ਅਮਰੀਕਾ-ਈਰਾਨ ਸਮਝੌਤੇ 'ਤੇ ਭੜਕਿਆ ਇਜ਼ਰਾਈਲ, ਨੇਤਨਯਾਹੂ ਦੇ ਮੰਤਰੀ ਨੇ ਕਿਹਾ- ਅਸੀਂ ਟਰੰਪ ਦੇ ਗੁਲਾਮ ਨਹੀਂ
ਅਮਰੀਕਾ-ਈਰਾਨ ਵਿਚਕਾਰ ਹੋਏ ਇਤਿਹਾਸਕ ਸ਼ਾਂਤੀ ਸਮਝੌਤੇ 'ਤੇ ਇਜ਼ਰਾਈਲ ਵੱਲੋਂ ਪਹਿਲੀ ਅਧਿਕਾਰਤ ਅਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਇਜ਼ਰਾਈਲ ਦੇ ਸੱਜੇ-ਪੱਖੀ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵਿਰ ਨੇ ਸੋਮਵਾਰ ਨੂੰ ਸਾਫ਼ ਲਫ਼ਜ਼ਾਂ ਵਿੱਚ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੱਧਸਥਤਾ ਵਿੱਚ ਹੋਈ ਇਹ ਡੀਲ ਇਜ਼ਰਾਈਲ 'ਤੇ ਬਿਲਕੁਲ ਵੀ ਲਾਗੂ ਨਹੀਂ ਹੋਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਆਪਣੇ ਸੁਰੱਖਿਆ ਫੈਸਲੇ ਖੁਦ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ।
Publish Date: Mon, 15 Jun 2026 01:41 PM (IST)
Updated Date: Mon, 15 Jun 2026 01:43 PM (IST)

ਡਿਜੀਟਲ ਡੈਸਕ, ਤੇਲ ਅਵੀਵ। ਅਮਰੀਕਾ-ਈਰਾਨ ਵਿਚਕਾਰ ਹੋਏ ਇਤਿਹਾਸਕ ਸ਼ਾਂਤੀ ਸਮਝੌਤੇ 'ਤੇ ਇਜ਼ਰਾਈਲ ਵੱਲੋਂ ਪਹਿਲੀ ਅਧਿਕਾਰਤ ਅਤੇ ਤਿੱਖੀ ਪ੍ਰਤੀਕਿਰਿਆ ਆਈ ਹੈ। ਇਜ਼ਰਾਈਲ ਦੇ ਸੱਜੇ-ਪੱਖੀ ਰਾਸ਼ਟਰੀ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵਿਰ ਨੇ ਸੋਮਵਾਰ ਨੂੰ ਸਾਫ਼ ਲਫ਼ਜ਼ਾਂ ਵਿੱਚ ਐਲਾਨ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੱਧਸਥਤਾ ਵਿੱਚ ਹੋਈ ਇਹ ਡੀਲ ਇਜ਼ਰਾਈਲ 'ਤੇ ਬਿਲਕੁਲ ਵੀ ਲਾਗੂ ਨਹੀਂ ਹੋਵੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਜ਼ਰਾਈਲ ਆਪਣੇ ਸੁਰੱਖਿਆ ਫੈਸਲੇ ਖੁਦ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ।
