ਏਅਰਪੋਰਟ ਦੀਆਂ ਖਿੜਕੀਆਂ ਟੁੱਟੀਆਂ, ਫਲਾਈਟ ਦੀ ਲੈਂਡਿੰਗ ਰੱਦ...ਲਾਸ ਏਂਜਲਸ 'ਚ 5.0 ਤੀਬਰਤਾ ਦੇ ਭੂਚਾਲ ਨਾਲ ਮਚੀ ਤਬਾਹੀ
USGS ਮੁਤਾਬਕ, ਭੂਚਾਲ ਦਾ ਕੇਂਦਰ ਲਾਸ ਏਂਜਲਸ ਨੇੜੇ ਮੈਨਹੱਟਨ ਬੀਚ ਦੇ ਤੱਟ ਤੋਂ ਦੂਰ ਸੀ। ਇਸ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਾਰਾਂ ਦੇ ਅਲਾਰਮ ਵੱਜਣ ਲੱਗੇ, ਹਵਾਈ ਅੱਡੇ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਇਕ ਰਿਫਾਇਨਰੀ 'ਚੋਂ ਧੂੰਆਂ ਨਿਕਲਣ ਲੱਗਾ, ਕਿਉਂਕਿ ਉੱਥੇ ਸਵੈਚਾਲਿਤ ਸੁਰੱਖਿਆ ਪ੍ਰਣਾਲੀਆਂ ਸਰਗਰਮ ਹੋ ਗਈਆਂ ਸਨ। ਹਾਲਾਂਕਿ, ਕਿਸੇ ਦੇ ਜ਼ਖ਼ਮੀ ਹੋਣ ਜਾਂ ਵੱਡੇ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।
Publish Date: Sun, 29 Nov 2026 08:35 AM (IST)
Updated Date: Sun, 29 Nov 2026 08:37 AM (IST)
ਡਿਜੀਟਲ ਡੈਸਕ, ਲਾਸ ਏਂਜਲਸ : ਦੱਖਣੀ ਕੈਲੀਫੋਰਨੀਆ ਦੇ ਤੱਟ ਨੇੜੇ ਸ਼ਨੀਵਾਰ ਨੂੰ 5.0 ਤੀਬਰਤਾ ਦਾ ਭੂਚਾਲ ਆਉਣ ਕਾਰਨ ਲਾਸ ਏਂਜਲਸ 'ਚ ਹਲਚਲ ਮਚ ਗਈ। ਇਲਾਕੇ 'ਚ ਖਿੜਕੀਆਂ ਹਿੱਲਣ ਲੱਗੀਆਂ ਅਤੇ ਸ਼ਹਿਰ ਦੇ ਹਵਾਈ ਅੱਡੇ 'ਤੇ ਇਕ ਜਹਾਜ਼ ਨੂੰ ਆਪਣੀ ਲੈਂਡਿੰਗ ਰੱਦ ਕਰਨੀ ਪਈ।
ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ, ਭੂਚਾਲ ਦਾ ਕੇਂਦਰ ਲਾਸ ਏਂਜਲਸ ਨੇੜੇ ਮੈਨਹੱਟਨ ਬੀਚ ਦੇ ਤੱਟ ਤੋਂ ਦੂਰ ਸੀ। ਇਸ ਤੋਂ ਬਾਅਦ ਕਈ ਝਟਕੇ ਵੀ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਾਰਾਂ ਦੇ ਅਲਾਰਮ ਵੱਜਣ ਲੱਗੇ, ਹਵਾਈ ਅੱਡੇ ਦੀਆਂ ਖਿੜਕੀਆਂ ਟੁੱਟ ਗਈਆਂ ਅਤੇ ਇਕ ਰਿਫਾਇਨਰੀ 'ਚੋਂ ਧੂੰਆਂ ਨਿਕਲਣ ਲੱਗਾ, ਕਿਉਂਕਿ ਉੱਥੇ ਸਵੈਚਾਲਿਤ ਸੁਰੱਖਿਆ ਪ੍ਰਣਾਲੀਆਂ ਸਰਗਰਮ ਹੋ ਗਈਆਂ ਸਨ। ਹਾਲਾਂਕਿ, ਕਿਸੇ ਦੇ ਜ਼ਖ਼ਮੀ ਹੋਣ ਜਾਂ ਵੱਡੇ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ।
ਫਲਾਈਟ ਦੀ ਲੈਂਡਿੰਗ ਕਰਨੀ ਪਈ ਰੱਦ
ਕੈਲੀਫੋਰਨੀਆ ਦੇ ਗਵਰਨਰ ਦੇ ਐਮਰਜੈਂਸੀ ਸੇਵਾਵਾਂ ਦਫ਼ਤਰ ਨੇ ਫੇਸਬੁੱਕ 'ਤੇ ਕਿਹਾ ਕਿ ਉਹ ਭੂਚਾਲ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਬਿਆਨ 'ਚ ਕਿਹਾ ਗਿਆ, "ਭੂਚਾਲ ਬਾਰੇ ਪਹਿਲਾਂ ਤੋਂ ਕੁਝ ਨਹੀਂ ਕਿਹਾ ਜਾ ਸਕਦਾ, ਇਸ ਲਈ ਝਟਕਿਆਂ ਲਈ ਤਿਆਰ ਰਹੋ।"
