'ਇਤਰਾਜ਼ਯੋਗ ਹੈ ਇਹ ਭਾਸ਼ਾ...', ਜੇਡੀ ਵੈਂਸ ਦੀ 'ਬੰਧੂਆ ਮਜ਼ਦੂਰ' ਵਾਲੀ ਟਿੱਪਣੀ 'ਤੇ ਭੜਕਿਆ ਭਾਰਤ; ਵਿਦੇਸ਼ ਮੰਤਰਾਲੇ ਨੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ PERM ਪ੍ਰੋਗਰਾਮ, H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਹਾਲਾਂਕਿ, ਮੰਤਰਾਲੇ ਨੇ ਭਰੋਸਾ ਦਿਵਾਇਆ ਕਿ PERM ਤਹਿਤ ਅਰਜ਼ੀਆਂ ਮੁਅੱਤਲ ਹੋਣ ਨਾਲ ਮੌਜੂਦਾ H-1B ਵੀਜ਼ਿਆਂ ਦੀ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਦਰਜੇ 'ਤੇ ਕੋਈ ਅਸਰ ਨਹੀਂ ਪਵੇਗਾ।
Publish Date: Fri, 09 Oct 2026 01:54 PM (IST)
Updated Date: Fri, 09 Oct 2026 01:57 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤ ਨੇ H-1B ਵੀਜ਼ਾ ਭਰਤੀ ਨੂੰ ਲੈ ਕੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੀਆਂ ਟਿੱਪਣੀਆਂ ਦੀ ਸਖ਼ਤ ਸ਼ਬਦਾਂ 'ਚ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, “ਇਸ ਨਾਲ ਭਾਰਤੀਆਂ ਲਈ ਮੌਕੇ ਤਾਂ ਪੈਦਾ ਹੁੰਦੇ ਹੀ ਹਨ, ਨਾਲ ਹੀ ਇਹ ਅਮਰੀਕੀ ਕੰਪਨੀਆਂ ਨੂੰ ਬਿਹਤਰੀਨ ਪ੍ਰਤਿਭਾ, ਨਵੀਨਤਾ, ਖੋਜ, ਉਤਪਾਦਕਤਾ, ਮੁਕਾਬਲੇਬਾਜ਼ੀ ਅਤੇ ਰੁਜ਼ਗਾਰ ਪੈਦਾ ਕਰਨ 'ਚ ਵੀ ਮਦਦ ਕਰਦਾ ਹੈ। ਇਸ ਨਾਲ ਅਮਰੀਕਾ 'ਚ ਸ਼ੇਅਰਧਾਰਕਾਂ ਦੀ ਦੌਲਤ ਵੀ ਵਧਦੀ ਹੈ।”
ਜੇਡੀ ਵੈਂਸ ਨੇ ਅਮਰੀਕੀ ਕੰਪਨੀਆਂ 'ਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ 'ਬੰਧੂਆ ਮਜ਼ਦੂਰ' ਕਿਹਾ ਸੀ। ਵੈਂਸ ਨੇ ਅਮਰੀਕੀ ਕੰਪਨੀ ਮਾਈਕ੍ਰੋਸਾਫਟ ਨੂੰ ਸਭ ਤੋਂ ਵੱਧ ਵਿਦੇਸ਼ੀ ਬੰਧੂਆ ਮਜ਼ਦੂਰ ਰੱਖਣ ਵਾਲੀ ਕੰਪਨੀ ਵੀ ਦੱਸਿਆ ਸੀ।
