- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਰਮੁਜ਼ ਜਲਡਮਰੂਮੱਧ ਤੋਂ ਐੱਲਐੱਨਜੀ ਦੀ ਸਪਲਾਈ ਪ੍ਰਭਾਵਤ ਹੋਣ ਅਤੇ ਕੁਦਰਤੀ ਗੈਸ ਮਹਿੰਗੀ ਹੋਣ ਕਾਰਨ ਕਈ ਮੁਲਕਾਂ ਨੇ ਬਿਜਲੀ ਉਤਪਾਦਨ ਲਈ ਕੋਲੇ ਵੱਲ ਰੁਖ਼ ਕੀਤਾ ਹੈ। ਇਸ ਦਾ ਅਸਰ ਆਲਮੀ ਪੱਧਰ ’ਤੇ ਇਸ ਤਰ੍ਹਾਂ ਪਿਆ ਹੈ ਕਿ ਇਸ ਸਾਲ ਕੋਲੇ ਦੀ ਖਪਤ ਇਕ ਵਾਰੀ ਫਿਰ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ।

ਵਾਸ਼ਿੰਗਟਨ : ਪੱਛਮੀ ਏਸ਼ੀਆ ਵਿਚ ਚੱਲ ਰਹੀ ਜੰਗ ਦਾ ਸੇਕ ਹੁਣ ਸਿਰਫ ਤੇਲ ਅਤੇ ਗੈਸ ਦੇ ਬਾਜ਼ਾਰ ਤੱਕ ਸੀਮਤ ਨਹੀਂ ਰਿਹਾ। ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਇਸ ਦੀ ਇਕ ਹੋਰ ਕੀਮਤ ਚੁਕਾਉਣੀ ਪੈ ਸਕਦੀ ਹੈ ਅਤੇ ਕੋਲੇ ਦੀ ਵੱਧਦੀ ਵਰਤੋਂ ਅਤੇ ਇਸ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਰੂਪ ਵਿਚ। ਹੋਰਮੁਜ਼ ਜਲਡਮਰੂਮੱਧ ਤੋਂ ਐੱਲਐੱਨਜੀ ਦੀ ਸਪਲਾਈ ਪ੍ਰਭਾਵਤ ਹੋਣ ਅਤੇ ਕੁਦਰਤੀ ਗੈਸ ਮਹਿੰਗੀ ਹੋਣ ਕਾਰਨ ਕਈ ਮੁਲਕਾਂ ਨੇ ਬਿਜਲੀ ਉਤਪਾਦਨ ਲਈ ਕੋਲੇ ਵੱਲ ਰੁਖ਼ ਕੀਤਾ ਹੈ। ਇਸ ਦਾ ਅਸਰ ਆਲਮੀ ਪੱਧਰ ’ਤੇ ਇਸ ਤਰ੍ਹਾਂ ਪਿਆ ਹੈ ਕਿ ਇਸ ਸਾਲ ਕੋਲੇ ਦੀ ਖਪਤ ਇਕ ਵਾਰੀ ਫਿਰ ਨਵਾਂ ਰਿਕਾਰਡ ਬਣਾਉਣ ਜਾ ਰਹੀ ਹੈ।ਆਲਮੀ ਊਰਜਾ ਏਜੰਸੀ (ਆਈਈਏ) ਦੇ ਤਾਜ਼ਾ ਅੰਦਾਜ਼ੇ ਮੁਤਾਬਕ 2026 ਵਿਚ ਦੁਨੀਆ ਦੀ ਕੋਲੇ ਦੀ ਮੰਗ 1.2 ਫ਼ੀਸਦ ਵੱਧ ਕੇ 8.94 ਅਰਬ ਟਨ ਹੋ ਜਾਵੇਗੀ। ਖ਼ਾਸ ਗੱਲ ਇਹ ਹੈ ਕਿ ਏਜੰਸੀ ਨੇ ਕੁਝ ਮਹੀਨੇ ਪਹਿਲਾਂ ਇਸ ਸਾਲ ਕੋਲੇ ਦੀ ਮੰਗ ਵਿਚ ਹਲਕੀ ਗਿਰਾਵਟ ਦਾ ਅਨੁਮਾਨ ਲਾਇਆ ਸੀ ਪਰ ਪੱਛਮੀ ਏਸ਼ੀਆ ਦੇ ਸੰਕਟ ਅਤੇ ਮੌਸਮ ਸਬੰਧੀ ਤਬਦੀਲੀਆਂ ਨੇ ਤਸਵੀਰ ਬਦਲ ਦਿੱਤੀ ਹੈ।
ਭਾਰਤ ’ਚ 4.2 ਫ਼ੀਸਦ ਵੱਧ ਸਕਦੀ ਹੈ ਮੰਗ :
