਾਂ 'ਤੇ ਪਹਿਲਾਂ ਤੋਂ ਜਮ੍ਹਾਂ ਹੋਈਆਂ (ਕਿਊ 'ਚ ਲੱਗੀਆਂ) ਈਮੇਲਾਂ ਦਾ ਢੇਰ ਲੱਗ ਗਿਆ।
ਆਊਟੇਜ ਦੌਰਾਨ ਭੇਜੇ ਗਏ ਸੰਦੇਸ਼ ਕਿਤੇ ਗੁੰਮ ਨਾ ਹੋ ਜਾਣ, ਇਹ ਯਕੀਨੀ ਬਣਾਉਣ ਲਈ ਮਾਈਕ੍ਰੋਸਾਫਟ ਨੇ ਆਪਣੀ ਈਮੇਲ ਟਾਈਮਆਊਟ ਵਿੰਡੋ ਵਧਾ ਕੇ 48 ਘੰਟੇ ਕਰ ਦਿੱਤੀ। ਕੰਪਨੀ ਨੇ ਕਿਹਾ, "ਮੰਗ ਦੇ ਵੱਡੇ ਪੱਧਰ ਨੂੰ ਦੇਖਦੇ ਹੋਏ ਅਸੀਂ ਹੌਲੀ-ਹੌਲੀ ਸੇਵਾਵਾਂ ਬਹਾਲ ਕੀਤੀਆਂ ਅਤੇ ਹਰ ਪੜਾਅ 'ਤੇ ਸਥਿਰਤਾ ਦੀ ਜਾਂਚ ਕੀਤੀ। ਇਸ 'ਚ ਭਾਵੇਂ ਜ਼ਿਆਦਾ ਸਮਾਂ ਲੱਗਿਆ, ਪਰ ਇਸ ਨਾਲ ਸੇਵਾਵਾਂ ਦੀ ਸਥਿਰ ਬਹਾਲੀ ਯਕੀਨੀ ਬਣਾਉਣ 'ਚ ਮਦਦ ਮਿਲੀ।"
13 ਨਵੰਬਰ ਨੂੰ ਸਭ ਤੋਂ ਪਹਿਲਾਂ ਏਸ਼ੀਆ-ਪੈਸੀਫਿਕ ਖੇਤਰ 'ਚ ਸਥਿਤੀ ਸਥਿਰ ਹੋਈ, ਜਿਸ ਤੋਂ ਬਾਅਦ ਯੂਰਪ ਅਤੇ ਉੱਤਰੀ ਅਮਰੀਕਾ 'ਚ ਵੀ ਸੁਧਾਰ ਦੇਖਣ ਨੂੰ ਮਿਲਿਆ। 13 ਨਵੰਬਰ ਦੀ ਦੁਪਹਿਰ ਤੱਕ ਮਾਈਕ੍ਰੋਸਾਫਟ ਨੇ ਦੱਸਿਆ ਕਿ ਈਮੇਲ ਕਿਊਜ਼ ਕਾਫ਼ੀ ਘੱਟ ਹੋ ਗਈਆਂ ਹਨ ਅਤੇ ਆਮ ਪੱਧਰ ਦੇ ਨੇੜੇ ਪਹੁੰਚ ਰਹੀਆਂ ਹਨ।
ਕਿਹੜੇ-ਕਿਹੜੇ ਦੇਸ਼ਾਂ ਨੂੰ ਕਰਨਾ ਪਿਆ ਆਊਟੇਜ ਦਾ ਸਾਹਮਣਾ?
ਘੱਟੋ-ਘੱਟ 74 ਦੇਸ਼ਾਂ 'ਚ ਏਅਰਲਾਈਨਾਂ, ਹਸਪਤਾਲਾਂ ਅਤੇ ਅਦਾਲਤਾਂ ਨੂੰ ਮਾਈਕ੍ਰੋਸਾਫਟ ਆਊਟੇਜ ਦਾ ਸਾਹਮਣਾ ਕਰਨਾ ਪਿਆ। ਜਨਵਰੀ 'ਚ ਮਾਈਕ੍ਰੋਸਾਫਟ ਨੇ ਦੱਸਿਆ ਸੀ ਕਿ ਉਸ ਦੀਆਂ 365 ਸੇਵਾਵਾਂ ਦੇ 450 ਮਿਲੀਅਨ ਤੋਂ ਵੱਧ ਪੇਡ ਕਮਰਸ਼ੀਅਲ ਸਬਸਕ੍ਰਿਪਸ਼ਨ ਹਨ। ਇਸ ਦੇ ਵਿਆਪਕ ਪਸਾਰ ਦਾ ਅਸਰ ਉਨ੍ਹਾਂ ਥਾਵਾਂ 'ਤੇ ਦੇਖਣ ਨੂੰ ਮਿਲਿਆ, ਜੋ ਇਸ ਨਾਲ ਪ੍ਰਭਾਵਿਤ ਹੋਈਆਂ।
ਭਾਰਤ 'ਚ ਇਸ ਆਊਟੇਜ ਦਾ ਅਸਰ ਇੰਡੀਗੋ ਅਤੇ ਅਕਾਸਾ ਏਅਰ ਦੀਆਂ ਈਮੇਲ ਸਪੋਰਟ ਸੇਵਾਵਾਂ 'ਤੇ ਪਿਆ। ਏਅਰ ਇੰਡੀਆ ਨੇ ਗਾਹਕਾਂ ਦੇ ਸੰਦੇਸ਼ ਮਿਲਦੇ ਰਹਿਣ ਲਈ ਆਪਣੀਆਂ ਈਮੇਲਾਂ ਦੂਜੇ ਰਸਤੇ ਰਾਹੀਂ ਭੇਜੀਆਂ ਅਤੇ ਉਨ੍ਹਾਂ ਦੀਆਂ ਉਡਾਣਾਂ ਆਮ ਵਾਂਗ ਚੱਲਦੀਆਂ ਰਹੀਆਂ। ਭਾਰਤ ਦੀ ਇਕ ਵੱਡੀ ਬ੍ਰੋਕਰੇਜ ਫਰਮ 'ਚ ਆਉਟਲੁੱਕ ਲਈ ਤਾਂ ਬੈਕਅੱਪ ਕੰਮ ਆ ਗਿਆ, ਪਰ ਟੀਮਜ਼ 'ਤੇ ਕਲਾਇੰਟਸ ਦੀਆਂ ਕਾਲਾਂ ਸੰਭਾਲਣੀਆਂ ਮੁਸ਼ਕਲ ਹੋ ਗਈਆਂ।
ਯੂਕੇ 'ਚ NHS ਦੇ ਕਰਮਚਾਰੀਆਂ ਨੂੰ ਕਾਗਜ਼ੀ ਰਿਕਾਰਡਾਂ ਦੀ ਵਰਤੋਂ ਕਰਨੀ ਪਈ। ਫਾਰਮੇਸੀਆਂ ਨੇ ਪ੍ਰਿਸਕ੍ਰਿਪਸ਼ਨ ਮਿਲਣ 'ਚ ਦੇਰੀ ਹੋਣ ਦੀ ਚਿਤਾਵਨੀ ਦਿੱਤੀ ਅਤੇ ਮੈਨਚੈਸਟਰ 'ਚ ਇਕ ਜੱਜ ਨੇ ਜਿਊਰੀ ਮੈਂਬਰਾਂ ਨੂੰ ਘਰ ਵਾਪਸ ਭੇਜ ਦਿੱਤਾ।
ਕੋਲੋਰਾਡੋ 'ਚ ਇਕ ਸ਼ੈਰਿਫ਼ ਦਫ਼ਤਰ ਨੂੰ ਲੋਕਾਂ ਨੂੰ ਨਿੱਜੀ ਤੌਰ 'ਤੇ ਆ ਕੇ ਬਾਂਡ ਜਮ੍ਹਾਂ ਕਰਵਾਉਣ ਲਈ ਕਹਿਣਾ ਪਿਆ, ਕਿਉਂਕਿ ਆਨਲਾਈਨ ਭੁਗਤਾਨ ਦੀ ਪ੍ਰਕਿਰਿਆ ਆਉਟਲੁੱਕ ਈਮੇਲ ਨੋਟੀਫਿਕੇਸ਼ਨ 'ਤੇ ਨਿਰਭਰ ਸੀ।
ਜਾਪਾਨ ਦੀਆਂ ਕੁਝ ਕੰਪਨੀਆਂ ਨੇ ਮੁੜ ਫੈਕਸ ਦੀ ਵਰਤੋਂ ਸ਼ੁਰੂ ਕਰ ਦਿੱਤੀ। ਓਪਨਏਆਈ ਅਤੇ ਐਂਥ੍ਰੋਪਿਕ ਨੂੰ ਵੀ ਆਪਣੇ ਮਾਈਕ੍ਰੋਸਾਫਟ 365 ਕਨੈਕਟਰਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਦਕਿ ਇਲੈਕਟ੍ਰਿਕ ਟਰੱਕ ਬਣਾਉਣ ਵਾਲੀ ਕੰਪਨੀ ਵਰਕਹੋਰਸ ਗਰੁੱਪ ਨੇ ਆਪਣੇ ਤਿਮਾਹੀ ਨਤੀਜੇ 16 ਨਵੰਬਰ ਤੱਕ ਟਾਲ ਦਿੱਤੇ।
ਯੂਜ਼ਰਜ਼ ਲਈ ਕੁਝ ਗੱਲਾਂ ਅਜੇ ਵੀ ਸਪੱਸ਼ਟ ਨਹੀਂ ਹੋ ਸਕਦੀਆਂ। ਕਿਊ 'ਚ ਰੁਕੀਆਂ ਈਮੇਲਾਂ 'ਤੇ ਉਹ ਸਮਾਂ ਦਰਜ ਹੁੰਦਾ ਹੈ, ਜਦੋਂ ਉਹ ਡਿਲੀਵਰ ਹੋਈਆਂ ਸਨ, ਨਾ ਕਿ ਉਹ ਸਮਾਂ ਜਦੋਂ ਉਨ੍ਹਾਂ ਨੂੰ ਭੇਜਿਆ ਗਿਆ ਸੀ। ਇਸ ਲਈ 13 ਨਵੰਬਰ ਦੀ ਤਾਰੀਖ ਵਾਲਾ ਕੋਈ ਸੰਦੇਸ਼ ਅਸਲ 'ਚ 12 ਨਵੰਬਰ ਦੀ ਰਾਤ ਨੂੰ ਲਿਖਿਆ ਗਿਆ ਹੋ ਸਕਦਾ ਹੈ।
ਮਾਈਕ੍ਰੋਸਾਫਟ ਨੇ ਵਾਅਦਾ ਕੀਤਾ ਹੈ ਕਿ ਸਮੀਖਿਆ ਪੂਰੀ ਹੋਣ ਤੋਂ ਬਾਅਦ ਉਹ ਇਸ ਘਟਨਾ ਬਾਰੇ ਇਕ ਵਿਸਤ੍ਰਿਤ ਰਿਪੋਰਟ ਜਾਰੀ ਕਰੇਗੀ।