ਜੇਡੀ ਵੈਂਸ ਦੇ ਬਿਆਨ ਦੀ ਭਾਰਤ ਨੇ ਕੀਤੀ ਆਲੋਚਨਾ
ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ 'ਤੇ ਅਮਰੀਕੀ ਉਪ ਰਾਸ਼ਟਰਪਤੀ ਵੈਂਸ ਦੀਆਂ ਟਿੱਪਣੀਆਂ ਦਾ ਖ਼ਾਸ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ, “ਉਨ੍ਹਾਂ ਦੀਆਂ ਗੱਲਾਂ ਬੇਬੁਨਿਆਦ ਹਨ ਅਤੇ ਇਸ ਸੱਚਾਈ ਨੂੰ ਨਜ਼ਰਅੰਦਾਜ਼ ਕਰਦੀਆਂ ਹਨ ਕਿ ਅਮਰੀਕਾ 'ਚ ਭਾਰਤੀ ਪੇਸ਼ੇਵਰ ਉੱਥੋਂ ਦੀ ਅਰਥਵਿਵਸਥਾ ਅਤੇ ਨਵੀਨਤਾ ਪ੍ਰਣਾਲੀ 'ਚ ਉੱਚ ਸਿੱਖਿਆ ਪ੍ਰਾਪਤ ਅਤੇ ਹੁਨਰਮੰਦ ਯੋਗਦਾਨੀ ਹਨ।”
ਮੰਤਰਾਲੇ ਨੇ ਕਿਹਾ, “ਅਸਲ 'ਚ ਅਮਰੀਕਾ ਦਾ ਇਤਿਹਾਸ ਖ਼ੁਦ ਕਈ ਪੀੜ੍ਹੀਆਂ ਦੇ ਪ੍ਰਵਾਸੀਆਂ ਨਾਲ ਬਣਿਆ ਹੈ, ਜਿਨ੍ਹਾਂ ਦੀ ਮਿਹਨਤ, ਉੱਦਮਸ਼ੀਲਤਾ ਅਤੇ ਨਵੀਨਤਾ ਨੇ ਦੇਸ਼ ਦੀ ਤਰੱਕੀ ਤੇ ਖ਼ੁਸ਼ਹਾਲੀ 'ਚ ਯੋਗਦਾਨ ਪਾਇਆ ਹੈ। ਅਜਿਹੀ ਭਾਸ਼ਾ ਦੀ ਵਰਤੋਂ ਕਰਨਾ, ਜੋ ਦਰਦਨਾਕ ਇਤਿਹਾਸਕ ਅਤੇ ਬਸਤੀਵਾਦੀ ਵਿਰਾਸਤ ਦੀ ਯਾਦ ਦਿਵਾਉਂਦੀ ਹੋਵੇ, ਬੇਹੱਦ ਅਪਮਾਨਜਨਕ ਹੈ।”
ਵਿਦੇਸ਼ ਮੰਤਰਾਲੇ ਨੇ ਕਿਹਾ ਕਿ PERM ਪ੍ਰੋਗਰਾਮ, H-1B ਵੀਜ਼ਾ ਪ੍ਰੋਗਰਾਮ ਤੋਂ ਵੱਖਰਾ ਹੈ। ਹਾਲਾਂਕਿ, ਮੰਤਰਾਲੇ ਨੇ ਭਰੋਸਾ ਦਿਵਾਇਆ ਕਿ PERM ਤਹਿਤ ਅਰਜ਼ੀਆਂ ਮੁਅੱਤਲ ਹੋਣ ਨਾਲ ਮੌਜੂਦਾ H-1B ਵੀਜ਼ਿਆਂ ਦੀ ਵੈਧਤਾ ਜਾਂ H-1B ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਦਰਜੇ 'ਤੇ ਕੋਈ ਅਸਰ ਨਹੀਂ ਪਵੇਗਾ। ਅਮਰੀਕੀ ਜਨਗਣਨਾ ਦੇ ਅੰਕੜਿਆਂ 'ਤੇ ਆਧਾਰਿਤ ਹਾਲੀਆ ਅੰਦਾਜ਼ਿਆਂ ਮੁਤਾਬਕ, ਅਮਰੀਕਾ 'ਚ ਭਾਰਤੀ ਮੂਲ ਦੇ 52 ਲੱਖ ਤੋਂ ਵੱਧ ਲੋਕ ਰਹਿੰਦੇ ਹਨ।