- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਵੌਇਸ ਆਫ ਪਾਕ ਮਾਈਨੌਰਿਟੀ’ ਮੁਤਾਬਕ ਪਾਕਿਸਤਾਨ 'ਚ 2021 ਤੋਂ 2025 ਦਰਮਿਆਨ ਘੱਟਗਿਣਤੀ ਭਾਈਚਾਰੇ ਦੀਆਂ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ 515 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਜਬਰਨ ਨਿਕਾਹ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ।

ਡਿਜੀਟਲ ਡੈਸਕ, ਇਸਲਾਮਾਬਾਦ : ਪਾਕਿਸਤਾਨ ਦੇ ਸਿੰਧ ਸੂਬੇ 'ਚ ਦੋ ਹਿੰਦੂ ਭੈਣਾਂ ਦਾ ਪਹਿਲਾਂ ਕਥਿਤ ਤੌਰ 'ਤੇ ਜਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਤੇ ਫਿਰ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਦੋਵੇਂ ਭੈਣਾਂ ਅਦਾਲਤ ਦੇ ਬਾਹਰ ਰੋਂਦਿਆਂ ਕਹਿੰਦੀਆਂ ਨਜ਼ਰ ਆਈਆਂ, ‘ਸਾਨੂੰ ਘਰ ਭੇਜ ਦਿਓ।’
ਪਰਿਵਾਰ ਦਾ ਦੋਸ਼ ਹੈ ਕਿ ਦੋਵਾਂ ਭੈਣਾਂ ਨੂੰ ਅਗਵਾ ਕਰ ਕੇ ਜਬਰਨ ਇਸਲਾਮ ਕਬੂਲ ਕਰਵਾਇਆ ਗਿਆ ਅਤੇ ਮੁਸਲਿਮ ਵਿਅਕਤੀਆਂ ਨਾਲ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਪਰਿਵਾਰ ਮੁਤਾਬਕ ਅਮਜਦ ਸੋਲੰਗੀ ਅਤੇ ਮਨਸੂਰ ਸੋਲੰਗੀ ਨਾਲ ਉਨ੍ਹਾਂ ਦਾ ਨਿਕਾਹ ਕਰਵਾਇਆ ਗਿਆ ਹੈ। ਦੋਵੇਂ ਭੈਣਾਂ ਨਾਬਾਲਗ ਹਨ ਅਤੇ ਉਨ੍ਹਾਂ ਦੀ ਉਮਰ 13 ਅਤੇ 14 ਸਾਲ ਦੱਸੀ ਗਈ ਹੈ।
ਸਿੰਧ ਸੂਬੇ ਦੇ ਟਾਂਡੋ ਅੱਲਾਹਯਾਰ ਜ਼ਿਲ੍ਹੇ ਦੀ ਅਦਾਲਤ ਨੇ ਦੋਵਾਂ ਨਾਬਾਲਗਾਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਕੋਲ ਭੇਜਣ ਦੀ ਬਜਾਏ ਆਸ਼ਰਮ ਘਰ ਭੇਜਣ ਦਾ ਹੁਕਮ ਦਿੱਤਾ। ਸਿੰਧੀ ਅਧਿਕਾਰ ਸੰਗਠਨ ‘ਸਿੰਧ ਰੇਨੇਸਾਂਸ’ ਮੁਤਾਬਕ, ਦੋਵਾਂ ਨੂੰ ਉੱਥੇ ਦੋ ਦਿਨ ਰੱਖਣ ਲਈ ਕਿਹਾ ਗਿਆ ਹੈ।
ਪੀੜਤ ਪਰਿਵਾਰ ਨੇ ਕਾਨੂੰਨੀ ਮਦਦ ਦੀ ਮੰਗ ਕੀਤੀ ਹੈ। ਪਰਿਵਾਰ ਦੀ ਮੰਗ ਹੈ ਕਿ ਮਾਮਲੇ 'ਚ ਫੈਸਲਾ ਲੈਂਦੇ ਸਮੇਂ ਲੜਕੀਆਂ ਦੀ ਇੱਛਾ ਅਤੇ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ।
‘ਵੌਇਸ ਆਫ ਪਾਕ ਮਾਈਨੌਰਿਟੀ’ ਮੁਤਾਬਕ ਪਾਕਿਸਤਾਨ 'ਚ 2021 ਤੋਂ 2025 ਦਰਮਿਆਨ ਘੱਟਗਿਣਤੀ ਭਾਈਚਾਰੇ ਦੀਆਂ ਲੜਕੀਆਂ ਦੇ ਅਗਵਾ ਅਤੇ ਜਬਰੀ ਧਰਮ ਪਰਿਵਰਤਨ ਦੇ 515 ਮਾਮਲੇ ਦਰਜ ਕੀਤੇ ਗਏ। ਇਸ ਤੋਂ ਇਲਾਵਾ ਜਬਰਨ ਨਿਕਾਹ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ ਹਨ।
ਸੰਯੁਕਤ ਰਾਸ਼ਟਰ ਮੁਤਾਬਕ 2025 'ਚ ਜਬਰੀ ਵਿਆਹ ਰਾਹੀਂ ਧਰਮ ਪਰਿਵਰਤਨ ਦੀਆਂ ਪੀੜਤਾਂ 'ਚ 75 ਫ਼ੀਸਦੀ ਹਿੰਦੂ ਅਤੇ 25 ਫ਼ੀਸਦੀ ਈਸਾਈ ਸਨ। ਇਸ ਤੋਂ ਇਲਾਵਾ ਬੀਤੇ ਸਾਲ 12 ਚਰਚਾਂ ਅਤੇ ਸੱਤ ਮੰਦਰਾਂ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਘਟਨਾਵਾਂ ਸਾਹਮਣੇ ਆਈਆਂ।