
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ’ਤੇ ਹੋਰਮੁਜ਼ ਸਟ੍ਰੇਟ ਨੂੰ ਨਵੇਂ ਅਮਰੀਕੀ ਇਲਾਕੇ ਵਜੋਂ ਦਿਖਾਉਂਦੇ ਹੋਏ ਇੱਕ ਤਸਵੀਰ ਜਾਰੀ ਕੀਤੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 18 ਅਗਸਤ ਨੂੰ ਵੀ ਅਜਿਹੀ ਹੀ ਤਸਵੀਰ ਜਾਰੀ ਕੀਤੀ ਸੀ। ਟਰੰਪ ਨੇ ਇੱਕ ਪ੍ਰੋਗਰਾਮ ਵਿਚ ਵੀ ਕਿਹਾ ਸੀ ਕਿ ਜਲਦੀ ਹੀ ਅਮਰੀਕਾ ਦੇ ਨਵੇਂ ਖੇਤਰ ਵਜੋਂ ਹੋਰਮੁਜ਼ ਸਟ੍ਰੇਟ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਜਾਵੇਗਾ।

ਜੇਐੱਨਐੱਨ, ਨਵੀਂ ਦਿੱਲੀ : ਈਰਾਨ ’ਤੇ ਦਬਾਅ ਵਧਾਉਣ ਦੀ ਲੜੀ ਵਿਚ ਅਮਰੀਕਾ ਨੇ ਤਹਿਰਾਨ ’ਤੇ ਸੋਮਵਾਰ ਨੂੰ ਨਵੀਆਂ ਸਖ਼ਤ ਆਰਥਿਕ ਪਾਬੰਦੀਆਂ ਲਾਗੂ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ। ਇਸ ਨੂੰ ਲੈ ਕੇ ਦੋਵਾਂ ਪੱਖਾਂ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। ਰਾਇਟਰ ਅਨੁਸਾਰ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕਿਹਾ ਹੈ ਕਿ ਪਾਬੰਦੀਆਂ ਦੀ ਧੌਂਸ ਹੁਣ ਪੁਰਾਣੀ ਹੋ ਚੁੱਕੀ ਹੈ ਅਤੇ ਅਸੀਂ ਇਨ੍ਹਾਂ ਨਾਲ ਨਜਿੱਠਣਾ ਸਿੱਖ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਆਰਥਿਕ ਮੋਰਚੇ ’ਤੇ ਵੀ ਈਰਾਨ ਦੇ ਹੱਥੋਂ ਹਾਰਨਾ ਪਵੇਗਾ।
ਈਰਾਨ ਦੀ ਅਰਥਵਿਵਸਥਾ ਪਹਿਲਾਂ ਹੀ ਅੰਤਰਰਾਸ਼ਟਰੀ ਪਾਬੰਦੀਆਂ ਦੇ ਚਲਦਿਆਂ ਦਬਾਅ ਵਿਚ ਹੈ। ਯੁੱਧ ਦੌਰਾਨ ਈਰਾਨ ਦੇ ਬੁਨਿਆਦੀ ਢਾਂਚੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਅਤੇ ਹਜ਼ਾਰਾਂ ਲੋਕ ਹਮਲਿਆਂ ਵਿਚ ਮਾਰੇ ਵੀ ਗਏ ਹਨ। ਇਨ੍ਹਾਂ ਸਭ ਦੇ ਬਾਵਜੂਦ ਬੀਤੇ ਛੇ ਮਹੀਨਿਆਂ ਦੌਰਾਨ ਤਹਿਰਾਨ ਪੂਰੀ ਤਰ੍ਹਾਂ ਡਟਿਆ ਰਿਹਾ ਅਤੇ ਹੋਰਮੁਜ਼ ਸਟ੍ਰੇਟ ਬੰਦ ਕਰ ਕੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਨਾਲ ਊਰਜਾ ਸਪਲਾਈ ਨੂੰ ਬਹੁਤ ਪ੍ਰਭਾਵਿਤ ਰੱਖਣ ਵਿਚ ਸਫਲ ਰਿਹਾ। ਇਸ ਦੇ ਚਲਦਿਆਂ ਕੱਚੇ ਤੇਲ ਦੀਆਂ ਕੀਮਤਾਂ 95 ਡਾਲਰ ਦੇ ਆਸਪਾਸ ਪਹੁੰਚ ਗਈਆਂ ਹਨ।
ਅਮਰੀਕੀ ਵਣਜ ਮੰਤਰੀ ਸਕਾਟ ਬੇਸੈਂਟ ਵੱਲੋਂ ਸੋਮਵਾਰ ਨੂੰ ਨਵੀਆਂ ਆਰਥਿਕ ਪਾਬੰਦੀਆਂ ਦੇ ਐਲਾਨ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਟੈਲੀਗ੍ਰਾਮ ਚੈਨਲ ’ਤੇ ਇੱਕ ਵੀਡੀਓ ਪੋਸਟ ਕਰ ਕੇ ਕਿਹਾ ਕਿ ਫ਼ੌਜੀ ਮੁਹਿੰਮ ਤੋਂ ਹਟ ਕੇ ਆਰਥਿਕ ਪਾਬੰਦੀਆਂ ਵੱਲ ਵਧਣਾ ਅਮਰੀਕਾ ਦਾ ਪੁਰਾਣਾ ਪੈਂਤੜਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਟਰੰਪ ਪ੍ਰਸ਼ਾਸਨ ਬੇਚੈਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਈਰਾਨ ਨਾਲ ਸਨਮਾਨਜਨਕ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਨਿਆਂ ਅਤੇ ਸਨਮਾਨ ’ਤੇ ਆਧਾਰਿਤ ਹੱਲ ਲੱਭਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਕਦੇ ਡਰਦਾ ਨਹੀਂ ਹੈ। ਅਮਰੀਕਾ ਦੇ ਸਾਰੇ ਹਥਕੰਡੇ, ਭਾਵੇਂ ਉਹ ਨਾਕਾਬੰਦੀ ਹੋਵੇ ਜਾਂ ਕੋਈ ਹੋਰ ਫ਼ੌਜੀ ਗਤੀਵਿਧੀ, ਸਾਰੇ ਅਸਫ਼ਲ ਹੋਏ ਹਨ ਅਤੇ ਇਹ ਨਵਾਂ ਮਾਮਲਾ ਵੀ ਉਸੇ ਤਰ੍ਹਾਂ ਅਸਫ਼ਲ ਸਾਬਤ ਹੋਵੇਗਾ।
ਪੱਛਮੀ ਏਸ਼ੀਆ ਵਿਚ ਤਣਾਅ ਵਧਣ ਦੇ ਮੱਦੇਨਜ਼ਰ ਪਾਕਿਸਤਾਨ ਦੇ ਫ਼ੌਜ ਮੁੱਖੀ ਆਸਿਮ ਮੁਨੀਰ ਅਮਰੀਕਾ-ਈਰਾਨ ਵਿਚਕਾਰ ਗੱਲਬਾਤ ਫਿਰ ਤੋਂ ਸ਼ੁਰੂ ਕਰਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਸੋਮਵਾਰ ਨੂੰ ਤਹਿਰਾਨ ਦੇ ਦੌਰੇ ’ਤੇ ਜਾਣਗੇ।
