- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਗਠਨ ਦਾ ਕਹਿਣਾ ਹੈ ਕਿ ਇਹ ਕਦਮ 2020 ਵਿਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਤੇ ਇਰਾਕੀ ਮਿਲੀਸ਼ੀਆ ਕਮਾਂਡਰ ਅਬੂ ਮਹਿਦੀ ਅਲ-ਮੁਹਾਂਦਿਸ ਦੀ ਅਮਰੀਕੀ ਡਰੋਨ ਹਮਲੇ ਵਿਚ ਹੋਈ ਮੌਤ ਦਾ ਬਦਲਾ ਲੈਣ ਲਈ ਚੁੱਕਿਆ ਗਿਆ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: ਈਰਾਨ ਸਮਰਥਿਤ ਇਰਾਕੀ ਸੰਗਠਨ ਇਸਲਾਮਿਕ ਰੇਜ਼ਿਸਟੈਂਸ ਇਨ ਇਰਾਕ (ਆਈਆਰਆਈ) ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹੱਤਿਆ ਕਰਨ ਵਾਲੇ ਨੂੰ 1 ਕਰੋੜ ਡਾਲਰ (10 ਮਿਲੀਅਨ ਡਾਲਰ) ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸੰਗਠਨ ਦਾ ਕਹਿਣਾ ਹੈ ਕਿ ਇਹ ਕਦਮ 2020 ਵਿਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਤੇ ਇਰਾਕੀ ਮਿਲੀਸ਼ੀਆ ਕਮਾਂਡਰ ਅਬੂ ਮਹਿਦੀ ਅਲ-ਮੁਹਾਂਦਿਸ ਦੀ ਅਮਰੀਕੀ ਡਰੋਨ ਹਮਲੇ ਵਿਚ ਹੋਈ ਮੌਤ ਦਾ ਬਦਲਾ ਲੈਣ ਲਈ ਚੁੱਕਿਆ ਗਿਆ ਹੈ।
ਈਰਾਨ ਦੇ ਸਰਕਾਰੀ ਮੀਡੀਆ ਪ੍ਰੈੱਸ ਟੀਵੀ ਦੇ ਅਨੁਸਾਰ ਸੰਗਠਨ ਨੇ ਕਿਹਾ ਹੈ ਕਿ ਇਨਾਮ ਦੀ ਰਕਮ ਮੈਂਬਰਾਂ ਅਤੇ ਸਮਰਥਕਾਂ ਤੋਂ ਇਕੱਠੀ ਕੀਤੀ ਜਾਵੇਗੀ। 16 ਜੁਲਾਈ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੋ ਵੀ ਵਿਅਕਤੀ ਟਰੰਪ ਦੀ ਹੱਤਿਆ ਕਰੇਗਾ, ਅਜਿਹਾ ਕਰਨ ਦਾ ਨਿਰਦੇਸ਼ ਦੇਵੇਗਾ ਜਾਂ ਇਸ ਕਾਰਵਾਈ ਵਿਚ ਕਿਸੇ ਵੀ ਤਰ੍ਹਾਂ ਦੀ ਮਦਦ ਕਰੇਗਾ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ। ਸੰਗਠਨ ਨੇ ਦੋਸ਼ ਲਾਇਆ ਹੈ ਕਿ ਟਰੰਪ ਹਾਲ ਦੇ ਦਿਨਾਂ ਵਿਚ ਸੁਲੇਮਾਨੀ ਅਤੇ ਅਲ-ਮੁਹਾਂਦਿਸ ਦੀ ਹੱਤਿਆ ਦੀ ਜ਼ਿੰਮੇਵਾਰੀ ਲੈ ਕੇ ਜਨਤਕ ਤੌਰ 'ਤੇ ਸ਼ੇਖੀ ਮਾਰ ਰਹੇ ਹਨ, ਇਸ ਲਈ ਉਸ ਦੇ ਖ਼ਿਲਾਫ਼ ਇਹ ਐਲਾਨ ਕੀਤਾ ਗਿਆ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, ਵ੍ਹਾਈਟ ਹਾਊਸ ਵਿਚ ਇਰਾਕੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੌਰਾਨ ਟਰੰਪ ਨੇ 2020 ਦੇ ਡਰੋਨ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਜੇ ਉਸ ਨੇ ਸੁਲੇਮਾਨੀ ਨੂੰ ਨਹੀਂ ਮਾਰਿਆ ਹੁੰਦਾ, ਤਾਂ ਹਾਲਾਤ ਵੱਖਰੇ ਹੁੰਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸੇ ਹਮਲੇ ਵਿਚ ‘ਇਕ ਹੋਰ ਬਹੁਤ ਖ਼ਤਰਨਾਕ ਵਿਅਕਤੀ’ ਵੀ ਮਾਰਿਆ ਗਿਆ ਸੀ, ਜਿਸਦਾ ਇਸ਼ਾਰਾ ਅਬੂ ਮਹਿਦੀ ਅਲ-ਮੁਹਾਂਦਿਸ ਵੱਲ ਕੀਤਾ ਗਿਆ ਸੀ।
ਇਸ ਵਿਚਾਲੇ ਅਲ-ਮੁਹਾਂਦਿਸ ਦੇ ਪਰਿਵਾਰਕ ਮੈਂਬਰਾਂ ਨੇ ਟਰੰਪ ਦੇ ਬਿਆਨ 'ਤੇ ਇਰਾਕੀ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ 2024 ਦੇ ਚੋਣ ਪ੍ਰਚਾਰ ਦੌਰਾਨ ਟਰੰਪ 'ਤੇ ਕਈ ਵਾਰ ਹਮਲੇ ਜਾਂ ਹਮਲੇ ਦੀ ਸਾਜ਼ਿਸ਼ਾਂ ਦੀ ਜਾਂਚ ਹੋਈ ਹੈ। ਇਨ੍ਹਾਂ ਵਿਚ ਪੈਨਸਿਲਵੈਨੀਆ ਦੀ ਰੈਲੀ ਵਿਚ ਹੋਈ ਗੋਲੀਬਾਰੀ ਦਾ ਮਾਮਲਾ ਸਭ ਤੋਂ ਗੰਭੀਰ ਸੀ। ਅਮਰੀਕੀ ਏਜੰਸੀਆਂ ਨੇ ਕੁਝ ਮਾਮਲਿਆਂ ਵਿਚ ਈਰਾਨ ਨਾਲ ਸੰਭਾਵੀ ਸੰਬੰਧਾਂ ਦੀ ਵੀ ਜਾਂਚ ਕੀਤੀ ਸੀ, ਹਾਲਾਂਕਿ ਈਰਾਨ ਨੇ ਟਰੰਪ ਦੀ ਹੱਤਿਆ ਦੀ ਕਿਸੇ ਵੀ ਸਾਜ਼ਿਸ਼ ਵਿਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।