ਨੇਤਨਯਾਹੂ ਨੂੰ ਵੀ ਨਹੀਂ ਪਤਾ ਸੀ ਈਰਾਨ ਨੂੰ ਲੈ ਕੇ ਟਰੰਪ ਦਾ ਪਲਾਨ, ਰਿਪੋਰਟ 'ਚ ਦਾਅਵਾ- ਸਮਝੌਤੇ ਦੇ ਐਲਾਨ ਤੋਂ ਇਜ਼ਰਾਈਲ ਹੈਰਾਨ
ਪੱਛਮੀ ਏਸ਼ੀਆ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਟਕਰਾਅ ਵਿੱਚ ਆਏ ਦਿਨ ਕੋਈ ਨਾ ਕੋਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਅਜਿਹੇ ਵਿੱਚ ਹੁਣ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਫ਼ੈਸਲੇ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਇਸ ਵਾਰ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜ਼ਿਆਦਾ ਹੈਰਾਨ ਹੋ ਗਏ ਹਨ। ਆਓ ਜਾਣਦੇ ਹਾਂ ਕਿਉਂ?
Publish Date: Fri, 12 Jun 2026 03:13 PM (IST)
Updated Date: Fri, 12 Jun 2026 03:15 PM (IST)

ਡਿਜੀਟਲ ਡੈਸਕ, ਵਾਸ਼ਿੰਗਟਨ/ਤੇਲ ਅਵੀਵ। ਪੱਛਮੀ ਏਸ਼ੀਆ ਵਿੱਚ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਟਕਰਾਅ ਵਿੱਚ ਆਏ ਦਿਨ ਕੋਈ ਨਾ ਕੋਈ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਅਜਿਹੇ ਵਿੱਚ ਹੁਣ ਇੱਕ ਵਾਰ ਫਿਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਇੱਕ ਫ਼ੈਸਲੇ ਨਾਲ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ, ਇਸ ਵਾਰ ਉਨ੍ਹਾਂ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਜ਼ਿਆਦਾ ਹੈਰਾਨ ਹੋ ਗਏ ਹਨ। ਆਓ ਜਾਣਦੇ ਹਾਂ ਕਿਉਂ?
ਇਸ ਗੱਲ ਨੂੰ ਇਸ ਤਰ੍ਹਾਂ ਸਮਝੋ ਕਿ ਟਰੰਪ ਨੇ ਈਰਾਨ 'ਤੇ ਵੱਡੇ ਹਮਲੇ ਦੀ ਚਿਤਾਵਨੀ ਦੇਣ ਦੇ ਕੁਝ ਘੰਟਿਆਂ ਬਾਅਦ ਹੀ ਇੱਕ ਬੇਹੱਦ ਹੈਰਾਨ ਕਰਨ ਵਾਲਾ ਫ਼ੈਸਲੇ ਲੈਂਦੇ ਹੋਏ ਈਰਾਨ 'ਤੇ ਹੋਣ ਵਾਲੇ ਅਮਰੀਕੀ ਫ਼ੌਜੀ ਹਮਲਿਆਂ ਨੂੰ ਆਖ਼ਰੀ ਮੌਕੇ 'ਤੇ ਟਾਲ ਦਿੱਤਾ। ਟਰੰਪ ਨੇ ਦਾਅਵਾ ਕੀਤਾ ਹੈ ਕਿ ਈਰਾਨ ਨਾਲ ਇੱਕ ਵੱਡਾ ਕੂਟਨੀਤਕ ਸਮਝੌਤਾ ਲਗਪਗ ਤੈਅ ਹੋ ਚੁੱਕਾ ਹੈ ਅਤੇ ਅਗਲੇ ਕੁਝ ਹੀ ਦਿਨਾਂ ਵਿੱਚ ਇਸ 'ਤੇ ਦਸਤਖ਼ਤ ਹੋ ਸਕਦੇ ਹਨ।
ਕਿਵੇਂ ਹੈਰਾਨ ਹੋਏ ਨੇਤਨਯਾਹੂ?