ਦੱਸ ਦੇਈਏ ਕਿ ਇਜ਼ਰਾਈਲੀ ਮੰਤਰੀ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲ੍ਹਣ ਅਤੇ ਜੰਗ ਵਿੱਚ ਇੱਕ ਅਸਥਾਈ ਜੰਗਬੰਦੀ ਨੂੰ ਅੱਗੇ ਵਧਾਉਣ 'ਤੇ ਸ਼ੁਰੂਆਤੀ ਸਹਿਮਤੀ ਬਣੀ ਹੈ। ਇਸ ਸਮਝੌਤੇ 'ਤੇ ਸ਼ੁੱਕਰਵਾਰ, 19 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਰਸਮੀ ਤੌਰ 'ਤੇ ਦਸਤਖਤ ਹੋਣ ਦੀ ਉਮੀਦ ਹੈ।
'ਅਸੀਂ ਅਮਰੀਕਾ ਦੇ ਗੁਲਾਮ ਨਹੀਂ'
ਸ਼ਾਂਤੀ ਸਮਝੌਤੇ ਦੇ ਐਲਾਨ ਤੋਂ ਬਾਅਦ ਇਜ਼ਰਾਈਲੀ ਮੰਤਰੀ ਗਵਿਰ ਨੇ ਦੋ-ਟੂਕ ਅੰਦਾਜ਼ ਵਿੱਚ ਕਿਹਾ ਕਿ ਇਜ਼ਰਾਈਲ ਆਪਣੇ ਸੁਰੱਖਿਆ ਹਿੱਤਾਂ ਨੂੰ ਅੰਤਰਰਾਸ਼ਟਰੀ ਸਮਝੌਤਿਆਂ ਦੇ ਭਰੋਸੇ ਨਹੀਂ ਛੱਡ ਸਕਦਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਲੰਮੀ ਪੋਸਟ ਵਿੱਚ ਲਿਖਿਆ ਕਿ ਟਰੰਪ ਦਾ ਸਮਝੌਤਾ ਸਾਨੂੰ ਬੰਨ੍ਹ ਨਹੀਂ ਸਕਦਾ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਜ਼ਰਾਈਲ ਸੰਯੁਕਤ ਰਾਜ ਅਮਰੀਕਾ ਦੇ ਅਧੀਨ ਨਹੀਂ ਹੈ, ਅਸੀਂ ਇੱਕ ਸੁਤੰਤਰ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਹਾਂ। ਅਸੀਂ ਅਮਰੀਕਾ ਨੂੰ ਪਿਆਰ ਕਰਦੇ ਹਾਂ ਅਤੇ ਰਾਸ਼ਟਰਪਤੀ ਟਰੰਪ ਦੇ ਧੰਨਵਾਦੀ ਹਾਂ, ਫਿਰ ਵੀ ਇਜ਼ਰਾਈਲ ਕੋਈ 'ਬਨਾਨਾ ਰਿਪਬਲਿਕ' ਨਹੀਂ ਹੈ।
ਹਿਜ਼ਬੁਲ੍ਹਾ ਨੂੰ ਲੈ ਕੇ ਸਾਫ਼ ਕੀਤਾ ਰੁਖ਼
ਇਸ ਤੋਂ ਇਲਾਵਾ ਬੇਨ-ਗਵਿਰ ਦਾ ਮੰਨਣਾ ਹੈ ਕਿ ਹਿਜ਼ਬੁਲ੍ਹਾ ਅਤੇ ਈਰਾਨ ਸਮਰਥਿਤ ਹੋਰਨਾਂ ਸੰਗਠਨਾਂ ਨਾਲ ਨਜਿੱਠਣ ਲਈ ਇਜ਼ਰਾਈਲ ਕੋਲ ਫੌਜੀ ਕਾਰਵਾਈ ਕਰਨ ਦੀ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ।
'ਵਿਦੇਸ਼ੀ ਦਬਾਅ ਮੰਨਣ ਦੀ ਚੁਕਾਈ ਹੈ ਖ਼ੂਨ ਦੀ ਕੀਮਤ'
ਆਪਣੇ ਵਿਰੋਧ ਨੂੰ ਸਹੀ ਠਹਿਰਾਉਂਦੇ ਹੋਏ ਇਜ਼ਰਾਈਲੀ ਮੰਤਰੀ ਨੇ ਇਤਿਹਾਸ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਇਜ਼ਰਾਈਲ ਨੇ ਵਿਦੇਸ਼ੀ ਦਬਾਅ ਅੱਗੇ ਗੋਡੇ ਟੇਕੇ ਹਨ, ਉਸ ਨੂੰ ਨੁਕਸਾਨ ਉਠਾਉਣਾ ਪਿਆ ਹੈ। ਬੇਨ-ਗਵਿਰ ਨੇ ਓਸਲੋ ਸਮਝੌਤੇ, 2006 ਦੇ ਲੇਬਨਾਨ ਸਮਝੌਤੇ ਅਤੇ ਗਾਜ਼ਾ ਵਿੱਚ ਵਰਤੀ ਗਈ ਨਰਮੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਹਰ ਵਾਰ ਜਦੋਂ ਅਸੀਂ ਇਜ਼ਰਾਈਲ ਦੀ ਸੁਰੱਖਿਆ ਦੀ ਕੀਮਤ 'ਤੇ ਅੰਤਰਰਾਸ਼ਟਰੀ ਦਬਾਅ ਸਾਹਮਣੇ ਆਤਮ-ਸਮਰਪਣ ਕੀਤਾ, ਤਾਂ ਅਸੀਂ ਵਿਆਜ ਸਮੇਤ ਇਸ ਦੀ ਕੀਮਤ ਖ਼ੂਨ ਨਾਲ ਚੁਕਾਈ ਹੈ।
