- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈਸ਼ਨਲ ਯੂਨੀਅਨ ਆਫ਼ ਰੇਲ, ਮੈਰੀਟਾਈਮ ਐਂਡ ਟ੍ਰਾਂਸਪੋਰਟ ਵਰਕਰਜ਼ ਦੇ ਜਨਰਲ ਸਕੱਤਰ ਐਡੀ ਡੈਂਪਸੀ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਮਾਰਿਆ ਗਿਆ ਵਿਅਕਤੀ ਇੱਕ ਟ੍ਰੇਨ ਡਰਾਈਵਰ ਸੀ ਅਤੇ RMT ਦਾ ਪੂਰਵ ਪ੍ਰਤੀਨਿਧੀ ਵੀ ਰਹਿ ਚੁੱਕਾ ਸੀ। ਟ੍ਰੇਨ ਡ੍ਰਾਈਵਰਜ਼ ਯੂਨੀਅਨ Aslef ਦੇ ਜਨਰਲ ਸਕੱਤਰ ਡੇਵ ਕਾਲਫ਼ ਨੇ ਵੀ ਪੀੜਤ ਨੂੰ ਸ਼ਰਧਾਂਜਲੀ ਦਿੱਤੀ।

ਡਿਜੀਟਲ ਡੈਸਕ, ਲੰਡਨ : ਸ਼ੁੱਕਰਵਾਰ ਨੂੰ ਲੰਡਨ ਦੇ ਉੱਤਰ 'ਚ ਸਥਿਤ ਬੈੱਡਫੋਰਡ ਦੇ ਕੋਲ ਦੋ ਯਾਤਰੀ ਟ੍ਰੇਨਾਂ ਦੀ ਟੱਕਰ ਤੋਂ ਬਾਅਦ ਮਚੀ ਦਹਿਸ਼ਤ ਤੇ ਤਬਾਹੀ ਦਾ ਮੰਜ਼ਰ ਦੇਖ ਕੇ ਲੋਕ ਕੰਬ ਉੱਠੇ। ਇਸ ਭਿਆਨਕ ਹਾਦਸੇ 'ਚ ਟ੍ਰੇਨ ਡਰਾਈਵਰ ਦੀ ਮੌਤ ਹੋ ਗਈ ਤੇ 80 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।
ਟੱਕਰ ਸਥਾਨਕ ਸਮੇਂ ਅਨੁਸਾਰ ਸ਼ਾਮ ਲਗਪਗ ਸਵਾ ਕੁ 5 ਵਜੇ ਬੈੱਡਫੋਰਡ ਤੇ ਲਿਊਟਨ ਦੇ ਵਿਚਕਾਰ ਹੋਈ। ਦੋਵੇਂ ਟ੍ਰੇਨਾਂ ਦੱਖਣ ਵੱਲ ਲੰਡਨ ਦੇ ਸੇਂਟ ਪੈਨਕ੍ਰਾਸ ਸਟੇਸ਼ਨ ਜਾ ਰਹੀਆਂ ਸਨ। ਹਾਦਸੇ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ ਜਿਸ ਤੋਂ ਬਾਅਦ ਏਅਰ ਐਂਬੂਲੈਂਸ ਤੇ ਮਾਹਰ ਬਚਾਅ ਟੀਮਾਂ ਸਮੇਤ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ।
ਐਮਰਜੈਂਸੀ ਅਧਿਕਾਰੀਆਂ ਅਨੁਸਾਰ ਇਸ ਦੁਰਘਟਨਾ 'ਚ ਕੁੱਲ 89 ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ 11 ਲੋਕਾਂ ਨੂੰ ਬੇਹੱਦ ਗੰਭੀਰ ਸੱਟਾਂ ਲੱਗੀਆਂ ਹਨ, 22 ਗੰਭੀਰ ਰੂਪ 'ਚ ਜ਼ਖ਼ਮੀ ਹਨ ਤੇ 56 ਹੋਰਾਂ ਦਾ ਮਾਮੂਲੀ ਸੱਟਾਂ ਲਈ ਇਲਾਜ ਕੀਤਾ ਗਿਆ।
ਹਾਦਸੇ ਤੋਂ ਬਾਅਦ ਦੇ ਖ਼ੌਫਨਾਕ ਪਲਾਂ ਨੂੰ ਯਾਦ ਕਰਦਿਆਂ ਯਾਤਰੀ ਡਾ. ਪੀਟ ਨੈਪ ਨੇ ਪ੍ਰੈਸ ਐਸੋਸੀਏਸ਼ਨ ਨੂੰ ਦੱਸਿਆ ਕਿ ਇਕ ਪਲ ਲਈ ਇੰਝ ਲੱਗਿਆ ਜਿਵੇਂ ਅਸੀਂ ਸਾਹਮਣੇ ਵਾਲੀ ਕੁਰਸੀ 'ਤੇ ਜਾ ਡਿੱਗੇ ਹੋਈਏ ਤੇ ਫਿਰ ਮੈਂ ਧੂੰਆਂ ਦੇਖਿਆ। ਲੋਕ ਰੋ ਰਹੇ ਸਨ, ਚਿੱਲਾ ਰਹੇ ਸਨ। ਲੋਕ ਬਹੁਤ ਡਰੇ ਹੋਏ ਅਤੇ ਉਲਝਣ (ਭੰਬਲਭੂਸੇ) ਵਿੱਚ ਸਨ।
ਉਨ੍ਹਾਂ ਦੱਸਿਆ ਕਿ ਟੱਕਰ ਤੋਂ ਪਹਿਲਾਂ ਕੋਈ ਚਿਤਾਵਨੀ ਨਹੀਂ ਦਿੱਤੀ ਗਈ ਸੀ। ਡਾ. ਨੈਪ ਨੇ ਕਿਹਾ, "ਮੈਂ ਉੱਠਿਆ ਤੇ ਦੇਖਿਆ ਕਿ ਕਈ ਲੋਕ ਬੋਲ ਨਹੀਂ ਪਾ ਰਹੇ ਸਨ, ਉਨ੍ਹਾਂ ਦੀਆਂ ਲੱਤਾਂ ਟੁੱਟ ਗਈਆਂ ਸਨ। ਮੈਂ ਟ੍ਰੇਨ ਵਿੱਚੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ ਕਿਉਂਕਿ ਮੈਂ ਕਾਫ਼ੀ ਪਤਲਾ ਹਾਂ, ਇਸ ਲਈ ਦਰਵਾਜ਼ਿਆਂ ਦੇ ਵਿਚਕਾਰਲੀ ਜਗ੍ਹਾ ਤੋਂ ਬਾਹਰ ਨਿਕਲਣ ਵਿੱਚ ਸਫ਼ਲ ਰਿਹਾ।"
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਹਿਲਾ ਵਿਚਾਰ ਕਿਸੇ ਸੰਭਾਵਿਤ ਧਮਾਕੇ ਦੇ ਡਰੋਂ ਉੱਥੋਂ ਭੱਜਣ ਦਾ ਸੀ। ਮੈਨੂੰ ਲੱਗਿਆ ਕਿ ਜੇਕਰ ਇਹ ਕੋਈ ਅੱਤਵਾਦੀ ਧਮਾਕਾ ਹੈ, ਤਾਂ ਟ੍ਰੇਨ ਤੋਂ ਉਤਰਨਾ ਹੀ ਜ਼ਿਆਦਾ ਸੁਰੱਖਿਅਤ ਰਹੇਗਾ। ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਇਸ ਦ੍ਰਿਸ਼ ਦੀ ਤੁਲਨਾ ਬੰਬ ਧਮਾਕੇ ਨਾਲ ਕੀਤੀ।
ਜਦੋਂ ਮੈਂ ਉੱਠਿਆ, ਤਾਂ ਮੈਂ ਦੇਖਿਆ ਕਿ ਕੁਰਸੀਆਂ ਹਰ ਪਾਸੇ ਬਿਖਰੀਆਂ ਪਈਆਂ ਸਨ, ਮੈਨੂੰ ਲੱਗਿਆ ਜਿਵੇਂ ਮੈਂ ਕਿਸੇ ਬੰਬ ਧਮਾਕੇ ਦਾ ਸ਼ਿਕਾਰ ਹੋ ਗਿਆ ਹੋਵਾਂ। ਲੋਕਾਂ ਦੇ ਚਿਹਰੇ ਖੂਨ ਨਾਲ ਲੱਥਪੱਥ ਸਨ ਅਤੇ ਉਨ੍ਹਾਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਲੱਗ ਰਹੀਆਂ ਸਨ। ਹਰ ਤਰਫ਼ ਧੂੰਆਂ ਸੀ।
ਬੀਬੀਸੀ ਅਨੁਸਾਰ, ਇਕ ਹੋਰ ਯਾਤਰੀ ਮੇਨੇ ਨੇ ਦੱਸਿਆ ਕਿ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਫਿਰ ਲੋਕ ਆਪਣੀਆਂ ਸੀਟਾਂ ਤੋਂ ਉਛਲ ਕੇ ਦੂਰ ਜਾ ਡਿੱਗੇ। ਕੋਈ ਵਿਅਕਤੀ ਉੱਡਦਾ ਹੋਇਆ ਆਇਆ ਤੇ ਮੇਰੇ ਪਤੀ ਦੇ ਚਿਹਰੇ 'ਤੇ ਜਾ ਵੱਜਿਆ। ਉੱਥੇ ਬਹੁਤ ਖੂਨ ਸੀ ਅਤੇ ਕਈ ਲੋਕਾਂ ਦੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆਂ ਸਨ।
ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਕ ਬਿਆਨ 'ਚ ਕਿਹਾ ਕਿ ਮੇਰੀਆਂ ਸੰਵੇਦਨਾਵਾਂ ਉਸ ਵਿਅਕਤੀ ਦੇ ਪਰਿਵਾਰ ਨਾਲ ਹਨ ਜਿਸਨੇ ਦੁਖਦਾਈ ਰੂਪ ਵਿੱਚ ਆਪਣੀ ਜਾਨ ਗੁਆ ਦਿੱਤੀ ਹੈ, ਅਤੇ ਉਨ੍ਹਾਂ ਸਾਰਿਆਂ ਨਾਲ ਵੀ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਸੋਸ਼ਲ ਮੀਡੀਆ 'ਤੇ ਘਟਨਾ ਸਥਾਨ ਦੇ ਫੁਟੇਜ ਵਿੱਚ ਨੁਕਸਾਨੇ ਗਏ ਡੱਬਿਆਂ ਦੇ ਅੰਦਰ ਜ਼ਖ਼ਮੀ ਯਾਤਰੀ ਨਜ਼ਰ ਆ ਰਹੇ ਹਨ, ਜਦਕਿ ਬਾਹਰ ਕੱਢੇ ਗਏ ਕੁਝ ਹੋਰ ਯਾਤਰੀ ਪਟੜੀਆਂ ਦੇ ਕਿਨਾਰੇ ਪੱਟੀਆਂ ਬੰਨ੍ਹੇ ਬੈਠੇ ਦੇਖੇ ਗਏ।
ਨੈਸ਼ਨਲ ਯੂਨੀਅਨ ਆਫ਼ ਰੇਲ, ਮੈਰੀਟਾਈਮ ਐਂਡ ਟ੍ਰਾਂਸਪੋਰਟ ਵਰਕਰਜ਼ ਦੇ ਜਨਰਲ ਸਕੱਤਰ ਐਡੀ ਡੈਂਪਸੀ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਮਾਰਿਆ ਗਿਆ ਵਿਅਕਤੀ ਇੱਕ ਟ੍ਰੇਨ ਡਰਾਈਵਰ ਸੀ ਅਤੇ RMT ਦਾ ਪੂਰਵ ਪ੍ਰਤੀਨਿਧੀ ਵੀ ਰਹਿ ਚੁੱਕਾ ਸੀ। ਟ੍ਰੇਨ ਡ੍ਰਾਈਵਰਜ਼ ਯੂਨੀਅਨ Aslef ਦੇ ਜਨਰਲ ਸਕੱਤਰ ਡੇਵ ਕਾਲਫ਼ ਨੇ ਵੀ ਪੀੜਤ ਨੂੰ ਸ਼ਰਧਾਂਜਲੀ ਦਿੱਤੀ।
ਰੇਲ ਆਪਰੇਟਰ ਈਸਟ ਮਿਡਲੈਂਡਜ਼ ਰੇਲਵੇ ਨੇ ਦੱਸਿਆ ਕਿ ਇਸ ਟੱਕਰ ਵਿੱਚ ਉਸਦੀ ਸ਼ਾਮ 4:40 ਵਜੇ ਕੋਰਬੀ ਤੋਂ ਲੰਡਨ ਸੇਂਟ ਪੈਨਕ੍ਰਾਸ ਜਾਣ ਵਾਲੀ ਟ੍ਰੇਨ ਅਤੇ ਸ਼ਾਮ 3:50 ਵਜੇ ਨੌਟਿੰਘਮ ਤੋਂ ਉਸੇ ਮੰਜ਼ਿਲ ਤੱਕ ਜਾਣ ਵਾਲੀ ਟ੍ਰੇਨ ਸ਼ਾਮਲ ਸੀ।
ਕੰਪਨੀ ਨੇ ਦਿਨ ਦੇ ਬਾਕੀ ਸਮੇਂ ਲਈ ਲੰਡਨ ਸੇਂਟ ਪੈਨਕ੍ਰਾਸ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਟ੍ਰੇਨ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਹਨ। ਐਮਰਜੈਂਸੀ ਬਚਾਅ ਕਾਰਜ ਜਾਰੀ ਹੈ ਅਤੇ ਜਾਂਚਕਰਤਾਵਾਂ ਨੇ ਦੁਰਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।