- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
FBI ਨੇ ਸਿਰਫ਼ ਅਮਰੀਕਾ 'ਚ ਹੀ ਅਪਰਾਧੀਆਂ ਨੂੰ ਨਹੀਂ ਫੜਿਆ, ਸਗੋਂ ਪੂਰੀ ਦੁਨੀਆ ਨੂੰ ਅਪਰਾਧ ਵਿਗਿਆਨ ਅਤੇ ਪੁਲਿਸਿੰਗ ਦੇ ਆਧੁਨਿਕ ਤਰੀਕੇ ਵੀ ਸਿਖਾਏ। ਸਾਲ 1924 'ਚ FBI ਨੇ ਪਹਿਲੀ ਵਾਰ ਵੱਖ-ਵੱਖ ਸੂਬਿਆਂ ਦੇ ਬਿਖਰੇ ਹੋਏ ਫਿੰਗਰਪ੍ਰਿੰਟ ਰਿਕਾਰਡ ਨੂੰ ਇੱਕੋ ਰਾਸ਼ਟਰੀ ਡੇਟਾਬੇਸ 'ਚ ਜੋੜਨਾ ਸ਼ੁਰੂ ਕੀਤਾ, ਜਿਸ ਨੇ ਅੱਜ ਦੇ ਆਧੁਨਿਕ ਬਾਇਓਮੈਟ੍ਰਿਕ ਡੇਟਾਬੇਸ ਦੀ ਮਜ਼ਬੂਤ ਨੀਂਹ ਰੱਖੀ।

ਡਿਜੀਟਲ ਡੈਸਕ, ਵਾਸ਼ਿੰਗਟਨ: ਦੁਨੀਆ ਦੀਆਂ ਸਭ ਤੋਂ ਤਾਕਤਵਰ ਜਾਂਚ ਏਜੰਸੀਆਂ 'ਚ ਸ਼ੁਮਾਰ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਦੀ ਸ਼ੁਰੂਆਤ ਕਿਸੇ ਵੱਡੇ ਕਾਨੂੰਨ ਰਾਹੀਂ ਨਹੀਂ ਹੋਈ ਸੀ, ਸਗੋਂ ਇਹ ਕੌਮੀ ਤ੍ਰਾਸਦੀ ਤੋਂ ਬਾਅਦ ਲਏ ਗਏ ਤੁਰੰਤ ਪ੍ਰਸ਼ਾਸਨਿਕ ਫੈਸਲੇ ਦਾ ਨਤੀਜਾ ਸੀ। ਸਾਲ 1901 'ਚ ਅੱਤਵਾਦੀਆਂ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਵਿਲੀਅਮ ਮੈਕਕਿਨਲੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤਾਂ ਦੇਸ਼ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੁੱਲ੍ਹ ਗਈ। ਇਸ ਘਟਨਾ ਤੋਂ ਬਾਅਦ ਨਵੇਂ ਰਾਸ਼ਟਰਪਤੀ ਥੀਓਡੋਰ ਰੂਜ਼ਵੈਲਟ ਨੇ ਗੰਭੀਰਤਾ ਨਾਲ ਮਹਿਸੂਸ ਕੀਤਾ ਕਿ ਤੇਜ਼ੀ ਨਾਲ ਵਿਕਸਤ ਹੋ ਰਹੇ ਅਮਰੀਕਾ ਨੂੰ ਆਪਣੀ ਵੱਖਰੀ ਤੇ ਸਮਰਪਿਤ ਸੰਘੀ ਜਾਂਚ ਏਜੰਸੀ ਦੀ ਸਖ਼ਤ ਲੋੜ ਹੈ।