ਈਰਾਨ ਸੰਸਦ ਦੇ ਮੁਖੀ ਐੱਮਬੀ ਗਲੀਬਾਫ਼ ਨੇ ਕਿਹਾ ਹੈ ਕਿ ਤਹਿਰਾਨ ਨੂੰ ਗੁਆਂਢੀ ਦੇਸ਼ਾਂ ਤੋਂ ਤਮਾਮ ਸੁਨੇਹੇ ਮਿਲੇ ਹਨ, ਜਿਸ ਵਿਚ ਉਹ ਨਵੀਂ ਖੇਤਰੀ ਸੁਰੱਖਿਆ ਵਿਵਸਥਾ ਅਤੇ ਆਰਥਿਕ ਸਹਿਯੋਗ ਸ਼ੁਰੂ ਕਰਨ ’ਤੇ ਜ਼ੋਰ ਦੇ ਰਹੇ ਹਨ। ਹਾਲਾਂਕਿ, ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਦਾ ਨਾਮ ਨਹੀਂ ਦੱਸਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਜ਼ਰਾਈਲ ਦੀ ਖਾਤਿਰ ਅਮਰੀਕਾ ਨੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਦਾਅ ’ਤੇ ਲਾ ਦਿੱਤਾ ਹੈ। ਇਸ ਦੇ ਚਲਦਿਆਂ ਸੁਤੰਤਰ ਅਤੇ ਘਰੇਲੂ ਪੱਧਰ ’ਤੇ ਤਿਆਰ ਖੇਤਰੀ ਵਿਵਸਥਾ ਸ਼ਾਂਤੀ ਅਤੇ ਸੁਰੱਖਿਆ ਵਧਾ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ’ਤੇ ਹੋਰਮੁਜ਼ ਸਟ੍ਰੇਟ ਨੂੰ ਨਵੇਂ ਅਮਰੀਕੀ ਇਲਾਕੇ ਵਜੋਂ ਦਿਖਾਉਂਦੇ ਹੋਏ ਇੱਕ ਤਸਵੀਰ ਜਾਰੀ ਕੀਤੀ ਹੈ। ਉਨ੍ਹਾਂ ਨੇ ਇਸ ਤੋਂ ਪਹਿਲਾਂ 18 ਅਗਸਤ ਨੂੰ ਵੀ ਅਜਿਹੀ ਹੀ ਤਸਵੀਰ ਜਾਰੀ ਕੀਤੀ ਸੀ। ਟਰੰਪ ਨੇ ਇੱਕ ਪ੍ਰੋਗਰਾਮ ਵਿਚ ਵੀ ਕਿਹਾ ਸੀ ਕਿ ਜਲਦੀ ਹੀ ਅਮਰੀਕਾ ਦੇ ਨਵੇਂ ਖੇਤਰ ਵਜੋਂ ਹੋਰਮੁਜ਼ ਸਟ੍ਰੇਟ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਜਾਵੇਗਾ।
ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਸਕੱਤਰ ਮੋਹਸਿਨ ਰੇਜ਼ਾਈ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਅਮਰੀਕਾ ਦਾ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣ ਵਿਚ ਅਸਮਰੱਥ ਹੋਣਾ ਅਤੇ ਉਸ ’ਤੇ ਆਪਣਾ ਅਧਿਕਾਰ ਜਤਾਉਣਾ- ਇਨ੍ਹਾਂ ਦੋਵਾਂ ਗੱਲਾਂ ਵਿਚਕਾਰ ਦਾ ਫ਼ਰਕ, ਵਾਸ਼ਿੰਗਟਨ ਅਤੇ ਹੋਰਮੁਜ਼ ਵਿਚਕਾਰ ਦੀ 7,000 