ਹੁਣ ਅਜਿਹੇ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਇਸ ਅਚਾਨਕ ਲਏ ਗਏ ਫ਼ੈਸਲੇ ਨਾਲ ਉਨ੍ਹਾਂ ਦੇ ਸਭ ਤੋਂ ਕਰੀਬੀ ਸਹਿਯੋਗੀ ਮੰਨੇ ਜਾਣ ਵਾਲੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਪੂਰੀ ਤਰ੍ਹਾਂ ਹੈਰਾਨ ਰਹਿ ਗਏ ਹਨ। ਖ਼ਬਰਾਂ ਮੁਤਾਬਕ, ਟਰੰਪ ਨੇ ਇਸ ਫ਼ੈਸਲੇ ਦੀ ਭਿਣਕ ਨੇਤਨਯਾਹੂ ਨੂੰ ਕੰਨੋ-ਕੰਨ ਨਹੀਂ ਹੋਣ ਦਿੱਤੀ।
ਆਖ਼ਰੀ ਮੌਕੇ 'ਤੇ ਰੁਕਿਆ ਹਮਲਾ, ਟਰੰਪ ਨੇ ਕੀਤਾ ਸਮਝੌਤੇ ਦਾ ਦਾਅਵਾ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟ੍ਰੁਥ ਸੋਸ਼ਲ' ਤੇ ਐਲਾਨ ਕੀਤਾ ਕਿ ਈਰਾਨ ਦੀ ਲੀਡਰਸ਼ਿਪ ਨੇ ਇੱਕ ਸਮਝੌਤੇ ਦੇ ਖਰੜੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੇ ਲਿਖਿਆ ਕਿ ਕਿਉਂਕਿ ਈਰਾਨ ਦੀ ਲੀਡਰਸ਼ਿਪ ਨਾਲ ਗੱਲਬਾਤ ਬਹੁਤ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਹੈ, ਇਸ ਲਈ ਮੈਂ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਈਰਾਨ 'ਤੇ ਅੱਜ ਸ਼ਾਮ ਹੋਣ ਵਾਲੇ ਹਵਾਈ ਹਮਲਿਆਂ ਅਤੇ ਬੰਬਾਰੀ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ।
ਅਮਰੀਕਾ ਨੇ ਖ਼ਤਮ ਕਰ ਦਿੱਤੀ ਈਰਾਨ ਨਾਲ ਜੰਗ?
ਟਰੰਪ ਨੇ ਆਪਣੇ ਸਮਰਥਕਾਂ ਨਾਲ ਗੱਲਬਾਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਅਮਰੀਕਾ ਨੇ ਇੱਕ ਤਰ੍ਹਾਂ ਨਾਲ ਈਰਾਨ ਨਾਲ ਜੰਗ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਇਸ ਗੱਲ 'ਤੇ ਸਹਿਮਤ ਹੋ ਗਿਆ ਹੈ ਕਿ ਉਹ ਕਦੇ ਵੀ ਪਰਮਾਣੂ ਹਥਿਆਰ ਨਹੀਂ ਬਣਾਏਗਾ ਅਤੇ ਨਾ ਹੀ ਖ਼ਰੀਦੇਗਾ। ਇਸ ਸਮਝੌਤੇ ਤਹਿਤ ਸੀਜ਼ਫਾਇਰ ਨੂੰ ਅੱਗੇ ਵਧਾਉਣ, ਰਣਨੀਤਕ ਤੌਰ 'ਤੇ ਮਹੱਤਵਪੂਰਨ 'ਹੋਰਮੁਜ਼ ਜਲਡਮਰੂਮੱਧ' ਦੇ ਰਸਤੇ ਨੂੰ ਫਿਰ ਤੋਂ ਖੋਲ੍ਹਣ ਅਤੇ ਇਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਨਵੇਂ ਸਿਰੇ ਤੋਂ ਗੱਲਬਾਤ ਸ਼ੁਰੂ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਨੇਤਨਯਾਹੂ-ਟਰੰਪ ਵਿਚਾਲੇ ਸਭ ਕੁਝ ਠੀਕ ਹੈ?