ਉਸ ਦੌਰ 'ਚ ਨਿਆਂ ਵਿਭਾਗ ਕੋਲ ਆਪਣੇ ਖੁਦ ਦੇ ਜਾਂਚ ਅਧਿਕਾਰੀ ਨਹੀਂ ਹੁੰਦੇ ਸਨ। ਸਥਿਤੀ ਇਹ ਸੀ ਕਿ ਕਿਸੇ ਵੀ ਵੱਡੇ ਮਾਮਲੇ ਦੀ ਜਾਂਚ ਲਈ ਉਨ੍ਹਾਂ ਨੂੰ ਟ੍ਰੈਜ਼ਰੀ ਵਿਭਾਗ ਦੀ ਸੀਕਰੇਟ ਸਰਵਿਸ ਤੋਂ ਏਜੰਟ ਉਧਾਰ ਲੈਣੇ ਪੈਂਦੇ ਸਨ। ਇਸ ਸਮੱਸਿਆ ਨੂੰ ਖ਼ਤਮ ਕਰਨ ਲਈ ਜਦੋਂ ਸਰਕਾਰ ਨੇ ਆਪਣੀ ਸੁਤੰਤਰ ਜਾਂਚ ਏਜੰਸੀ ਬਣਾਉਣ ਦਾ ਪ੍ਰਸਤਾਵ ਰੱਖਿਆ ਤਾਂ ਅਮਰੀਕੀ ਸੰਸਦ ਨੇ ਇਸ ਨੂੰ ਸਾਫ਼ ਤੌਰ 'ਤੇ ਰੱਦ ਕਰ ਦਿੱਤਾ।
ਦਰਅਸਲ, ਸੰਸਦ ਮੈਂਬਰਾਂ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਸੀ ਕਿ ਸਰਕਾਰ ਇਸ ਨਵੀਂ ਤੇ ਸ਼ਕਤੀਸ਼ਾਲੀ ਪੁਲਿਸ ਫੋਰਸ ਦੀ ਵਰਤੋਂ ਆਪਣੇ ਸਿਆਸੀ ਵਿਰੋਧੀਆਂ ਤੇ ਸਾਥੀ ਸੰਸਦ ਮੈਂਬਰਾਂ ਦੀ ਜਾਸੂਸੀ ਲਈ ਕਰ ਸਕਦੀ ਹੈ।
ਕਾਂਗਰਸ ਦੀ ਇਸ ਸਖ਼ਤ ਨਾਮਨਜ਼ੂਰੀ ਦੇ ਬਾਵਜੂਦ ਨਿਆਂ ਵਿਭਾਗ ਦੇ ਤਤਕਾਲੀ ਅਟਾਰਨੀ ਜਨਰਲ ਚਾਰਲਸ ਜੇ. ਬੋਨਾਪਾਰਟ ਨੇ ਹਾਰ ਨਹੀਂ ਮੰਨੀ ਤੇ ਨਵਾਂ ਰਾਹ ਲੱਭ ਲਿਆ। 26 ਜੁਲਾਈ 1908 ਨੂੰ, ਕਾਂਗਰਸ ਦੀ ਰਸਮੀ ਮਨਜ਼ੂਰੀ ਦਾ ਇੰਤਜ਼ਾਰ ਕੀਤੇ ਬਿਨਾਂ, ਉਨ੍ਹਾਂ ਨੇ ਪ੍ਰਸ਼ਾਸਨਿਕ ਹੁਕਮ ਜਾਰੀ ਕਰ ਕੇ ਨਿਆਂ ਵਿਭਾਗ ਦੇ ਅੰਦਰ ਹੀ 34 ਵਿਸ਼ੇਸ਼ ਜਾਂਚ ਅਧਿਕਾਰੀਆਂ ਦੀ ਇੱਕ ਛੋਟੀ ਜਿਹੀ ਟੀਮ ਬਣਾ ਦਿੱਤੀ।
ਇਤਿਹਾਸ ਦਾ ਇਕ ਬੇਹੱਦ ਦਿਲਚਸਪ ਪਹਿਲੂ ਇਹ ਵੀ ਹੈ ਕਿ ਚਾਰਲਸ ਜੇ. ਬੋਨਾਪਾਰਟ, ਫਰਾਂਸ ਦੇ ਮਸ਼ਹੂਰ ਸਮਰਾਟ ਨੈਪੋਲੀਅਨ ਬੋਨਾਪਾਰਟ ਦੇ ਸਭ ਤੋਂ ਛੋਟੇ ਭਰਾ ਜੇਰੋਮ ਬੋਨਾਪਾਰਟ ਦੇ ਪੋਤੇ ਸਨ। ਉਨ੍ਹਾਂ ਵੱਲੋਂ ਬਣਾਈ ਗਈ ਇਹੋ ਛੋਟੀ ਜਿਹੀ ਟੀਮ ਅੱਗੇ ਚੱਲ ਕੇ ਆਧੁਨਿਕ FBI 'ਚ ਤਬਦੀਲ ਹੋ ਗਈ।
ਸ਼ੁਰੂਆਤੀ ਦਿਨਾਂ 'ਚ ਇਸ ਏਜੰਸੀ ਦਾ ਦਾਇਰਾ ਕਾਫ਼ੀ ਸੀਮਤ ਸੀ ਅਤੇ ਇਹ ਮੁੱਖ ਤੌਰ 'ਤੇ ਜ਼ਮੀਨੀ ਘੁਟਾਲਿਆਂ, ਬੈਂਕ ਧੋਖਾਧੜੀ ਤੇ ਸੰਘੀ ਕਾਨੂੰਨਾਂ ਦੀ ਉਲੰਘਣਾ ਦੀ ਜਾਂਚ ਤਕ ਸੀਮਤ ਸੀ। ਪਰ ਏਜੰਸੀ ਦੀ ਅਸਲੀ ਤਸਵੀਰ ਸਾਲ 1924 'ਚ ਬਦਲਣੀ ਸ਼ੁਰੂ ਹੋਈ, ਜਦੋਂ ਮਹਿਜ਼ 29 ਸਾਲ ਦੀ ਉਮਰ 'ਚ ਜੇ. ਐਡਗਰ ਹੂਵਰ ਇਸ ਦੇ ਡਾਇਰੈਕਟਰ ਬਣੇ। ਹੂਵਰ ਨੇ ਏਜੰਸੀ ਦੀ ਕਾਰਜਪ੍ਰਣਾਲੀ 'ਚ ਕਈ ਕ੍ਰਾਂਤੀਕਾਰੀ ਬਦਲਾਅ ਕੀਤੇ।
ਉਨ੍ਹਾਂ ਏਜੰਟਾਂ ਦੀ ਭਰਤੀ ਪ੍ਰਕਿਰਿਆ ਨੂੰ ਬਹੁਤ ਸਖ਼ਤ ਕਰ ਦਿੱਤਾ, ਸਾਰਿਆਂ ਲਈ ਪੇਸ਼ੇਵਰ ਸਿਖਲਾਈ ਲਾਜ਼ਮੀ ਕੀਤੀ ਤੇ ਅਪਰਾਧ ਸੁਲਝਾਉਣ ਵਿਚ ਵਿਗਿਆਨਕ ਤੇ ਫੋਰੈਂਸਿਕ ਜਾਂਚ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ। ਉਨ੍ਹਾਂ ਦੇ ਇਨ੍ਹਾਂ ਹੀ ਯਤਨਾਂ ਸਦਕਾ 1935 'ਚ ਏਜੰਸੀ ਦਾ ਨਾਂ ਅਧਿਕਾਰਤ ਤੌਰ 'ਤੇ ਬਦਲ ਕੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਕਰ ਦਿੱਤਾ ਗਿਆ।
