- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਰੰਪ ਨੇ ਸਾਫ਼ ਕੀਤਾ ਕਿ ਵਾਸ਼ਿੰਗਟਨ ਨੂੰ ਕਿਸੇ ਜਲਦਬਾਜ਼ੀ ਦੀ ਲੋੜ ਨਹੀਂ ਤੇ ਉਹ ਆਉਣ ਵਾਲੇ ਹਫ਼ਤਿਆਂ ’ਚ ਆਪਣੇ ਬਦਲਾਂ ’ਤੇ ਵਿਚਾਰ ਕਰਦਾ ਰਹੇਗਾ। ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਈਰਾਨ ਨਾਲ ਕਿਸੇ ਸਮਝੌਤੇ ’ਤੇ ਨਾ ਪਹੁੰਚ ਸਕਣ ਦੀ ਖਿੱਝ ਵੀ ਉਨ੍ਹਾਂ ਉਤਾਰੀ। ਟਰੰਪ ਨੇ ਕਿਹਾ ਕਿ ਈਰਾਨ ਨੂੰ ਅਮਰੀਕੀ ਉਮੀਦਾਂ ਅਨੁਸਾਰ ਸਮਝੌਤਾ ਕਰਨਾ ਹੋਵੇਗਾ।

ਜੇਐੱਨਐੱਨ, ਨਵੀਂ ਦਿੱਲੀ : ਈਰਾਨ ’ਤੇ ਨਵੇਂ ਸਿਰੇ ਤੋਂ ਹਮਲੇ ਲਈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਬਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਹਾਲ ਫ਼ੌਜੀ ਕਾਰਵਾਈ ਦੀ ਸੰਭਾਵਨਾ ਟਾਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਈਰਾਨ ਨੂੰ ਲੈ ਕੇ ਅਗਲੇ ਕਦਮ ’ਤੇ ਫ਼ੈਸਲਾ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਹੀ ਕਰਨਗੇ। ਟਰੰਪ ਨੇ ਸਾਫ਼ ਕੀਤਾ ਕਿ ਵਾਸ਼ਿੰਗਟਨ ਨੂੰ ਕਿਸੇ ਜਲਦਬਾਜ਼ੀ ਦੀ ਲੋੜ ਨਹੀਂ ਤੇ ਉਹ ਆਉਣ ਵਾਲੇ ਹਫ਼ਤਿਆਂ ’ਚ ਆਪਣੇ ਬਦਲਾਂ ’ਤੇ ਵਿਚਾਰ ਕਰਦਾ ਰਹੇਗਾ। ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਈਰਾਨ ਨਾਲ ਕਿਸੇ ਸਮਝੌਤੇ ’ਤੇ ਨਾ ਪਹੁੰਚ ਸਕਣ ਦੀ ਖਿੱਝ ਵੀ ਉਨ੍ਹਾਂ ਉਤਾਰੀ। ਟਰੰਪ ਨੇ ਕਿਹਾ ਕਿ ਈਰਾਨ ਨੂੰ ਅਮਰੀਕੀ ਉਮੀਦਾਂ ਅਨੁਸਾਰ ਸਮਝੌਤਾ ਕਰਨਾ ਹੋਵੇਗਾ। ਉਹ ਹੁਣ ਦੁਨੀਆ ਨੂੰ ਮੂਰਖ ਨਹੀਂ ਬਣਾ ਸਕਦੇ। ਉਨ੍ਹਾਂ ਕਿਹਾ ਕਿ ਈਰਾਨ 51 ਸਾਲਾਂ ਤੋਂ ਦੁਨੀਆ ਨੂੰ ਭਰਮਾ ਰਿਹਾ ਹੈ।
ਏਐੱਨਆਈ ਅਨੁਸਾਰ, ਇਸ ਤੋਂ ਪਹਿਲਾਂ ਟਰੰਪ ਨੇ ਚੀਨ ’ਚ ਏਪੈਕ ਸਿਖਰ ਸੰਮੇਲਨ ਤੋਂ ਪਰਤਦੇ ਸਮੇਂ ਏਅਰ ਫੋਰਸ ਵਨ ’ਚ ਐਕਸੀਓਸ ਨਾਲ ਗੱਲਬਾਤ ’ਚ ਕਿਹਾ ਸੀ ਕਿ ਉਹ ਈਰਾਨ ਨੂੰ ਲੈ ਕੇ ਕੋਈ ਫ਼ੈਸਲਾ ਕਰਨ ਦੀ ਜਲਦਬਾਜ਼ੀ ’ਚ ਨਹੀਂ ਹਨ। ਉਹ ਦੇਖਣਗੇ ਕਿ ਨਵੇਂ ਸਾਲ ਦੀ ਸ਼ੁਰੂਆਤ ਤੋਂ ਬਾਅਦ ਕੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਈਰਾਨ ਦੇ ਰਵੱਈਏ ਕਾਰਨ ਤੇਲ ਦੀਆਂ ਕੀਮਤਾਂ ’ਚ ਨਰਮੀ ਆਈ ਹੈ। ਉਹ ਸਮਝੌਤਾ ਕਰਨਾ ਚਾਹੁੰਦੇ ਹਨ।
ਉਧਰ, ਰਾਇਟਰ ਅਨੁਸਾਰ, ਹੋਰਮੁਜ਼ ਸਟ੍ਰੇਟ ਤੋਂ ਬਾਹਰ ਨਿਕਲ ਰਹੇ ਇਕ ਟੈਂਕਰ ’ਤੇ ਸ਼ੁੱਕਰਵਾਰ ਨੂੰ ਮਿਜ਼ਾਈਲ ਹਮਲੇ ਤੋਂ ਬਾਅਦ ਅੱਗ ਲੱਗ ਗਈ। ਬ੍ਰਿਟਿਸ਼ ਜਲ ਸੈਨਾ ਨਾਲ ਸਬੰਧਤ ਯੂਕੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ (ਯੂਕੇਐੱਮਟੀਓ) ਨੇ ਦੱਸਿਆ ਕਿ ਘਟਨਾ ਓਮਾਨ ਦੇ ਖਾਸਬ ਸ਼ਹਿਰ ਤੋਂ ਅੱਠ ਸਮੁੰਦਰੀ ਮੀਲ ਉੱਤਰ ’ਚ ਹੋਈ। ਕਿਸੇ ਦੇ ਜ਼ਖ਼ਮੀ ਹੋਣ ਜਾਂ ਵਾਤਾਵਰਣ ਨੂੰ ਨੁਕਸਾਨ ਦੀ ਸੂਚਨਾ ਨਹੀਂ ਹੈ। ਉਥੇ ਹੀ, ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਨੇ ਦਾਅਵਾ ਕੀਤਾ ਕਿ ਖਾਸਬ ਕੋਲ ਹੋਰਮੁਜ਼ ’ਚੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਤੇਲ ਟੈਂਕਰ ਬਾਰੂਦੀ ਸੁਰੰਗਾਂ (ਮਾਈਨਜ਼) ਨਾਲ ਟਕਰਾਅ ਗਿਆ, ਜਿਸ ਕਾਰਨ ਉਸ ਵਿਚ ਅੱਗ ਲੱਗ ਗਈ। ਈਰਾਨੀ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ।