ਚੀਨ-ਪਾਕਿਸਤਾਨ ਦੀ ਵਧਦੀ ਦੋਸਤੀ ਕਾਰਨ ਭਾਰਤ 'ਤੇ 'ਟੂ-ਫਰੰਟ ਵਾਰ' ਦਾ ਖ਼ਤਰਾ, ਅਮਰੀਕੀ ਰਿਪੋਰਟ 'ਚ ਵੱਡਾ ਦਾਅਵਾ
ਅਮਰੀਕਾ ਦੀ ਇਕ ਸੰਸਦੀ ਕਮੇਟੀ (USCC) ਨੇ ਭਾਰਤ ਦੀ ਸੁਰੱਖਿਆ ਨੂੰ ਲੈ ਕੇ ਇਕ ਬੇਹੱਦ ਅਹਿਮ ਅਤੇ ਚਿਤਾਵਨੀ ਭਰੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਚੀਨ ਅਤੇ ਪਾਕਿਸਤਾਨ ਵਿਚਕਾਰ ਵਧ ਰਹੀ ਫ਼ੌਜੀ ਸਾਂਝੇਦਾਰੀ ਭਾਰਤ ਲਈ ਦੋ ਮੋਰਚਿਆਂ 'ਤੇ ਜੰਗ ਯਾਨੀ ਇਕੋ ਸਮੇਂ ਚੀਨ ਅਤੇ ਪਾਕਿਸਤਾਨ ਦੋਵਾਂ ਨਾਲ ਟਕਰਾਅ ਦੇ ਖ਼ਤਰੇ ਨੂੰ ਤੇਜ਼ੀ ਨਾਲ ਵਧਾ ਰਹੀ ਹੈ।
Publish Date: Sat, 21 Nov 2026 04:46 PM (IST)
Updated Date: Sat, 21 Nov 2026 04:51 PM (IST)
ਡਿਜੀਟਲ ਡੈਸਕ, ਵਾਸ਼ਿੰਗਟਨ : ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਅਤੇ ਆਪਣੀਆਂ ਨਾਪਾਕ ਚਾਲਾਂ ਲਈ ਦੁਨੀਆ ਭਰ 'ਚ ਜਾਣੇ ਜਾਂਦੇ ਚੀਨ ਵਿਚਕਾਰ ਵਧਦੀ ਨੇੜਤਾ ਇਨ੍ਹੀਂ ਦਿਨੀਂ ਕਾਫ਼ੀ ਚਰਚਾ 'ਚ ਹੈ। ਹੁਣ ਸਵਾਲ ਇਹ ਹੈ ਕਿ ਇਹ ਨੇੜਤਾ ਭਾਰਤ ਲਈ ਖ਼ਤਰਾ ਕਿਵੇਂ ਪੈਦਾ ਕਰ ਸਕਦੀ ਹੈ? ਇਸ ਬਾਰੇ ਅਮਰੀਕਾ ਦੀ ਇਕ ਸੰਸਦੀ ਕਮੇਟੀ ਨੇ ਰਿਪੋਰਟ ਜਾਰੀ ਕੀਤੀ ਹੈ।
ਪੂਰੇ ਮਾਮਲੇ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਅਮਰੀਕਾ ਦੀ ਇਕ ਸੰਸਦੀ ਕਮੇਟੀ (USCC) ਨੇ ਭਾਰਤ ਦੀ ਸੁਰੱਖਿਆ ਨੂੰ ਲੈ ਕੇ ਇਕ ਬੇਹੱਦ ਅਹਿਮ ਅਤੇ ਚਿਤਾਵਨੀ ਭਰੀ ਰਿਪੋਰਟ ਜਾਰੀ ਕੀਤੀ ਹੈ। ਇਸ ਰਿਪੋਰਟ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਚੀਨ ਅਤੇ ਪਾਕਿਸਤਾਨ ਵਿਚਕਾਰ ਵਧ ਰਹੀ ਫ਼ੌਜੀ ਸਾਂਝੇਦਾਰੀ ਭਾਰਤ ਲਈ ਦੋ ਮੋਰਚਿਆਂ 'ਤੇ ਜੰਗ ਯਾਨੀ ਇਕੋ ਸਮੇਂ ਚੀਨ ਅਤੇ ਪਾਕਿਸਤਾਨ ਦੋਵਾਂ ਨਾਲ ਟਕਰਾਅ ਦੇ ਖ਼ਤਰੇ ਨੂੰ ਤੇਜ਼ੀ ਨਾਲ ਵਧਾ ਰਹੀ ਹੈ।
ਅਮਰੀਕੀ ਕਮਿਸ਼ਨ ਨੇ ਆਪਣੀ ਸਰਕਾਰ ਨੂੰ ਦਿੱਤੀ ਸਲਾਹ
ਰਿਪੋਰਟ ਤੋਂ ਬਾਅਦ ਅਮਰੀਕੀ ਕਮਿਸ਼ਨ ਨੇ ਆਪਣੀ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਇਸ ਖ਼ਤਰੇ ਨਾਲ ਨਜਿੱਠਣ ਲਈ ਅਮਰੀਕਾ ਨੂੰ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਖ਼ਾਸ ਤੌਰ 'ਤੇ ਹਿੰਦ ਮਹਾਸਾਗਰ 'ਚ ਫ਼ੌਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
'ਆਪਰੇਸ਼ਨ ਸਿੰਦੂਰ' ਅਤੇ ਚੀਨ ਦੀ ਪਰਦੇ ਪਿੱਛੇ ਵਾਲੀ ਚਾਲ
ਦੱਸ ਦੇਈਏ ਕਿ ਰਿਪੋਰਟ 'ਚ ਮਈ 2025 'ਚ ਹੋਏ ਭਾਰਤ-ਪਾਕਿਸਤਾਨ ਫ਼ੌਜੀ ਟਕਰਾਅ ਦਾ ਖ਼ਾਸ ਜ਼ਿਕਰ ਕੀਤਾ ਗਿਆ ਹੈ। ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤ ਨੇ 'ਆਪਰੇਸ਼ਨ ਸਿੰਦੂਰ' ਚਲਾ ਕੇ ਪਾਕਿਸਤਾਨ ਅਤੇ ਗ਼ੁਲਾਮ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕੀਤਾ ਸੀ।
ਅਮਰੀਕੀ ਕਮਿਸ਼ਨ ਮੁਤਾਬਕ, ਇਸ ਸੰਕਟ ਨੇ ਦਿਖਾ ਦਿੱਤਾ ਕਿ ਚੀਨ ਸਿੱਧੇ ਤੌਰ 'ਤੇ ਜੰਗ 'ਚ ਸ਼ਾਮਲ ਹੋਏ ਬਿਨਾਂ ਵੀ ਪਾਕਿਸਤਾਨ ਦੀ ਵੱਡੀ ਫ਼ੌਜੀ ਅਤੇ ਰਣਨੀਤਕ ਮਦਦ ਕਰ ਸਕਦਾ ਹੈ। ਇਸ ਗੱਲ ਨੂੰ ਆਧਾਰ ਬਣਾਇਆ ਜਾਵੇ ਤਾਂ ਭਵਿੱਖ 