ਲੇਬਨਾਨ 'ਤੇ ਸਖ਼ਤ ਰੁਖ਼, ਹਿਜ਼ਬੁਲ੍ਹਾ ਨੂੰ ਖ਼ਤਮ ਕਰਨ ਦੀ ਮੰਗ
ਬੇਨ-ਗਵਿਰ ਨੇ ਆਪਣੀ ਪੋਸਟ ਵਿੱਚ ਲੇਬਨਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਅਜਿਹੇ ਕਿਸੇ ਵੀ ਸਮਝੌਤੇ ਦੇ ਖਿਲਾਫ ਹਨ ਜੋ ਇਜ਼ਰਾਈਲੀ ਫੌਜ ਦੇ ਹੱਥ ਬੰਨ੍ਹੇ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮਝੌਤੇ ਦੇ ਭਾਈਵਾਲ ਨਹੀਂ ਹਾਂ ਜੋ ਸਾਡੀ ਸੁਰੱਖਿਆ ਯਕੀਨੀ ਨਹੀਂ ਕਰਦਾ। ਉਨ੍ਹਾਂ ਮੰਗ ਕੀਤੀ ਕਿ ਇਜ਼ਰਾਈਲ ਨੂੰ ਹਿਜ਼ਬੁਲ੍ਹਾ ਦੇ ਖਾਤਮੇ ਤੋਂ ਘੱਟ ਕਿਸੇ ਵੀ ਗੱਲ 'ਤੇ ਸਮਝੌਤਾ ਨਹੀਂ ਕਰਨਾ ਚਾਹੀਦਾ ਅਤੇ ਜੰਗ ਦੌਰਾਨ ਕਬਜ਼ਾ ਕੀਤੀ ਗਈ ਜ਼ਮੀਨ ਤੋਂ ਇਜ਼ਰਾਈਲੀ ਫੌਜ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ।
ਉਨ੍ਹਾਂ ਨੇ ਉੱਤਰੀ ਇਜ਼ਰਾਈਲੀ ਕਸਬਿਆਂ ਦੀ ਸੁਰੱਖਿਆ ਦੀ ਗੱਲ ਕਰਦਿਆਂ ਚੇਤਾਵਨੀ ਦਿੱਤੀ ਕਿ ਲੇਬਨਾਨ ਵੱਲੋਂ ਇਜ਼ਰਾਈਲ ਵੱਲ ਦਾਗੇ ਗਏ ਹਰ ਡਰੋਨ ਜਾਂ ਮਿਜ਼ਾਈਲ ਦਾ ਜਵਾਬ ਬੈਰੂਤ ਦੇ 'ਦਾਹੀਆ' 'ਤੇ ਇਜ਼ਰਾਈਲੀ ਹਮਲੇ ਨਾਲ ਦਿੱਤਾ ਜਾਵੇਗਾ। ਇਹ ਡਰ ਕੁਝ ਮਹੀਨੇ ਪਹਿਲਾਂ ਤੱਕ ਕਾਇਮ ਸੀ ਅਤੇ ਅਸੀਂ ਇਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਛੱਡਾਂਗੇ।
ਸ਼ੁੱਕਰਵਾਰ ਨੂੰ ਸਮਝੌਤੇ 'ਤੇ ਦਸਤਖਤਾਂ ਦੀ ਤਿਆਰੀ
ਜ਼ਿਕਰਯੋਗ ਹੈ ਕਿ ਇਸ ਦੌਰਾਨ ਅਮਰੀਕਾ ਅਤੇ ਈਰਾਨ ਵਿਚਾਲੇ ਸਮਝੌਤੇ ਦੀ ਪ੍ਰਕਿਰਿਆ ਜਾਰੀ ਹੈ। ਨਿਊਜ਼ ਏਜੰਸੀ 'ਐਸੋਸੀਏਟਡ ਪ੍ਰੈਸ' ਮੁਤਾਬਕ, ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਵੀ ਸਮਝੌਤੇ ਦੀ ਪੁਸ਼ਟੀ ਕੀਤੀ ਹੈ, ਪਰ ਕਿਹਾ ਹੈ ਕਿ ਜਦੋਂ ਤੱਕ 19 ਜੂਨ ਨੂੰ ਅੰਤਿਮ ਦਸਤਾਵੇਜ਼ 'ਤੇ ਦਸਤਖਤ ਨਹੀਂ ਹੋ ਜਾਂਦੇ, ਉਦੋਂ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ।