
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਸ ਟਿੱਪਣੀ ਨਾਲ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨੂੰ ਸ਼ਹਜ਼ਾਦ ਭੱਟੀ ਦੇ ਅੱਤਵਾਦੀ ਨੈੱਟਵਰਕ ਨਾਲ ਜੋੜਿਆ ਸੀ।

ਇਸਲਾਮਾਬਾਦ (ਪੀਟੀਆਈ) : ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਉਸ ਟਿੱਪਣੀ ਨਾਲ ਪਾਕਿਸਤਾਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਨੂੰ ਸ਼ਹਜ਼ਾਦ ਭੱਟੀ ਦੇ ਅੱਤਵਾਦੀ ਨੈੱਟਵਰਕ ਨਾਲ ਜੋੜਿਆ ਸੀ। ਭੱਟੀ ਨੈੱਟਵਰਕ ਦੇ ਮੈਂਬਰਾਂ ਨੂੰ ਆਜ਼ਾਦੀ ਦਿਵਸ ਤੋਂ ਪਹਿਲਾਂ ਸੁਰੱਖਿਆ ਮੁਹਿੰਮਾਂ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਪਾਕਿਸਤਾਨ ਨੇ ਸ਼ਾਹ ਦੀ ਟਿੱਪਣੀ ਨੂੰ ਭਾਰਤ ਦੀਆਂ ਘਰੇਲੂ ਸੁਰੱਖਿਆ ਚੁਣੌਤੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਦਫ਼ਤਰ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਸੋਮਵਾਰ ਰਾਤ ਨੂੰ ਜਾਰੀ ਬਿਆਨ ਵਿਚ ਸ਼ਾਹ ਦੀਆਂ ਟਿੱਪਣੀਆਂ ਨੂੰ ‘ਬੇਬੁਨਿਆਦ’ ਕਿਹਾ ਅਤੇ ਭਾਰਤ ’ਤੇ ਦੋਸ਼ ਲਾਇਆ ਕਿ ਉਹ ਪਾਕਿਸਤਾਨ ਨਾਲ ਜੁੜੇ ਦਾਅਵਿਆਂ ਦੀ ਵਰਤੋਂ ਆਪਣੀਆਂ ਘਰੇਲੂ ਸੁਰੱਖਿਆ ਚੁਣੌਤੀਆਂ ਤੋਂ ਧਿਆਨ ਭਟਕਾਉਣ ਲਈ ਕਰ ਰਿਹਾ ਹੈ। ਸ਼ਾਹ ਨੇ ਸੋਮਵਾਰ ਨੂੰ ਇੱਕ ਇੰਟਰਨੈੱਟ ਮੀਡੀਆ ਪੋਸਟ ਵਿਚ ਕਿਹਾ ਸੀ ਕਿ ਸੁਤੰਤਰਤਾ ਦਿਵਸ ਤੋਂ ਪਹਿਲਾਂ 14 ਸੂਬਿਆਂ ਵਿਚ ਚਲਾਈਆਂ ਮੁਹਿੰਮਾਂ ਦੌਰਾਨ ਆਈਐੱਸਆਈ ਸਮਰਥਿਤ ਅੱਤਵਾਦੀ ਗਰੁੱਪ ‘ਸ਼ਹਜਾਦ ਭੱਟੀ ਨੈੱਟਵਰਕ’ ਦੇ 200 ਤੋਂ ਵੱਧ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨਾਲ ਸੰਗਠਨ ਦੀ ਵੱਡੇ ਹਮਲੇ ਦੀ ਯੋਜਨਾ ਨਾਕਾਮ ਹੋ ਗਈ।
ਉੱਥੇ ਹੀ ਡਿਸਕਵਰੀ ਚੈਨਲ ਦੀ ਡਾਕਿਊਸੀਰੀਜ਼ ‘ਡਿਕਲਾਸਿਫਾਇਡ: ਆਪ੍ਰੇਸ਼ਨ ਸਿੰਦੂਰ’ ’ਤੇ ਵੀ ਪਾਕਿਸਤਾਨੀ ਫੌਜ ਨੇ ਬੌਖਲਾਉਣ ਵਾਲੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਕਿ ਇਸ ਵਿਚ ‘ਆਪ੍ਰੇਸ਼ਨ ਸਿੰਦੂਰ’ ਦਾ ਇਕ-ਪਾਸੜ ਵੇਰਵਾ ਦਿੱਤਾ ਗਿਆ ਹੈ ਤੇ ਲੜਾਈ ਦੀ ਜ਼ਮੀਨੀ ਹਕੀਕਤ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ‘ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਸ’ ਨੇ ਕਿਹਾ ਕਿ ਇਸ ਡਾਕਿਊਸੀਰੀਜ਼ ਵਿਚ ਜੰਗ ਨੂੰ ਭਾਰਤ ਦੇ ਨਜ਼ਰੀਏ ਤੋਂ ਅਤੇ ਬਹੁਤ ਜ਼ਿਆਦਾ ਨਾਟਕੀ ਢੰਗ ਨਾਲ ਦਿਖਾਇਆ ਗਿਆ ਹੈ। ਉਸ ਨੇ ਇਸ ਵਿਚ ਆਪ੍ਰਸ਼ਨ ਸਿੰਦੂਰ ਨੂੰ ਭਾਰਤ ਦੀ ਫੌਜੀ ਸਫਲਤਾ ਦੱਸਣ ’ਤੇ ਵੀ ਸਵਾਲ ਚੁੱਕੇ। ਦੋ ਹਿੱਸਿਆਂ ਵਾਲੀ ਇਸ ਡਾਕਿਊਸੀਰੀਜ਼ ਵਿਚ ਭਾਰਤ ਦੇ ਸੀਨੀਅਰ ਸਿਆਸੀ ਤੇ ਫੌਜੀ ਅਗਵਾਈ ਵਾਲੇ ਅਧਿਕਾਰੀ 88 ਘੰਟਿਆਂ ਤੱਕ ਚੱਲੇ ਸੰਘਰਸ਼ ਨਾਲ ਜੁੜੀਆਂ ਘਟਨਾਵਾਂ ਬਾਰੇ ਦੱਸ ਰਹੇ ਹਨ।