ਮੀਲ ਦੀ ਦੂਰੀ ਨਾਲੋਂ ਵੀ ਕਿਤੇ ਜ਼ਿਆਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਫ਼ਾਰਸ ਦੀ ਖਾੜੀ ਵਿਚ ਅਮਰੀਕਾ ਰਹਿਤ ਦੌਰ ਵਿਚ ਤੁਹਾਡਾ ਸਵਾਗਤ ਹੈ। ਰੇਜ਼ਾਈ ਨੇ ਅੱਗੇ ਕਿਹਾ ਕਿ ਜਦੋਂ ਤੱਕ ਅਮਰੀਕਾ ਆਪਣਾ ਰਵੱਈਆ ਨਹੀਂ ਬਦਲਦਾ, ਤਦ ਤੱਕ ਹੋਰਮੁਜ਼ ਸਟਰੇਟ ਨਹੀਂ ਖੁੱਲ੍ਹੇਗਾ। ਉਨ੍ਹਾਂ ਨੇ ਕਿਹਾ ਕਿ ਅੱਧੇ ਤੋਂ ਵੱਧ ਹੋਰਮੁਜ਼ ਦਾ ਇਲਾਕਾ ਈਰਾਨ ਦਾ ਹੈ। ਅਮਰੀਕਾ ਦੇ ਆਰਥਿਕ ਪਾਬੰਦੀਆਂ ’ਤੇ ਰੇਜ਼ਾਈ ਨੇ ਕਿਹਾ ਕਿ ਅਸੀਂ ਹਰ ਘਰ ਨੂੰ ਆਰਥਿਕ ਯੁੱਧ ਲਾਂਚਰ ਬਣਾਵਾਂਗੇ। ਆਰਥਿਕ ਯੁੱਧ ਦੇ ਖ਼ਿਲਾਫ਼ ਹਰ ਘਰ ਇੱਕ ਮਿਜ਼ਾਈਲ ਬੇਸ ਵਿਚ ਪਰਿਵਰਤਿਤ ਹੋ ਜਾਵੇਗਾ। ਇਸ ਤਰ੍ਹਾਂ ਈਰਾਨੀ ਨੌਜਵਾਨ ਦੇਸ਼ ਦੀ ਅਰਥਵਿਵਸਥਾ ਵਿਚ ਆਪਣਾ ਯੋਗਦਾਨ ਦੇਣਗੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਵਧਦੇ ਕਰਜ਼ੇ ਦੀ ਚਿੰਤਾ ਕਰਨੀ ਚਾਹੀਦੀ ਹੈ।
ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜੇਮ ਗਰੀਬਾਬਾਦੀ ਨੇ ਪੱਛਮੀ ਦੇਸ਼ਾਂ ’ਤੇ ਦੋਸ਼ ਲਾਇਆ ਹੈ ਕਿ ਇਜ਼ਰਾਈਲ ਨੂੰ ਅਮਰੀਕੀ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਚੁੱਪੀ ਉਨ੍ਹਾਂ ਦੀ ਜਾਣਬੁੱਝ ਕੇ ਇਜ਼ਰਾਈਲ ਪ੍ਰਤੀ ਹਮਾਇਤ ਹੈ। ਉਨ੍ਹਾਂ ਨੇ ਫਰਾਂਸ ਅਤੇ ਬ੍ਰਿਟੇਨ ਦੀ ਖਾਸ ਤੌਰ ’ਤੇ ਨਿੰਦਾ ਕੀਤੀ। ਉਨ੍ਹਾਂ ਨੇ ਐਕਸ ’ਤੇ ਇੱਕ ਪੋਸਟ ਵਿਚ ਲਿਖਿਆ ਕਿ ਇੱਕ ਪਾਸੇ ਤਾਂ ਇਹ ਦੇਸ਼ ਫਲਸਤੀਨ ਵਿਚ ਅੰਤਰਰਾਸ਼ਟਰੀ ਕਾਨੂੰਨ ਦੇ ਅਮਲ ’ਤੇ ਜ਼ੋਰ ਦਿੰਦੇ ਹਨ, ਉੱਥੇ ਹੀ ਇਜ਼ਰਾਈਲ ਨੂੰ ਹਥਿਆਰ ਸਪਲਾਈ ’ਤੇ ਚੁੱਪੀ ਸਾਧ ਲੈਂਦੇ ਹਨ। ਅਜਿਹੇ ਦੇਸ਼ਾਂ ਨੂੰ ਚਿੰਤਾ ਜਤਾਉਣ ਵਾਲੇ ਬਿਆਨਾਂ ਦੀ ਆੜ ਵਿਚ ਛੁਪਣਾ ਨਹੀਂ ਚਾਹੀਦਾ।