ਹੂਵਰ ਨੇ ਲਗਾਤਾਰ 48 ਸਾਲਾਂ ਤਕ ਇਸ ਏਜੰਸੀ ਦੀ ਅਗਵਾਈ ਕੀਤੀ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਆਪਣੇ ਗਠਨ ਦੇ 68 ਸਾਲਾਂ ਤਕ ਇਹ ਏਜੰਸੀ ਨਿਆਂ ਵਿਭਾਗ ਦੇ ਦਫ਼ਤਰਾਂ ਤੋਂ ਹੀ ਕੰਮ ਕਰਦੀ ਰਹੀ, ਅਤੇ 1975 ਵਿੱਚ ਜਾ ਕੇ ਇਸ ਨੂੰ ਆਪਣਾ ਸਥਾਈ ਹੈੱਡਕੁਆਰਟਰ ਨਸੀਬ ਹੋਇਆ।
FBI ਨੇ ਸਿਰਫ਼ ਅਮਰੀਕਾ 'ਚ ਹੀ ਅਪਰਾਧੀਆਂ ਨੂੰ ਨਹੀਂ ਫੜਿਆ, ਸਗੋਂ ਪੂਰੀ ਦੁਨੀਆ ਨੂੰ ਅਪਰਾਧ ਵਿਗਿਆਨ ਅਤੇ ਪੁਲਿਸਿੰਗ ਦੇ ਆਧੁਨਿਕ ਤਰੀਕੇ ਵੀ ਸਿਖਾਏ। ਸਾਲ 1924 'ਚ FBI ਨੇ ਪਹਿਲੀ ਵਾਰ ਵੱਖ-ਵੱਖ ਸੂਬਿਆਂ ਦੇ ਬਿਖਰੇ ਹੋਏ ਫਿੰਗਰਪ੍ਰਿੰਟ ਰਿਕਾਰਡ ਨੂੰ ਇੱਕੋ ਰਾਸ਼ਟਰੀ ਡੇਟਾਬੇਸ 'ਚ ਜੋੜਨਾ ਸ਼ੁਰੂ ਕੀਤਾ, ਜਿਸ ਨੇ ਅੱਜ ਦੇ ਆਧੁਨਿਕ ਬਾਇਓਮੈਟ੍ਰਿਕ ਡੇਟਾਬੇਸ ਦੀ ਮਜ਼ਬੂਤ ਨੀਂਹ ਰੱਖੀ।
ਇਸ ਤੋਂ ਬਾਅਦ 1932 'ਚ ਇਕ ਕਮਰੇ ਤੇ ਸਿਰਫ਼ ਇਕ ਵਿਗਿਆਨੀ ਨਾਲ ਸ਼ੁਰੂ ਹੋਈ FBI ਦੀ ਫੋਰੈਂਸਿਕ ਲੈਬ ਅੱਜ ਦੁਨੀਆ ਦੀ ਸਭ ਤੋਂ ਵੱਡੀ ਲੈਬ ਬਣ ਚੁੱਕੀ ਹੈ। ਇੱਥੇ ਹੀ ਹਥਿਆਰਾਂ ਦੀ ਜਾਂਚ, ਦਸਤਾਵੇਜ਼ਾਂ ਦੀ ਜਾਂਚ ਅਤੇ ਰਸਾਇਣ ਵਿਗਿਆਨ ਵਰਗੀਆਂ ਵਿਗਿਆਨਕ ਜਾਂਚਾਂ ਇੱਕੋ ਛੱਤ ਹੇਠ ਸ਼ੁਰੂ ਹੋਈਆਂ।
ਇਸ ਤੋਂ ਇਲਾਵਾ, ਅਪਰਾਧੀਆਂ ਨੂੰ ਫੜਨ ਲਈ ਵਾਂਟੇਡ ਪੋਸਟਰਾਂ ਦੀ ਸ਼ਾਨਦਾਰ ਵਰਤੋਂ ਵੀ FBI ਦੀ ਹੀ ਦੇਣ ਹੈ ਜਿਸ ਨੇ ਪੂਰੇ ਅਮਰੀਕਾ 'ਚ ਵਾਂਟੇਡ ਅਪਰਾਧੀਆਂ ਦੀ ਜਾਣਕਾਰੀ ਸਾਂਝੀ ਕਰਨ ਅਤੇ ਵੱਖ-ਵੱਖ ਸੂਬਿਆਂ ਦੀ ਪੁਲਿਸ ਵਿਚਕਾਰ ਤਾਲਮੇਲ ਬਣਾਉਣ 'ਚ ਇਤਿਹਾਸਕ ਭੂਮਿਕਾ ਨਿਭਾਈ।