'ਚ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਕੋਈ ਟਕਰਾਅ ਹੁੰਦਾ ਹੈ, ਤਾਂ ਚੀਨ ਦਾ ਇਹ ਸਮਰਥਨ ਭਾਰਤ ਦੀਆਂ ਫ਼ੌਜੀ ਤਿਆਰੀਆਂ ਅਤੇ ਰਣਨੀਤੀ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ।
ਭਾਰਤ ਨੂੰ ਰੋਕਣ ਲਈ ਚੀਨ ਦੀ ਚਾਲ
ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਭਾਰਤ ਦੇ ਵਧਦੇ ਕੱਦ ਨੂੰ ਆਪਣੇ ਲਈ ਇਕ ਵੱਡੀ ਚੁਣੌਤੀ ਮੰਨਦਾ ਹੈ। ਇਸ ਲਈ ਉਹ ਭਾਰਤ ਨੂੰ ਸੀਮਤ ਰੱਖਣ ਲਈ ਫ਼ੌਜੀ, ਆਰਥਿਕ ਅਤੇ ਸਮੁੰਦਰੀ ਦਬਾਅ ਬਣਾ ਰਿਹਾ ਹੈ। ਅਮਰੀਕਾ ਦਾ ਮੰਨਣਾ ਹੈ ਕਿ ਦੁਨੀਆ 'ਚ ਭਾਰਤ ਉਨ੍ਹਾਂ ਗਿਣੇ-ਚੁਣੇ ਦੇਸ਼ਾਂ 'ਚੋਂ ਇਕ ਹੈ, ਜਿਸ ਕੋਲ ਆਪਣੀ ਵਿਸ਼ਾਲ ਆਬਾਦੀ, ਅਰਥਵਿਵਸਥਾ, ਪਰਮਾਣੂ ਸ਼ਕਤੀ ਅਤੇ ਭੂਗੋਲਿਕ ਸਥਿਤੀ ਦੇ ਦਮ 'ਤੇ ਚੀਨ ਦੇ ਬਰਾਬਰ ਸ਼ਕਤੀ ਸੰਤੁਲਨ ਬਣਾਉਣ ਦੀ ਸਮਰੱਥਾ ਹੈ।
ਦੂਜੇ ਪਾਸੇ, ਭਾਰਤ ਦੀ 2,100 ਮੀਲ ਲੰਬੀ ਸਰਹੱਦ ਚੀਨ ਨਾਲ ਲੱਗਦੀ ਹੈ। ਇਸ ਤੋਂ ਇਲਾਵਾ, ਹਿੰਦ ਮਹਾਸਾਗਰ ਦੇ ਜਿਨ੍ਹਾਂ ਸਮੁੰਦਰੀ ਰਸਤਿਆਂ ਰਾਹੀਂ ਚੀਨ ਦਾ ਸਭ ਤੋਂ ਵੱਧ ਵਪਾਰ ਅਤੇ ਊਰਜਾ ਦੀ ਸਪਲਾਈ ਹੁੰਦੀ ਹੈ, ਭਾਰਤ ਠੀਕ ਉਨ੍ਹਾਂ ਰਸਤਿਆਂ ਦੇ ਮੁਹਾਣੇ 'ਤੇ ਸਥਿਤ ਹੈ।
ਹਿੰਦ ਮਹਾਸਾਗਰ 'ਚ 'ਸਾਊਥ ਚਾਈਨਾ ਸੀ' ਵਰਗੀ ਚਾਲ ਚੱਲ ਰਿਹਾ ਚੀਨ
ਅਮਰੀਕੀ ਰਿਪੋਰਟ ਨੇ ਹਿੰਦ ਮਹਾਸਾਗਰ 'ਚ ਚੀਨ ਦੀ ਵਧਦੀ ਮੌਜੂਦਗੀ 'ਤੇ ਡੂੰਘੀ ਚਿੰਤਾ ਜਤਾਈ ਹੈ। ਚੀਨ ਇੱਥੇ ਆਪਣੇ ਜਾਸੂਸੀ ਅਤੇ ਖੋਜ ਜਹਾਜ਼ ਭੇਜ ਰਿਹਾ ਹੈ ਅਤੇ ਲੰਬੇ ਸਮੇਂ ਤੱਕ ਜਲ ਸੈਨਾ ਤਾਇਨਾਤ ਰੱਖਣ ਲਈ ਟਿਕਾਣੇ ਤਿਆਰ ਕਰ ਰਿਹਾ ਹੈ।
