ਦਾਣੇ-ਦਾਣੇ ਨੂੰ ਤਰਸ ਰਿਹਾ ਪਾਕਿਸਤਾਨ! ਦੁਨੀਆ ਦੇ 10 ਸਭ ਤੋਂ ਗੰਭੀਰ ਖੁਰਾਕੀ ਸੰਕਟ ਵਾਲੇ ਦੇਸ਼ਾਂ 'ਚ ਸ਼ਾਮਲ, ਬੱਚਿਆਂ ਨੂੰ ਸਕੂਲੋਂ ਹਟਾਉਣ ਲਈ ਮਜਬੂਰ ਪਰਿਵਾਰ
ਨਾਈਜੀਰੀਆ, ਕਾਂਗੋ ਲੋਕਤੰਤਰੀ ਗਣਰਾਜ, ਸੂਡਾਨ, ਯਮਨ, ਅਫ਼ਗਾਨਿਸਤਾਨ, ਮਿਆਂਮਾਰ, ਬੰਗਲਾਦੇਸ਼, ਪਾਕਿਸਤਾਨ, ਦੱਖਣੀ ਸੂਡਾਨ ਅਤੇ ਸੀਰੀਆ ਨੂੰ ਸਭ ਤੋਂ ਵੱਡੇ ਖੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਜੋਂ ਪਛਾਣਿਆ ਗਿਆ ਹੈ।
Publish Date: Sun, 18 Oct 2026 10:11 AM (IST)
Updated Date: Sun, 18 Oct 2026 10:12 AM (IST)
ਇਸਲਾਮਾਬਾਦ (ਏਐੱਨਆਈ) : ਕੌਮਾਂਤਰੀ ਸੰਸਥਾ ‘ਐਕਸ਼ਨ ਅਗੇਂਸਟ ਹੰਗਰ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੁਨੀਆ ਦੇ ਉਨ੍ਹਾਂ 10 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਸਭ ਤੋਂ ਗੰਭੀਰ ਖੁਰਾਕੀ ਸੰਕਟ ਬਣਿਆ ਹੋਇਆ ਹੈ। ਗਰੀਬੀ, ਜਲਵਾਯੂ ਆਫ਼ਤਾਂ ਅਤੇ ਮਨੁੱਖੀ ਸਹਾਇਤਾ ਵਿਚ ਕਮੀ ਕਾਰਨ ਕਰੋੜਾਂ ਲੋਕਾਂ ਨੂੰ ਢੁੱਕਵਾਂ ਪੋਸ਼ਣ ਹਾਸਲ ਕਰਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2026 ਵਿਚ ਪਾਕਿਸਤਾਨ ਦੇ 1.06 ਕਰੋੜ ਲੋਕਾਂ ਨੂੰ ਮਨੁੱਖੀ ਸਹਾਇਤਾ ਦੀ ਲੋੜ ਪਵੇਗੀ। ਦੁਨੀਆ ਭਰ ਵਿਚ ਕਰੀਬ 17.7 ਕਰੋੜ ਲੋਕ ਉਨ੍ਹਾਂ 10 ਦੇਸ਼ਾਂ ਵਿਚ ਰਹਿੰਦੇ ਹਨ, ਜਿੱਥੇ ਭੁੱਖਮਰੀ ਦੀ ਸਮੱਸਿਆ ਸਭ ਤੋਂ ਗੰਭੀਰ ਹੈ। ਪਿਛਲੇ ਦਹਾਕੇ ਦੌਰਾਨ ਗੰਭੀਰ ਭੁੱਖਮਰੀ ਦੁੱਗਣੀ ਹੋ ਗਈ ਹੈ ਤੇ ਇਸ ਨਾਲ 47 ਦੇਸ਼ਾਂ ਦੇ ਕਰੀਬ 26.6 ਕਰੋੜ ਲੋਕ ਪ੍ਰਭਾਵਿਤ ਹੋਏ ਹਨ।
ਨਾਈਜੀਰੀਆ, ਕਾਂਗੋ ਲੋਕਤੰਤਰੀ ਗਣਰਾਜ, ਸੂਡਾਨ, ਯਮਨ, ਅਫ਼ਗਾਨਿਸਤਾਨ, ਮਿਆਂਮਾਰ, ਬੰਗਲਾਦੇਸ਼, ਪਾਕਿਸਤਾਨ, ਦੱਖਣੀ ਸੂਡਾਨ ਅਤੇ ਸੀਰੀਆ ਨੂੰ ਸਭ ਤੋਂ ਵੱਡੇ ਖੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ਾਂ ਵਜੋਂ ਪਛਾਣਿਆ ਗਿਆ ਹੈ।
ਪਾਕਿਸਤਾਨ ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਉੱਚੀਆਂ ਕੀਮਤਾਂ, ਜੀਵਨ-ਗੁਜ਼ਾਰਾ ਦਾ ਵਧਦਾ ਖਰਚਾ, ਬੇਰੁਜ਼ਗਾਰੀ, ਪਰਿਵਾਰਾਂ ਦੀ ਘਟਦੀ ਆਮਦਨ ਅਤੇ ਆਰਥਿਕ ਅਸਥਿਰਤਾ ਨੇ ਲੋਕਾਂ ਦੀਆਂ ਜ਼ਰੂਰੀ ਖੁਰਾਕੀ ਵਸਤਾਂ ਖਰੀਦਣ ਦੀ ਸਮਰੱਥਾ ਘਟਾ ਦਿੱਤੀ ਹੈ।
ਖੇਤੀਬਾੜੀ ਉਤਪਾਦਾਂ ਦੇ ਘੱਟ ਭਾਅ ਮਿਲਣ ਕਾਰਨ ਲੋਕਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ। ਇਸ ਦਾ ਸਭ ਤੋਂ ਵੱਧ ਅਸਰ ਘੱਟ ਆਮਦਨ ਵਾਲੇ ਭਾਈਚਾਰਿਆਂ ’ਤੇ ਪਿਆ ਹੈ। ਵਧਦੀਆਂ ਲੋੜਾਂ ਦੇ ਮੁਕਾਬਲੇ ਮਨੁੱਖੀ ਸਹਾਇਤਾ ਨਾਕਾਫ਼ੀ ਸਾਬਤ ਹੋ ਰਹੀ ਹੈ। ਨਤੀਜੇ ਵਜੋਂ ਪਰਿਵਾਰਾਂ ਨੂੰ ਆਰਥਿਕ ਦਬਾਅ ਨਾਲ ਨਜਿੱਠਣ ਲਈ ਖਾਣੇ ਦੀ ਮਾਤਰਾ ਘਟਾਉਣੀ, ਆਪਣੀ ਜਾਇਦਾਦ ਵੇਚਣੀ ਅਤੇ ਬੱਚਿਆਂ ਨੂੰ ਸਕੂਲੋਂ ਹਟਾਉਣਾ ਪੈ ਰਿਹਾ ਹੈ।