ਇਲਾਕੇ ਦੀਆਂ ਵੀਡੀਓਜ਼ ਮੁਤਾਬਕ, ਸ਼ੁਰੂਆਤੀ ਭੂਚਾਲ ਕਾਰਨ ਲਾਸ ਏਂਜਲਸ ਹਵਾਈ ਅੱਡੇ ਨੇੜੇ ਪਹੁੰਚ ਰਹੇ ਡੈਲਟਾ ਏਅਰਲਾਈਨਜ਼ ਦੇ ਇਕ ਜਹਾਜ਼ ਨੂੰ ਆਪਣੀ ਲੈਂਡਿੰਗ ਰੱਦ ਕਰਨੀ ਪਈ। ਜਹਾਜ਼ ਉਤਰਨ ਹੀ ਵਾਲਾ ਸੀ ਕਿ ਇਸੇ ਦੌਰਾਨ ਭੂਚਾਲ ਆ ਗਿਆ। ਅਜਿਹੇ 'ਚ ਰਨਵੇਅ 'ਚ ਤਰੇੜਾਂ ਆਉਣ ਦੇ ਖ਼ਦਸ਼ੇ ਕਾਰਨ ਚਾਲਕ ਦਲ ਨੂੰ ਜਹਾਜ਼ ਉਤਾਰਨ ਦੀ ਪ੍ਰਕਿਰਿਆ ਰੋਕਣ ਦੇ ਨਿਰਦੇਸ਼ ਦਿੱਤੇ ਗਏ।
ਟਰਮੀਨਲ ਦੀਆਂ ਖਿੜਕੀਆਂ ਟੁੱਟੀਆਂ
ਸ਼ਹਿਰ ਦੀ ਮੇਅਰ ਕੈਰਨ ਬਾਸ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ, 'ਅਜਿਹਾ ਕਰਨਾ ਬਿਲਕੁਲ ਸਹੀ ਸੀ, ਕਿਉਂਕਿ ਜਦੋਂ ਤੱਕ ਰਨਵੇਅ ਦੀ ਜਾਂਚ ਨਹੀਂ ਹੋ ਜਾਂਦੀ, ਉਦੋਂ ਤੱਕ ਉਨ੍ਹਾਂ ਨੂੰ ਕਿਵੇਂ ਪਤਾ ਲੱਗ ਸਕਦਾ ਸੀ?'
ਲਾਸ ਏਂਜਲਸ ਹਵਾਈ ਅੱਡੇ 'ਤੇ ਭੂਚਾਲ ਤੋਂ ਬਾਅਦ ਆਏ ਇਕ ਹੋਰ ਝਟਕੇ ਕਾਰਨ ਛੱਤ ਦਾ ਇਕ ਚਿੱਟਾ ਪੈਨਲ ਹੇਠਾਂ ਡਿੱਗ ਗਿਆ ਅਤੇ ਉੱਥੇ ਇਕ ਟਰਮੀਨਲ ਦੀਆਂ ਖਿੜਕੀਆਂ ਵੀ ਟੁੱਟ ਗਈਆਂ।
ਮੈਰੀਲੈਂਡ ਦੀ ਰਹਿਣ ਵਾਲੀ 27 ਸਾਲਾ ਵਕੀਲ ਕੇਨਾ ਕ੍ਰੇਮਰ ਵਾਸ਼ਿੰਗਟਨ ਸਥਿਤ ਆਪਣੇ ਘਰ ਜਾਣ ਲਈ ਫਲਾਈਟ 'ਚ ਸਵਾਰ ਹੋ ਰਹੀ ਸੀ। ਉਸ ਨੇ ਸਥਾਨਕ ਮੀਡੀਆ ਨੂੰ ਦੱਸਿਆ, "ਲੋਕ ਡਰੇ ਹੋਏ ਸਨ। ਇਕ ਔਰਤ ਦੀ ਹਲਕੀ ਜਿਹੀ ਚੀਕ ਸੁਣਾਈ ਦਿੱਤੀ ਅਤੇ ਫਿਰ ਸਾਰੇ ਚੁੱਪ ਹੋ ਗਏ।'
ਸ਼ੁਰੂਆਤੀ ਝਟਕਿਆਂ ਤੋਂ ਬਾਅਦ ਦੱਖਣੀ ਕੈਲੀਫੋਰਨੀਆ 'ਚ ਸ਼ੈਵਰੋਨ ਰਿਫਾਇਨਰੀ ਨੇ ਸਿਸਟਮ 'ਚ ਸੰਭਾਵੀ ਖ਼ਤਰਿਆਂ ਤੋਂ ਬਚਾਅ ਲਈ ਸੇਫਟੀ ਫਲੇਅਰਿੰਗ (ਵਾਧੂ ਗੈਸ ਨੂੰ ਸੁਰੱਖਿਅਤ ਢੰਗ ਨਾਲ ਸਾੜਨ ਦੀ ਪ੍ਰਕਿਰਿਆ) ਸ਼ੁਰੂ ਕਰ ਦਿੱਤੀ। ਕੰਪਨੀ ਨੇ ਦੱਸਿਆ ਕਿ ਅੱਗ ਅਤੇ ਧੂੰਏਂ ਦੀਆਂ ਰੁਕ-ਰੁਕ ਕੇ ਨਿਕਲਣ ਵਾਲੀਆਂ ਲਪਟਾਂ ਕਾਬੂ ਹੇਠ ਸਨ ਅਤੇ ਇਨ੍ਹਾਂ ਕਾਰਨ ਆਸ-ਪਾਸ ਦੇ ਲੋਕਾਂ ਲਈ ਕੋਈ ਸੁਰੱਖਿਆ ਖ਼ਤਰਾ ਨਹੀਂ ਸੀ।
ਲਾਸ ਏਂਜਲਸ ਫਾਇਰ ਡਿਪਾਰਟਮੈਂਟ (LAFD) ਨੇ ਦੱਸਿਆ ਕਿ ਲਾਸ ਏਂਜਲਸ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਨਾ ਹੀ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।