ਇਸ ਗੱਲ ਨੂੰ ਇਸ ਤਰ੍ਹਾਂ ਸਮਝੋ ਕਿ ਚੀਨ ਹਿੰਦ ਮਹਾਸਾਗਰ 'ਚ ਵੀ ਉਹੀ ਦਾਅ ਅਜ਼ਮਾ ਰਿਹਾ ਹੈ, ਜੋ ਉਸ ਨੇ ਵਿਵਾਦਿਤ 'ਸਾਊਥ ਚਾਈਨਾ ਸੀ' 'ਚ ਅਪਣਾਇਆ ਸੀ। ਇਸ 'ਚ ਸਮੁੰਦਰ ਦੇ ਹੇਠਾਂ ਮੌਜੂਦ ਥਾਵਾਂ ਦੇ ਨਵੇਂ ਨਾਂ ਰੱਖਣਾ ਅਤੇ ਇਤਿਹਾਸਕ ਅਧਿਕਾਰਾਂ ਦੇ ਦਾਅਵੇ ਕਰਨਾ ਸ਼ਾਮਲ ਹੈ। ਇਹ ਭਵਿੱਖ 'ਚ ਇਸ ਇਲਾਕੇ 'ਤੇ ਆਪਣਾ ਹੱਕ ਜਤਾਉਣ ਲਈ ਆਧਾਰ ਤਿਆਰ ਕਰਨ ਵਰਗਾ ਹੈ।
ਅਮਰੀਕਾ ਨੇ ਆਪਣੀ ਸਰਕਾਰ ਨੂੰ ਕੀ ਸੁਝਾਅ ਦਿੱਤੇ?
ਚੀਨ ਦੀ ਇਸ ਚਾਲ ਨੂੰ ਨਾਕਾਮ ਕਰਨ ਲਈ ਕਮਿਸ਼ਨ ਨੇ ਅਮਰੀਕੀ ਸੰਸਦ ਤੇ ਰੱਖਿਆ ਵਿਭਾਗ ਨੂੰ ਕਈ ਠੋਸ ਕਦਮ ਚੁੱਕਣ ਦੀ ਸਿਫ਼ਾਰਸ਼ ਕੀਤੀ ਹੈ।
ਸਿਰਫ਼ ਫ਼ੌਜੀ ਅਭਿਆਸ ਕਾਫ਼ੀ ਨਹੀਂ- ਭਾਰਤ ਅਤੇ ਅਮਰੀਕਾ ਨੂੰ ਹੁਣ ਸਿਰਫ਼ ਰਸਮੀ ਫ਼ੌਜੀ ਅਭਿਆਸਾਂ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ 'ਤੇ ਇਕੱਠੇ ਕੰਮ ਕਰਨਾ ਹੋਵੇਗਾ।
ਸਮੁੰਦਰੀ ਨਿਗਰਾਨੀ- ਦੋਵਾਂ ਦੇਸ਼ਾਂ ਨੂੰ ਮਿਲ ਕੇ ਹਿੰਦ ਮਹਾਸਾਗਰ 'ਚ ਚੀਨੀ ਪਣਡੁੱਬੀਆਂ ਤੇ ਜੰਗੀ ਜਹਾਜ਼ਾਂ ਦੀ ਰੀਅਲ-ਟਾਈਮ ਟਰੈਕਿੰਗ ਕਰਨੀ ਚਾਹੀਦੀ ਹੈ ਅਤੇ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।
ਲੀਡਰਸ਼ਿਪ ਪ੍ਰੋਗਰਾਮ- ਦੋਵਾਂ ਦੇਸ਼ਾਂ ਦੇ ਉੱਭਰਦੇ ਰੱਖਿਆ, ਵਪਾਰ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਡੂੰਘੇ ਸਬੰਧ ਬਣਾਉਣ ਲਈ ਇਕ 'ਇੰਡੋ-ਅਮਰੀਕਨ ਸਟ੍ਰੈਟੇਜਿਕ ਲੀਡਰਸ਼ਿਪ ਐਕਸਚੇਂਜ ਪ੍ਰੋਗਰਾਮ' ਸ਼ੁਰੂ ਕੀਤਾ ਜਾਵੇ।