ਅਮਰੀਕੀ ਮੀਡੀਆ 'ਐਕਸੀਓਸ' ਮੁਤਾਬਕ, ਇਸ ਪੂਰੇ ਫ਼ੈਸਲੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਬਿਲਕੁਲ ਹਨੇਰੇ ਵਿੱਚ ਰੱਖਿਆ ਗਿਆ। ਜਦੋਂ ਟਰੰਪ ਨੇ ਇਸ ਸਮਝੌਤੇ ਦਾ ਜਨਤਕ ਐਲਾਨ ਕੀਤਾ, ਉਦੋਂ ਜਾ ਕੇ ਇਜ਼ਰਾਈਲੀ ਸਰਕਾਰ ਨੂੰ ਇਸ ਦੀ ਖ਼ਬਰ ਲੱਗੀ। ਇਜ਼ਰਾਈਲ ਲੰਬੇ ਸਮੇਂ ਤੋਂ ਅਮਰੀਕਾ 'ਤੇ ਇਹ ਦਬਾਅ ਬਣਾ ਰਿਹਾ ਸੀ ਕਿ ਇਰਾਨ ਨੂੰ ਕਾਬੂ ਵਿੱਚ ਰੱਖਣ ਲਈ ਉਸ 'ਤੇ ਫ਼ੌਜੀ ਕਾਰਵਾਈ ਕੀਤੀ ਜਾਵੇ, ਨਾ ਕਿ ਗੱਲਬਾਤ ਦਾ ਰਸਤਾ ਚੁਣਿਆ ਜਾਵੇ।
ਹਾਲਾਂਕਿ, ਬਾਅਦ ਵਿੱਚ ਮਾਹੌਲ ਨੂੰ ਸੰਭਾਲਦੇ ਹੋਏ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੇ ਨੇਤਨਯਾਹੂ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਇਜ਼ਰਾਈਲ ਨੇ ਕਿਹਾ ਕਿ ਭਾਵੇਂ ਉਹ ਇਸ ਸਮਝੌਤੇ ਦਾ ਹਿੱਸਾ ਨਹੀਂ ਹੈ ਪਰ ਉਹ ਟਰੰਪ ਦੇ ਇਸ ਵਾਅਦੇ ਦਾ ਸਵਾਗਤ ਕਰਦਾ ਹੈ ਕਿ ਅੰਤਿਮ ਸਮਝੌਤੇ ਵਿੱਚ ਈਰਾਨ ਦੇ ਪਰਮਾਣੂ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਅਤੇ ਉਸ ਦੀ ਮਿਜ਼ਾਈਲ ਸਮਰੱਥਾ ਨੂੰ ਰੋਕਣ ਦੀਆਂ ਸ਼ਰਤਾਂ ਸ਼ਾਮਲ ਹੋਣਗੀਆਂ।
ਰਿਸ਼ਤਿਆਂ ’ਚ ਦਿਖਿਆ ਪਾਵਰ ਬੈਲੈਂਸ- 'ਫ਼ੈਸਲੇ ਮੈਂ ਲੈਂਦਾ ਹਾਂ, ਨੇਤਨਯਾਹੂ ਨਹੀਂ'
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਟਰੰਪ ਦੇ ਇਸ ਫ਼ੈਸਲੇ ਨੇ ਅਮਰੀਕਾ ਅਤੇ ਇਜ਼ਰਾਈਲ ਵਿਚਾਲੇ ਰਣਨੀਤੀ ਨੂੰ ਲੈ ਕੇ ਚੱਲ ਰਹੇ ਮੱਤਭੇਦਾਂ ਨੂੰ ਜਨਤਕ ਕਰ ਦਿੱਤਾ ਹੈ। ਟਰੰਪ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਬੇਹੱਦ ਸਖ਼ਤ ਸ਼ਬਦਾਂ ਵਿੱਚ ਸਾਫ਼ ਕਰ ਦਿੱਤਾ ਕਿ ਇਸ ਗੱਲਬਾਤ ਦੀ ਕਮਾਨ ਪੂਰੀ ਤਰ੍ਹਾਂ ਅਮਰੀਕਾ ਦੇ ਹੱਥ ਵਿੱਚ ਹੈ। ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਨੇਤਨਯਾਹੂ ਇਸ ਡੀਲ ਵਿੱਚ ਕੋਈ ਅੜਿੱਕਾ ਡਾਹ ਸਕਦੇ ਹਨ ਤਾਂ ਟਰੰਪ ਨੇ ਦੋ ਟੂਕ ਕਿਹਾ ਕਿ ਉਨ੍ਹਾਂ ਕੋਲ ਕੋਈ ਰਸਤਾ ਨਹੀਂ ਹੋਵੇਗਾ। ਫ਼ੈਸਲੇ ਮੈਂ ਲੈਂਦਾ ਹਾਂ, ਉਹ ਨਹੀਂ।
ਦਰਅਸਲ, ਪਿਛਲੇ ਕੁਝ ਮਹੀਨਿਆਂ ਤੋਂ ਇਜ਼ਰਾਈਲ ਵੱਲੋਂ ਲੇਬਨਾਨ ਵਿੱਚ ਹਿਜ਼ਬੁੱਲ੍ਹਾ ਖ਼ਿਲਾਫ਼ ਕੀਤੀ ਜਾ ਰਹੀ ਬੰਬਾਰੀ ਤੋਂ ਟਰੰਪ ਕਾਫ਼ੀ ਨਾਰਾਜ਼ ਸਨ। ਟਰੰਪ ਦਾ ਮੰਨਣਾ ਸੀ ਕਿ ਇਜ਼ਰਾਈਲ ਦੇ ਇਨ੍ਹਾਂ ਹਮਲਿਆਂ ਕਾਰਨ ਇਰਾਨ ਅਤੇ ਖਾੜੀ ਦੇਸ਼ਾਂ ਨਾਲ ਅਮਰੀਕਾ ਦੀ ਗੱਲਬਾਤ ਦਾ ਮਾਹੌਲ ਵਿਗੜ ਰਿਆ ਸੀ।
ਈਰਾਨ ਦਾ ਰੁਖ਼ ਵੱਖਰਾ, ਦਾਅਵਿਆਂ ਨੂੰ ਦੱਸਿਆ ਸਿਰਫ਼ ਅਫ਼ਵਾਹਾਂ
ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਜਿੱਥੇ ਅਮਰੀਕੀ ਰਾਸ਼ਟਰਪਤੀ ਇਸ ਸਮਝੌਤੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਇਸ ਵੀਕੈਂਡ 'ਤੇ ਯੂਰਪ ਵਿੱਚ ਇਸ ਦੇ ਸਾਈਨ ਹੋਣ ਦੀ ਗੱਲ ਕਰ ਰਹੇ ਹਨ, ਉੱਥੇ ਹੀ ਇਰਾਨ ਨੇ ਅਜੇ ਇਸ 'ਤੇ ਪੂਰੀ ਤਰ੍ਹਾਂ ਹਾਮੀ ਨਹੀਂ ਭਰੀ ਹੈ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘਾਈ ਨੇ ਟਰੰਪ ਦੇ ਦਾਅਵਿਆਂ ਨੂੰ ਮਹਿਜ਼ ਅਟਕਲਾਂ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਕਤਰ ਅਤੇ ਪਾਕਿਸਤਾਨ ਇਸ ਗੱਲਬਾਤ ਵਿੱਚ ਵਿਚੋਲੇ ਦੀ ਭੂਮਿਕਾ ਨਿਭਾ ਰਹੇ ਹਨ, ਪਰ ਅਮਰੀਕੀ ਵਾਰ-ਵਾਰ ਆਪਣਾ ਰੁਖ਼ ਬਦਲ ਰਹੇ ਹਨ। ਉਨ੍ਹਾਂ ਸਾਫ਼ ਕੀਤਾ ਕਿ ਇਰਾਨ ਨੇ ਅਜੇ ਤੱਕ ਕਿਸੇ ਵੀ ਸਮਝੌਤੇ 'ਤੇ ਅੰਤਿਮ ਫ਼ੈਸਲਾ ਨਹੀਂ ਲਿਆ ਹੈ ਅਤੇ ਉਹ ਆਪਣੀਆਂ 'ਰੈੱਡ ਲਾਈਨਾਂ' ਨਾਲ ਕੋਈ ਸਮਝੌਤਾ ਨਹੀਂ ਕਰੇਗਾ।