ਭਾਰਤ ਲਈ ਵੀ ਤਸਵੀਰ ਚਿੰਤਾ ਵਧਾਉਣ ਵਾਲੀ ਹੈ। ਆਈਈਏ ਦਾ ਅਨੁਮਾਨ ਹੈ ਕਿ ਦੇਸ਼ ਵਿਚ ਕੋਲੇ ਦੀ ਮੰਗ 4.2% ਵੱਧ ਕੇ 1.353 ਅਰਬ ਟਨ ਹੋ ਸਕਦੀ ਹੈ। ਬਿਜਲੀ ਦੀ ਵੱਧਦੀ ਮੰਗ ਦੇ ਨਾਲ ਇਸ ’ਤੇ ਅਲ ਨੀਨੋ ਦਾ ਅਸਰ ਵੀ ਪੈ ਰਿਹਾ ਹੈ। ਵੱਧ ਗਰਮੀ ਨਾਲ ਏਸੀ ਅਤੇ ਕੂਲਿੰਗ ਦੀ ਮੰਗ ਵਧੇਗੀ, ਜਦਕਿ ਕਮਜ਼ੋਰ ਜਲ-ਬਿਜਲੀ ਉਤਪਾਦਨ ਦੀ ਭਰਪਾਈ ਲਈ ਤਾਪ ਬਿਜਲੀ ਘਰਾਂ ’ਤੇ ਨਿਰਭਰਤਾ ਵੱਧ ਸਕਦੀ ਹੈ। ਭਾਰਤ ਵਿਚ ਬਿਜਲੀ ਖੇਤਰ ਸਿਰਫ਼ ਦੇਸ਼ ਦੀ ਕੁੱਲ ਕੋਲੇ ਦੀ ਖਪਤ ਦਾ ਕਰੀਬ ਤਿੰਨ-ਚੌਥਾਈ ਹਿੱਸਾ ਵਰਤਦਾ ਹੈ। ਇਹੀ ਅਸਰ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਯੂਰਪ ਵਿਚ ਵੀ ਦੇਖਿਆ ਜਾ ਰਿਹਾ ਹੈ। ਇਸ ਸਾਲ ਦੱਖਣੀ ਕੋਰੀਆ ਵਿਚ ਕੋਲੇ ਦੀ ਵਰਤੋਂ ਵਿਚ ਛੇ ਫ਼ੀਸਦ ਦਾ ਉਛਾਲ ਦਰਜ ਹੋਣ ਦੀ ਆਸ ਹੈ। ਅਮਰੀਕਾ ਵਿਚ ਕੋਲੇ ਦੀ ਵਰਤੋਂ ਪਿਛਲੇ ਸਾਲ ਦੀ ਤੁਲਨਾ ਵਿਚ ਸੱਤ ਫ਼ੀਸਦ ਤੱਕ ਪਹੁੰਚ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਕਹਿੰਦੇ ਰਹੇ ਹਨ ਕਿ ਉਹ ਕੋਲਾ ਉਦਯੋਗ ਵਿਚ ਆ ਰਹੀ ਗਿਰਾਵਟ ਨੂੰ ਦੂਰ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਾਰੇ ਵਰਤੋਂ ਤੋਂ ਬਾਹਰ ਹੋ ਚੁੱਕੇ ਕੋਲਾ ਪਲਾਂਟਾਂ ਨੂੰ ਦੁਬਾਰਾ ਸ਼ੁਰੂ ਕਰਵਾਇਆ ਹੈ।
ਜਲਵਾਯੂ ਟੀਚਿਆਂ ਲਈ ਝਟਕਾ : ਕੋਲੇ ਦੀ ਵੱਧਦੀ ਮੰਗ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦੁਨੀਆ ਫਾਸਿਲ ਫਿਊਲ ’ਤੇ ਨਿਰਭਰਤਾ ਘਟਾਉਣ ਅਤੇ ਨਵੀਨੀਕਰਨਯੋਗ ਊਰਜਾ ਵਧਾਉਣ ਦਾ ਟੀਚਾ ਰੱਖਦੀ ਹੈ। ਸੂਰਜੀ ਤੇ ਪੌਣ-ਊਰਜਾ ਤੇਜ਼ੀ ਨਾਲ ਵਧ ਰਹੀ ਹੈ ਪਰ ਵੱਧਦੀ ਬਿਜਲੀ ਦੀ ਮੰਗ, ਮੌਸਮ ਦੀ ਬੇਯਕੀਨੀ ਅਤੇ ਊਰਜਾ ਸੁਰੱਖਿਆ ਦੀ ਚਿੰਤਾ ਦਰਮਿਆਨ ਕਈ ਮੁਲਕਾਂ ਨੂੰ ਇਸ ਸਮੇਂ ਕੋਲਾ ਹੀ ਭਰੋਸੇਮੰਦ ਬਦਲ ਲੱਗ ਰਿਹਾ ਹੈ।
ਆਈਈਏ ਦਾ ਕਹਿਣਾ ਹੈ ਕਿ 2027 ਵਿਚ ਤਸਵੀਰ ਇਸ ਗੱਲ ’ਤੇ ਕਾਫੀ ਨਿਰਭਰ ਕਰੇਗੀ ਕਿ ਹੋਰਮੁਜ਼ ਤੋਂ ਐੱਲਐੱਨਜੀ ਦੀ ਆਮਦ ਕਿੰਨੀ ਕੁ ਆਮ ਵਾਂਗ ਹੁੰਦੀ ਹੈ। ਜੇ ਗੈਸ ਦੀ ਸਪਲਾਈ ਸੁਧਰੀ ਅਤੇ ਕੀਮਤਾਂ ਹੇਠਾਂ ਆਈਆਂ, ਤਾਂ ਸੰਸਾਰ ਵਿਚ ਕੋਲੇ ਦੀ ਮੰਗ 0.4% ਘੱਟ ਸਕਦੀ ਹੈ ਪਰ ਜੇਕਰ ਸੰਕਟ ਲੰਬਾ ਖਿੱਚਿਆ ਤਾਂ ਕੋਲੇ ਦੀ ਵਰਤੋਂ ਮੁਕਾਬਲਤਨ ਵੱਧ ਸਕਦੀ ਹੈ।