ਸੁਤੰਤਰ ਨੀਤੀ ਦਾ ਸਨਮਾਨ- ਰਿਪੋਰਟ 'ਚ ਇਹ ਵੀ ਮੰਨਿਆ ਗਿਆ ਹੈ ਕਿ ਭਾਰਤ ਆਪਣੀ ਰਣਨੀਤਕ ਖ਼ੁਦਮੁਖ਼ਤਿਆਰੀ ਯਾਨੀ ਸੁਤੰਤਰ ਵਿਦੇਸ਼ ਨੀਤੀ 'ਤੇ ਚੱਲਦਾ ਹੈ। ਇਸ ਲਈ ਹਰ ਮੁੱਦੇ 'ਤੇ ਉਹ ਅਮਰੀਕਾ ਦੀ ਹਾਂ 'ਚ ਹਾਂ ਨਹੀਂ ਮਿਲਾਏਗਾ। ਇਸ ਦੇ ਬਾਵਜੂਦ ਇਕ ਮਜ਼ਬੂਤ ਭਾਰਤ ਏਸ਼ੀਆ 'ਚ ਚੀਨ ਦੇ ਖ਼ਿਲਾਫ਼ ਸ਼ਕਤੀ ਸੰਤੁਲਨ ਬਣਾਉਣ ਅਤੇ ਨਿਰਮਾਣ ਖੇਤਰ 'ਚ ਚੀਨ ਦੇ ਬਦਲ ਵਜੋਂ ਉੱਭਰਨ ਲਈ ਅਮਰੀਕਾ ਦੇ ਹਿੱਤ 'ਚ ਹੈ।
ਇਕ ਪਾਸੇ ਤਣਾਅ, ਦੂਜੇ ਪਾਸੇ ਗੱਲਬਾਤ ਦੀ ਕੋਸ਼ਿਸ਼
ਦਿਲਚਸਪ ਗੱਲ ਇਹ ਹੈ ਕਿ ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਅਤੇ ਚੀਨ ਆਪਣੇ ਸਬੰਧਾਂ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ 'ਚ ਸਤੰਬਰ 'ਚ ਨਵੀਂ ਦਿੱਲੀ 'ਚ ਹੋਏ 18ਵੇਂ ਬ੍ਰਿਕਸ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਹੋਈ ਸੀ।
PM ਮੋਦੀ ਦਾ ਸੰਦੇਸ਼- ਉਨ੍ਹਾਂ ਸਪੱਸ਼ਟ ਕਿਹਾ ਸੀ ਕਿ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਾ ਚਾਹੀਦਾ ਤੇ ਸਰਹੱਦ 'ਤੇ ਸ਼ਾਂਤੀ ਹੀ ਚੰਗੇ ਸਬੰਧਾਂ ਦੀ ਪਹਿਲੀ ਸ਼ਰਤ ਹੈ।
ਸ਼ੀ ਜਿਨਪਿੰਗ ਦਾ ਰੁਖ਼- ਚੀਨੀ ਰਾਸ਼ਟਰਪਤੀ ਨੇ ਵੀ ਦੋਵਾਂ ਦੇਸ਼ਾਂ ਨੂੰ 'ਗਲੋਬਲ ਸਾਊਥ' ਦਾ ਅਹਿਮ ਹਿੱਸਾ ਦੱਸਦਿਆਂ ਲੰਬੇ ਸਮੇਂ ਦੇ ਨਜ਼ਰੀਏ ਨਾਲ ਸਬੰਧਾਂ ਨੂੰ ਅੱਗੇ ਵਧਾਉਣ ਤੇ ਸਰਹੱਦੀ ਵਿਵਾਦ ਦਾ ਢੁੱਕਵਾਂ ਹੱਲ ਕੱਢਣ ਦੀ ਗੱਲ ਆਖੀ ਸੀ।